ਤਲਵੰਡੀ ਦੀ ਕਿਤਾਬ ਸਰੀ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣੇਗੀ
ਸਰੀ: ਪਰਵਾਸੀ ਪੰਜਾਬੀ ਲੇਖਕ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਤਲਵੰਡੀ ਦੀ ਚਰਚਿਤ ਕਿਤਾਬ ‘ਹੂਕ ਸਮੁੰਦਰੋਂ ਪਾਰ ਦੀ’ ਸਰੀ (ਕੈਨੇਡਾ) ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣੇਗੀ। ਇਸ ਸਬੰਧੀ ਕੈਨੇਡਾ ਦੇ ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਦੇ ਸਰਕਾਰੀ ਲਾਇਬ੍ਰੇਰੀ ਬੋਰਡ ਦੇ ਮੁੱਖ ਅਧਿਕਾਰੀ ਪਾਲ ਮੈਕਡੋਨਲ ਨੇ ਜਾਰੀ ਇੱਕ ਵਿਸ਼ੇਸ਼ ਪੱਤਰ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਤਲਵੰਡੀ ਦੀ ਕਿਤਾਬ ‘ਹੂਕ ਸਮੁੰਦਰੋਂ ਪਾਰ ਦੀ’ ਨੂੰ ਲਾਇਬ੍ਰੇਰੀ ਦੀ ਸ਼ੈਲਫ ’ਤੇ ਰੱਖਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕਿਤਾਬ ਨੂੰ ਸਰੀ ਦੇ ਹੀ ਕਸਬੇ ਕਲੋਵਰਡੇਲ ਦੀ ਲਾਇਬ੍ਰੇਰੀ ਵਿੱਚ ਪੰਜਾਬੀ ਪਾਠਕਾਂ ਦੇ ਪੜ੍ਹਨ ਲਈ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਕਿਸੇ ਵੀ ਪੰਜਾਬੀ ਲੇਖਕ ਦੀ ਕਿਤਾਬ ਨੂੰ ਪਹਿਲਾਂ ਸਬੰਧਿਤ ਭਾਈਚਾਰੇ ਦੇ ਨਾਮਵਰ ਲੇਖਕਾਂ ਦੇ ਇੱਕ ਬੈਂਚ ਨੂੰ ਪੜ੍ਹਨ ਲਈ ਭੇਜਿਆ ਜਾਂਦਾ ਹੈ। ਕਿਤਾਬ ਨੂੰ ਪੜ੍ਹ ਕੇ ਅਤੇ ਘੋਖ ਕੇ ਹੀ ਲਾਇਬ੍ਰੇਰੀ ਵਿੱਚ ਪਾਠਕਾਂ ਲਈ ਭੇਜਿਆ ਜਾਂਦਾ ਹੈ। ਇਹ ਤਲਵੰਡੀ ਦੀ ਤੀਜੀ ਕਿਤਾਬ ਹੈ ਜੋ 20ਵੀਂ ਸਦੀ ਦੀ ਸ਼ੁਰੂਆਤ ਦੌਰਾਨ ਪੰਜਾਬੀਆਂ ਵੱਲੋਂ ਕੈਨੇਡਾ ਵਿੱਚ ਆਪਣੇ ਭਾਈਚਾਰੇ ਦੀ ਸਥਾਪਤੀ ਲਈ ਕੀਤੀ ਜੱਦੋ-ਜਹਿਦ ਅਤੇ ਕੈਨੇਡਾ ਵਿੱਚ ਮੌਜੂਦ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਬਾਰੇ ਬੜੀ ਹੀ ਬਾਰੀਕੀ ਨਾਲ ਜਾਣਕਾਰੀ ਦਿੰਦੀ ਹੈ। ਇਸ ਕਿਤਾਬ ਨੂੰ ਕੁੱਝ ਮਹੀਨੇ ਪਹਿਲਾਂ ਹੀ ਪੰਜਾਬ ਭਵਨ ਸਰੀ ਵਿਖੇ ਹੋਏ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਤਲਵੰਡੀ ਦੀਆਂ ਦੋ ਕਿਤਾਬਾਂ ‘ਪੰਥ ਰਤਨ ਗਿਆਨੀ ਦਿੱਤ ਸਿੰਘ’ ਅਤੇ ‘ਕੋਈ ਹੋਰ ਭੀ ਉੱਠਸੀ ਮਰਦ ਕਾ ਚੇਲਾ’ ਪਹਿਲਾਂ ਹੀ ਸਰੀ ਦੀਆਂ ਵੱਖ-ਵੱਖ ਲਾਇਬ੍ਰੇਰੀਆਂ ਵਿੱਚ ਪਾਠਕਾਂ ਦੇ ਪੜ੍ਹਨ ਲਈ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ।