For the best experience, open
https://m.punjabitribuneonline.com
on your mobile browser.
Advertisement

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ

07:41 AM Dec 11, 2024 IST
ਪੰਜਾਬ  ਪੰਜਾਬੀ ਅਤੇ ਪੰਜਾਬੀਅਤ ਦੀ ਗੱਲ
ਲਾਹੌਰ ਵਿਖੇ ਕਰਵਾਈ ਗਈ ਦੂਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੀਆਂ ਵੱਖ ਵੱਖ ਝਲਕਾਂ।
Advertisement

ਗੁਰਚਰਨ ਕੌਰ ਥਿੰਦ

Advertisement

ਪੀਪੀਟੀਵੀ ਵਾਲੇ ਅਹਿਮਦ ਰਜ਼ਾ, ਪੰਜਾਬੀ ਲਹਿਰ ਦੇ ਨਾਸਿਰ ਢਿੱਲੋਂ ਵੱਲੋਂ ਪਿਲਾਕ (ਪੰਜਾਬੀ ਇੰਸਟੀਚਿਊਟ ਆਫ ਲੈਂਗੂਏਜ਼ ਐਂਡ ਕਰਾਫਟ) ਸੰਸਥਾ ਦੇ ਸਹਿਯੋਗ ਨਾਲ ਲਾਹੌਰ ਵਿੱਚ ਪਿਛਲੇ ਮਹੀਨੇ ਦੂਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਵਾਈ ਗਈ। 15 ਕਰੋੜ ਦੀ ਆਬਾਦੀ ਵਾਲੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲੀ ਤਾਂ ਜਾਂਦੀ ਹੈ, ਪਰ ਪੰਜਾਬੀ ਪੜ੍ਹਨ ਤੇ ਪੜ੍ਹਾਉਣ ਪੱਖੋਂ ਅਸਮਰੱਥ ਹਨ ਕਿਉਂਕਿ ਸਕੂਲਾਂ ਵਿੱਚ ਮਾਂ-ਬੋਲੀ ਪੜ੍ਹਾਈ ਨਹੀਂ ਜਾਂਦੀ। ਸੁਚੇਤ ਪੰਜਾਬੀ ਪਿਆਰਿਆਂ ਦੇ ਯਤਨਾਂ ਸਦਕਾ ਪੰਜਾਬੀ ਬੋਲੀ ਦੇ ਹੱਕ ਵਿੱਚ ਲੋਕ ਨਿੱਤਰ ਰਹੇ ਹਨ। ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਨਾਅਰਾ ‘ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ’ ਇਸੇ ਸੋਚ ਦਾ ਅਮਲ ਹੋ ਨਿੱਬੜਦਾ ਹੈ।
ਸੰਨ 2022 ਵਿੱਚ ਲਹਿੰਦੇ ਪੰਜਾਬ ਵਿੱਚ ਜਾ ਕੇ ਚੌਦਾਂ ਦਿਨ ਗੁਜ਼ਾਰਨ ਦਾ ਸਬੱਬ ਬਣਿਆ ਸੀ ਅਤੇ ਇੱਥੋਂ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਨਾਲ ਨਾਲ ਪਿੰਡਾਂ ਵਿੱਚ ਜਾ ਕੇ ਵੀ ਵੇਖਿਆ ਸੀ, ਪ੍ਰੰਤੂ 2023 ਵਿੱਚ ਪਹਿਲੀ ਪੰਜਾਬੀ ਕਾਨਫਰੰਸ ਦਾ ਸੱਦਾ ਕਬੂਲ ਨਾ ਕਰਨ ਦੀ ਮਜਬੂਰੀ ਹੋ ਗਈ। ਐਤਕੀਂ ਜਿਉਂ ਹੀ ਲਾਹੌਰ ਵਿੱਚ ਨਵੰਬਰ ਮਹੀਨੇ ਵਿੱਚ ਹੋਣ ਵਾਲੀ ਕਾਨਫਰੰਸ ਦੀ ਕਨਸੋਅ ਪਈ ਤਾਂ ਉਨ੍ਹਾਂ ਤਰੀਕਾਂ ਦੇ ਆਸ ਪਾਸ ਲੁਧਿਆਣੇ ਆਪਣੇ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਕਾਨਫਰੰਸ 18-19-20 ਨਵੰਬਰ ਦੀ ਸੀ ਅਤੇ ਅਸੀਂ 15 ਨਵੰਬਰ ਨੂੰ ਲੁਧਿਆਣਾ ਪਹੁੰਚਣਾ ਸੀ। ਇੱਕ ਵਾਰ ਤਾਂ ਲੱਗਾ ਕਿ ਕਿਤੇ ਜਾਣਾ ਠੁੱਸ ਹੀ ਨਾ ਹੋ ਜਾਵੇ। ਲੰਮਾ ਸਫ਼ਰ, ਰਾਹ ਵਿੱਚ ਆਉਣ ਵਾਲੀਆਂ ਅੜਚਣਾਂ ਦਾ ਕੀ ਪਤਾ ਹੁੰਦਾ। ਖ਼ੈਰ! ਰੱਬ ਦੀ ਮਿਹਰ ਰਹੀ ਤੇ ਅਸੀਂ ਸੁੱਖੀਂ ਸਾਂਦੀ 15 ਨਵੰਬਰ ਨੂੰ ਦੁਪਹਿਰ ਕੁ ਵੇਲੇ ਘਰ ਪਹੁੰਚ ਗਏ। ਵਿਚਾਲੇ ਇੱਕ ਦਿਨ ਸੀ। ਫੋਨਾਂ ਵਿੱਚ ਸਿਮ ਪੁਆਉਣੇ ਸਨ, ਘੁਮਾਰ ਮੰਡੀ ਜਾ ਕੇ ਕੁਝ ਜ਼ਰੂਰੀ ਖ਼ਰੀਦਦਾਰੀ ਕਰਨੀ ਸੀ ਤੇ ਉੱਪਰੋਂ ਸਫ਼ਰ ਵਿੱਚ ਗੁਜ਼ਾਰੇ ਡੇਢ ਦਿਨ ਦੀ ਥਕਾਵਟ, ਦਿਲ ਕਰੇ ਕਿਹੜਾ ਵੇਲਾ ਹੋਵੇ ਮੰਜੇ ’ਤੇ ਪਈਏ। ਭੱਜ ਭਜਾ ਕੇ ਸਭ ਕੁਝ ਨੇਪਰੇ ਚਾੜ੍ਹਿਆ ਅਤੇ 17 ਨਵੰਬਰ ਨੂੰ 9 ਕੁ ਵਜੇ ਟੈਕਸੀ ’ਤੇ ਸੁਆਰ ਹੋ ਅਟਾਰੀ ਬਾਰਡਰ ਨੂੰ ਰਵਾਨਾ ਹੋ ਗਏ। 12 ਵਜੇ ਅਟਾਰੀ ਵਾਲੇ ਪਾਸਿਓਂ ਬਾਰਡਰ ਕਰਾਸ ਕਰਨ ਲਈ ਗੇਟ ਦੇ ਬਾਹਰ ਖੜ੍ਹੇ ਸਾਂ। ਭਾਰਤ ਵਾਲੇ ਪਾਸਿਓਂ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਦੀ ਚੋਖੀ ਹਲਚਲ ਸੀ। ਇਸ ਪਾਸਿਓਂ ਸਹਿਜਪ੍ਰੀਤ ਸਿੰਘ ਮਾਂਗਟ ਦੀ ਦੇਖ ਰੇਖ ਹੇਠ ਦੋ ਕੁ ਦਰਜਨ ਭਾਰਤੀ ਡੈਲੀਗੇਟਾਂ ਦਾ ਜੱਥਾ ਜਾ ਰਿਹਾ ਸੀ। ਉਨ੍ਹਾਂ ਦੀ ਐਂਟਰੀ ਗਰੁੱਪ ਵਿੱਚ ਹੋਣੀ ਸੀ। ਅਸੀਂ ਕੈਨੇਡਾ ਤੋਂ ਜਾਣ ਵਾਲੇ ਸਾਂ ਸੋ ਸਾਡਾ ਇਮੀਗ੍ਰੇਸ਼ਨ ਥੋੜ੍ਹਾ ਸੌਖਾ ਹੋ ਗਿਆ ਅਤੇ ਅਸੀਂ ਸਭ ਤੋਂ ਪਹਿਲਾਂ ਸਰਹੱਦ ਪਾਰ ਕਰ ਵਾਹਗਾ ਵਾਲੇ ਪਾਸੇ ਪਹੁੰਚ ਗਏ।
ਉੱਥੇ ਅਹਿਮਦ ਰਜ਼ਾ, ਨਾਸਿਰ ਢਿੱਲੋਂ, ਸਰਵਰ ਭੁੱਟਾ ਤੇ ਫੈਸਲ ਹੁਰੀਂ ਫੁੱਲਾਂ ਦੇ ਹਾਰ ਫੜੀ ਸੁਆਗਤ ਲਈ ਖੜ੍ਹੇ ਸਨ। ਗੁਲਾਬ ਦੇ ਫੁੱਲਾਂ ਦੀ ਖੂਸ਼ਬੂ ਦੇ ਨਾਲ ਨਿੱਘੀਆਂ ਗਲਵੱਕੜੀਆਂ ਦਾ ਆਦਾਨ ਪ੍ਰਦਾਨ ਹੋਇਆ। ਦੇਖਦਿਆਂ ਦੇਖਦਿਆਂ ਜਸਵੰਤ ਜ਼ਫ਼ਰ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਸਵਰਨ ਸਿੰਘ ਟਹਿਣਾ, ਹਰਮਨ ਥਿੰਦ ਤੇ ਹੋਰ ਜਾਣੀਆਂ ਪਛਾਣੀਆਂ ਹਸਤੀਆਂ ਦਾ ਜਮਘਟਾ ਲੱਗ ਗਿਆ। ਹਰ ਕੋਈ ਚਾਅ ਨਾਲ ਮਿਲ ਗਿਲ ਰਿਹਾ ਸੀ। ਇੱਧਰੋਂ ਦੀ ਐਂਟਰੀ ਪੁਆ ਕੇ ਵਿਹਲੇ ਹੋਏ ਤਾਂ ਅਹਿਮਦ ਰਜ਼ਾ ਨੇ ਕਿਹਾ ਕਿ ਤੁਹਾਡੇ ਲਈ ਬਾਹਰ ਸਰਵਰ ਭੁੱਟਾ ਕਾਰ ਲਈ ਖੜ੍ਹਾ ਹੈ ਤੁਸੀਂ ਜਾ ਕੇ ਬੈਠੋ। ਸਾਡੇ ਨਾਲ ਯੂ.ਕੇ. ਤੋਂ ਆਏ ਬੱਲ ਸਿੱਧੂ ਤੇ ਉਨ੍ਹਾਂ ਦੀ ਪਤਨੀ ਬੈਠ ਗਏ ਅਤੇ ਅੱਧੇ ਕੇ ਕੁ ਘੰਟੇ ਵਿੱਚ ਪਹਿਲਾਂ ਲੰਘੇ ਰਾਹਾਂ ’ਤੇ ਤੇਜ਼ ਚਾਲ ਦੌੜਦੀ ਕਾਰ ਸਾਨੂੰ ਇੰਡੀਗੋ ਹੋਟਲ ਜਾ ਉਤਾਰਿਆ। ਇੱਥੇ ਬਾਹਰੋਂ ਆਏ ਸਾਰੇ ਡੈਲੀਗੇਟਾਂ ਦੀ ਠਾਹਰ ਸੀ। ਮੈਨੂੰ ਅੰਮ੍ਰਿਤਾ ਪ੍ਰੀਤਮ ਦੀ ਆਖੀ-ਲਿਖੀ ਗੱਲ ਬਾਰ ਬਾਰ ਚੇਤੇ ਆ ਰਹੀ ਸੀ, ‘ਕੋਈ ਵੀ ਜਗ੍ਹਾ ਪਹਿਲੀ ਵਾਰ ਅਜਨਬੀ ਹੁੰਦੀ ਹੈ, ਅਗਲੀ ਫੇਰੀ ਤੇ ਆਪਣੀ ਹੀ ਲੱਗਦੀ ਹੈ।’ ਇਸ ਵਾਰ ਵਾਹਗਿਓਂ ਆਉਂਦੀ ਸੜਕ, ਆਲਾ ਦੁਆਲੇ ਦੇ ਪਿੰਡ, ਘਰ, ਪੈਲੀਆਂ, ਲਾਹੌਰ ਨਹਿਰ ਤੇ ਸ਼ਹਿਰ ਦੇ ਰਸਤੇ ਜਿਵੇਂ ਗਲ਼ੇ ਮਿਲਦੇ ਲੱਗੇ। ਪਹਿਲੀ ਵਾਰ ਆਇਆਂ ਨੂੰ ਅਸੀਂ ਇੱਥੋਂ ਦੇ ਡੂੰਘੇ ਜਾਣਕਾਰ ਲੱਗਦੇ ਸਾਂ।
ਸਵੇਰੇ ਡਾਈਨਿੰਗ ਹਾਲ ਵਿੱਚ ਨਾਸ਼ਤਾ ਕਰਦੇ ਹੋਟਲ ਵਿੱਚ ਠਹਿਰੇ ਹੋਰ ਪ੍ਰਾਹੁਣਿਆਂ ਨਾਲ ਰੱਲਗਡ ਹੋਏ ਦੋਵਾਂ ਪੰਜਾਬਾਂ ਦੇ ਲੋਕਾਂ ਦਾ ਇਕੱਠ ਸਾਂਝਾ ਪੰਜਾਬ ਬਣਿਆ ਹੋਇਆ ਸੀ। ਕੋਈ ਵਖਰੇਵਾਂ ਜਾਂ ਤੇਰ-ਮੇਰ ਹੈ ਹੀ ਨਹੀਂ ਸੀ। ਹੋਟਲ ਦਾ ਸਟਾਫ਼ ਜੀ ਆਇਆਂ ਕਹਿੰਦਾ ਰਤਾ ਵੀ ਓਪਰਾ ਨਹੀਂ ਸੀ ਲੱਗਦਾ। ਇੱਕੋ ਜ਼ੁਬਾਨ, ਇੱਕੋ ਲਹਿਜ਼ਾ ਤੇ ਇੱਕੋ ਹੀ ਸਲੀਕਾ। ਸਾਂਝੀ ਕਾਨਫਰੰਸ ਦਾ ਚਾਅ ਤੇ ਹੁਲਾਸ ਹਰੇਕ ਦੇ ਚਿਹਰੇ ’ਤੇ ਵੇਖਿਆਂ ਬਣਦਾ ਸੀ। ਹੋਟਲ ਦੇ ਬਾਹਰ ਖੜ੍ਹੀਆਂ ਕਾਰਾਂ ਤੇ ਬੱਸਾਂ ਨੇ ਡੈਲੀਗੇਟਾਂ ਨੂੰ ਕਾਨਫਰੰਸ ਹਾਲ ਪਹੁੰਚਾਇਆ ਤਾਂ ਕਾਨਫਰੰਸ ਦੇ ਪਹਿਲੇ ਦਿਨ ਦਾ ਆਗਾਜ਼ ਹੋ ਗਿਆ। ਕਾਨਫਰੰਸ ਦਾ ਸਥਾਨ ਪਿਲਾਕ (ਪੰਜਾਬੀ ਲੈਂਗੁਏਜ਼ ਐਂਡ ਕਰਾਫਟ) ਦਾ ਵੱਡਾ ਤੇ ਖੁੱਲ੍ਹਾ-ਡੁੱਲ੍ਹਾ ਸਟੇਡੀਅਮ ਸੀ। ਸਟੇਡੀਅਮ ਦੇ ਬਾਹਰ ਦਾ ਨਜ਼ਾਰਾ ਵੇਖਿਆਂ ਬਣਦਾ ਸੀ। ਕੰਧਾਂ ਉੱਪਰ ਕਾਨਫਰੰਸ ਦੇ ਲੱਗੇ ਵੱਡੇ ਵੱਡੇ ਪੋਸਟਰ, ਪੈਨਲ ਡਿਸਕਸ਼ਨ ਵਿੱਚ ਭਾਗ ਲੈਣ ਵਾਲੇ ਦੋਵਾਂ ਪਾਸਿਆਂ ਦੇ ਪੈਨਲਿਸਟਾਂ ਦੀਆਂ ਤਸਵੀਰਾਂ ਦੇ ਪੋਸਟਰ, ਪੰਜਾਬੀ ਦੇ ਵਿਦਵਾਨਾਂ ਤੇ ਪੰਜਾਬੀ ਪਿਆਰਿਆਂ ਦੇ ਪੋਸਟਰ ਮਾਂ ਬੋਲੀ ਪੰਜਾਬੀ ਦੇ ਪਿਆਰਿਆਂ ਨੂੰ ਵਿਸ਼ੇਸ਼ ਸੱਦਾ ਦਿੰਦੇ ਤੇ ਸੁਆਗਤ ਕਰਦੇ ਮਨ ਮੋਹ ਰਹੇ ਸਨ। ਬਾਹਰ ਜੋ ਵੀ ਮਿਲਦਾ, ‘ਕਿੱਥੋਂ ਆਏ? ਉੱਧਰ ਕਿੱਥੇ ਰਹਿੰਦੇ ਹੋ?” ਸੁਆਲ ਜ਼ਰੂਰ ਸਾਂਝੇ ਕਰਦਾ ਤੇ ਬਹੁਤੇ ਆਪਣੇ ਵੱਡਿਆਂ ਦੀਆਂ ਉੱਧਰ ਰਹਿ ਗਈਆਂ ਜੰਮਣ-ਭੋਇੰ ਦੀ ਸਾਂਝ ਵੀ ਪਾਉਂਦੇ। ਕਈਆਂ ਨੇ ਪਗੜੀਧਾਰੀ ਥਿੰਦ ਸਾਹਿਬ ਨਾਲ ਫੋਟੋ ਖਿਚਾਉਣ ਦਾ ਚਾਅ ਵੀ ਪੂਰਾ ਕੀਤਾ।
ਇੰਜ ਮਿਲਦੇ ਮਿਲਾਉਂਦੇ ਹਾਲ ਅੰਦਰ ਪਹੁੰਚੇ। ‘ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ’ ਪੋਸਟਰਾਂ ਨਾਲ ਸਟੇਜ ਬੜੇ ਸਲੀਕੇ ਨਾਲ ਸਜਾਈ ਹੋਈ ਸੀ। ਵਿਦੇਸ਼ੀ ਪ੍ਰਾਹੁਣਿਆਂ ਲਈ ਮੂਹਰਲੀਆਂ ਕਤਾਰਾਂ ਸਨ। ਅਸੀਂ ਵੀ ਦੱਸੇ ਅਨੁਸਾਰ ਪਹਿਲੀ ਕਤਾਰ ਵਿੱਚ ਜਾ ਬੈਠੇ। ਹਾਲ ਵਿੱਚ ਹਾਜ਼ਰੀ ਅਜੇ ਵਿਰਲੀ ਵਿਰਲੀ ਸੀ। ਛੇਤੀ ਹੀ ਮੂਹਰਲੀਆਂ ਕਤਾਰਾਂ ਭਰ ਗਈਆਂ ਤੇ ਅੱਧੇ ਪੌਣੇ ਘੰਟੇ ਵਿੱਚ ਕੋਈ ਵੀ ਕੁਰਸੀ ਖਾਲੀ ਨਹੀਂ ਸੀ ਰਹੀ। ਜਦੋਂ ਪੰਜਾਬੀ ਦੇ ਮਸ਼ਹੂਰ ਕਵੀ ਅਫ਼ਜ਼ਲ ਸਾਹਿਰ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਮਾਈਕ ਸੰਭਾਲਿਆ ਤਾਂ ਹਾਲ ਖਚਾਖੱਚ ਭਰ ਚੁੱਕਾ ਸੀ ਅਤੇ ਪਹਿਲੀ ਕਤਾਰ ਦੇ ਹੇਠਾਂ ਬੈਠਣ ਵਾਲਿਆਂ ਦੀ ਕਤਾਰ ਪਲ ਪਲ ਸੰਘਣੀ ਹੋ ਰਹੀ ਸੀ। ਜਿਸ ਨੂੰ ਥਾਂ ਨਾ ਮਿਲੀ ਉਹ ਰਸਤਿਆਂ ਦੇ ਦੋਵੇਂ ਪਾਸੇ ਖੜ੍ਹੇ ਸਨ। ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸਜੇ ਪੰਜਾਬੀ ਲੱਗਦਾ ਸੀ ਜਿਵੇਂ ਕਿਤੇ ਵਿਆਹ ਵਿੱਚ ਆਏ ਹੋਣ। ਲਹਿੰਦੇ ਪੰਜਾਬ ਦੇ ਲਗਪਗ ਸਾਰੇ ਮਰਦ ਸ਼ਲਵਾਰ ਕਮੀਜ਼ ਪਹਿਨੀ ਅਤੇ ਕਈ ਉੱਧਰਲੇ ਅੰਦਾਜ਼ ਵਾਲੀ ਤੁਰਲੇ ਵਾਲੀ ਪੱਗ ਬੰਨ੍ਹੀ ਖੁਸ਼ੀ ਨਾਲ ਫੁੱਲੇ ਨਹੀਂ ਸੀ ਸਮਾਉਂਦੇ। ਬਾਹਰੋਂ ਗਏ ਕੋਟ ਪੈਂਟਾਂ ਵਾਲੇ ਅਤੇ ਔਰਤਾਂ ਸੋਹਣੇ ਸਲਵਾਰ ਕਮੀਜ਼ ਜਾਂ ਫੱਬਵੇਂ ਪਾਕਿਸਤਾਨੀ ਪਹਿਰਾਵੇ ਵਿੱਚ ਹਸੂੰ ਹਸੂੰ ਕਰ ਰਹੀਆਂ ਸਨ।
ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਾਨਫਰੰਸ ਦਾ ਆਗਾਜ਼ ਕਰਨ ਆਉਣਾ ਸੀ, ਪਰ ਕਿਸੇ ਕਾਰਨ ਉਹ ਨਾ ਪਹੁੰਚ ਸਕੇ ਤਾਂ ਪਿਲਾਕ ਦੀ ਡਾਇਰੈਕਟਰ ਜਨਰਲ ਬੈਨਿਸ਼ ਫਾਤਿਮਾ ਸਾਹੀ ਨੇ ਸਭ ਨੂੰ ਜੀ ਆਇਆਂ ਆਖ ਕਾਨਫਰੰਸ ਬਾਰੇ ਸੰਖੇਪ ਜਾਣਕਾਰੀ ਦੇ ਕੇ ਪਹਿਲੇ ਦਿਨ ਦੀ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ। ਕਾਨਫਰੰਸ ਦੇ ਮੁੱਖ ਪ੍ਰਬੰਧਕ ਅਹਿਮਦ ਰਜ਼ਾ ਤੇ ਅਮਰੀਕਾ ਤੋਂ ਆਏ ਅਸ਼ੋਕ ਭੌਰਾ ਨੇ ਸੁਆਗਤੀ ਬੋਲ ਸਾਂਝੇ ਕੀਤੇ।
ਸੂਫ਼ੀ ਗਾਇਕ ਜ਼ਹੂਰ ਸਾਈਂ ਹੁਰਾਂ ਬਾਬਾ ਬੁਲ੍ਹੇ ਸ਼ਾਹ ਦੇ ਬੋਲਾਂ ‘ਨਾ ਹੀਰ ਕਹੋ ਮੈਨੂੰ ਮੈਂ ਰਾਂਝਣ ਦੀ ਕੰਜਰੀ ਆਂ, ਮੈਂ ਕੋਠੇ ਦੀ ਨਹੀਂ ਆਪਣੇ ਪੀਰ ਦੀ ਕੰਜਰੀ ਆਂ’ ਤੇ ‘ਦਮਾ ਦਮ ਮਸਤ ਕਲੰਦਰ ਅਲੀ ਦਮ ਦਮ ਦੇ ਅੰਦਰ’ ਨੂੰ ਵਜਦ ਵਿੱਚ ਗਾ ਕੇ ਸਭ ਨੂੰ ਝੂਮਣ ਲਾ ਦਿੱਤਾ। ਗਾਇਕ ਬੀਰ ਸਿੰਘ ਦੀ ਸ਼ਖ਼ਸੀਅਤ ਤੇ ਆਵਾਜ਼ ਦਾ ਜਾਦੂ ਹੀ ਵੱਖਰਾ ਸੀ। ਦਰਮਿਆਨਾ ਕੱਦ, ਭਰਵੀਂ ਖੁੱਲ੍ਹੀ ਦਾੜ੍ਹੀ ਤੇ ਮੁਖਾਰਬਿੰਦ ’ਚੋਂ ਉਚਾਰੇ ਸੰਗੀਤਮਈ ਬੋਲ ‘ਨਾਨਕ ਦਾ ਪੁੱਤ ਆਂ ਤੇਰਾਂ ਤੇਰਾਂ ਤੋਲਾਂਗਾ’ ਨੇ ਤਾਂ ਵਾਹ ਵਾਹ ਕਰਾ ਦਿੱਤੀ। ਇਹ ਫਿਲਮਾਂ ਲਈ ਗੀਤ ਲਿਖਦਾ ਤੇ ਗਾਉਂਦਾ ਹੈ, ਖ਼ਾਸ ਤੌਰ ਤੇ ‘ਲਹੌਰੀਏ’ ਫਿਲਮ ਲਈ ਇਹਦੇ ਗਾਏ ਗੀਤ ਵੱਖਰੀ ਹੀ ਸ਼ੱਬ ਵਾਲੇ ਹਨ। ਅਗਲੀ ਪੇਸ਼ਕਾਰੀ ਅਸ਼ੋਕ ਭੌਰਾ ਦੇ ਲਿਖੇ ਗੀਤ ‘ਬੁਰਕੀ’ ਦੀ ਗਾਇਕਾ ਫ਼ਲਕ ਇਜ਼ਾਜ਼ ਵੱਲੋਂ ਸੀ। ‘ਮਾਹੀ ਮੇਰਾ ਅੜਬ ਸੁਭਾਅ ਦਾ ਕੀ ਕੀ ਮੈਂ ਸੁਣਾਵਾਂ, ਕੱਲ੍ਹ ਦਾ ਰੁੱਸਿਆ ਫਿਰੇ ਕੀ ਚੌਲਾਂ ਦੀ ਬੁਰਕੀ’ ਨੇ ਤਾਂ ਰੰਗ ਹੀ ਬੰਨ੍ਹ ਦਿੱਤਾ। ਸੋਹਣੀ ਫਲਕ ਇਜ਼ਾਜ਼ ਦੀ ਦਿਲਕਸ਼ ਆਵਾਜ਼ ਨੇ ਕਈਆਂ ਨੂੰ ਨੱਚਣ ਲਾ ਦਿੱਤਾ। ਵਿੱਚ ਵਿੱਚ ਅਫ਼ਜ਼ਲ ਸਾਹਿਰ ਦੀਆਂ ਲਾਇਲਪੁਰੀ ਗੱਲਾਂ ਦੇ ਚਟਖਾਰਿਆਂ ਦਾ ਵੱਖਰਾ ਹੀ ਆਨੰਦ ਸੀ।
ਇੰਨੇ ਕੁ ਸੱਭਿਆਚਾਰਕ ਆਈਟਮਾਂ ਬਾਅਦ 1:30 ਵਜੇ ਪੈਨਲ ਡਿਸਕਸ਼ਨ ਸ਼ੁਰੂ ਹੋ ਗਏ। ਇਹ ਕਾਨਫਰੰਸ ਦਾ ਅਸਲ ਮਕਸਦ ਸਨ ਇਨ੍ਹਾਂ ਵਿੱਚ ਪੰਜਾਬ, ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮੁੱਦੇ ਤੇ ਚੁਣੌਤੀਆਂ ’ਤੇ ਆਧਾਰਿਤ ਵਿਚਾਰ ਵਟਾਂਦਰਾ ਕੀਤਾ ਜਾਣਾ ਸੀ ਅਤੇ ਕਾਨਫਰੰਸ ਦੇ ਸਲੋਗਨ ‘ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ’ ਦੇ ਨਤੀਜੇ ’ਤੇ ਪਹੁੰਚਣਾ ਸੀ। ਪਹਿਲੇ ਦਿਨ ਪੰਜ ਪੈਨਲ ਡਿਸਕਸ਼ਨ ਹੋਏ। ਪਹਿਲਾ ‘ਪੰਜਾਬੀਆਂ ਦੀ ਕੌਮੀ ਚੇਤਨਾ’ ਦੂਜਾ ‘ਨਵੀਂ ਟੈਕਨੋਲੋਜੀ ਦਾ ਪਸਾਰ ਤੇ ਪੰਜਾਬੀ ਜ਼ੁਬਾਨ’ ਤੀਜਾ ‘ਮਾਂ ਬੋਲੀ ਰਾਹੀਂ ਸਿੱਖਿਆ’ ਚੌਥਾ ‘ਪੰਜਾਬੀ ਸੁਆਣੀ ਤੇ ਨਾਬਰੀ ਦੀ ਰੀਤ’ ਅਤੇ ਪੰਜਵਾਂ ‘ਪੰਜਾਬੀਆਂ ਦੀਆਂ ਕਾਮਯਾਬੀਆਂ’। ਹਰ ਡਿਸਕਸ਼ਨ ਵਿੱਚ ਵੱਖ ਵੱਖ ਮਾਹਿਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਲਹਿੰਦੇ ਪੰਜਾਬ ਦੇ ਵਿਦਵਾਨ ਸੁਹੇਲ ਵੜੈਚ, ਫਾਰੂਖ ਸੋਹੇਲ ਗੋਇੰਦੀ, ਲੇਖਕ ਨੈਨ ਸੁੱਖ, ਡਾ. ਮੁਹੰਮਦ ਅਨੀਸ, ਜਮੀਲ ਪਾਲ, ਪ੍ਰਵੀਨ ਮਲਿਕ ਅਤੇ ਅਮਰੀਕਾ ਤੋਂ ਪਹੁੰਚੇ ਮਸ਼ਹੂਰ ਪੱਤਰਕਾਰ ਅਸ਼ੋਕ ਭੌਰਾ, ਕੈਨੇਡਾ ਤੋਂ ਸੁੱਖੀ ਬਾਠ ਤੇ ਚੜ੍ਹਦੇ ਪੰਜਾਬ ਦੇ ਨਾਮਵਰ ਕਵੀ ਜਸਵੰਤ ਜਫ਼ਰ ਸ਼ਾਮਲ ਹੋਏ। ਇੱਕ ਪੈਨਲ ‘ਪੰਜਾਬੀ ਸੁਆਣੀ ਤੇ ਨਾਬਰੀ ਦੀ ਰੀਤ’ ਵਿੱਚ ਮੈਨੂੰ ਵੀ ਹੋਰ ਤਿੰਨ ਪੈਨਲਿਸਟਾਂ ਡਾ. ਸ਼ਬਮਨ ਇਸ਼ਾਕ, ਸ਼ਮਸਾ ਹੁਸੈਨ ਤੇ ਰੁਬੀਨਾ ਜ਼ਮੀਲ ਨਾਲ ਸ਼ਾਮਲ ਹੋ ਵਿਚਾਰ-ਵਟਾਂਦਰਾ ਕਰਨ ਦਾ ਮਾਣ ਪ੍ਰਾਪਤ ਹੋਇਆ। ਖ਼ੁਸ਼ੀ ਤੇ ਸੰਤੁਸ਼ਟੀ ਦੀ ਗੱਲ ਇਹ ਵੇਖੀ ਕਿ ਜਿੰਨੇ ਸ਼ੌਕ ਨਾਲ ਹਾਜ਼ਰੀਨ ਨੇ ਸੱਭਿਆਚਾਰਕ ਪੇਸ਼ਕਾਰੀ ਦਾ ਆਨੰਦ ਮਾਣਿਆ ਉਦੋਂ ਕਿਤੇ ਸੰਜੀਦਗੀ ਤੇ ਰੂਹ ਨਾਲ ਇਨ੍ਹਾਂ ਵਿਚਾਰ-ਵਟਾਂਦਰਿਆਂ ਨੂੰ ਸੁਣਿਆ। ਇਹ ਹਾਲ ਵਿੱਚ ਭਰਵੀਂ ਹਾਜ਼ਰੀ ਤੇ ਹਾਲ ਤੋਂ ਬਾਹਰ ਲੱਗੇ ਵੱਡੇ ਸਕਰੀਨ ਸਾਹਮਣੇ ਕੁਰਸੀਆਂ ’ਤੇ ਬੈਠੇ ਲੋਕਾਂ ਦੀ ਹਾਜ਼ਰੀ ਤੋਂ ਪ੍ਰਤੱਖ ਜ਼ਾਹਿਰ ਸੀ। ਦੁਪਹਿਰ ਦੀ ਰੋਟੀ ਲਈ ਜਦੋਂ ਹਾਲ ਤੋਂ ਬਾਹਰ ਨਿਕਲੇ ਤਾਂ ਕਿੰਨੇ ਸਾਰੇ ਟੀ.ਵੀ. ਚੈਨਲ ਵਾਲੇ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਵਿਦੇਸ਼ੀ ਡੈਲੀਗੇਟਾਂ ਤੋਂ ਦੋ-ਦੋ ਚਾਰ-ਚਾਰ ਮਿੰਟ ਦੀ ਇੰਟਰਵਿਊ ਲਈ।
ਹਾਲ-1 ਦੇ ਨਾਲੋ ਨਾਲ ਹਾਲ-2 ਵਿੱਚ ‘ਪੰਜਾਬੀ ਲੋਕਾਂ ਦਾ ਪੰਜਾਬੀ ਸਾਹਿਤ ਨਾਲ ਲਗਾਓ’ ਵਿਸ਼ੇ ’ਤੇ ਪੈਨਲ ਡਿਸਕਸ਼ਨ ਹੋ ਰਿਹਾ ਸੀ, ਖੋਜ ਪੱਤਰ ਪੜ੍ਹੇ ਜਾ ਰਹੇ ਸਨ, ਨਵੀਆਂ ਛਪੀਆਂ ਕਿਤਾਬਾਂ ਬਾਰੇ ਗੱਲ ਹੋ ਰਹੀ ਸੀ ਅਤੇ ਕਿਤਾਬਾਂ ਰਿਲੀਜ਼ ਕੀਤੀਆਂ ਜਾ ਰਹੀਆਂ ਸਨ। ਛੇ ਵਜੇ ਹਾਲ-1 ਵਿੱਚ ‘ਮਾਸ ਫਾਊਂਡੇਸ਼ਨ’ ਵੱਲੋਂ ਆਜ਼ਾਦੀ ਦੇ ਨਾਂ ’ਤੇ ਹੋਈ ਪੰਜਾਬ ਦੀ ਵੰਡ ਦੀ ਕਤਲੋਗਾਰਤ ਅਤੇ ਪਰਮੇਸ਼ਰ ਸਿੰਘ ਵਰਗੇ ਸੁਹਿਰਦ ਦੀ ਮਨੁੱਖੀ ਸੁਹਰਦਿਤਾ ਦੇ ਕਤਲ ਦੀ ਪੌਣੇ ਘੰਟੇ ਦੀ ਇਸ ਸਟੇਜ ਪੇਸ਼ਕਾਰੀ ਨੇ ਸਭ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ। ਸਾਈਂ ਜ਼ਹੂਰ ਤੇ ਫਲਕ ਇਜ਼ਾਜ਼ ਦੀਆਂ ਪੇਸ਼ਕਾਰੀਆਂ ਨੇ ਮੁੜ ਸਟੇਜ ’ਤੇ ਰੌਣਕ ਲਾ ਦਿੱਤੀ। ਉਪਰੰਤ ਕਾਨਫਰੰਸ ਦਾ ਅੱਜ ਦਾ ਦਿਨ ਕਾਮਯਾਬੀ ਨਾਲ ਸਮਾਪਤ ਹੋ ਗਿਆ।
ਕਾਨਫਰੰਸ ਦੇ ਦੂਜੇ ਦਿਨ ਮੈਂ ਤੇ ਥਿੰਦ ਸਾਹਿਬ ਵੱਡੇ ਹਾਲ ਦੇ ਸਾਹਮਣੇ ਪਹੁੰਚੇ ਹੀ ਸਾਂ ਕਿ ਇੱਕ ਮਾੜਚੂ ਜਿਹਾ ਬੰਦਾ ਜਿਹਦੇ ਮੱਥੇ ’ਤੇ ਨਵੀਂ ਬੰਨ੍ਹੀ ਪੱਟੀ ਦਾ ਕਰਾਸ ਬਣਿਆ ਸੀ, ਅਹੁਲ ਕੇ ਸਾਡੇ ਵੱਲ ਹੋਇਆ ਅਤੇ ਬੋਲਿਆ, ‘ਇੱਥੇ ਕੈਨੇਡਾ ਤੋਂ ਥਿੰਦ ਆਏ ਨੇ ਮੈਂ ਉਨ੍ਹਾਂ ਨੂੰ ਮਿਲਣਾ ਜੀ।’’ ਮੈਂ ਕਿਹਾ ਕਿ ‘‘ਇੱਕ ਥਿੰਦ ਤਾਂ ਅਸੀਂ ਹਾਂ, ਹੋਰ ਕਿਸੇ ਦਾ ਤਾਂ ਪਤਾ ਨਹੀਂ। ਤੁਸੀਂ ਕਿਸ ਸਿਲਸਲੇ ਵਿੱਚ ਮਿਲਣਾ ਹੈ?’’ ਉਸ ਨੇ ਸ਼ਾਹਮੁਖੀ ਦੀ ਇੱਕ ਕਿਤਾਬ ਮੇਰੇ ਸਾਹਮਣੇ ਕਰ ਦਿੱਤੀ ਜਿਸ ਵਿੱਚ ਕੈਲਗਰੀ ਦੇ ਮੰਨੇ-ਪ੍ਰਮੰਨੇ ਸ਼ਾਇਰ ਕੇਸਰ ਸਿੰਘ ਨੀਰ ਦੀ ਫੋਟੋ ਵੇਖ ਕੇ ਮੈਂ ਕਿਹਾ, ‘‘ਭਾਈ ਤੂੰ ਠੀਕ ਬੰਦੇ ਪਛਾਣੇ ਨੇ, ਅਸੀਂ ਹੀ ਉਹ ਥਿੰਦ ਹਾਂ।’’ ਫਿਰ ਅਸੀਂ ਇੱਕ ਪਾਸੇ ਬੈਂਚ ’ਤੇ ਬੈਠ ਗਏ। ਉਹ ਪੰਜਾਬੀ ਵਿੱਚ ਬਾਲ-ਕਵਿਤਾਵਾਂ ਲਿਖਣ ਵਾਲਾ ਇੱਕ ਕਵੀ ਸੀ। ਉਸ ਨੇ ਆਪਣੀ ਕਿਤਾਬ ਮੈਨੂੰ ਵਿਖਾਈ। ਮੈਂ ਕਿਤਾਬ ਉਲਟ ਪਲਟ ਕੇ ਵੇਖੀ, ਸ਼ਾਹਮੁਖੀ ਵਿੱਚ ਹੋਣ ਕਰਕੇ ਪੜ੍ਹੀ ਤਾਂ ਜਾਣੀ ਨਹੀਂ ਸੀ। ਸੋ ਉਹਦਾ ਹਾਲ ਚਾਲ ਪੁੱਛਿਆ। ਉਸ ਦੱਸਿਆ ਕਿ ਉਹਦਾ ਨਾਂ ਹਫ਼ੀਜ਼ ਜ਼ਾਹਿਦ ਹੈ ਅਤੇ ਉਹ ਕਬਾੜ ਦਾ ਕੰਮ ਕਰਦਾ ਹੈ। ਕੱਲ੍ਹ ਉਹਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਰਕੇ ਮੱਥੇ ’ਤੇ ਸੱਟ ਲੱਗ ਗਈ ਸੀ। ਅਸਲ ਵਿੱਚ ਜਾਣ ਤੋਂ ਪਹਿਲਾਂ ਕੇਸਰ ਸਿੰਘ ਨੀਰ ਦੀ ਪਤਨੀ ਨੇ ਮੈਨੂੰ ਇਸ ਬੰਦੇ ਦੀ ਮਦਦ ਲਈ ਕੁਝ ਡਾਲਰ ਦਿੱਤੇ ਸੀ ਅਤੇ ਕਿਹਾ ਸੀ ਕਿ ਜੇ ਮਿਲ ਗਿਆ ਤਾਂ ਉਸ ਨੂੰ ਦੇ ਦੇਣੇ। ਉਹਦੀ ਅਤਿ ਗਰੀਬੜੀ ਜਿਹੀ ਹਾਲਤ ਵੇਖ ਕੇ ਪੰਜਾਬੀ ਬੋਲੀ ਦੇ ਸ਼ਾਇਰਾਂ ਦੇ ਸਿਰੜ ਅੱਗੇ ਸਿਰ ਝੁਕ ਗਿਆ। ਜਿੰਨਾ ਕੁ ਸਾਡੇ ਕੋਲੋਂ ਸਰਿਆ ਅਸੀਂ ਹੋਰ ਨਾਲ ਰਲਾ ਕੇ ਕੁਲਦੀਪ ਭੈਣ ਜੀ ਵਾਲੇ ਡਾਲਰ ਉਸ ਨੂੰ ਦੇ ਦਿੱਤੇ। ਕਿੰਨੀ ਦੂਰੋਂ ਉਹ ਐਨੇ ਕੁ ਡਾਲਰਾਂ ਲਈ ਆਪਣੇ ਪੋਤੇ ਨਾਲ ਆਇਆ ਸੀ, ਇਹ ਸੋਚ ਕੇ ਮਨ ਭਰ ਆਇਆ। ਮੈਂ ਕਿਹਾ ਅੱਜ ਮੇਰੀ ਕਿਤਾਬ ‘ਲਹਿੰਦੇ ਪੰਜਾਬ ’ਚ ਚੌਦਾਂ ਦਿਨ’ ਵੀ ਸ਼ਾਹਮੁਖੀ ਵਿੱਚ ਰਿਲੀਜ਼ ਹੋਣੀ ਹੈ ਤਾਂ ਉਸ ਨੇ ਆਖਿਆ ਕਿ ਉਹ ਇਸ ਵਿੱਚ ਸ਼ਾਮਲ ਹੋਵੇਗਾ ਤੇ ਕਿਤਾਬ ਲੈ ਕੇ ਜਾਵੇਗਾ। ਉਹ ਸ਼ਾਮ ਤੱਕ ਰੁਕਿਆ ਤੇ ਕਿਤਾਬ ਲੈ ਕੇ ਹੀ ਗਿਆ। ਖ਼ੈਰ! ਲ਼ੱਗਦਾ ਇਹ ਗਾਥਾ ਲੰਮੀ ਹੋ ਗਈ, ਪਰ ਕਾਨਫਰੰਸ ਵਿੱਚ ਅਜਿਹੇ ਲੋਕਾਂ ਦੀ ਸ਼ਿਰਕਤ ਇੱਧਰਲੇ ਪਾਸੇ ਪੰਜਾਬੀ ਦੀ ਤਰਸਯੋਗ ਹਾਲਤ ਬਿਆਨਦੀ ਹੈ, ਇਸ ਦਾ ਵਰਣਨ ਅਕਾਰਥ ਨਹੀਂ ਲੱਗਦਾ।
ਕਾਨਫਰੰਸ ਦਾ ਦੂਜਾ ਦਿਨ ਵੀ ਪਹਿਲੇ ਦਿਨ ਵਾਂਗ ਅਮਰੀਕਾ ਤੋਂ ਆਏ ਮਹਿਮਾਨ ਸੁਰਿੰਦਰ ਸਿੰਘ ਗਿੱਲ ਅਤੇ ਪੰਜਾਬੀ ਪ੍ਰਚਾਰ ਦੇ ਫਰਹਾਦ ਇਕਬਾਲ ਹੁਰਾਂ ਦੇ ਸੁਆਗਤੀ ਸੰਬੋਧਨ ਨਾਲ ਸ਼ੁਰੂ ਹੋਇਆ। ਫਿਰ ਪਹਿਲਾਂ ਪੰਜਾਬ ਕਾਲਜ ਫੈਸਲਾਬਾਦ ਦੇ ਮੁੰਡਿਆਂ ਦੇ ਭੰਗੜੇ ਤੇ ਫਿਰ ਕੁੜੀਆਂ ਦੇ ਗਿੱਧੇ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ। ਸਟੇਜ ਤੋਂ ਹੋਈ ਅਨਾਊਂਸਮੈਂਟ ਤੋਂ ਪਤਾ ਲੱਗਾ ਕਿ 1986 ਤੋਂ ਇਸ ਤਰ੍ਹਾਂ ਦੇ ਪੰਜਾਬੀ ਸੱਭਿਆਚਾਰਕ ਨਾਚ-ਗਾਣੇ ’ਤੇ ਪਾਬੰਦੀ ਲੱਗ ਗਈ ਸੀ। ਹੁਣ ਇਹ ਰੋਕਾਂ ਟੋਕਾਂ ਹਟ ਰਹੀਆਂ ਹਨ। ਉਪਰੰਤ ਪੰਜ ਪੈਨਲ ਡਿਸਕਸ਼ਨ-ਫਰੀਦ, ਨਾਨਕ, ਬੁੱਲ੍ਹਾ ਤੇ ਅਜੋਕਾ ਸਮਾਜ, ਪੰਜਾਬੀ ਸਿਨੇਮਾ ਦੇ ਬਦਲਦੇ ਰੂਪ, ਪੰਜਾਬੀ ਸਿਆਸਤਦਾਨ ਤੇ ਪੰਜਾਬ, ਪੰਜਾਬ ਦੇ ਮੁੱਖ ਮੁੱਦੇ, ਸੁਰ-ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕ ਅਤੇ ਵਿਦਿਆਰਥੀਆਂ ਨੂੰ ਸੁਚੇਤ ਕਰ ਕੇ ਪੰਜਾਬੀ ਕੌਮਵਾਦ ਨੂੰ ਉਭਾਰਨਾ ਵਰਗੇ ਵਿਸ਼ਿਆਂ ’ਤੇ ਹੋਏ। ਵਿਸ਼ਾ ਮਾਹਿਰਾਂ ਦੇ ਵਿਚਾਰਾਂ ਨੂੰ ਸਰੋਤਿਆਂ ਨੇ ਨਿੱਠ ਕੇ ਸੁਣਿਆ ਤੇ ਮਾਣਿਆ।
ਅੱਜ ਦੇ ਦਿਨ ਦਾ ਸਭ ਤੋਂ ਵੱਡਾ ਹਾਸਲ ਸਵੀਡਨ ਤੋਂ ਆਏ ਰਾਜਨੀਤਕ ਵਿਗਿਆਨੀ ਡਾ. ਇਸ਼ਤਿਆਕ ਅਹਿਮਦ ਦਾ ਕੁੰਜੀਵਤ ਭਾਸ਼ਨ ਸੀ ਜੋ ਉਨ੍ਹਾਂ ਆਪਣੇ ਤਿੰਨ ਦਹਾਕਿਆਂ ਦੇ ਪਰਵਾਸੀ ਜੀਵਨ ਵਿੱਚ ਕੀਤੇ ਖੋਜ ਕਾਰਜਾਂ ਵਿੱਚੋਂ ਇੱਕ ਖੋਜ ਕਾਰਜ ’ਤੇ ਲਿਖੇ ਥੀਸਸ ‘ਪੰਜਾਬ ਮਾਈਗ੍ਰੇਸ਼ਨ-ਪੋਸਟ ਐਂਡ ਪਰੀਪਾਰਟੀਸ਼ਨ ਜੈਨੋਸਾਈਡ’ ’ਤੇ ਆਧਾਰਿਤ ਸੀ। ਇਸ ਦਾ ਪੰਜਾਬੀ ਵਿੱਚ ਉਲੱਥਾ ‘ਵੱਢਿਆ ਟੁੱਕਿਆ ਪੰਜਾਬ’ ਨਾਂ ਹੇਠ ਹੋ ਚੁੱਕਾ ਹੈ। ਉਨ੍ਹਾਂ ਆਪਣੇ ਭਾਸ਼ਨ ਵਿੱਚ 1926 ਤੋਂ ਲੈ ਕੇ 1947 ਤੱਕ ਮੁਸਲਿਮ ਤੇ ਹਿੰਦੂ ਨੇਤਾਵਾਂ ਵੱਲੋਂ ਕੀਤੀਆਂ ਰਾਜਨੀਤਕ ਚੁਸਤੀਆਂ ਚਲਾਕੀਆਂ ਨੂੰ ਸਪੱਸ਼ਟ ਤੌਰ ’ਤੇ ਬਿਆਨਿਆ। ਹਾਲ ਨੰਬਰ 2 ਵਿੱਚ ਖੋਜ ਪੱਤਰ ਪੜ੍ਹਨ ਉਪਰੰਤ ਚਾਰ ਵਜੇ ਦੋ ਕਿਤਾਬਾਂ ਬਾਰੇ ਵਿਚਾਰ-ਚਰਚਾ ਉਪਰੰਤ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਮੇਰੀ ਨਵੀਂ ਛਪੀ ਕਿਤਾਬ ‘ਲਹਿੰਦੇ ਪੰਜਾਬ ’ਚ 14 ਦਿਨ’ ਦਾ ਸ਼ਾਹਮੁਖੀ ਵਿੱਚ ਉਲੱਥਾ ਵਾਲੀ ਕਿਤਾਬ ਵੀ ਸ਼ਾਮਲ ਸੀ। ਭਰਵੀਂ ਵਿਚਾਰ-ਚਰਚਾ ਬਾਅਦ ਕਿਤਾਬ ਰਿਲੀਜ਼ ਹੋਈ। ਦੂਸਰਾ ਰਿਦਾ ਫਾਤਿਮਾ ਦਾ ਕਾਵਿ-ਸੰਗ੍ਰਹਿ ‘ਰੰਨ ਰਾਗ’ ਸੀ। ਇਸ ਤੋਂ ਬਾਅਦ ਨੌਜੁਆਨ ਕਵੀਆਂ ਦਾ ਮੁਸ਼ਾਇਰਾ ਹੋਇਆ। ਉੱਧਰ ਹਾਲ ਨੰਬਰ 1 ਵਿੱਚ 7:00 ਵਜੇ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ’ਤੇ ਧਮਾਲ ਅਤੇ ਲਾਲ ਬੈਂਡ ਵੱਲੋਂ ਸੱਭਿਆਚਾਰਕ ਪ੍ਰੋਗਰਾਮਾਂ ਨੇ ਰੰਗ ਬੰਨ੍ਹ ਦਿੱਤਾ।
ਕਾਨਫਰੰਸ ਦਾ ਤੀਜਾ ਦਿਨ ਵੀ ਪਹਿਲੇ ਦਿਨਾਂ ਵਾਂਗ ਚੜ੍ਹਦੇ ਪੰਜਾਬ ਦੇ ਸ਼ਾਇਰ ਜਸਵੰਤ ਜ਼ਫ਼ਰ ਅਤੇ ਪੀਪੀ ਟੀਮ ਦੇ ਆਮਿਰ ਰਜ਼ਾ ਦੇ ਸੰਬੋਧਨਾਂ ਨਾਲ ਸ਼ੁਰੂ ਹੋਇਆ। ਪੰਜਾਬੀ ਪੱਤਰਕਾਰੀ ਕੱਲ੍ਹ ਅੱਜ ਤੇ ਭਲਕ, ਪੰਜਾਬੀ ਕਿਸਾਨਾਂ ਨਾਲ ਸਰਕਾਰਾਂ ਦਾ ਵਰਤਾਰਾ, ਬਸਤੀਵਾਦ ਦਾ ਪੰਜਾਬ ਉੱਤੇ ਪ੍ਰਭਾਵ ਅਤੇ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਦਾ ਵਿਕਾਸ, ਚਾਰ ਵਿਸ਼ਿਆਂ ’ਤੇ ਭਖਵੇਂ ਪੈਨਲ ਡਿਸਕਸ਼ਨਜ਼ ਹੋਏ। ਇਸ ਤੋਂ ਬਾਅਦ ਸਨਮਾਨ ਸਮਾਰੋਹ ਹੋਇਆ ਜਿਸ ਵਿੱਚ ਵਿਦੇਸ਼ਾਂ ਤੋਂ ਆਏ ਡੈਲੀਗੇਟਾਂ ਨੂੰ ਕਾਨਫਰੰਸ ਵਿੱਚ ਹਿੱਸਾ ਲੈਣ ’ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ। ਚੜ੍ਹਦੇ ਪੰਜਾਬ ਤੋਂ ਆਏ ਫਿਲਮੀ ਖੇਤਰ ਦੇ ਡੈਲੀਗੇਟਾਂ ਅਤੇ ਬਠਿੰਡੇ ਤੋਂ ਆਏ ਚਿੱਤਰਕਾਰ ਨੇ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਸ਼ੀਲਡਾਂ, ਸ਼ਾਲਾਂ ਅਤੇ ਹੱਥੀਂ ਬਣਾਏ ਪੋਰਟਰੇਟਾਂ ਨਾਲ ਸਨਮਾਨਤ ਕੀਤਾ। ਕੁਝ ਚੋਣਵੇਂ ਡੈਲੀਗੇਟਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਐਵਾਰਡ ਆਫ ਐਕਸੀਲੈਂਸ ਦਿੱਤੇ ਗਏ। ਮੈਨੂੰ ਵੀ ‘ਪੰਜਾਬੀ ਪ੍ਰਚਾਰਕ ਐਕਸੀਲੈਂਸ ਐਵਾਰਡ’ ਨਾਲ ਸਨਮਾਨਤ ਹੋਣ ਦਾ ਮਾਣ ਪ੍ਰਾਪਤ ਹੋਇਆ। ਤੁਰੰਤ ਬਾਅਦ ਹਾਲ ਦੇ ਬਾਹਰ ਖੁੱਲ੍ਹੇ ਵਿਹੜੇ ਵਿੱਚ ਆਰਿਫ਼ ਲੁਹਾਰ ਦਾ ਅਖਾੜਾ ਲੱਗ ਗਿਆ। ਸਟੇਜ ਦੁਆਲੇ ਭੀੜ ਦਾ ਕੋਈ ਅੰਤ ਨਹੀਂ ਸੀ। ਕੁਰਸੀਆਂ ਉੱਪਰ ਖਲੋ ਕੇ ਅਰਿਫ਼ ਲੁਹਾਰ ਦਾ ਚਿਹਰਾ ਵੇਖਿਆ। ਇੱਕ ਘੰਟਾ ਜਮ ਕੇ ਆਰਿਫ਼ ਲੁਹਾਰ ਦੇ ਗੀਤਾਂ ਨੇ ਰੌਣਕ ਲਾਈ ਅਤੇ ਲੋਕਾਂ ਨੂੰ ਨਚਾਇਆ। ਫਿਰ ਹਾਲ ਵਿੱਚ ਪੰਜਾਬੀ ਸ਼ਾਇਰਾਂ ਦਾ ਮੁਸ਼ਇਰਾ ਸ਼ੁਰੂ ਹੋ ਗਿਆ ਜਿਸ ਦਾ ਸੰਚਾਲਨ ਜਸਵੰਤ ਜ਼ਫ਼ਰ ਨੇ ਕੀਤਾ।
ਇਸ ਤਰ੍ਹਾਂ ਲਾਹੌਰ ਵਿਖੇ ਤਿੰਨ ਰੋਜ਼ਾ ‘ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ’ ਪੰਜਾਬੀਆਂ ਦੇ ਜੋਸ਼ੋ-ਖਰੋਸ਼ ਭਰੀ ਸ਼ਮੂਲੀਅਤ ਨਾਲ ਸੰਪੂਰਨ ਹੋਈ। ਤਿੰਨ ਦਿਨ ਵਿਆਹ ਵਰਗਾ ਮਾਹੌਲ ਬਣਿਆ ਰਿਹਾ। ਜਿੱਥੇ ਪੰਜਾਬ ਤੇ ਪੰਜਾਬੀ ਨਾਲ ਸਬੰਧਤ ਮੁੱਦਿਆਂ ’ਤੇ ਸੰਜੀਦਾ ਵਿਚਾਰ ਵਟਾਂਦਰੇ ਹੋਏ ਉੱਥੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵੱਲ ਕਦਮ ਪੁੱਟੇ ਗਏ। ਸਭ ਤੋਂ ਮਹੱਤਵਪੂਰਨ ਗੱਲ ਇਹ ਹੋਈ ਕਿ ਸੱਦੇ ਗਏ 30-35 ਵਿਦੇਸ਼ੀ ਡੈਲੀਗੇਟਾਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਲੋਕਾਂ ਦੇ ਅਣਸੱਦੇ ਸੈਂਕੜਿਆਂ ਦੇ ਇਕੱਠ ਦੀ ਆਪਮੁਹਾਰੀ ਸ਼ਮੂਲੀਅਤ ਕਾਨਫਰੰਸ ਦੀ ਵੱਡੀ ਪ੍ਰਾਪਤੀ ਹੋ ਨਿੱਬੜੀ। ਪੰਜਾਬੀ ਬੋਲੀ ਦੇ ਪੜ੍ਹਨ ਪੜ੍ਹਾਉਣ ਦੀ ਗੱਲ ਮੂਹੋਂ ਮੂੰਹੀਂ ਹੁੰਦੀ ਘਰਾਂ ਦੀਆਂ ਦਹਿਲੀਜ਼ਾਂ ਅੰਦਰ ਦਾਖਲ ਹੋ ਲੋਕ-ਬੋਲ ਬਣਨ ਦੀਆਂ ਸੰਭਾਵਨਾਵਾਂ ਉਜਾਗਰ ਕਰ ਗਈ। ਇਸ ਕਾਨਫਰੰਸ ਵਿੱਚ ਪੰਜਾਬ ਦੇ ਸਾਬਕਾ ਗਵਰਨਰ ਅਤੇ ਅਜੋਕੀ ਸਰਕਾਰ ਦੇ ਮੰਤਰੀਆਂ ਦੀ ਹਾਜ਼ਰੀ ਪੰਜਾਬੀ ਦੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਵਿੱਚ ਸਫਲ ਰਹੀ। ਪੰਜਾਬ ਅਸੈਂਬਲੀ ਵੱਲੋਂ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਬਿੱਲ ਪਾਸ ਹੋ ਚੁੱਕਾ ਹੈ। ਅਜਿਹੀ ਲੋਕ ਆਵਾਜ਼ ਇਸ ਨੂੰ ਲਾਗੂ ਕਰਾਉਣ ਦਾ ਵੱਡਾ ਸਬੱਬ ਬਣਨ ਦੇ ਆਸਾਰ ਜ਼ਰੂਰ ਬਣਾਵੇਗੀ। ਉੱਥੇ ਸੁਣਿਆ ਕਿ ਕਾਨਫਰੰਸ ਦੇ ਆਖਰੀ ਦਿਨ ਲਾਹੌਰ ਦੇ ਇੱਕ ਬਹੁਤ ਮਸ਼ਹੂਰ ਤੇ ਵੱਡੇ ਸਕੂਲ ਨੇ ਅਗਲੇ ਸਾਲ ਤੋਂ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਾਬੀ ਪੜ੍ਹਾਉਣ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰਾਪਤੀ ਕੋਈ ਛੋਟੀ ਨਹੀਂ ਹੈ। ‘ਅਗਾਜ਼ ਅੱਛਾ ਹੈ ਤੋ ਅੰਜ਼ਾਮ ਭੀ ਅੱਛਾ ਹੋਗਾ’ ਇਸ ਆਸ ਤੇ ਉਮੀਦ ਨਾਲ ਕਾਨਫਰੰਸ ਦੀ ਅਹਿਮੀਅਤ ਦੀ ਦਾਦ ਦੇਣੀ ਬਣਦੀ ਹੈ।
ਸੰਪਰਕ: 403-402-9635

Advertisement

Advertisement
Author Image

joginder kumar

View all posts

Advertisement