ਤਾਮਿਲਨਾਡੂ ਸਰਕਾਰ ਵੱਲੋਂ ਰੁਪਏ ਦੇ ਤਾਮਿਲ ਲੋਗੋ ਦੀ ਵਰਤੋਂ
ਚੇਨੱਈ:
ਤਾਮਿਲਨਾਡੂ ’ਚ ਜਾਰੀ ਭਾਸ਼ਾ ਵਿਵਾਦ ਕਾਰਨ ਸੂਬੇ ਦੀ ਡੀਐੱਮਕੇ ਸਰਕਾਰ ਨੇ ਵਿੱਤੀ ਸਾਲ 2025-26 ਦੇ ਬਜਟ ਲਈ ਅੱਜ ਜੋ ‘ਲੋਗੋ’ ਜਾਰੀ ਕੀਤਾ ਹੈ, ਉਸ ਵਿੱਚ ਭਾਰਤੀ ਰੁਪਏ ਦੇ ਪ੍ਰਤੀਕ ਚਿੰਨ੍ਹ ਦੀ ਥਾਂ ਤਾਮਿਲ ਅੱਖਰ ਦੀ ਵਰਤੋਂ ਕੀਤੀ ਗਈ ਹੈ। ਸੂਬਾ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਸੂਬਾਈ ਭਾਜਪਾ ਨੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੀ ਅਗਵਾਈ ਹੇਠਲੀ ਪਾਰਟੀ ’ਤੇ ਹਮਲਾ ਬੋਲਿਆ ਹੈ। ਤਾਮਿਲਨਾਡੂ ਦੇ ਵਿੱਤ ਮੰਤਰੀ ਥੰਗਮ ਥੇਨਾਰਾਸੂ ਵਿੱਤੀ ਸਾਲ 2025-26 ਲਈ ਭਲਕੇ ਵਿਧਾਨ ਸਭਾ ’ਚ ਬਜਟ ਪੇਸ਼ ਕਰਨ ਵਾਲੇ ਹਨ। ਲੋਗੋ ’ਚ ਤਾਮਿਲ ਸ਼ਬਦ ‘ਰੂਬਾਈ’ ਦੇ ਪਹਿਲੇ ਸ਼ਬਦ ‘ਰੂ’ ਨੂੰ ਸ਼ਾਮਲ ਕੀਤਾ ਗਿਆ ਹੈ। ਤਾਮਿਲ ਭਾਸ਼ਾ ’ਚ ਭਾਰਤੀ ਮੁਦਰਾ ਨੂੰ ‘ਰੂਬਾਈ’ ਕਿਹਾ ਜਾਂਦਾ ਹੈ। ਸੂਬਾ ਸਰਕਾਰ ਦੇ ਇਸ ਕਦਮ ਦੀ ਸੂਬਾਈ ਭਾਜਪਾ ਦੇ ਮੁਖੀ ਕੇ ਅੰਨਾਮਲਾਈ ਨੇ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ, ‘ਡੀਐੱਮਕੇ ਸਰਕਾਰ ਦੇ ਵਿੱਤੀ ਸਾਲ 2025-26 ਲਈ ਬਜਟ ਵਿੱਚ ਤਾਮਿਲ ਵੱਲੋਂ ਡਿਜ਼ਾਈਨ ਕੀਤੇ ਗਏ ਰੁਪਏ ਦੇ ਪ੍ਰਤੀਕ ਚਿੰਨ੍ਹ ਨੂੰ ਉਸ ਪ੍ਰਤੀਕ ਚਿੰਨ੍ਹ ਦੀ ਥਾਂ ਵਰਤਿਆ ਗਿਆ ਹੈ ਜਿਸ ਨੂੰ ਪੂਰੇ ਭਾਰਤ ਨੇ ਅਪਣਾਇਆ ਅਤੇ ਸਾਡੀ ਮੁਦਰਾ ’ਚ ਸ਼ਾਮਲ ਕੀਤਾ ਹੈ।’ ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ, ‘ਤਿਰੂ ਉਦੈ ਕੁਮਾਰ, ਜਿਸ ਨੇ ਰੁਪਏ ਦਾ ਤਾਮਿਲ ਪ੍ਰਤੀਕ ਚਿੰਨ੍ਹ ਡਿਜ਼ਾਈਨ ਕੀਤਾ ਸੀ, ਡੀਐੱਮਕੇ ਦੇ ਸਾਬਕਾ ਵਿਧਾਇਕ ਦਾ ਪੁੱਤਰ ਹੈ।’ -ਪੀਟੀਆਈ