ਅੰਦਰ ਤੁਰਦੀ ਬਾਤ
ਜਸਬੀਰ ਭੁੱਲਰ
ਨਿੱਕੇ ਹੁੰਦਿਆਂ, ਬਾਤ ਸੁਣਦਾ ਸੁਣਦਾ ਮੈਂ ਬਾਤ ਦਾ ਹੀ ਹੋ ਜਾਂਦਾ ਸਾਂ, ਬਾਤ ਵਿੱਚ ਤੁਰਨ ਲੱਗ ਪੈਂਦਾ ਸਾਂ, ਕਲਪਨਾ ਵਿੱਚ ਬਾਤ ਨੂੰ ਜਿਉਣ ਲੱਗ ਪੈਂਦਾ ਸਾਂ।
ਬਾਤ ਮੁੱਕਣ ਪਿੱਛੋਂ ਵੀ ਮੁੱਕਦੀ ਨਹੀਂ ਸੀ। ਉਹ ਬਾਤਾਂ ਹੁਣ ਵੀ ਤੁਰ ਰਹੀਆਂ ਨੇ ਮੇਰੇ ਅੰਦਰ।
ਨਿੱਕੇ ਹੁੰਦਿਆਂ ਮੈਂ ਪ੍ਰਾਹੁਣੇ ਉਡੀਕਦਾ ਸਾਂ। ਪ੍ਰਾਹੁਣਾ ਆਵੇ ਤਾਂ ਕੋਈ ਨਵੀਂ ਬਾਤ ਸੁਣਾਵੇ, ਜਿਹੜੀ ਪਹਿਲੋਂ ਕਦੀ ਵੀ ਨਾ ਸੁਣੀ ਹੋਵੇ।
ਬਾਤਾਂ ਦੀ ਵੀ ਅਜੀਬ ਬਿਰਤੀ ਹੈ, ਮੇਰੇ ਅੰਦਰ ਬੁੱਚੀਆਂ ਰੁਣ-ਝੁਣ ਕਰਦੀਆਂ ਰਹਿੰਦੀਆਂ ਨੇ। ਗੂੜ੍ਹੀਆਂ ਸਹੇਲੀਆਂ ਵਾਂਗੂੰ ਗੱਲਾਂ ਮੁੱਕਣ ਨਹੀਂ ਦਿੰਦੀਆਂ। ਪਤਾ ਹੀ ਨਹੀਂ ਲੱਗਦਾ, ਕਦੋਂ ਉਹ ਨਵੇਂ ਨੈਣ-ਨਕਸ਼, ਨਵੇਂ ਰੰਗ ਰੂਪ ਵਾਲੀਆਂ ਹੋ ਜਾਂਦੀਆਂ ਨੇ।
ਕਈ ਵਾਰ ਇਸ ਤਰ੍ਹਾਂ ਵੀ ਹੋਇਆ ਹੈ, ਭੁੱਲੀ-ਵਿਸਰੀ ਹੋਈ ਕੋਈ ਬਾਤ ਅੰਦਰੋਂ ਅੱਖਾਂ ਖੋਲ੍ਹ ਲੈਂਦੀ ਹੈ। ਉਸ ਅਧੂਰੀ ਜਿਹੀ ਨੂੰ ਮੈਂ ਪਛਾਣਨ ਦੀ ਕੋਸ਼ਿਸ਼ ਕਰਦਾ ਹਾਂ। ਬੇਵੱਸ ਜਿਹਾ ਹੋ ਕੇ ਆਖਦਾ ਹਾਂ, ਬਾਤ ਪੂਰੀ ਦੀ ਪੂਰੀ ਮੇਰੇ ਅੰਦਰ ਹੀ ਹੈ ਕਿਧਰੇ। ਆਪੇ ਜਾਗ ਪਊ ਵੇਲੇ-ਸੁਵੇਲੇ।
ਨੀਂਦ ਵਿੱਚ ਵੀ ਹੋਵਾਂ ਤਾਂ ਬਾਤ ਹਲੂਣ ਦਿੰਦੀ ਹੈ ਮੈਨੂੰ, ‘‘ਸੁਣ, ਤੂੰ ਹਰ ਵੇਲੇ ਖੰਭਾਂ ਵਾਲੇ ਘੋੜੇ ਉੱਤੇ ਸਵਾਰ ਹੋਇਆ ਰਹਿੰਨਾ ਏਂ, ਇੱਕ ਅਧੂਰੀ ਬਾਤ ਦੀ ਖ਼ਬਰ ਵੀ ਤਾਂ ਲੈ।’’
ਉਹ ਬਾਤ ਇੱਕ ਪੁਰਾਣੀ ਤੇ ਖਸਤਾ ਹਾਲ ਕਿਤਾਬ ਵਿੱਚ ਦਰਜ ਸੀ। ਉਸ ਕਿਤਾਬ ਦਾ ਕੋਈ ਨਾਮ ਨਹੀਂ ਸੀ।
ਉਸ ਕਿਤਾਬ ਦੇ ਮੁੱਢਲੇ ਸਫ਼ੇ ਪਾਟੇ ਹੋਏ ਸਨ। ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਉਸ ਕਿਤਾਬ ਦਾ ਅਸਲੀ ਨਾਂ ਕੀ ਸੀ। ਸ਼ਾਇਦ ਉਹ ਕਿਤਾਬ ਅਲਫ਼ ਲੈਲਾ ਹੋਵੇ।
ਵਕਤ ਦੀ ਮਾਰ ਝੱਲਣ ਤੋਂ ਪਿੱਛੋਂ ਉਸ ਕਿਤਾਬ ਦੇ ਵਰਕੇ ਬਿਸਕੁਟੀ ਰੰਗ ਦੇ ਹੋ ਚੁੱਕੇ ਸਨ, ਭੁਰ-ਭੁਰ ਪੈਂਦੇ ਸਨ।
ਉਰਦੂ ਅੱਖਰਾਂ ਵਾਲੀ ਉਹ ਕਿਤਾਬ ਮੇਰੇ ਬਾਪੂ ਜੀ ਦੀ ਸੀ। ਉਸ ਕਿਤਾਬ ਨੇ ਘਰ ਦੇ ਜੀਆਂ ਉਪਰ ਜਾਦੂ ਧੂੜਿਆ ਹੋਇਆ ਸੀ।
ਸ਼ਾਮ ਢਲੇ ਘਰ ਦੇ ਸਾਰੇ ਨਿੱਕੇ ਵੱਡੇ ਬਾਪੂ ਜੀ ਦੁਆਲੇ ਘੇਰਾ ਘੱਤ ਕੇ ਬੈਠ ਜਾਂਦੇ ਸਨ। ਉਸ ਕਿਤਾਬ ਦੀ ਕੋਈ ਕਹਾਣੀ ਸੁਣਾਉਣ ਲਈ ਆਖਦੇ ਸਨ। ਕਈ ਵਾਰ ਜ਼ਿੱਦ ਪੁੱਗ ਵੀ ਜਾਂਦੀ ਸੀ। ਕਈ ਵਾਰ ਰੁਝੇਵਿਆਂ ਕਾਰਨ ਬਾਪੂ ਜੀ ਨਾਂਹ ਕਰ ਦਿੰਦੇ ਸਨ।
ਉਨ੍ਹਾਂ ਅਨੇਕਾਂ ਕਹਾਣੀਆਂ ਵਿੱਚੋਂ ਹੀ ਇੱਕ ਕਹਾਣੀ ਜਾਦੂ ਦੀ ਚੱਕੀ ਦੀ ਸੀ। ਉਹ ਚੱਕੀ ਇੱਕ ਸੌਦਾਗਰ ਕੋਲ ਸੀ। ਮੰਤਰ ਪੜ੍ਹਿਆਂ ਜਦੋਂ ਉਹ ਚਲਦੀ ਸੀ ਤਾਂ ਉਸ ਵਿੱਚੋਂ ਪੀਸਿਆ ਹੋਇਆ ਲੂਣ ਨਿਕਲਣ ਲੱਗ ਪੈਂਦਾ ਸੀ।
ਉਹ ਸੌਦਾਗਰ ਸਮੁੰਦਰ ਦੇ ਸਫ਼ਰ ਉੱਤੇ ਸੀ।
ਉਹਨੇ ਮੰਤਰ ਪੜ੍ਹਿਆ ਤਾਂ ਜਾਦੂਈ ਚੱਕੀ ਲੂਣ ਪੀਹਣ ਲੱਗ ਪਈ। ਛੇਤੀ ਹੀ ਜਹਾਜ਼ ਵਿੱਚ ਲੂਣ ਦੇ ਢੇਰ ਲੱਗਣੇ ਸ਼ੁਰੂ ਹੋ ਗਏ। ਸੌਦਾਗਰ ਨੇ ਲਾਲਚ ਵੱਸ ਚੱਕੀ ਨੂੰ ਚਾਲੂ ਹੀ ਰਹਿਣ ਦਿੱਤਾ।
ਲੂਣ ਦੇ ਭਾਰ ਨਾਲ ਜਹਾਜ਼ ਡੋਲਣ ਲੱਗ ਪਿਆ। ਸੌਦਾਗਰ ਨੇ ਚੱਕੀ ਬੰਦ ਕਰਨੀ ਚਾਹੀ ਤਾਂ ਉਹਨੂੰ ਮੰਤਰ ਚੇਤੇ ਹੀ ਨਾ ਆਇਆ।
ਲੂਣ ਦੇ ਅੰਬਾਰਾਂ ਵਾਲੇ ਉਸ ਜਹਾਜ਼ ਦੇ ਡੁੱਬਣ ਦੀ ਬੱਸ ਏਨੀ ਕੁ ਕਹਾਣੀ ਸੀ।
ਉਸ ਕਹਾਣੀ ਨੇ ਲੂਣ ਦੀ ਤਸ਼ਰੀਹ ਨਹੀਂ ਸੀ ਕੀਤੀ।
ਉਹ ਚੱਕੀ ਮਨੁੱਖ ਦੀਆਂ ਲਾਲਸਾਵਾਂ ਦੀ ਚੱਕੀ ਸੀ। ਉਹ ਚੱਕੀ ਲੂਣ ਦੇ ਰੂਪ ਵਿੱਚ ਲਾਲਸਾਵਾਂ ਪੈਦਾ ਕਰ ਰਹੀ ਸੀ। ਆਦਮੀ ਦੇ ਮਨ ਨੂੰ ਸਬਰ-ਸੰਤੋਖ ਦਾ ਮੰਤਰ ਭੁੱਲਿਆ ਹੋਇਆ ਸੀ।
ਉਸ ਚੱਕੀ ਨੇ ਮਨੁੱਖ ਦੇ ਜੀਵਨ ਨੂੰ ਖਾਰਾ ਕਰ ਦਿੱਤਾ ਸੀ। ਮਿੱਠਾ ਨਹੀਂ ਸੀ ਰਹਿਣ ਦਿੱਤਾ।
ਸੋਚਿਆ, ਹਰ ਹੋਸ਼ਮੰਦ ਨੂੰ ਕਹਾਂ, ਉਸ ਚੱਕੀ ਦੇ ਲੂਣ ਤੋਂ ਆਪਣੇ ਆਪ ਨੂੰ ਬਚਾਵੇ।
ਇਹੋ ਉਹ ਵੇਲਾ ਸੀ ਜਦੋਂ ਨਾਵਲ ‘ਲੂਣ ਦਾ ਜਜ਼ੀਰਾ’ ਦਾ ਬੀਅ ਫੁੱਟਿਆ ਸੀ।
ਇਹੀ ਉਹ ਵੇਲਾ ਸੀ ਜਦੋਂ ਬਚਪਨ ਵਿੱਚ ਸੁਣੀਆਂ ਹੋਈਆਂ ਬਾਤਾਂ ਦੇ ਮੇਰੇ ਸਾਹਵੇਂ ਪਹਾੜ ਉੱਸਰ ਗਏ ਸਨ।
...ਤੇ ਫਿਰ ਅਗਲੇ ਪਲ ਉਹ ਪਹਾੜ ਸਿਆਹੀ ਦੀ ਦਵਾਤ ਵਿੱਚ ਘੁਲ ਵੀ ਗਏ ਸਨ।
ਕਲਮ ਨੂੰ ਸਿਆਹੀ ਵਿੱਚ ਡੋਬਣ ਤੋਂ ਪਹਿਲਾਂ ਮੈਂ ਨਾਵਲ ਦੀ ਬੁਣਤੀ ਬੁਣਨ ਲੱਗ ਪਿਆ।
ਜਾਦੂਈ ਚੱਕੀ ਸਮੁੰਦਰ ਦੀ ਥਾਵੇਂ ਧਰਤੀ ਉੱਤੇ ਡਿੱਗ ਪਈ। ਉਸ ਆਖਿਆ, ‘‘ਆਪਣੀਆਂ ਅੱਖਾਂ ਨਾਲ ਵੇਖ ਲਵੀਂ, ਮੇਰੇ ਲੂਣ ਨਾਲ ਧਰਤੀ ਉੱਤੇ ਕਿੰਨਾ ਕੁ ਭਿਆਨਕ ਨਰਕ ਬਣੂੰ !’’
ਕਲਮ ਚੁੱਕਣ ਵੇਲੇ ਮੈਂ ਡਰਿਆ ਹੋਇਆ ਵੀ ਸਾਂ, ਵਡੇਰੀ ਉਮਰ ਨੇ ਮੇਰੀ ਕਲਪਨਾ ਦੇ ਖੰਭ ਕਿਧਰੇ ਕੁਤਰ ਤਾਂ ਨਹੀਂ ਦਿੱਤੇ! ਕੋਈ ਵੀ ਵੇਲਾ ਢੇਰੀ ਢਾਹ ਕੇ ਬੈਠਣ ਲਈ ਨਹੀਂ ਹੁੰਦਾ। ਮੈਂ ਖ਼ੁਦ ਨੂੰ ਸਮਝਾਇਆ ਤੇ ਕਲਮ ਚੁੱਕ ਲਈ।
ਦਵਾਤ ਦੀ ਸਿਆਹੀ ਵਿੱਚ ਕਲਮ ਡੋਬ ਕੇ ਮੈਂ ਪਹਿਲਾ ਅੱਖਰ ਲਿਖਿਆ ਤਾਂ ਕਲਪਨਾ ਨੇ ਉਡਾਰੀ ਭਰ ਲਈ।
ਇਹ ਨਾਵਲ ਲਿਖਣ ਵੇਲੇ ਮੇਰੇ ਕੋਲ ਠੋਸ ਜ਼ਮੀਨ ਨਹੀਂ ਸੀ। ਮੇਰੀ ਨਿਰਭਰਤਾ ਕਲਪਨਾ ਦੇ ਜਲੌਅ ਉੱਤੇ ਸੀ।
ਉਦੋਂ ਕਲਪਨਾ ਨੇ ਵੀ ਯਥਾਰਥ ਨਾਲੋਂ ਵੱਡੇ ਹੋਣ ਦੀ ਸ਼ਾਹਦੀ ਭਰੀ ਸੀ।
ਅੰਬਰ ਵੱਲ ਦੀ ਮੇਰੀ ਉਡਾਣ ਦਾ ਵਕਤ ਸ਼ੁਰੂ ਹੋ ਚੁੱਕਿਆ ਸੀ।
ਕਲਪਣਾ ਨੇ ‘ਲੂਣ ਦਾ ਜਜ਼ੀਰਾ’ ਨਾਵਲ ਲਈ ਸਮੁੰਦਰ ਵੀ ਸਿਰਜ ਦਿੱਤਾ ਤੇ ਜਹਾਜ਼ ਵੀ। ਜਿਸ ਟਾਪੂ ਉੱਤੇ ਲੂਣ ਪੀਹਣ ਵਾਲੀ ਚੱਕੀ ਡਿੱਗ ਪਈ ਸੀ, ਉੱਥੇ ਲੂਣ ਦੇ ਅੰਬਾਰ ਲੱਗ ਗਏ ਸਨ। ਉਨ੍ਹਾਂ ਅੰਬਾਰਾਂ ਨੇ ਅਨੋਖੀਆਂ ਘਟਨਾਵਾਂ ਨੂੰ ਜਨਮ ਦੇ ਦਿੱਤਾ ਹੈ ਤੇ ਮਨੁੱਖ ਦੇ ਕਿਰਦਾਰ ਦੇ ਨੈਣ-ਨਕਸ਼ ਵੀ ਉਜਾਗਰ ਕੀਤੇ ਹਨ।
ਸੰਪਰਕ: 97810-08582