ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਾਮਿਲਨਾਡੂ: ਮੰਤਰੀ ਨੂੰ ਬਰਖਾਸਤ ਕਰਨ ਦੇ ਮੁੱਦੇ ’ਤੇ ਡੀਅੈਮਕੇ ਨੇ ਰਾਜਪਾਲ ਨੂੰ ਘੇਰਿਆ

07:38 AM Jul 01, 2023 IST

ਚੇਨਈ, 30 ਜੂਨ
ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀਅੈਮਕੇ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਮੰਤਰੀਆਂ ਨੂੰ ਨਿਯੁਕਤ ਤੇ ਬਰਖਾਸਤ ਕਰਨ ਦਾ ਅਧਿਕਾਰ ਕੇਵਲ ਮੁੱਖ ਮੰਤਰੀ ਕੋਲ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਵਿਚ ਬੰਦ ਡੀਐਮਕੇ ਦੇ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਵੀਰਵਾਰ ਰਾਜਪਾਲ ਆਰ.ਅੈੱਨ. ਰਵੀ ਨੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਹਾਲਾਂਕਿ ਇਸ ਕਦਮ ਨੂੰ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਲਾਹ ਉਤੇ ਵਾਪਸ ਵੀ ਲੈ ਲਿਆ ਗਿਆ। ਸੱਤਾਧਾਰੀ ਧਿਰ ਨੇ ਰਾਜਪਾਲ ਦੇ ਕਦਮ ਦੀ ਸਖ਼ਤ ਨਿਖੇਧੀ ਕੀਤੀ।
ਵਿੱਤ ਮੰਤਰੀ ਥੰਗਮ ਥੇਨਾਰਾਸੂ ਨੇ ਕਿਹਾ ਕਿ ਮੁੱਖ ਮੰਤਰੀ ਅੈਮਕੇ ਸਟਾਲਿਨ ਇਸ ਬਾਰੇ ਰਵੀ ਨੂੰ ਵਿਸਥਾਰ ਵਿਚ ਪੱਤਰ ਲਿਖਣਗੇ। ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਅਹੁਦੇ ਤੋਂ ਹਟਾਉਣ ਬਾਰੇ ਤਾਮਿਲਨਾਡੂ ਦੇ ਮੁੱਖ ਮੰਤਰੀ ਅੈਮਕੇ ਸਟਾਲਿਨ ਨੇ ਕਾਨੂੰਨ ਮੰਤਰੀ ਅੈੱਸ. ਰਘੂਪਤੀ ਨਾਲ ਇਕ ਮੀਟਿੰਗ ਵੀ ਕੀਤੀ ਹੈ। ਡੀਅੈਮਕੇ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਅੈੱਨ.ਆਰ. ਏਲਾਂਗੋ ਤੇ ਤਾਮਿਲਨਾਡੂ ਦੇ ਅੈਡਵੋਕੇਟ ਜਨਰਲ ਵੀ ਇਸ ਬੈਠਕ ਵਿਚ ਹਾਜ਼ਰ ਸਨ। ਡੀਅੈਮਕੇ ਨੇ ਕਿਹਾ ਕਿ ਪਾਰਟੀ ਰਵੀ ਦੀ ਕਾਰਵਾਈ ਨਾਲ ਸਬੰਧਤ ਸਾਰੇ ਕਾਨੂੰਨੀ ਬਦਲਾਂ ਤੇ ਤੱਥਾਂ ਉਤੇ ਵਿਚਾਰ ਕਰ ਰਹੀ ਹੈ। ਰਾਜਪਾਲ ਰਵੀ ਦੇ ਕਦਮ ਦੀ ਸੱਤਾਧਾਰੀ ਧਿਰ ਦੇ ਸਹਿਯੋਗੀਆਂ ਤੇ ਹੋਰਾਂ ਵੱਲੋਂ ਵੀ ਨਿਖੇਧੀ ਕੀਤੀ ਗਈ ਹੈ। ਤਾਮਿਲਨਾਡੂ ਦੇ ਵਿੱਤ ਮੰਤਰੀ ਨੇ ਅੱਜ ਕਾਨੂੰਨ ਮੰਤਰੀ ਤੇ ਰਾਜ ਸਭਾ ਮੈਂਬਰ ਪੀ. ਵਿਲਸਨ ਨਾਲ ਇਕ ਪ੍ਰੈੱਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਵਿਲਸਨ ਵਕੀਲ ਵੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਟਾਲਿਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਾਜਪਾਲ ਨੂੰ ਮੰਤਰੀ ਨੂੰ ਬਰਖਾਸਤ ਕਰਨ ਦਾ ਕੋਈ ਹੱਕ ਨਹੀਂ ਹੈ, ਤੇ ਇਸ ਮੁੱਦੇ ਨੂੰ ਕਾਨੂੰਨੀ ਢੰਗ ਨਾਲ ਨਜਿੱਠਿਆ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਰਾਜਪਾਲ ਨੇ ‘ਇਕਪਾਸੜ’ ਤੇ ‘ਕਾਹਲੀ’ ਨਾਲ ਕਦਮ ਚੁੱਕਿਆ ਹੈ। ਢੁੱਕਵੀਂ ਸਲਾਹ ਤੋਂ ਬਿਨਾਂ ਇਹ ਫ਼ੈਸਲਾ ਲਿਆ ਗਿਆ, ਮਗਰੋਂ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹੁਕਮਾਂ ਨੂੰ ਰੋਕ ਰਹੇ ਹਨ।
ਡੀਅੈਮਕੇ ਨੇ ਕਿਹਾ ਕਿ ਰਾਜਪਾਲ ਦੇ ਕਦਮ ਦਾ ਕੋਈ ਸੰਵਿਧਾਨਕ ਅਧਾਰ ਵੀ ਨਹੀਂ ਹੈ। ਮੁੱਖ ਮੰਤਰੀ ਸਟਾਲਿਨ ਇਸ ਮੁੱਦੇ ਉਤੇ ਕਈ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕਰ ਚੁੱਕੇ ਹਨ।
ਪਾਰਟੀ ਹਾਈ ਕਮਾਨ ਇਸ ਮਾਮਲੇ ਉਤੇ ਆਪਣੇ ਅਾਗੂਆਂ ਤੇ ਅਹੁਦੇਦਾਰਾਂ ਨਾਲ ਗੱਲਬਾਤ ਕਰ ਕੇ ਕਾਨੂੰਨੀ ਤੇ ਸਿਆਸੀ ਰਣਨੀਤੀ ਘੜੇਗੀ। ਡੀਅੈਮਕੇ ਹਾਲਾਂਕਿ ‘ਸਹੀ ਸਮੇਂ ਉਤੇ’ ਰਾਜਪਾਲ ਦਾ ਟਾਕਰਾ ਕਰਨ ਲਈ ਕਾਨੂੰਨੀ ਬਦਲਾਂ ਤੇ ਭਾਜਪਾ ਦਾ ਸਿਆਸੀ ਢੰਗ ਨਾਲ ਟਾਕਰਾ ਕਰਨ ਉਤੇ ਵਿਚਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਬਾਲਾਜੀ ਨੂੰ ਈਡੀ ਨੇ ਕਥਿਤ ਭ੍ਰਿਸ਼ਟਾਚਾਰ ਘੁਟਾਲੇ ਵਿਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ’ਤੇ ਨੌਕਰੀਆਂ ਬਦਲੇ ਪੈਸੇ ਮੰਗਣ ਦੇ ਦੋਸ਼ ਲੱਗੇ ਸਨ। -ਪੀਟੀਆਈ

Advertisement

ਦੋਹਰੇ ਮਿਆਰ ਅਪਣਾ ਰਹੀ ਹੈ ਡੀਅੈਮਕੇ: ਭਾਜਪਾ
ਤਾਮਿਲਨਾਡੂ ਭਾਜਪਾ ਦੇ ਮੁਖੀ ਕੇ. ਅੰਨਾਮਲਾਈ ਨੇ ਕਿਹਾ ਕਿ ਰਾਜਪਾਲ ਦੇ ਮਾਮਲੇ ਵਿਚ ਡੀਅੈਮਕੇ ‘ਦੋਹਰੇ ਮਿਆਰ’ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਇਕ ਵਾਰ ਅੈਮਕੇ ਸਟਾਲਿਨ ਨੇ ਮੰਗ ਕੀਤੀ ਸੀ ਕਿ ਤਤਕਾਲੀ ਅੰਨਾਡੀਅੈਮਕੇ ਸਰਕਾਰ ਦੇ ਇਕ ਮੰਤਰੀ ਨੂੰ ਰਾਜਪਾਲ ਬਰਖਾਸਤ ਕਰੇ, ਹੁਣ ਉਹ ਆਪਣਾ ਰੁਖ਼ ਸਪੱਸ਼ਟ ਕਰਨ। -ਪੀਟੀਆਈ

Advertisement
Advertisement
Tags :
DMKਘੇਰਿਆਡੀਅੈਮਕੇਤਾਮਿਲਨਾਡੂਬਰਖ਼ਾਸਤਮੰਤਰੀਮੁੱਦੇਰਾਜਪਾਲ
Advertisement