For the best experience, open
https://m.punjabitribuneonline.com
on your mobile browser.
Advertisement

ਸੂਰਜ ਨਾਲ ਗੱਲਾਂ

06:32 AM Feb 06, 2024 IST
ਸੂਰਜ ਨਾਲ ਗੱਲਾਂ
Advertisement

ਜਗਤਾਰ ਸਮਾਲਸਰ

Advertisement

ਕੁਝ ਮਹੀਨਿਆਂ ਤੋਂ 11-12 ਸਾਲ ਦਾ ਲੜਕਾ ਸਾਡੇ ਦਫ਼ਤਰ ਅਖ਼ਬਾਰ ਦੇਣ ਲਈ ਆਉਣਾ ਸ਼ੁਰੂ ਹੋਇਆ। ਉਹ ਬਹੁਤ ਜਲਦੀ ਜਲਦੀ ਆਉਂਦਾ ਅਤੇ ਅਖ਼ਬਾਰਾਂ ਗੇਟ ਅੱਗੇ ਸੁੱਟ ਕੇ ਕਾਹਲੀ ਕਾਹਲੀ ਆਪਣੇ ਸਾਈਕਲ ਨੂੰ ਪੈਡਲ ਮਾਰਦਾ ਹੋਇਆ ਅਗਲੇ ਪੰਧ ’ਤੇ ਚਲਿਆ ਜਾਂਦਾ। ਕਈ ਵਾਰ ਤਾਂ ਉਹ ਦਫ਼ਤਰ ਖੁੱਲ੍ਹਣ ਤੋਂ ਪਹਿਲਾ ਹੀ ਅਖ਼ਬਾਰਾਂ ਸੁੱਟ ਕੇ ਚਲਾ ਜਾਦਾ। ਉਸ ਨੂੰ ਤੱਕਦਿਆ ਮਹਿਸੂੁਸ ਹੁੰਦਾ ਜਿਵੇਂ ਉਹ ਕੋਈ ਵੱਡੀ ਜ਼ਿਮੇਵਾਰੀ ਨਿਭਾ ਰਿਹਾ ਹੋਵੇ। ਉਸ ਦੇ ਮਾਸੂਮ ਜਿਹੇ ਚਿਹਰੇ ਵੱਲ ਜਦੋਂ ਵੀ ਦੇਖਦਾ ਤਾਂ ਉਹ ਵੀ ਥੋੜ੍ਹਾ ਜਿਹਾ ਮੁਸਕਰਾ ਕੇ ਮੇਰੇ ਵੱਲ ਝਾਕਦਾ। ਉਸ ਦਾ ਅਣਭੋਲ ਜਿਹਾ ਚਿਹਰਾ ਦੇਖ ਕੇ ਮੈਂ ਸੋਚਾਂ ਵਿੱਚ ਪੈ ਜਾਂਦਾ ਕਿ ਆਖਿ਼ਰ ਅਜਿਹੀ ਕਿਹੜੀ ਮਜਬੂਰੀ ਹੈ ਜਿਸ ਨੇ ਬਾਲ ਵਰੇਸ ਵਿੱਚ ਹੀ ਇਸ ਮਾਸੂਮ ਨੂੰ ਜੀਵਨ ਵਿੱਚ ਇੰਨੀ ਜਿ਼ਆਦਾ ਤੇਜ਼ੀ ਨਾਲ ਅੱਗੇ ਵਧਣ ਅਤੇ ਜ਼ਿੰਮੇਵਾਰੀ ਵਾਲਾ ਅਹਿਸਾਸ ਕਰਵਾ ਦਿੱਤਾ ਹੈ।
ਇੱਕ ਦਿਨ ਜਦੋਂ ਐਤਵਾਰ ਨੂੰ ਅਖ਼ਬਾਰ ਦੇਣ ਲਈ ਉਹ ਕੁਝ ਲੇਟ ਆਇਆ ਤਾਂ ਉਸ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਉਸ ਦੇ ਪਰਿਵਾਰ ਬਾਰੇ ਪੁੱਛਿਆ। ਉਸ ਨੇ ਅੱਖਾਂ ਭਰ ਲਈਆਂ, “ਪਿਤਾ ਜੀ ਬਹੁਤ ਬਿਮਾਰ ਰਹਿੰਦੇ। ਕਈ ਸਾਲ ਪਹਿਲਾਂ ਬਿਮਾਰੀ ਕਾਰਨ ਮੰਮੀ ਦੀ ਮੌਤ ਹੋ ਗਈ ਸੀ। ਉਸ ਸਮੇਂ ਮੈਂ ਛੋਟਾ ਜਿਹਾ ਸੀ। ਮੈਨੂੰ ਤਾਂ ਮੰਮੀ ਦਾ ਚਿਹਰਾ ਵੀ ਯਾਦ ਨਹੀਂ। ਹੁਣ ਘਰ ਵਿੱਚ ਮੈਥੋਂ ਵੱਡੀਆਂ ਦੋ ਭੈਣਾਂ ਹਨ। ਉਹ ਸਲਾਈ-ਕਢਾਈ ਨਾਲ ਪਰਿਵਾਰ ਦਾ ਗੁਜ਼ਾਰਾ ਤੋਰਦੀਆਂ। ਘਰ ਦਾ ਸਾਰਾ ਖਰਚ ਭੈਣਾਂ ਸਿਰ ਹੈ ਤੇ ਪਿਤਾ ਦੀਆਂ ਦਵਾਈਆਂ ਦਾ ਖਰਚ ਤੇ ਆਪਣੇ ਸਕੂਲ ਦੀ ਫੀਸ ਅਖਬਾਰਾਂ ਵੰਡ ਕੇ ਕੱਢਦਾਂ।”
ਆਪਣੀ ਦਰਦ ਕਹਾਣੀ ਸੁਣਾਉਦਿਆਂ ਉਹ ਰੋ ਪਿਆ। ਮੈ ਉਹਨੂੰ ਚੁੱਪ ਕਰਵਾਉਣ ਲਈ ਕਲਾਵੇ ਵਿੱਚ ਲੈ ਲਿਆ ਪਰ ਉਸ ਮਾਸੂਮ ਤੇ ਅਣਭੋਲ ਜਿਹੇ ਸੂਰਜ ਦੀਆਂ ਗੱਲਾਂ ਸੁਣ ਕੇ ਮੇਰਾ ਵੀ ਗੱਚ ਭਰ ਆਇਆ। ਉਸ ਨੇ ਦੱਸਿਆ ਕਿ ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਕਹਿੰਦਾ, “ਮੈਂ ਵੱਡਾ ਹੋ ਕੇ ਅਫਸਰ ਬਣਨਾ ਚਾਹੁੰਦਾ ਹਾਂ। ਜੇ ਕੋਈ ਹੋਰ ਕੰਮ ਕਰਦਾ ਤਾਂ ਪੜ੍ਹਾਈ ਛੱਡਣੀ ਪੈਣੀ ਸੀ, ਹੁਣ ਮੈਂ ਰੋਜ਼ ਸਵੇਰੇ ਅਖ਼ਬਾਰਾਂ ਵੰਡ ਕੇ ਸਕੂਲ ਚਲਾ ਜਾਂਦਾ ਹਾਂ। ਹੁਣ ਪੜ੍ਹਾਈ ਵੀ ਚੱਲ ਰਹੀ ਆ ਤੇ ਭੈਣਾਂ ਸਿਰੋਂ ਘਰ ਦੇ ਖਰਚੇ ਦਾ ਬੋਝ ਵੀ ਘਟ ਗਿਆ।”
ਉਸ ਦੀਆਂ ਗੱਲਾਂ ਉਸਦੀ ਉਮਰ ਤੋਂ ਕਿਤੇ ਵਡੇਰੀਆਂ ਲੱਗੀਆਂ। ਸੋਚ ਰਿਹਾ ਸੀ ਕਿ ਮਜਬੂਰੀਆਂ ਕਿਵੇਂ ਛੋਟੀ ਉਮਰੇ ਹੀ ਇਨਸਾਨ ਨੂੰ ਸਿਆਣਾ ਬਣਾ ਦਿੰਦੀਆਂ ਹਨ। ਉਸ ਦਿਨ ਉਹ ਤਾਂ ਆਪਣੀ ਕਹਾਣੀ ਸੁਣਾ ਕੇ ਚਲਾ ਗਿਆ ਪਰ ਹੁਣ ਮੈਂ ਜਦੋਂ ਵੀ ਕਦੀ ਇਕੱਲਾ ਹੋਵਾਂ ਤਾਂ ਸੂਰਜ ਦੇ ਜੀਵਨ ਦੀ ਹੁਣ ਵਾਲੀ ਅਤੇ ਭਵਿੱਖ ਦੀ ਤਸਵੀਰ ਅੱਖਾਂ ਸਾਹਮਣੇ ਘੁੰਮਣ ਲੱਗ ਪੈਂਦੀ ਹੈ। ਗਲੀ ਵਿੱਚ ਜਦੋਂ ਉਸ ਦੀ ਉਮਰ ਦੇ ਬੱਚਿਆਂ ਨੂੰ ਖੇਡਦੇ ਦੇਖਦਾ ਹਾਂ ਤਾਂ ਸੂਰਜ ਆਪਣੇ ਘਰ ਵਿੱਚ ਆਪਣੀਆਂ ਭੈਣਾਂ ਨਾਲ ਕਿਸੇ ਨਾ ਕਿਸੇ ਕੰਮ ਵਿੱਚ ਹੱਥ ਵਟਾਉਂਦਾ ਨਜ਼ਰ ਆਉਂਦਾ ਹੈ।
ਕਈ ਦਿਨਾਂ ਤੋਂ ਉਹ ਅਖ਼ਬਾਰਾਂ ਵੰਡਣ ਨਹੀਂ ਆਇਆ। ਉਸ ਦੀ ਥਾਂ ਅਖ਼ਬਾਰ ਦੇਣ ਵਾਲੇ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸੂਰਜ ਦੇ ਡੈਡੀ ਇਸ ਦੁਨੀਆ ਵਿੱਚ ਨਹੀਂ ਰਹੇ। ਉਸ ਦੀ ਗੱਲ ਸੁਣ ਕੇ ਮੈਨੂੰ ਅਣਭੋਲ ਜਿਹਾ ਸੂਰਜ ਆਪਣੇ ਘਰ ਵਿੱਚ ਹੋਏ ਇੱਕਠ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਅੱਖਾਂ ਸਾਹਮਣੇ ਦਿਸਣ ਲੱਗ ਪਿਆ। ਕਈ ਦਿਨਾਂ ਬਾਅਦ ਜਦੋਂ ਉਸ ਨੇ ਦੁਬਾਰਾ ਅਖ਼ਬਾਰਾਂ ਵੰਡਣ ਦਾ ਕੰਮ ਸ਼ੁਰੂ ਕੀਤਾ ਤਾਂ ਉਸ ਦੇ ਡੈਡੀ ਦਾ ਦੁੱਖ ਵੰਡਾਇਆ ਤੇ ਆਖਿਆ- ਹੁਣ ਤੇਰੀਆਂ ਜ਼ਿੰਮੇਵਾਰੀਆਂ ਬਹੁਤ ਵਧ ਗਈਆਂ, ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਹੁਣ ਤੇਰੇ ਮੋਢਿਆਂ ’ਤੇ ਹੈ। ਉਹ ਬਹੁਤ ਹੌਸਲੇ ਨਾਲ ਬੋਲਿਆ, “ਹਾਂ ਜੀ ਅੰਕਲ ਜੀ, ਮੈਂ ਜਾਣਦਾ ਹਾਂ। ਪਹਿਲਾ ਮੈਂ ਪੰਜ ਵਜੇ ਜਾਗਦਾ ਸੀ, ਹੁਣ ਹੋਰ ਸਾਝਰੇ ਉੱਠਦਾ ਹਾਂ। ਪਹਿਲਾਂ ਨਾਲੋਂ ਦੁੱਗਣੀਆਂ ਅਖ਼ਬਾਰਾਂ ਵੰਡ ਕੇ ਸਕੂਲ ਜਾਂਦਾ ਹਾਂ। ਏਜੰਸੀ ਵਾਲਿਆਂ ਨੇ ਮੇਰੇ ਪੈਸੇ ਵੀ ਦੁੱਗਣੇ ਕਰ ਦਿੱਤੇ।” ਉਹ ਇੰਝ ਬੋਲ ਰਿਹਾ ਸੀ ਜਿਵੇਂ ਮੁਸੀਬਤ ਨੂੰ ਵੰਗਾਰ ਰਿਹਾ ਹੋਵੇ। ਫਿਰ ਰੋਜ਼ਾਨਾ ਵਾਂਗ ਉਸ ਨੇ ਸਾਈਕਲ ਨੂੰ ਪੈਡਲ ਮਾਰਿਆ ਅਤੇ ਅੱਗੇ ਵਧ ਗਿਆ। ਸੂਰਜ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਜਿਵੇਂ ਮੈਂ ਸੂਰਜ ਨਾਲ ਗੱਲਾਂ ਕਰ ਰਿਹਾ ਹੋਵਾਂ। ਇਹ ਅਹਿਸਾਸ ਸਹਿਜੇ ਹੀ ਹੋ ਗਿਆ ਕਿ ਜਿਹੜੇ ਹਿੰਮਤ ਨੂੰ ਆਪਣਾ ਸਾਥੀ ਬਣਾ ਲੈਦੇ ਨੇ, ਮੁਸੀਬਤਾਂ ਉਨ੍ਹਾਂ ਦਾ ਰਾਹ ਕਦੇ ਨਹੀਂ ਰੋਕ ਸਕਦੀਆ। ਸੋਚ ਰਿਹਾ ਸੀ ਕਿ ਇਹ ਸੂਰਜ ਆਪਣੀ ਮਿਹਨਤ ਦੇ ਬਲਬੂਤੇ ਇੱਕ ਨਾ ਇੱਕ ਦਿਨ ਆਪਣੇ ਜੀਵਨ ਵਿੱਚ ਪਸਰੇ ਹਨੇਰੇ ਦੂਰ ਭਜਾ ਦੇਵੇਗਾ।
ਸੰਪਰਕ: 94670-95953

Advertisement

Advertisement
Author Image

joginder kumar

View all posts

Advertisement