ਤਲਵੰਡੀ ਸਾਬੋ ਰਜਵਾਹੇ ਵਿੱਚ ਪਾੜ ਪਿਆ
ਜਗਜੀਤ ਸਿੰਘ ਸਿੱਧੂ/ਹੁਸ਼ਿਆਰ ਸਿੰਘ ਘਟੌੜਾ
ਤਲਵੰਡੀ ਸਾਬੋ/ਰਾਮਾਂ ਮੰਡੀ, 10 ਜੁਲਾਈ
ਇੱਥੇ ਅੱਜ ਸਵੇਰੇ ਨੇੜਲੇ ਪਿੰਡਾਂ ਜੱਜਲ ਅਤੇ ਮਲਕਾਣਾ ਦੇ ਵਿਚਕਾਰ ਮਲਕਾਣਾ ਹੱਦ ਵਿਚਲੇ ਤਲਵਡੀ ਸਾਬੋ ਰਜਵਾਹੇ ਵਿੱਚ 40-45 ਫੁੱਟ ਚੌੜਾ ਪਾੜ ਪੈਣ ਕਾਰਨ ਜੱਜਲ ਪਿੰਡ ਦੇ ਖੇਤਾਂ ਵਿੱਚ ਕਈ ਕਈ ਫੁੱਟ ਪਾਣੀ ਭਰ ਗਿਆ। ਇਸ ਕਾਰਨ ਕਿਸਾਨ ਬਹਾਦਰ ਸਿੰਘ, ਹਰਜੀਤ ਸਿੰਘ, ਜੁਗਰਾਜ ਸਿੰਘ, ਗੁਰਦਾਸ ਸਿੰਘ, ਮਨਦੀਪ ਸਿੰਘ, ਲੀਲਾ ਸਿੰਘ, ਰੂਪ ਸਿੰਘ, ਭਾਗ ਸਿੰਘ, ਢਾਡੀ ਸਿੰਘ ਦੇ ਖੇਤਾਂ ਵਿਚ ਕਈ ਕਈ ਫੁੱਟ ਪਾਣੀ ਭਰ ਗਿਆ ਅਤੇ ਖੇਤਾਂ ਵਿਚ ਬੀਜੀਆਂ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ। ਪਿੰਡ ਜੱਜਲ ਦੇ ਖੇਤਾਂ ਵਿੱਚ ਤਲਵੰਡੀ ਸਾਬੋ ਰਜਵਾਹੇ ਵਿੱਚ ਪਏ ਪਾੜ ਨੇ ਪਹਿਲਾਂ ਤੋਂ ਹੀ ਭਾਰੀ ਮੀਂਹ ਦੇ ਪਾਣੀ ਵਿੱਚ ਡੁੱਬੀਆਂ ਫਸਲਾਂ ਨੂੰ ਹੋਰ ਡੋਬ ਕੇ ਪਿੰਡ ਦੇ ਕਿਸਾਨਾਂ ਲਈ ਹੋਰ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੱਜਲ ਦਾ ਇੱਕ ਕਿਸਾਨ ਦਰਸ਼ਨ ਸਿੰਘ ਜਦ ਸਵੇਰੇ ਪੰਜ ਕੁ ਵਜੇ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ ਉਸ ਨੇ ਓਵਰਫਲੋਅ ਹੋਇਆ ਰਜਵਾਹੇ ਦਾ ਪਾਣੀ ਕਨਿਾਰਿਆਂ ਉਪਰੋਂ ਦੀ ਕਿਸਾਨ ਹਰਦਮ ਸਿੰਘ ਫੌਜੀ ਦੇ ਖੇਤ ਵਿੱਚ ਪੈਂਦਾ ਦੇਖਿਆ। ਦਰਸ਼ਨ ਸਿੰਘ ਨੇ ਵਾਪਸ ਪਿੰਡ ਪਹੁੰਚ ਕੇ ਲੋਕਾਂ ਨੂੰ ਸੂਆ ਟੁੱਟਣ ਦੀ ਜਾਣਕਾਰੀ ਦਿੱਤੀ। ਜਦ ਤੱਕ ਪਿੰਡ ਵਾਸੀ ਰਜਵਾਹੇ ’ਤੇ ਪਹੁੰਚੇ ਤਾਂ ਪਾੜ ਪੈ ਚੁੱਕਿਆ ਸੀ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਇਹ ਪਾੜ ਸੱਤਰ ਫੁੱਟ ਦੇ ਕਰੀਬ ਚੌੜਾ ਹੋ ਗਿਆ। ਦੋ ਦਨਿ ਪਹਿਲਾਂ ਹੀ ਹੋਈ ਭਾਰੀ ਬਾਰਸ਼ ਦੇ ਪਾਣੀ ਵਿੱਚ ਡੁੱਬੀਆਂ ਝੋਨੇ, ਮੂੰਗੀ ਆਦਿ ਦੀਆਂ ਫਸਲਾਂ ਨੂੰ ਅੱਜ ਟੁੱਟੇ ਸੂਏ ਦੇ ਪਾਣੀ ਨੇ ਹੋਰ ਡੋਬ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਬੀਤੀ ਕੱਲ੍ਹ ਸ਼ਾਮ ਰਜਵਾਹੇ ਵਿੱਚ ਪਾਣੀ ਘੱਟ ਸੀ, ਪਰ ਇੱਥੋਂ ਡੇਢ ਕੁ ਕਿਲੋਮੀਟਰ ਅੱਗੇ ਜਾ ਕੇ ਰਜਵਾਹੇ ਦੇ ਹੈੱਡ ਬਣਦੇ ਹਨ। ਜਨਿ੍ਹਾਂ ਨੂੰ ਅਗਲੇ ਪਿੰਡਾਂ ਵਿੱਚੋਂ ਆ ਕੇ ਕੁੱਝ ਬੰਦੇ ਰਾਤ ਸਮੇਂ ਕਥਿਤ ਤੌਰ ’ਤੇ ਬੰਦ ਕਰ ਗਏ। ਇਸ ਕਰਕੇ ਸੂਆ ਰਾਤ ਨੂੰ ਓਵਰਫਲੋਅ ਹੋ ਕੇ ਟੁੱਟ ਗਿਆ। ਕਿਸਾਨਾਂ ਨੇ ਦੱਸਿਆ ਕਿ ਪਾੜ ਪੈਣ ਨਾਲ ਲਗਪਗ ਅੱਸੀ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਤੇ ਫਸਲਾਂ ਡੁੱਬ ਗਈਆਂ।
ਨਹਿਰੀ ਵਿਭਾਗ ਦੇ ਐੱਸਡੀਓ ਫਿਜ਼ੀ ਬਾਂਸਲ ਨੇ ਦੱਸਿਆ ਕਿ ਰਜਵਾਹੇ ਵਿੱਚ ਪਾੜ ਪੈਣ ਬਾਰੇ ਪਤਾ ਲੱਗਦਿਆਂ ਹੀ ਜੋਧਪੁਰ ਪਾਖਰ ਹੈੱਡ ਤੋਂ ਪਾਣੀ ਬੰਦ ਕਰਵਾ ਦਿੱਤਾ ਗਿਆ। ਵਿਭਾਗ ਵੱਲੋਂ ਮੁਲਾਜਮ ਅਤੇ ਜੇਸੀਬੀ ਮਸ਼ੀਨ ਭੇਜ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਬੰਦ ਕਰਨ ਦੇ ਕਾਰਜ ਆਰੰਭੇ ਗਏ। ਉਨ੍ਹਾਂ ਕਿਹਾ ਕਿ ਦੇਰ ਸ਼ਾਮ ਤੱਕ ਪਾੜ ਨੂੰ ਪੂਰੇ ਜਾਣ ਦੀ ਸੰਭਾਵਨਾ ਹੈ। ਸੂਏ ਦੇ ਟੁੱਟਣ ਦੇ ਕਾਰਨ ਬਾਰੇ ਉਨ੍ਹਾਂ ਕਿਹਾ ਕਿ ਰਜਵਾਹੇ ਦੇ ਅੱਗੇ ਹੈੱਡ ਕਿਸੇ ਵੱਲੋਂ ਬੰਦ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਬਰਸਾਤਾਂ ਹੋਣ ਕਰਕੇ ਪਟੜੀ ਦੀ ਮਿੱਟੀ ਵਿੱਚ ਪੋਲ ਪੈਣ ਅਤੇ ਕਿਸੇ ਖੱਡ ਰਾਹੀਂ ਲੀਕੇਜ਼ ਹੋਣ ਕਰਕੇ ਪਾੜ ਪੈ ਗਿਆ ਹੈ।