ਕਾਂਗਰਸ ਤੇ ਆਪ ਦੀ ਗੱਲਬਾਤ ਟੁੱਟੀ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇੱਕ ਨਵਾਂ ਮੋੜ ਆ ਗਿਆ ਜਦੋਂ ਆਮ ਆਦਮੀ ਪਾਰਟੀ (ਆਪ) ਨੇ 20 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਨਾਲ ਕਾਂਗਰਸ ਨਾਲ ਚੋਣ ਗੱਠਜੋੜ ਦੀ ਗੱਲਬਾਤ ਲਗਭਗ ਖ਼ਤਮ ਹੋ ਗਈ ਹੈ। ਇਸ ਕਰ ਕੇ ਰਾਜ ਵਿੱਚ ਬਹੁਕੋਨੇ ਮੁਕਾਬਲਿਆਂ ਵਾਲਾ ਚੋਣ ਦ੍ਰਿਸ਼ ਬਣਨ ਲਈ ਤਿਆਰ ਹੋ ਗਿਆ ਹੈ। ਪਹਿਲਾਂ ਆਸਾਰ ਨਜ਼ਰ ਆ ਰਹੇ ਸਨ ਕਿ ਕਾਂਗਰਸ ਅਤੇ ਆਪ ਦਾ ਗੱਠਜੋੜ ਹੋਣ ਨਾਲ ਇਸ ਦਾ ਭਾਜਪਾ ਨਾਲ ਸਿੱਧਾ ਮੁਕਾਬਲਾ ਹੋਵੇਗਾ। ਰੋਹਤਕ, ਬਹਾਦਰਗੜ੍ਹ ਅਤੇ ਸਮਾਲਖਾ ਜਿਹੇ ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰਦਿਆਂ ਆਪ ਨੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਅਨੁਰਾਗ ਢਾਂਡਾ ਕਲਾਇਤ ਅਤੇ ਕੁਲਦੀਪ ਗਡਰਾਣਾ ਡੱਬਵਾਲੀ ਤੋਂ ਚੋਣ ਲੜਨਗੇ ਜਿੱਥੇ ਜੇਜੇਪੀ ਦੇ ਦਿਗਵਿਜੈ ਚੌਟਾਲਾ ਚੋਣ ਲੜ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ‘ਆਪ’ ਖ਼ੁਦ ਨੂੰ ਇੱਕ ਗੰਭੀਰ ਦਾਅਵੇਦਾਰ ਵਜੋਂ ਪੇਸ਼ ਕਰਨਾ ਚਾਹੁੰਦੀ ਹੈ। ਇਕੱਲਿਆਂ ਚੋਣ ਲੜਨ ਅਤੇ ਖ਼ਾਸਕਰ ਕਾਂਗਰਸ ਦੇ ਵਿਧਾਇਕਾਂ ਵਾਲੇ ਖੇਤਰਾਂ ਤੋਂ ਉਮੀਦਵਾਰ ਉਤਾਰਨ ਦਾ ਫ਼ੈਸਲਾ ਕਰ ਕੇ ‘ਆਪ’ ਰਾਜ ਦੇ ਸ਼ਹਿਰੀ ਖੇਤਰਾਂ ਵਿੱਚ ਆਪਣੇ ਪੈਰ ਪਸਾਰਨ ਦੇ ਇਰਾਦੇ ਜ਼ਾਹਿਰ ਕਰ ਰਹੀ ਹੈ। ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਲਾਇਤ ਜਿਹੇ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਆਪ ਨੂੰ ਬੜ੍ਹਤ ਹਾਸਿਲ ਹੋਈ ਸੀ ਜਿਸ ਕਰ ਕੇ ਇਸ ਨੇ ਹੁਣ ਇਹ ਦਲੇਰਾਨਾ ਰਣਨੀਤੀ ਅਪਣਾਈ ਹੈ।
ਦੂਜੇ ਪਾਸੇ ਇਸ ਤਬਦੀਲੀ ਕਰ ਕੇ ਕਾਂਗਰਸ ਦੀ ਮੁਹਿੰਮ ਨੂੰ ਸੱਟ ਵੱਜ ਸਕਦੀ ਹੈ ਕਿਉਂਕਿ ਇੱਕ ਹੋਰ ਧਿਰ ਦੇ ਆਉਣ ਨਾਲ ਵਿਰੋਧੀ ਧਿਰ ਦੀ ਵੋਟ ਵੰਡੀ ਜਾ ਸਕਦੀ ਹੈ ਅਤੇ ਇਸ ਦਾ ਸੰਭਾਵੀ ਤੌਰ ’ਤੇ ਭਾਜਪਾ ਨੂੰ ਲਾਭ ਹੋ ਸਕਦਾ ਹੈ। ਭਾਜਪਾ ਪਿਛਲੇ ਇੱਕ ਦਹਾਕੇ ਤੋਂ ਸੱਤਾ ਮਾਣ ਰਹੀ ਹੈ। ਪਾਰਟੀ ਧੜੇਬੰਦੀ ਅਤੇ ਟਿਕਟਾਂ ਦੀ ਵੰਡ ਤੋਂ ਵਰਕਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਮਸਲਿਆਂ ਨਾਲ ਸਿੱਝਣ ਅਤੇ ਜਾਤੀਗਤ ਸਮੀਕਰਨਾਂ ਕਰ ਕੇ ਇਸ ਲਈ ਚੁਣੌਤੀਆਂ ਵਧ ਗਈਆਂ ਹਨ।
ਇਸੇ ਦੌਰਾਨ, ਜੇਜੇਪੀ ਅਤੇ ਇਨੈਲੋ ਜਿਹੀਆਂ ਖੇਤਰੀ ਪਾਰਟੀਆਂ ਜੋ ਕਿਸੇ ਵੇਲੇ ਕਾਫ਼ੀ ਦਮਖ਼ਮ ਰੱਖਦੀਆਂ ਸਨ, ਹੁਣ ਕਮਜ਼ੋਰ ਪੈ ਗਈਆਂ ਹਨ ਜਿਸ ਕਰ ਕੇ ਇਨ੍ਹਾਂ ਨੂੰ ਚੰਦਰ ਸ਼ੇਖਰ ਆਜ਼ਾਦ ਦੀ ਆਜ਼ਾਦ ਸਮਾਜ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੌਤੇ ਕਰਨ ਲਈ ਮਜਬੂਰ ਹੋਣਾ ਪਿਆ ਹੈ। ਜੇਜੇਪੀ ਵੱਲੋਂ 2019 ਵਿਚ ਭਾਜਪਾ ਨਾਲ ਸਾਂਝ ਪਾਉਣ ਕਰ ਕੇ ਇਸ ਨੂੰ ਆਪਣੇ ਵੋਟਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ ਜਦੋਂਕਿ ਇਨੈਲੋ ਨੂੰ ਆਪਣਾ ਵੋਟ ਬੈਂਕ ਸੁਰੱਖਿਅਤ ਰੱਖਣ ਲਈ ਆਪਣੀ ਕਿਸਾਨ ਪੱਖੀ ਵਿਰਾਸਤ ਦੀ ਦੁਹਾਈ ਦੇਣੀ ਪੈ ਰਹੀ ਹੈ। ਜਿਵੇਂ ਹਰਿਆਣਾ ਦੋ-ਧਰੁਵੀ ਸਿਆਸੀ ਢਾਂਚੇ ਵੱਲ ਵਧ ਰਿਹਾ ਹੈ ਤਾਂ ਇਸ ਚੋਣ ਨਤੀਜੇ ਦਾ ਇਸ ਦੇ ਸਿਆਸੀ ਭਵਿੱਖ ਉੱਪਰ ਪ੍ਰਭਾਵ ਪਵੇਗਾ।