ਜਥੇਦਾਰ ਦੇ ਪਰਿਵਾਰ ਬਾਰੇ ਬੋਲਣਾ ਅਕਾਲੀ ਦਲ ਦਾ ਵਿਰਸਾ ਨਹੀਂ: ਸੰਧਵਾਂ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 17 ਅਕਤੂਬਰ
ਜਥੇਦਾਰ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਦੇ ਮਾਮਲੇ ’ਤੇ ਵਿਧਾਨ ਸਭਾ ਦੇ ਸਪੀਕਰ ਨੇ ਸਖ਼ਤ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਜਥੇਦਾਰ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਟਿੱਪਣੀਆਂ ਨੂੰ ਮੰਦਭਾਗਾ ਦੱਸਿਆ। ਕੁਲਤਾਰ ਸਿੰਘ ਸੰਧਵਾਂ ਅੱਜ ਮਹਿਲਾ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਘਰ ਪਿੰਡ ਪੰਡੋਰੀ ਪਹੁੰਚੇ ਸਨ। ਇਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰਸਾ ਸਿੰਘ ਵਲਟੋਹਾ ਦਾ ਨਾਮ ਲਏ ਬਗੈਰ ਕਿਹਾ ਕਿ ਇਸ ਤਰ੍ਹਾਂ ਦੀ ਗੱਲ ਕਦੇ ਵੀ ਅਕਾਲੀ ਦਲ ਦੇ ਵਿਰਸੇ ਵਿੱਚ ਨਹੀਂ ਸੀ। ਸਪੀਕਰ ਸੰਧਵਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਤਖ਼ਤ ਸਾਹਿਬਾਨ ਅਤੇ ਜਥੇਦਾਰ ਸਾਹਿਬਾਨ ਨੂੰ ਸਤਿਕਾਰ ਨਹੀਂ ਦੇ ਸਕਦਾ, ਉਹ ਅਕਾਲੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਡੇ ਲਈ ਸਭ ਤੋਂ ਵੱਧ ਸਤਿਕਾਰਯੋਗ ਤਖ਼ਤ ਸਾਹਿਬ ਅਤੇ ਉਨ੍ਹਾਂ ’ਤੇ ਬੈਠੀਆਂ ਸ਼ਖ਼ਸੀਅਤਾਂ ਹਨ। ਜਥੇਦਾਰ ਸਾਹਿਬਾਨ ਉਪਰ ਨਿੱਜੀ ਟਿੱਪਣੀ, ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼, ਉਨ੍ਹਾਂ ਦੀਆਂ ਧੀਆਂ ਬਾਰੇ ਬੋਲਣਾ ਬਰਦਾਸ਼ਤ ਤੋਂ ਬਾਹਰ ਹੈ। ਇਸ ਗੱਲ ਨਾਲ ਸਮੁੱਚੀ ਸਿੱਖ ਸੰਗਤ ਨੂੰ ਠੇਸ ਪੁੱਜੀ ਹੈ। ਕੈਨੇਡਾ ਅਤੇ ਅਮਰੀਕਾ ਨਾਲ ਦੇਸ਼ ਦੇ ਵਿਗੜ ਰਹੇ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਨਾਲ ਰਿਸ਼ਤੇ ਨਹੀਂ ਵਿਗੜਨੇ ਚਾਹੀਦੇ ਸਗੋਂ ਹਰ ਮਸਲਾ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ ਹੈ। ਇਸ ਮੌਕੇ ਪਿੰਡ ਪੰਡੋਰੀ ਦੇ ਨਵੇਂ ਜਿੱਤੇ ਸਰਪੰਚ ਕੈਪਟਨ ਜਤਿੰਦਰਪਾਲ ਸਿੰਘ ਅਤੇ ਸਮੁੱਚੀ ਪੰਚਾਇਤ ਹਾਜ਼ਰ ਸੀ।