ਨਿਤੀਸ਼ ਦੇ ‘ਇੰਡੀਆ’ ਗੱਠਜੋੜ ਨਾਲ ਤੋੜ-ਵਿਛੋੜੇ ਦੇ ਚਰਚੇ
* ਭਾਜਪਾ ਦੇ ਕਈ ਆਗੂ ਦਿੱਲੀ ਪੁੱਜੇ
* ਨਵੇਂ ਸਮੀਕਰਨਾਂ ਬਾਰੇ ਚੱਲ ਰਹੀ ਹੈ ਗੱਲਬਾਤ
ਟ੍ਰਿਬਿਊਨ ਿਨਊਜ਼ ਸਰਵਿਸ
ਨਵੀਂ ਦਿੱਲੀ, 25 ਜਨਵਰੀ
ਪੰਜਾਬ ’ਚ ‘ਆਪ’ ਅਤੇ ਪੱਛਮੀ ਬੰਗਾਲ ’ਚ ਟੀਐੱਮਸੀ ਵੱਲੋਂ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਅਜੇ ‘ਇੰਡੀਆ’ ਗੱਠਜੋੜ ਉਭਰਿਆ ਵੀ ਨਹੀਂ ਸੀ ਕਿ ਹੁਣ ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ ਦੇ ਗੱਠਜੋੜ ਤੋਂ ਲਾਂਭੇ ਹੋਣ ਦੇ ਚਰਚੇ ਛਿੜ ਗਏ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ‘ਇੰਡੀਆ’ ਗੱਠਜੋੜ ਦੇ ਭਾਈਵਾਲਾਂ ਵਿਚਕਾਰ ਖਿੱਚੋਤਾਣ ਦੇ ਸੰਕੇਤਾਂ ਮਗਰੋਂ ਸਿਆਸੀ ਹਲਕਿਆਂ ’ਚ ਇਹ ਚਰਚਾ ਛਿੜ ਗਈ ਹੈ ਕਿ ਉਹ ਮੁੜ ਤੋਂ ਭਾਜਪਾ ਨਾਲ ਰਲ ਸਕਦੇ ਹਨ। ਜਨਤਾ ਦਲ ਅਤੇ ਬਿਹਾਰ ਭਾਜਪਾ ਦੇ ਕਈ ਆਗੂ ਪਟਨਾ ਤੋਂ ਦਿੱਲੀ ਪਹੁੰਚ ਗਏ ਹਨ ਜਿਥੇ ਨਵੇਂ ਸਮੀਕਰਨਾਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਜੇਕਰ ਭਾਜਪਾ ਨਾਲ ਗੱਲਬਾਤ ਸਿਰੇ ਚੜ੍ਹ ਗਈ ਤਾਂ ਸਾਲ 2013 ਮਗਰੋਂ ਨਿਤੀਸ਼ ਪੰਜਵੀਂ ਵਾਰ ਪਾਲਾ ਬਦਲਣਗੇ। ਇਸ ਨਾਲ ਭਾਜਪਾ ਵਿਰੋਧੀ ‘ਇੰਡੀਆ’ ਗੱਠਜੋੜ ਨੂੰ ਵੀ ਵੱਡਾ ਝਟਕਾ ਲੱਗੇਗਾ। ਜਨਤਾ ਦਲ (ਯੂ) ਮੁਖੀ ਵੱਲੋਂ ਸਿਆਸਤ ’ਚ ਪਰਿਵਾਰਕ ਮੈਂਬਰਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪਾਰਟੀਆਂ ’ਤੇ ਤਿੱਖੀ ਟਿੱਪਣੀ ਕਰਨ ਮਗਰੋਂ ਵਿਵਾਦ ਪੈਦਾ ਹੋਇਆ ਹੈ। ਇਸ ਮਗਰੋਂ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਦੀ ਧੀ ਰੋਹਿਨੀ ਅਚਾਰਿਆ ਨੇ ‘ਐਕਸ’ ’ਤੇ ਨਿਤੀਸ਼ ਕੁਮਾਰ ਉਪਰ ਵਰ੍ਹਦਿਆਂ ਕਿਹਾ,‘‘ਉਹ ਹਵਾ ਦੇ ਰੁਖ਼ ਬਦਲਣ ਵਾਂਗ ਆਪਣੀ ਵਿਚਾਰਧਾਰਾ ਬਦਲ ਰਹੇ ਹਨ।’’ ਮਾਮਲਾ ਭਖਣ ਮਗਰੋਂ ਅਚਾਰਿਆ ਨੇ ਆਪਣੀ ਪੋਸਟ ਹਟਾ ਲਈ। ਬਿਹਾਰ ਭਾਜਪਾ ਨੇ ਅਚਾਰਿਆ ’ਤੇ ਨਿਤੀਸ਼ ਕੁਮਾਰ ਦੇ ਅਪਮਾਨ ਦਾ ਦੋਸ਼ ਲਾਉਂਦਿਆ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਭਾਜਪਾ ਦੇ ਇਕ ਆਗੂ ਨੇ ਕਿਹਾ ਕਿ ਪਾਰਟੀ ਪੁਰਾਣੀ ਕੁੜੱਤਣ ਦੀ ਬਜਾਏ ਭਵਿੱਖ ਦੀ ਸਿਆਸਤ ਮੁਤਾਬਕ ਆਪਣੀ ਰਣਨੀਤੀ ਬਣਾਏਗੀ। ਉਂਜ ਉਸ ਨੇ ਕਿਹਾ ਕਿ ਕੋਈ ਵੀ ਫ਼ੈਸਲਾ ਭਾਜਪਾ ਹਾਈਕਮਾਂਡ ਲਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਇੰਟਰਵਿਊ ਦੌਰਾਨ ਖੁਦ ਕਿਹਾ ਸੀ ਕਿ ਜੇਕਰ ਜਨਤਾ ਦਲ (ਯੂ) ਪ੍ਰਧਾਨ ਦੀ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ’ਚ ਵਾਪਸੀ ਦੀ ਸੰਭਾਵਨਾ ਬਣੀ ਤਾਂ ਪਾਰਟੀ ਇਸ ਤਜਵੀਜ਼ ’ਤੇ ਵਿਚਾਰ ਕਰੇਗੀ। ਹਾਲਾਂਕਿ ਸ਼ਾਹ ਆਖਦੇ ਆ ਰਹੇ ਹਨ ਕਿ ਨਿਤੀਸ਼ ਕੁਮਾਰ ਲਈ ਹਾਕਮ ਗੱਠਜੋੜ ਦੇ ਦਰਵਾਜ਼ੇ ਬੰਦ ਹੋ ਗਏ ਹਨ। ਭਾਜਪਾ ਨੇ ਬਿਹਾਰ ਇਕਾਈ ਦੇ ਪ੍ਰਧਾਨ ਸਮਰਾਟ ਚੌਧਰੀ, ਪਾਰਟੀ ਜਨਰਲ ਸਕੱਤਰ ਵਿਨੋਦ ਤਾਵੜੇ, ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੂੰ ਗੱਲਬਾਤ ਲਈ ਦਿੱਲੀ ਸੱਦਿਆ ਹੈ। ਸੂਤਰਾਂ ਨੇ ਕਿਹਾ ਕਿ ਨਿਤੀਸ਼ 4 ਫਰਵਰੀ ਨੂੰ ਬੇਤੀਆ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਚ ਸਾਂਝਾ ਕਰ ਸਕਦੇ ਹਨ। ਕੇਂਦਰ ਸਰਕਾਰ ਵੱਲੋਂ ਬਿਹਾਰ ਦੇ ਮਰਹੂਮ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਦੇਣ ਦੇ ਐਲਾਨ ਨਾਲ ਸਿਆਸਤ ਨੇ ਰੁਖ਼ ਬਦਲ ਲਿਆ। ਨਿਤੀਸ਼ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਉਹ 2007 ਤੋਂ ਇਹ ਮੰਗ ਕਰਦੇ ਆ ਰਹੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਸ ਐਲਾਨ ਲਈ ਧੰਨਵਾਦ ਵੀ ਕੀਤਾ ਸੀ। ਜਾਣਕਾਰੀ ਮੁਤਾਬਕ ਲਾਲੂ ਯਾਦਵ ਨੇ ਨਿਤੀਸ਼ ਨੂੰ ਮਨਾਉਣ ਲਈ ਫੋਨ ਵੀ ਕੀਤਾ ਹੈ। ਨਿਤੀਸ਼ ਕੁਮਾਰ ‘ਇੰਡੀਆ’ ਗੱਠਜੋੜ ’ਚ ਵੁੱਕਤ ਨਾ ਦਿੱਤੇ ਜਾਣ ਤੋਂ ਪਹਿਲਾਂ ਹੀ ਖ਼ਫ਼ਾ ਚੱਲ ਰਹੇ ਸਨ ਅਤੇ ਉਹ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਕਰਾਉਣ ਦੇ ਪੱਖ ’ਚ ਹਨ। ਉਨ੍ਹਾਂ ਪਾਰਟੀ ’ਤੇ ਗਲਬਾ ਕਾਇਮ ਕਰਨ ਲਈ ਲੱਲਣ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਖੁਦ ਕਮਾਨ ਸੰਭਾਲ ਲਈ ਹੈ।
ਨਿਤੀਸ਼ ਨੇ 15 ਮਿੰਟਾਂ ਵਿੱਚ ਕੈਬਨਿਟ ਮੀਟਿੰਗ ਖ਼ਤਮ ਕੀਤੀ
ਪਟਨਾ: ਬਿਹਾਰ ’ਚ ਜਨਤਾ ਦਲ (ਯੂ) ਅਤੇ ਆਰਜੇਡੀ ਵਿਚਕਾਰ ਚੱਲ ਰਹੇ ਟਕਰਾਅ ਦਰਮਿਆਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਹੋਈ ਕੈਬਨਿਟ ਮੀਟਿੰਗ ਸਿਫ਼ਰ 15 ਮਿੰਟ ’ਚ ਹੀ ਖ਼ਤਮ ਕਰ ਦਿੱਤੀ। ਮੀਟਿੰਗ ਦੌਰਾਨ ਨਿਤੀਸ਼ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵਿਚਕਾਰ ਖਿੱਚੋਤਾਣ ਸਪੱਸ਼ਟ ਨਜ਼ਰ ਆਈ। ਹਾਲਾਤ ਇਹ ਸਨ ਕਿ ਦੋਵੇਂ ਧਿਰਾਂ ਦੇ ਮੰਤਰੀਆਂ ਨੇ ਇਕ-ਦੂਜੇ ਨਾਲ ਗੱਲਬਾਤ ਤੱਕ ਨਹੀਂ ਕੀਤੀ। ਅਧਿਕਾਰੀਆਂ ਨੇ ਤਿੰਨ ਤਜਵੀਜ਼ਾਂ ਪੇਸ਼ ਕੀਤੀਆਂ ਜਿਨ੍ਹਾਂ ਨੂੰ ਕੈਬਨਿਟ ਨੇ ਪਾਸ ਕਰ ਦਿੱਤਾ। ਜਾਣਕਾਰੀ ਮੁਤਾਬਕ 29 ਜਨਵਰੀ ਨੂੰ ਭਾਰਤ ਜੋੜੋ ਨਿਆਏ ਯਾਤਰਾ ਦੇ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ’ਚ ਦਾਖ਼ਲ ਹੋਣ ਮੌਕੇ ਨਿਤੀਸ਼ ਕੁਮਾਰ ਉਥੇ ਨਹੀਂ ਜਾਣਗੇ। ਉਂਜ ਕਾਂਗਰਸ ਨੇ ਨਿਤੀਸ਼ ਨੂੰ ਰੈਲੀ ’ਚ ਹਾਜ਼ਰੀ ਦਾ ਸੱਦਾ ਦਿੱਤਾ ਹੋਇਆ ਹੈ। -ਆਈਏਐੱਨਐੱਸ