ਸਭ ਧਰਮਾਂ ਨਾਲ ਇਕਸਾਰ ਵਿਹਾਰ ਬਾਰੇ ਭਾਰਤ ਨਾਲ ਗੱਲ ਕਰ ਰਹੇ ਹਾਂ: ਅਮਰੀਕਾ
ਵਾਸ਼ਿੰਗਟਨ, 25 ਜੁਲਾਈ
ਅਮਰੀਕਾ ਨੇ ਅੱਜ ਕਿਹਾ ਕਿ ਉਹ ਸਾਰੇ ਧਰਮਾਂ ਤੇ ਫਿਰਕਿਆਂ ਦੇ ਲੋਕਾਂ ਨਾਲ ਇੱਕੋ ਵਰਗਾ ਵਿਵਹਾਰ ਕਰਨ ਦੀ ਅਹਿਮੀਅਤ ਬਾਰੇ ਭਾਰਤ ਨਾਲ ਗੱਲ ਕਰ ਰਿਹਾ ਹੈ।
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਕੁਝ ਸੂਬੇ ਢਾਬਿਆਂ ਤੇ ਹੋਟਲਾਂ ਦੇ ਮੁਸਲਮਾਨ ਮਾਲਕਾਂ ਨੂੰ ਆਪੋ ਆਪਣੇ ਨਾਮ ਪ੍ਰਦਰਸ਼ਿਤ ਕਰਨ ਲਈ ਮਜਬੂਰ ਕਰ ਰਹੇ ਹਨ, ਬਾਰੇ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਉਹ ਰਿਪੋਰਟਾਂ ਦੇਖੀਆਂ ਹਨ। ਅਸੀਂ ਉਹ ਰਿਪੋਰਟਾਂ ਵੀ ਦੇਖੀਆਂ ਹਨ ਜਿਨ੍ਹਾਂ ਵਿੱਚ ਭਾਰਤ ਦੇ ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਉਨ੍ਹਾਂ ਨੇਮਾਂ ਦੇ ਅਮਲ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਸੀ।’’ ਮਿੱਲਰ ਨੇ ਕਿਹਾ, ‘‘ਇਸ ਵਾਸਤੇ ਹੁਣ ਉਹ ਅਮਲ ਵਿੱਚ ਨਹੀਂ ਹਨ। ਆਮ ਤੌਰ ’ਤੇ ਗੱਲ ਕੀਤੀ ਜਾਵੇ ਤਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਧਰਮ ਦੀ ਆਜ਼ਾਦੀ ਦੇ ਹੱਕ ਦਾ ਆਲਮੀ ਤੌਰ ’ਤੇ ਸਨਮਾਨ ਕਰੋ। ਅਤੇ ਅਸੀਂ ਸਾਰੇ ਧਰਮਾਂ ਤੇ ਫਿਰਕਿਆਂ ਨਾਲ ਇੱਕੋ ਜਿਹਾ ਵਿਹਾਰ ਕਰਨ ਦੀ ਅਹਿਮੀਅਤ ਬਾਰੇ ਆਪਣੇ ਭਾਰਤੀ ਹਮਰੁਤਬਾ ਨਾਲ ਗੱਲ ਕਰ ਰਹੇ ਹਾਂ।’’ -ਪੀਟੀਆਈ