For the best experience, open
https://m.punjabitribuneonline.com
on your mobile browser.
Advertisement

ਉੱਚੀਆਂ ਲੰਮੀਆਂ ਟਾਹਲੀਆਂ...

07:28 AM Sep 23, 2023 IST
ਉੱਚੀਆਂ ਲੰਮੀਆਂ ਟਾਹਲੀਆਂ
Advertisement

ਜਸਵਿੰਦਰ ਸਿੰਘ ਰੁਪਾਲ

ਪੰਜਾਬ ਦੇ ਰਾਜ-ਰੁੱਖ ਦਾ ਦਰਜਾ ਪ੍ਰਾਪਤ ਟਾਹਲੀ ਦਾ ਰੁੱਖ ਅੱਜ ਕਿਤੇ ਕਿਤੇ ਹੀ ਨਜ਼ਰ ਆ ਰਿਹਾ ਹੈ। ਵਿਕਾਸ ਦੀ ਕਥਿਤ ਹਨੇਰੀ ਨੇ ਬਾਕੀ ਦਰੱਖਤਾਂ ਵਾਂਗ ਹੀ ਟਾਹਲੀ ਨੂੰ ਵੀ ਅੱਖੀਓਂ ਓਹਲੇ ਕਰ ਦਿੱਤਾ ਹੈ। ਕਦੀ ਇਹ ਦਰੱਖਤ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਕਿੰਨਾ ਜ਼ਿਆਦਾ ਨੇੜੇ ਰਿਹਾ ਹੈ, ਇਸ ਦਾ ਮੂੰਹ ਬੋਲਦਾ ਸਬੂਤ ਸਾਡੀਆਂ ਬੋਲੀਆਂ ਅਤੇ ਲੋਕ-ਗੀਤਾਂ ਵਿੱਚ ਮਿਲਦਾ ਇਸ ਦਾ ਭਰਵਾਂ ਵਰਣਨ ਹੈ।
ਟਾਹਲੀ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਕੱਦ ਦਾ ਦਰੱਖਤ ਹੈ। ਇਸ ਨੂੰ ਬਲੈਕਵੁੱਡ, ਸ਼ੀਸ਼ਮ, ਰੋਜ਼ਵੁੱਡ ਅਤੇ ਡਾਲੀ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂ ‘ਡੈਲਬਰਜੀਆ ਸਿਸੂ’ (Dalbergia Sissoo) ਹੈ। ਸ਼ੀਸ਼ਮ, ਸਿਸੂ ਡੈਲਬਰਜੀਆ ਨਾਂ ਦੇ ਸਵੀਡਨ ਦੇ 18-19ਵੀਂ ਸਦੀ ਵਿੱਚ ਹੋਏ ਵਿਗਿਆਨੀ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਦੀ ਉਚਾਈ 10 ਤੋਂ 30 ਮੀਟਰ ਤੱਕ ਅਤੇ ਘੇਰਾ 2 ਤੋਂ 4 ਮੀਟਰ ਤੱਕ ਹੋ ਸਕਦਾ ਹੈ। ਇਸ ਦੇ ਪੱਤੇ ਨਵੰਬਰ-ਦਸੰਬਰ ਵਿੱਚ ਝੜਦੇ ਹਨ ਅਤੇ ਫਰਵਰੀ ਵਿੱਚ ਨਵੇਂ ਆ ਜਾਂਦੇ ਹਨ। ਮਹੀਨੇ ਦੋ ਮਹੀਨੇ ਵਿੱਚ ਸਫ਼ੈਦ ਕਰੀਮ ਰੰਗ ਦੇ ਮਹਿਕ ਵਾਲੇ ਫੁੱਲ ਲੱਗਦੇ ਹਨ ਜੋ ਛੇਤੀ ਹੀ ਫ਼ਲੀਆਂ ਦਾ ਰੂਪ ਧਾਰ ਲੈਂਦੇ ਹਨ। ਇਹ ਫ਼ਲੀਆਂ ਕਈ ਮਹੀਨੇ ਟਾਹਲੀ ’ਤੇ ਲਮਕਦੀਆਂ ਰਹਿੰਦੀਆਂ ਹਨ। ਇਸ ਦੀ ਲੱਕੜੀ ਮਜ਼ਬੂਤ ਅਤੇ ਲਚਕਦਾਰ ਹੁੰਦੀ ਹੈ। ਇਸ ਲਈ ਇਹ ਫਰਨੀਚਰ, ਇਮਾਰਤੀ ਸਾਮਾਨ ਆਦਿ ਬਣਾਉਣ ਦੇ ਕੰਮ ਆਉਂਦੀ ਹੈ। ਆਪਣੇ ਬਹੁ-ਪਰਤੀ ਲਾਭਾਂ ਕਰਕੇ ਇਹ ਦਰੱਖਤ ਲੋਕ-ਜੀਵਨ ਦਾ ਹਿੱਸਾ ਬਣਿਆ ਰਿਹਾ ਹੈ। ਉੱਚੀਆਂ ਲੰਮੀਆਂ ਟਾਹਲੀਆਂ ਦੇਖ ਕੇ ਰੂਹ ਨੂੰ ਇੱਕ ਸਰੂਰ ਜਿਹਾ ਚੜ੍ਹਦਾ ਹੈ ਅਤੇ ਜਵਾਨ ਜਜ਼ਬੇ ਮਚਲਦੇ ਹਨ:
* ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ
ਹੇਠ ਵਗੇ ਦਰਿਆ।
ਮੈਂ ਦਰਿਆਵਾਂ ਦੀ ਮਛਲੀ ਵੇ ਤੂੰ ਬਗਲਾ ਬਣ ਕੇ ਆ।
* ਉੱਚੀਆਂ ਲੰਮੀਆਂ ਟਾਹਲੀਆਂ ਵੇ ਕੋਈ ਵਿੱਚ
ਗੁਜਰੀ ਦੀ ਪੀਂਘ ਵੇ ਮਾਹੀਆ।
ਪੀਂਘ ਝੂਟੇਂਦੇ ਦੋ ਜਣੇ
ਓਏ ਆਸ਼ਕ ਤੇ ਮਾਸ਼ੂਕ ਵੇ ਮਾਹੀਆ।
* ਉੱਚੀਆਂ ਟਾਹਲੀਆਂ, ਲੰਮੀਆਂ ਟਾਹਲੀਆਂ,
ਚੜ੍ਹਗੀ ਛਮ ਛਮ ਕਰਕੇ।
ਉੱਤੇ ਜਾ ਕੇ ਟੁੱਟ ਗਿਆ ਟਾਹਣਾ,
ਡਿੱਗਗੀ ਧੜੰਮ ਕਰਕੇ।
ਚੱਕ ਲੀ ਛੜਿਆਂ ਨੇ,
ਮਰੀ ਦਾ ਬਹਾਨਾ ਕਰਕੇ।
ਜਿੱਥੇ ਦਰੱਖਤ ਹੋਣਗੇ, ਉੱਥੇ ਪੰਛੀਆਂ ਨੇ ਤਾਂ ਆਉਣਾ ਹੀ ਹੋਇਆ। ਇਹ ਦਰੱਖਤ ਉਨ੍ਹਾਂ ਦਾ ਰੈਣ-ਬਸੇਰਾ ਜੋ ਬਣਦੇ ਹਨ। ਉੱਚੇ ਲੰਮੇ ਦਰੱਖਤਾਂ ’ਤੇ ਬੋਲਦੇ ਹੋਏ ਪੰਛੀ ਇੱਕ ਮਿੱਠਾ ਸੰਗੀਤ ਪੈਦਾ ਕਰਦੇ ਹਨ ਜਿਹੜਾ ਰੂਹ ਦੀਆਂ ਤਰਬਾਂ ਛੇੜਦਾ ਹੈ। ਉਨ੍ਹਾਂ ਬੋਲਦੇ ਪੰਛੀਆਂ ਤੋਂ ਕਿਤੇ ਕੁਆਰੇ ਚਾਅ, ਕਿਤੇ ਅਧੂਰੀਆਂ ਇੱਛਾਵਾਂ, ਕਿਤੇ ਮੇਲ ਅਤੇ ਵਿਛੋੜੇ ਦੇ ਭਾਵ ਉਨ੍ਹਾਂ ਨਾਲ ਮਿਲਾ ਕੇ ਜਵਾਨ ਦਿਲ ਲੋਕ-ਗੀਤਾਂ ਅਤੇ ਬੋਲੀਆਂ ਰਾਹੀਂ ਬਾਹਰ ਉਛਲ ਉਛਲ ਪੈਂਦੇ ਹਨ:
* ਟਾਹਲੀ ਉੱਤੇ, ਟਾਹਲੀ ਉੱਤੇ,
ਬੋਲ ਤੋਤਿਆ, ਤੇਰੇ ਰੰਗ ਦੀ ਕਮੀਜ਼ ਸਮਾਵਾਂ।
* ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ,
ਗਾਉਣ ਵਾਲੇ ਦਾ ਮੂੰਹ।
ਹਾਣੀਆ ਟਾਹਲੀ ’ਤੇ, ਘੁੱਗੀ ਕਰੇ ਘੂੰ ਘੂੰ।
* ਉੱਚੀ ਸੀ ਟਾਹਲੀ, ਉੱਤੇ ਘੁੱਗੀਆਂ ਦਾ ਜੋੜਾ।
ਇੱਕ ਘੁੱਗੀ ਉੱਡੀ, ਲੰਮਾ ਪੈ ਗਿਆ ਵਿਛੋੜਾ।
* ਟਾਹਲੀ ਮੇਰੇ ਬੱਚੜੇ ਲੱਕ ਟੁਣੂ ਟੁਣੂ
ਮੀਂਹ ਆਇਆ ਭਿੱਜ ਜਾਣਗੇ ਲੱਕ ਟੁਣੂ ਟੁਣੂ।
* ਉੱਚੀ ਟਾਹਲੀ ’ਤੇ ਘੁੱਗੀਆਂ ਦਾ ਜੋੜਾ
ਮਾਵਾਂ ਧੀਆਂ ਦਾ ਬੁਰਾ ਏ ਵਿਛੋੜਾ, ਰੱਬਾ ਕਦ ਮਿਲਾਂ।
ਲੋਕ ਬੜੇ ਚਾਅ ਨਾਲ ਟਾਹਲੀ ਅਤੇ ਹੋਰ ਦਰੱਖਤ ਆਪਣੇ ਖੇਤਾਂ, ਆਪਣੇ ਘਰਾਂ ਅਤੇ ਸਾਂਝੀਆਂ ਥਾਵਾਂ ’ਤੇ ਲਗਾਇਆ ਕਰਦੇ ਸਨ। ਸਿਰਫ਼ ਟਾਹਲੀ ਹੀ ਨਹੀਂ, ਸਗੋਂ ਹੋਰ ਰੁੱਖ ਵੀ ਸ਼ੋਭਾ ਬਣਿਆ ਕਰਦੇ ਸਨ। ਟਾਹਲੀ ਨੂੰ ਵੱਢੇ ਜਾਣ ਦਾ ਜਾਂ ਛਾਂਗੇ ਜਾਣ ਦਾ ਵੀ ਭਾਰੀ ਦੁੱਖ ਲੱਗਦਾ ਸੀ। ਇਸੇ ਲਈ ਛਾਵਾਂ ਦੇਣ ਵਾਲੀ ਟਾਹਲੀ ਨੂੰ ਨਾ ਵੱਢੇ ਜਾਣ ਦੇ ਤਰਲੇ ਵੀ ਸਾਡੀ ਲੋਕ-ਮਾਨਸਿਕਤਾ ਨੇ ਸੰਭਾਲੇ ਹੋਏ ਹਨ। ਟਾਹਲੀ ਦੇ ਪੱਤ ਝੜਨ ਤੇ ਹਿੱਲਣਾ ਇੱਕ ਬਿਰਹਾ ਹੰਢਾਉਂਦੀ ਨਾਰ ਨੂੰ ਆਪਣੇ ਵਰਗਾ ਲੱਗਦਾ ਹੈ ਅਤੇ ਉਹ ਅਤੇ ਉਸ ਵਰਗੀਆਂ ਹੋਰ ਬਿਜੋਗਣਾਂ ਟਾਹਲੀ ਨਾਲ ਗੱਲਾਂ ਵੀ ਕਰਦੀਆਂ ਹਨ। ਦੇਖੋ ਸਾਡੇ ਦਿਲੀ ਜਜ਼ਬਿਆਂ ਨੂੰ ਪ੍ਰਗਟਾਉਂਦੇ ਇਹ ਗੀਤ ਅਤੇ ਬੋਲੀਆਂ:
* ਹਿੱਲਣ ਟਾਹਲੀਆਂ ਪੱਤ ਝੜ ਗਏ ਜਿਨ੍ਹਾਂ ਦੇ।
* ਊਠਾਂ ਵਾਲਿਆਂ ਛਾਂਗ ਲਈ ਟਾਹਲੀ
ਤਿੱਪ ਤਿੱਪ ਰੋਣ ਅੱਖੀਆਂ।
* ਵੀਰਾ ਨਾ ਵੱਢ ਸ਼ਾਮਲਾਟ ਦੀ ਟਾਹਲੀ
ਕਦੀ ਛਾਂ ਵਿੱਚ ਬੈਠਣ ਮੱਝਾਂ ਗਾਵਾਂ
ਕਦੀ ਇਸ ਛਾਵੇਂ ਬੈਠਣ ਹਾਲੀ।
ਟਾਹਲੀ ਦੇ ਖੇਤ ਰੋਟੀ ਲੈ ਕੇ ਜਾਣਾ, ਟਾਹਲੀਆਂ, ਬੇਰੀਆਂ ਤੇ ਕਿੱਕਰਾਂ ਨੂੰ ਲੰਘ ਕੇ ਆਪਣੇ ਮਾਹੀ ਨੂੰ ਜਾਂ ਪ੍ਰੇਮੀ ਨੂੰ ਮਿਲਣ ਜਾਣਾ, ਇਨ੍ਹਾਂ ਰੁੱਖਾਂ ਨਾਲ ਸਾਡੀ ਸਦੀਵੀ ਸਾਂਝ ਦਰਸਾਉਂਦੇ ਹਨ। ਗੱਲ ਭਾਵੇਂ ਕੋਈ ਹੋਰ ਨਿੱਜੀ ਜਾਂ ਪਰਿਵਾਰਕ ਕਰਨੀ ਹੋਵੇ, ਪਰ ਇਨ੍ਹਾਂ ਰੁੱਖਾਂ ਦਾ ਜ਼ਿਕਰ ਕਰ ਕੇ ਜਿਵੇਂ ਇਨ੍ਹਾਂ ਨੂੰ ਨਾਲ ਗਵਾਹ ਬਣਾ ਲਿਆ ਜਾਂਦਾ ਸੀ। ਇਨ੍ਹਾਂ ਬੋਲੀਆਂ ਵਿੱਚ ਬਾਰ ਬਾਰ ਕੀਤਾ ਜ਼ਿਕਰ ਜਿੱਥੇ ਸਾਡਾ ਇਨ੍ਹਾਂ ਨਾਲ ਪਿਆਰ ਦੱਸਦਾ ਹੈ, ਉੱਥੇ ਇਹ ਵੀ ਕਿ ਇਨ੍ਹਾਂ ਰੁੱਖਾਂ ਦੀ ਗਿਣਤੀ ਕਿੰਨੀ ਜ਼ਿਆਦਾ ਹੋਵੇਗੀ। ਗੱਲ ਭਾਵੇਂ ਵਿਹੜੇ ਦੀ ਹੈ, ਭਾਵੇਂ ਖੇਤ ਦੀ ਅਤੇ ਭਾਵੇਂ ਕਿਸੇ ਸਾਂਝੇ ਥਾਂ ਦੀ, ਨਾਂ ਲੈਣ ਲਈ ਇਹ ਰੁੱਖ ਪ੍ਰਤੱਖ ਸਾਹਵੇਂ ਖੜ੍ਹੇ ਹੁੰਦੇ ਹਨ। ਮਿਲਾਪ ਦੇ ਸਮੇਂ ਇਹ ਰੁੱਖ ਡਾਢੇ ਪਿਆਰੇ ਲੱਗਦੇ ਨੇ, ਪਰ ਵਿਛੋੜੇ ਵਿੱਚ ਇਹ ਦਰਦ ਵਧਾ ਦਿੰਦੇ ਹਨ।
* ਟਾਹਲੀ ਵਾਲੇ ਖੇਤ ਮੈਂ ਰੋਟੀ ਲੈ ਕੇ ਜਾਂਦੀਆਂ,
ਉੱਥੇ ਪੋਣਾ ਟੰਗ ਆਈਆਂ
ਛੋਟਾ ਦਿਓਰ ਨਾਨਕੇ ਮੰਗ ਆਈਆਂ।
* ਮਾਏ ਨੀਂ ਮਾਏ ਤੈਂ ਕੀ ਵਰ ਟੋਲਿਆ,
ਇਹ ਕੀ ਮਾਰਿਆ ਲੋਹੜਾ
ਖਿੱਦੋ ਖੂੰਡੀ ਉਹ ਗਿਆ ਖੇਡਣ, ਮੁੜ ਨ੍ਹੀਂ ਕਰਦਾ ਮੋੜਾ
ਜੇ ਮਾਏ ਮੁੜ ਦਿਸਦਾ ਹੋਵੇ, ਕਰਾਂ ਹੰਦੇਸਾ ਥੋੜ੍ਹਾ
ਰੇਰੂ ਦਾ ਰੁੱਖ ਕੋਲ ਖੜ੍ਹਾ ਤਾਂ, ਮੈਂ ਟਾਹਲੀ ਦਾ ਪੋਰਾ
ਕੰਤ ਨਿਆਣੇ ਦਾ, ਖਾ ਗਿਆ ਹੱਡਾਂ ਨੂੰ ਝੋਰਾ।
* ਕਿੱਕਰਾਂ ਵੀ ਲੰਘ ਆਈ, ਟਾਹਲੀਆਂ ਵੀ ਲੰਘ ਆਈ,
ਲੰਘਣੋਂ ਰਹਿ ਗਈਆਂ ਬੇਰੀਆਂ।
ਗੱਲਾਂ ਚੱਲੀਆਂ ਪਿੰਡਾਂ ਦੇ ਵਿੱਚ,
ਚੱਲੀਆਂ ਨੇ ਤੇਰੀਆਂ ਤੇ ਮੇਰੀਆਂ।
* ਕਿੱਕਰਾਂ ਵੀ ਲੰਘ ਆਈ, ਟਾਹਲੀਆਂ ਵੀ ਲੰਘ ਆਈ,
ਲੰਘਣੋਂ ਰਹਿ ਗਏ ਅੱਕ ਵੇ।
ਨਾ ਹੱਸਿਆ ਕਰ ਵੇ, ਲੋਕੀਂ ਕਰਦੇ ਸ਼ੱਕ ਵੇ।
* ਇੱਕ ਪਾਸੇ ਟਾਹਲੀਆਂ ਤੇ ਇੱਕ ਪਾਸੇ ਬੇਰੀਆਂ
ਸਾਉਣ ਦਾ ਮਹੀਨਾ ਪੀਂਘਾਂ ਤੇਰੀਆਂ ਤੇ ਮੇਰੀਆਂ।
ਟਾਹਲੀ ਦੀ ਲੱਕੜ ਮਜ਼ਬੂਤ ਹੋਣ ਕਰਕੇ ਇਹ ਬਹੁਤ ਥਾਈਂ ਵਰਤੀ ਜਾਂਦੀ ਸੀ। ਇਸ ਦੀ ਮਜ਼ਬੂਤੀ ਨੂੰ ਉਦਾਹਰਨ ਵਜੋਂ ਜਾਂ ਅਲੰਕਾਰ ਵਜੋਂ ਵੀ ਵਰਤਿਆ ਜਾਂਦਾ ਸੀ। ਮਜ਼ਬੂਤ ਜੁੱਸੇ ਵਾਲੇ ਮੁੰਡਿਆਂ ਦੀ ਤੁਲਨਾ ਟਾਹਲੀ ਦੇ ਪਾਵੇ ਨਾਲ ਕੀਤੀ ਗਈ ਮਿਲਦੀ ਹੈ। ਟਾਹਲੀ ਦੇ ਮਜ਼ਬੂਤੀ ਕਾਰਨ ਜੇ ਪਾਵੇ ਬਣਦੇ ਸੀ ਤਾਂ ਮੁਟਿਆਰਾਂ ਦੇ ਰੋਜ਼ਾਨਾ ਕੱਤਣ ਵਾਲਾ ਚਰਖਾ ਵੀ ਉਹ ਟਾਹਲੀ ਦਾ ਹੀ ਚਾਹੁੰਦੀਆਂ ਸਨ।
* ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉਂ ਟਾਹਲੀ ਦੇ ਪਾਵੇ
ਕੰਨੀਦਾਰ ਉਹ ਬੰਨ੍ਹਦੇ ਚਾਦਰੇ, ਪਿੰਜਣੀ ਨਾਲ ਸੁਹਾਵੇ
ਦੁੱਧ ਕਾਸ਼ਨੀ ਬੰਨ੍ਹਦੇ ਸਾਫੇ, ਉੱਡਦਾ ਕਬੂਤਰ ਜਾਵੇ
ਮਲਮਲ ਦੇ ਤਾਂ ਕੁੜਤੇ ਪਾਉਂਦੇ,
ਜਿਉਂ ਬਗਲਾ ਤਲਾਅ ਵਿੱਚ ਨ੍ਹਾਵੇ
ਗਿੱਧਾ ਪਾਉਂਦੇ ਮੁੰਡਿਆਂ ਦੀ, ਸਿਫਤ ਕਰੀ ਨਾ ਜਾਵੇ।
* ਮੁੰਡਿਆ ਵੇ ਟਾਹਲੀ ਦਿਆ ਪਾਵਿਆ,
ਤੇਰੇ ਉੱਤੇ ਮੈਂ ਮਰ ਗਈ।
* ਚਰਖਾ ਮੇਰਾ ਕਿੱਕਰ ਦਾ, ਤੂੰ ਟਾਹਲੀ ਦਾ ਬਣਵਾ ਦੇ
ਇਸ ਚਰਖੇ ਦੇ ਹਿੱਲਣ ਮਝੇਰੂ, ਮਾਹਲ ਬਹੁੜੀਆਂ ਪਾਵੇ
ਹਾਣਦੀਆਂ ਤਾਂ ਕੱਤ ਕੇ ਸੌਂ ਗਈਆਂ,
ਮੈਥੋਂ ਕੱਤਿਆ ਨਾ ਜਾਵੇ
ਚਰਖਾ ਬੂ ਚੰਦਰਾ, ਸਾਡੀ ਅੱਲ੍ਹੜਾਂ ਦੀ ਨੀਂਦ ਗਵਾਵੇ।
* ਚਰਖੀ ਮੇਰੀ ਟਾਹਲੀ ਦੀ, ਗੁੱਝ ਪਵਾਵਾਂ ਤੂਤ ਦੀ।
ਮੈਂ ਕੱਤਾਂ ਤੇ ਚਰਖੀ ਘੂਕਦੀ।
ਅੱਜ ਇਹ ਰੁੱਖ ਹੋਰ ਰੁੱਖਾਂ ਵਾਂਗ ਹੀ ਕਾਫ਼ੀ ਘਟ ਗਿਆ ਹੈ। ਸਾਡੀ ਪਦਾਰਥਵਾਦ ਦੀ ਦੌੜ ਨੇ ਸਾਨੂੰ ਕੁਦਰਤ ਤੋਂ ਬਹੁਤ ਦੂਰ ਲੈ ਆਂਦਾ ਹੈ। ਆਧੁਨਿਕ ਪੀੜ੍ਹੀ ਦੇ ਬੱਚਿਆਂ ਨੂੰ ਇਨ੍ਹਾਂ ਦਰੱਖਤਾਂ ਦੀ ਪਹਿਚਾਣ ਵੀ ਨਹੀਂ ਹੋਣੀ। ਬਸ ਇਨ੍ਹਾਂ ਦਾ ਜ਼ਿਕਰ ਕਿਤਾਬਾਂ ਵਿੱਚ ਜਾਂ ਸੱਭਿਆਚਾਰਕ ਮੇਲਿਆਂ ਵਿੱਚ ਪੈਂਦੀਆਂ ਬੋਲੀਆਂ ਵਿੱਚ ਹੀ ਆਇਆ ਕਰੇਗਾ। ਕਹਿਣ ਨੂੰ ਇਹ ਸਾਡਾ ਰਾਜ-ਰੁੱਖ ਹੈ। ਆਪਣੇ ਵਿਰਸੇ ਨੂੰ ਯਾਦ ਵੀ ਕਰੀਏ, ਪਰ ਨਾਲ ਨਾਲ ਵਾਤਾਵਰਨ ਸਾਂਭਣ ਦਾ ਵੀ ਦ੍ਰਿੜ ਸੰਕਲਪ ਕਰੀਏ।
ਸੰਪਰਕ: 98147-15796

Advertisement

Advertisement
Advertisement
Author Image

joginder kumar

View all posts

Advertisement