ਸਿਵਲ ਹਸਪਤਾਲ ’ਚ ਮਰੀਜ਼ ਨੂੰ ਲੱਗੇ ਗਲੂਕੋਜ਼ ਨਾਲ ਛੇੜਛਾੜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਦਸੰਬਰ
ਸ਼ਨਅਤੀ ਸ਼ਹਿਰ ਲੁਧਿਆਣਾ ਦਾ ਸਿਵਲ ਹਸਪਤਾਲ ਦੇ ਇੱਕ ਚੌਥਾ ਦਰਜ਼ਾ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਮੁਲਾਜ਼ਮ ਇੱਕ ਮਹਿਲਾ ਮਰੀਜ਼ ਨੂੰ ਲੱਗੇ ਗੁਲੂਕੋਜ਼ ਨਾਲ ਛੇੜਛਾੜ ਕਰਦਾ ਦਿਖਾਈ ਦੇ ਰਿਹਾ ਹੈ। ਮਾਮਲਾ ਸਾਹਮਣੇ ਆਉਂਦਿਆਂ ਹੀ ਹਰਕਤ ਵਿੱਚ ਆਏ ਸਿਹਤ ਵਿਭਾਗ ਨੇ ਸਬੰਧਤ ਮੁਲਾਜ਼ਮ ਦੀ ਬਦਲੀ ਕਰਕੇ ਖਾਨਾ ਪੂਰਤੀ ਕਰ ਦਿੱਤੀ ਹੈ।ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਜੋ ਨਸ਼ੇ ਦੀ ਹਾਲਤ ’ਚ ਠੀਕ ਢੰਗ ਨਾਲ ਖੜ੍ਹਾ ਹੋਣ ਤੋਂ ਅਸਮਰੱਥ ਹੈ, ਹਸਪਤਾਲ ਦੇ ਮਹਿਲਾ ਵਾਰਡ ਵਿੱਚ ਦਾਖਲ ਇੱਕ ਮਹਿਲਾ ਮਰੀਜ਼ ਨੂੂੰ ਲੱਗੀ ਹੋੋਈ ਡ੍ਰਿਪ (ਗੁਲੂਕੋਜ) ਨਾਲ ਛੇੜਛਾੜ ਕਰ ਰਿਹਾ ਹੈ। ਇਸ ਤੋਂ ਇਲਾਵਾ ਮੁਲਜ਼ਮ ਵੱਲੋਂ ਮਹਿਲਾ ਮਰੀਜ਼ ਦੀ ਬਾਂਹ ’ਤੇ ਲੱਗੇ ਗਲੂਕੋਜ਼ ਦੀ ਸੂਈ ਨੂੰ ਵੀ ਠੀਕ ਕਰ ਰਿਹਾ ਹੈ, ਜਿਸ ਦਾ ਵਿਰੋਧ ਕਰਨ ਦੇ ਨਾਲ ਹੀ ਮਹਿਲਾ ਮਰੀਜ਼ ਰੌਲਾ ਵੀ ਪਾਉਂਦੀ ਹੈ। ਬਾਅਦ ਵਿੱਚ ਬੁਲਾਏ ਜਾਣ ’ਤੇ ਪਹੁੰਚੀ ਇੱਕ ਸਟਾਫ਼ ਨਰਸ ਮੁਲਾਜ਼ਮ ਨੂੰ ਉਥੋਂ ਹਟਾਉਂਦੀ ਹੈ ਅਤੇ ਮਰੀਜ਼ ਦੀ ਬਾਂਹ ’ਤੇ ਲੱਗੇ ਸੂਈ ਨੂੰ ਮੁੜ ਠੀਕ ਕਰਦੀ ਹੈ। ਵੀਡੀਓ ਮੰਗਲਵਾਰ ਦੀ ਦੱਸੀ ਜਾ ਰਿਹਾ ਹੈ, ਜਿਸ ਨੂੰ ਮਰੀਜ਼ ਦੇ ਸਾਹਮਣੇ ਹੀ ਉਸ ਦੇ ਵਾਰਸਾਂ ਨੇ ਬਣਾਇਆ ਤੇ ਵਾਇਰਲ ਕਰ ਦਿੱਤਾ।
ਸਿਹਤ ਵਿਭਾਗ ਵੱਲੋਂ ਦਰਜਾ ਚਾਰ ਮੁਲਾਜ਼ਮ ਦੀ ਬਦਲੀ
ਵਾਇਰਲ ਵੀਡੀਓ ਸਿਵਲ ਹਸਪਤਾਲ ਲੁਧਿਆਣਾ ਦੀ ਹੋਣ ਦੀ ਪੁਸ਼ਟੀ ਕਰਦਿਆਂ ਐੱਸਐੱਮਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਬੰਧਿਤ ਕਰਮਚਾਰੀ ਦੀ ਪਹਿਚਾਣ ਸੁਖਦੇਵ ਵਜੋਂ ਹੋਈ ਹੈ, ਜਿਸ ਦੀ ਤੁਰੰਤ ਪ੍ਰਭਾਵ ਨਾਲ ਬਦਲੀ ਕਰ ਦੇਣ ਲਈ ਕਹਿ ਦਿੱਤਾ ਗਿਆ ਹੈ। ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕੀ ਕਰਮਚਾਰੀ ਵਿਰੁੱਧ ਹੋਰ ਵੀ ਕੋਈ ਕਾਰਵਾਈ ਕੀਤੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਉਹ ਵਿਭਾਗ ਨੂੰ ਇਸ ਬਾਰੇ ਲਿਖਤੀ ਵਿੱਚ ਸ਼ਿਕਾਇਤ ਕਰ ਰਹੇ ਹਨ।