ਤਾਮਿਲ ਨਾਡੂ: ਰਾਜਪਾਲ ਵੱਲੋਂ ਵਿਧਾਨ ਸਭਾ ’ਚੋਂ ਵਾਕਆਊਟ
ਚੇਨਈ, 6 ਜਨਵਰੀ
ਤਾਮਿਲ ਨਾਡੂ ਦੇ ਰਾਜਪਾਲ ਆਰ ਐੱਨ ਰਵੀ ਵਿਧਾਨ ਸਭਾ ਵਿੱਚ ਆਪਣਾ ਭਾਸ਼ਣ ਦੇਣ ਤੋਂ ਪਹਿਲਾਂ ਹੀ ਵਾਕਆਊਟ ਕਰ ਗਏ। ਇਸ ਸਬੰਧੀ ਐਕਸ ’ਤੇ ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਦਨ ਵਿੱਚ ਪੁੱਜਣ ਮਗਰੋਂ ਸਿਰਫ਼ ਤਾਮਿਲ ਵਾਝਥੂ (ਸੂਬਾਈ ਗੀਤ) ਹੀ ਗਾਇਆ ਗਿਆ, ਜਿਸ ’ਤੇ ਉਨ੍ਹਾਂ ਮੁੱਖ ਮੰਤਰੀ, ਸਦਨ ਦੇ ਨੇਤਾ ਤੇ ਸਪੀਕਰ ਨੂੰ ਕੌਮੀ ਗੀਤ ਗਾਉਣ ਲਈ ਕਿਹਾ। ਹਾਲਾਂਕਿ, ਉਨ੍ਹਾਂ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਜਾਣਕਾਰੀ ਮੁਤਾਬਕ ਰਾਜਪਾਲ ਵੱਲੋਂ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਕੁਝ ਸਮਾਂ ਪਹਿਲਾਂ ਮੁੱਖ ਵਿਰੋਧੀ ਧਿਰ ਏਆਈਏਡੀਐੱਮਕੇ ਦੇ ਮੈਂਬਰ ਸਪੀਕਰ ਦੇ ਆਸਣ ਦੇ ਸਾਹਮਣੇ ਇਕੱਤਰ ਹੋ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੂੰ ਸਪੀਕਰ ਦੇ ਨਿਰਦੇਸ਼ ’ਤੇ ਮਾਰਸ਼ਲਾਂ ਵੱਲੋਂ ਸਦਨ ’ਚ ਬਾਹਰ ਕੱਢ ਦਿੱਤਾ ਗਿਆ।
ਇਸੇ ਸਮੇਂ ਕਾਂਗਰਸ ਦੇ ਵਿਧਾਇਕਾਂ ਨੇ ਵੀ ਕਾਲੀਆਂ ਪੱਟੀਆਂ ਬੰਨ੍ਹ ਕੇ ਰਾਜਪਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਭਾਜਪਾ ਤੇ ਪੀਐੱਮਕੇ ਦੇ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। -ਪੀਟੀਆਈ
ਬਿਨਾਂ ਭਾਸ਼ਣ ਦਿੱਤੇ ਸਦਨ ਛੱਡਣਾ ‘ਬਚਕਾਨਾ’: ਸਟਾਲਿਨ
ਚੇਨਈ: ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਰਾਜਪਾਲ ਆਰ ਐੱਨ ਰਵੀ ਵੱਲੋਂ ਬਿਨਾਂ ਭਾਸ਼ਣ ਦਿੱਤਿਆਂ ਸਦਨ ਛੱਡਣ ਦੀ ਕਾਰਵਾਈ ’ਤੇ ਵਰ੍ਹਦਿਆਂ ਇਸ ਨੂੰ ‘ਬਚਕਾਨਾ’ ਕਿਹਾ ਤੇ ਉਨ੍ਹਾਂ ’ਤੇ ਸੂਬੇ ਦੇ ਲੋਕਾਂ ਦਾ ਲਗਾਤਾਰ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਐਕਸ ’ਤੇ ਦੋਸ਼ ਲਾਉਂਦਿਆਂ ਕਿਹਾ,‘ਰਾਜਪਾਲ ਵੱਲੋਂ ਵਿਧਾਨ ਸਭਾ ਵਿੱਚ ਸਰਕਾਰ ਦਾ ਭਾਸ਼ਣ ਪੜ੍ਹਨਾ ਲੋਕਤੰਤਰੀ ਰਵਾਇਤ ਹੈ ਪਰ ਸ੍ਰੀ ਰਵੀ ਨੂੰ ਇਸ ਨਿਯਮ ਦੀ ਉਲੰਘਣਾ ਕਰਨ ਦੀ ਆਦਤ ਹੈ।’ -ਪੀਟੀਆਈ