For the best experience, open
https://m.punjabitribuneonline.com
on your mobile browser.
Advertisement

ਤਲਵਾੜਾ: ਮਾਈਨਿੰਗ ਅਤੇ ਕਰੱਸ਼ਰਾਂ ਖ਼ਿਲਾਫ਼ ਲੋਕਾਂ ਵੱਲੋਂ ਲਾਮਬੰਦੀ

11:04 AM Apr 08, 2024 IST
ਤਲਵਾੜਾ  ਮਾਈਨਿੰਗ ਅਤੇ ਕਰੱਸ਼ਰਾਂ ਖ਼ਿਲਾਫ਼ ਲੋਕਾਂ ਵੱਲੋਂ ਲਾਮਬੰਦੀ
ਕਰੱਸ਼ਰਾਂ ਅਤੇ ਮਾਈਨਿੰਗ ਖ਼ਿਲਾਫ਼ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂ।
Advertisement

ਦੀਪਕ ਠਾਕੁਰ
ਤਲਵਾੜਾ, 7 ਅਪਰੈਲ
ਇਲਾਕੇ ਵਿੱਚ ਕਥਿਤ ਖੁਦਾਈ ਦਾ ਸਿਲਸਿਲਾ ਜਾਰੀ ਹੈ, ਲੰਘੇ ਦੋ ਦਿਨਾਂ ਵਿੱਚ ਪਿੰਡ ਢੁਲਾਲ ਅਤੇ ਜੰਡੋਰ ਹਾਰ ਵਿੱਚ ਪਿੰਡ ਬਰਿੰਗਲੀ ਦੀ ਜ਼ਮੀਨ ’ਤੇ ਖਣਨ ਮਾਫੀਆ ਨੇ ਤਾਜ਼ਾ ਖੁਦਾਈ ਕੀਤੀ ਹੈ। ਦੂਜੇ ਪਾਸੇ, ਸੁਖਚੈਪੁਰ ਵਿੱਚ ਲਾਏ ਜਾ ਰਹੇ ਇੱਕ ਹੋਰ ਕਰੱਸ਼ਰ ਖ਼ਿਲਾਫ਼ ਲੋਕਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸਥਾਨਕ ਲੋਕਾਂ ਨੇ ਖੇਤਰ ਵਿੱਚ ਕਥਿਤ ਮਾਈਨਿੰਗ ਕਾਰੋਬਾਰ ਅਤੇ ਖੋਲ੍ਹੇ ਜਾ ਰਹੇ ਕਰੱਸ਼ਰਾਂ ਖ਼ਿਲਾਫ਼ ਅਵਾਜ਼ ਉਠਾਉਣ ਤਹਿਤ ਪਿੰਡ ਅਮਰੋਹ ਵਿੱਚ ਵਿਸ਼ਾਲ ਇਕੱਠ ਕੀਤਾ ਜਿਸ ਵਿੱਚ ਨੇੜਲੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕ ਸ਼ਾਮਲ ਹੋਏ। ਮਾਸਟਰ ਧਰਮ ਸਿੰਘ, ਸਰਪੰਚ ਅਸ਼ਵਨੀ ਕੁਮਾਰ ਰਾਮਗੜ੍ਹ ਸੀਕਰੀ, ਬਲਾਕ ਸਮਿਤੀ ਮੈਂਬਰ ਨਰੇਸ਼ ਕੁਮਾਰ, ਪੈਨਸ਼ਨਰ ਆਗੂ ਸ਼ਿਵ ਕੁਮਾਰ ਅਮਰੋਹੀ ਤੇ ਸਾਬਕਾ ਸਰਪੰਚ ਜੀਤ ਰਾਮ ਬਰਿੰਗਲੀ ਨੇ ਪ੍ਰਧਾਨਗੀ ਕੀਤੀ। ਇਕੱਠ ਵਿੱਚ ‘ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੇ ਸਕੱਤਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਸਿੰਬਲੀ, ਭਾਜਪਾ ਦੇ ਯੁਵਾ ਆਗੂ ਅੰਕਿਤ ਰਾਣਾ, ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਮੰਡ ਸਨੌਰ (ਹਿ.ਪ੍ਰ) ਤੋਂ ਕੁਲਦੀਪ ਸਿੰਘ, ਸੁਰਿੰਦਰ ਸਿੰਘ ਅਤੇ ਵਿਜੇ ਕੁਮਾਰ ਨੇ ਵੀ ਸ਼ਿਰਕਤ ਕੀਤੀ। ਨੌਜਵਾਨ ਆਗੂ ਮਨੋਜ ਧੀਮਾਨ, ਸਾਹਿਲ ਠਾਕੁਰ ਉਰਫ਼ ਸ਼ਵੀ, ਨੀਰਜ ਸ਼ਰਮਾ , ਆਰ ਕੇ ਸ਼ਰਮਾ, ਕੈਪਟਨ ਜੋਗਿੰਦਰ ਸਿੰਘ ਮੰਗੂ ਮੈਰਾ ਨੇ ਸਵਾਂ ਦਰਿਆ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਖਣਨ ਮਾਫੀਆ ਨੇ ਪਿੰਡ ਢੁਲਾਲ ਅਤੇ ਜੰਡੋਰ ਹਾਰ ਵਿੱਚ ਰਿਹਾਇਸ਼ੀ ਆਬਾਦੀ ਕੋਲੋਂ ਜ਼ਮੀਨ ਪੁੱਟ ਲਈ ਹੈ, ਸੁਖਚੈਨਪੁਰ ਵਿੱਚ ਇਕ ਹੋਰ ਕਰੱਸ਼ਰ ਲਾਉਣ ਦੀ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਪਿੰਡ ਵਿੱਚ ਨਿਯਮਾਂ ਤੋਂ ਉਲਟ ਪਹਾੜਾਂ ਦੀ ਪੁਟਾਈ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਸਵਾਂ ਦਰਿਆ ਵਿੱਚ ਪਿੰਡ ਪਲਾਹੜ ਦੀ ਪੰਚਾਇਤੀ ਜ਼ਮੀਨ ’ਤੇ ਕੀਤੀ ਖੁਦਾਈ ਖ਼ਿਲਾਫ਼ ਭਾਵੇਂ ਲੋਕਾਂ ਦੇ ਦਬਾਅ ਤੋਂ ਬਾਅਦ ਮਾਇਨਿੰਗ ਵਿਭਾਗ ਨੇ ਸੌਰਵ ਕੰਕਰੀਟ ਨਾਮੀਂ ਕਰੱਸ਼ਰ ’ਤੇ ਮਾਮਲਾ ਦਰਜ ਕੀਤਾ ਸੀ, ਪਰ ਅਜੇ ਤੱਕ ਅੱਗੇ ਕੋਈ ਕਾਰਵਾਈ ਨਹੀਂ ਹੋਈ ਹੈ। ਹਾਜ਼ਰ ਲੋਕਾਂ ਨੇ ਪਿੰਡ ਸੁਖਚੈਨਪੁਰ ਵਿੱਚ ਲੱਗ ਰਹੇ ਨਵੇਂ ਕਰੱਸ਼ਰ ਨੂੰ ਤੁਰੰਤ ਬੰਦ ਕਰਨ ਤੇ ਇਤਰਾਜ਼ਹੀਣਤਾ ਸਰਟੀਫਿਕੇਟ ਰੱਦ ਕਰਨ ਦੀ ਮੰਗ ਕਰਦਿਆਂ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਖੇਤਰ ਵਿੱਚ ਚੱਲਦੇ ਕਰੱਸ਼ਰਾਂ ਅਤੇ ਖਣਨ ਖ਼ਿਲਾਫ਼ ਜਥੇਬੰਦਕ ਅਤੇ ਕਾਨੂੰਨੀ ਸੰਘਰਸ਼ ਆਰੰਭਣ ਦਾ ਐਲਾਨ ਕੀਤਾ। ਇਸ ਮੌਕੇ ਮਲਕੀਤ ਮਿਨਹਾਸ ਤੇ ਰਾਜੇਸ਼ ਸੁਖਚੈਨਪੁਰ ਨੇ ਵੀ ਸੰਬੌਧਨ ਕੀਤਾ।

Advertisement

Advertisement
Author Image

Advertisement
Advertisement
×