ਪਾਕਿਸਤਾਨ ਦੀਆਂ ਚੋਣਾਂ ਦੀ ਬਾਤ
ਉੱਘੀ ਪਾਕਿਸਤਾਨੀ ਪੱਤਰਕਾਰ ਮਲੀਹਾ ਲੋਧੀ ਜੋ ਕਈ ਕੂਟਨੀਤਕ ਸੇਵਾਵਾਂ ਵੀ ਨਿਭਾ ਚੁੱਕੇ ਹਨ, ਨੇ ਇਕ ਅਖ਼ਬਾਰੀ ਰਿਪੋਰਟ ਵਿਚ ਇਹ ਗੱਲ ਸਾਂਝੀ ਕੀਤੀ ਹੈ ਕਿ ਪਾਕਿਸਤਾਨ ਦੇ ਮੌਜੂਦਾ ਫ਼ੌਜੀ ਨਿਜ਼ਾਮ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਇਮਰਾਨ ਖ਼ਾਨ ਐਤਕੀਂ ਚੋਣਾਂ ਜਿੱਤ ਕੇ ਦੁਬਾਰਾ ਪ੍ਰਧਾਨ ਮੰਤਰੀ ਦੀ ਗੱਦੀ ਨਾ ਸੰਭਾਲ ਸਕਣ। ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ 14 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਇਮਰਾਨ ਖ਼ਾਨ ਨੂੰ ਸਰਕਾਰੀ ਭੇਤ ਨਸ਼ਰ ਕਰਨ ਦੇ ਦੋਸ਼ ਹੇਠ ਦਸ ਸਾਲਾਂ ਦੀ ਕੈਦ ਦੀ ਸਜ਼ਾ ਵੀ ਕੀਤੀ ਗਈ ਹੈ। ਇਹ ਵੀ ਕੋਈ ਹੈਰਤ ਦੀ ਗੱਲ ਨਹੀਂ ਸੀ ਕਿ ਤਤਕਾਲੀ ਸੈਨਾਪਤੀ ਜਨਰਲ ਕਮਰ ਜਾਵੇਦ ਬਾਜਵਾ ਦੇ ਚਹੇਤੇ ਜਨਰਲ ਆਸਿਮ ਮੁਨੀਰ ਨੂੰ ਨਵੰਬਰ 2022 ਵਿਚ ਉਨ੍ਹਾਂ ਦਾ ਉਤਰਾਧਿਕਾਰੀ ਥਾਪ ਦਿੱਤਾ ਗਿਆ ਸੀ ਅਤੇ ਜਨਰਲ ਮੁਨੀਰ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਅਮਰੀਕਾ ਦੀ ਕੀਤੀ ਗਈ ਸੀ। ਜਨਰਲ
ਬਾਜਵਾ ਨੇ ਹੀ ਅਮਰੀਕਾ ਦੇ ਇਸ਼ਾਰੇ ’ਤੇ ਯੂਕਰੇਨ ਨੂੰ ਹਥਿਆਰ ਤੇ ਗੋਲੀ ਸਿੱਕਾ ਮੁਹੱਈਆ ਕਰਵਾਇਆ ਸੀ। ਪਾਕਿਸਤਾਨ ਵਿਚ ਅਮਰੀਕਾ ਦਾ ਹਮੇਸ਼ਾ ਤੋਂ ਹੀ ਚੋਖਾ ਅਸਰ ਰਸੂਖ ਬਣਿਆ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਸ ਨਾਲ ਪਾਕਿਸਤਾਨ ਦੀ ਚੀਨ ਨਾਲ ਦੋਸਤੀ ਉਪਰ ਵੀ ਕੋਈ ਪ੍ਰਭਾਵ ਨਹੀਂ ਪਿਆ।
ਪਾਕਿਸਤਾਨੀ ਫ਼ੌਜ ਦੇਸ਼ ਦੀ ਵਿਦੇਸ਼ ਨੀਤੀ ਅਤੇ ਇਸ ਦੇ ਘਰੇਲੂ ਮਾਮਲਿਆਂ ਵਿਚ ਬਹੁਤ ਹੀ ਅਹਿਮ ਅਤੇ ਫ਼ੈਸਲਾਕੁਨ ਕਿਰਦਾਰ ਨਿਭਾਉਂਦੀ ਹੈ। ਸੈਨਾਪਤੀ ਨੇ ਹੀ ਇਹ ਯਕੀਨੀ ਬਣਾਇਆ ਹੈ ਕਿ ਇਮਰਾਨ ਖ਼ਾਨ ਨੂੰ ਪਾਰਲੀਮੈਂਟ ਦੀਆਂ ਚੋਣਾਂ ਜਿੱਤ ਕੇ ਫਿਰ ਸੱਤਾ ਦੀ ਵਾਗਡੋਰ ਨਾ ਸੰਭਾਲਣ ਦਿੱਤੀ ਜਾਵੇ। ਇਮਰਾਨ ਖ਼ਾਨ ਪ੍ਰਧਾਨ ਮੰਤਰੀ ਹੁੰਦਿਆਂ ਵੀ ਅਮਰੀਕਾ ਖਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦੇ ਰਹੇ ਸਨ। ਇਸ ਤੋਂ ਇਲਾਵਾ ਇਮਰਾਨ ਖ਼ਾਨ ਅਤੇ ਜਨਰਲ ਮੁਨੀਰ ਵਿਚਕਾਰ ਰਿਸ਼ਤੇ ਬਹੁਤੇ ਵਧੀਆ ਨਹੀਂ ਹਨ ਕਿਉਂਕਿ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਹੁੰਦਿਆਂ ਜਨਰਲ ਮੁਨੀਰ ਨੂੰ ਆਈਐੱਸਆਈ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
ਪਾਕਿਸਤਾਨ ਇਸ ਸਮੇਂ ਸਿਰਫ਼ ਭਾਰਤ ਕਰ ਕੇ ਨਹੀਂ ਸਗੋਂ ਕਈ ਮੁਲਕਾਂ ਕਾਰਨ ਵੀ ਫਿ਼ਕਰਮੰਦ ਹੈ। ਪਾਕਿਸਤਾਨ ਦੇ ਆਪਣੇ ਦੋ ਉੱਤਰੀ ਪੱਛਮੀ ਗੁਆਂਢੀਆਂ ਅਫ਼ਗਾਨਿਸਤਾਨ ਅਤੇ ਇਰਾਨ ਨਾਲ ਗੰਭੀਰ ਮਤਭੇਦ ਪੈਦਾ ਹੋ ਗਏ ਹਨ। ਅਫ਼ਗਾਨਿਸਤਾਨ ਨੂੰ ਚੀਨ ਅਤੇ ਇਰਾਨ ਵਲੋਂ ਪਲੋਸਿਆ ਜਾ ਰਿਹਾ ਹੈ; ਪਾਕਿਸਤਾਨ ਆਪਣੇ ਕੋਲ ਰਹਿ ਰਹੇ 3.7-4.4 ਕਰੋੜ ਅਫ਼ਗਾਨ/ਪਖਤੂਨ ਸ਼ਰਨਾਰਥੀਆਂ ਨੂੰ ਵਾਪਸ ਭੇਜਣਾ ਚਾਹੁੰਦਾ ਹੈ। ਇਹ ਸ਼ਰਨਾਰਥੀ ਅਫ਼ਗਾਨ ਨਾਗਰਿਕ ਹਨ ਜਿਨ੍ਹਾਂ ਨੂੰ ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿਚ ਪਹਿਲਾਂ ਸੋਵੀਅਤ ਸੰਘ ਦੀਆਂ ਫ਼ੌਜਾਂ ਅਤੇ ਫਿਰ ਅਮਰੀਕੀ ਫ਼ੌਜਾਂ ਖਿਲਾਫ਼ ਲੁਕਵੇਂ ਯੁੱਧ ਲਈ ਵਰਤਿਆ ਸੀ। ਅਫ਼ਗਾਨਿਸਤਾਨ ਵਿਚ ਭਾਰਤ ਦੀ ਮੌਜੂਦਗੀ ਦਾ ਅਫ਼ਗਾਨ ਨਾਗਰਿਕਾਂ ਨੇ ਸਵਾਗਤ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਆਰਥਿਕ
ਇਮਦਾਦ ਅਤੇ ਕਣਕ ਤੋਂ ਲੈ ਕੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ ਅਤੇ ਸਿੱਖਿਆ ਦੇ ਰੂਪ ਵਿਚ ਸਹਾਇਤਾ ਦਿੱਤੀ ਜਾ ਰਹੀ ਸੀ।
ਹਾਲ ਹੀ ਵਿਚ ਤਾਲਬਿਾਨ ਨੇ ਕਾਬੁਲ ਵਿਚ ਖੇਤਰੀ ਸਹਿਯੋਗ ਲਈ ਸੰਮੇਲਨ ਕਰਵਾਇਆ ਸੀ ਜਿਸ ਵਿਚ ਹਿੱਸਾ ਲੈਣ ਵਾਲਿਆਂ ਵਿਚ ਭਾਰਤ, ਕਜ਼ਾਖਿ਼ਸਤਾਨ, ਤੁਰਕੀ, ਰੂਸ, ਚੀਨ, ਇਰਾਨ, ਪਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਇੰਡੋਨੇਸ਼ੀਆ ਅਤੇ ਕਿਰਗਿਜ਼ਸਤਾਨ ਸ਼ਾਮਿਲ ਸਨ। ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਅਫ਼ਗਾਨਿਸਤਾਨ ਵਿਚ ਕਣਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਿੱਖਿਆ ਦੇ ਰੂਪ ਵਿਚ ਸਹਾਇਤਾ ਜਾਰੀ ਰੱਖੇ। ਪਾਕਿਸਤਾਨ ਹੁਣ ਇਸ ਇਮਦਾਦ ਵਿਚ ਅਡਿ਼ੱਕਾ ਪਾਉਣ ਦੀ ਸਥਿਤੀ ਵਿਚ ਨਹੀਂ ਰਿਹਾ ਕਿਉਂਕਿ ਇਹ ਸਮੱਗਰੀ ਇਰਾਨ ਵਿਚ ਚਾਬਹਾਰ ਬੰਦਰਗਾਹ ਰਾਹੀਂ ਭੇਜੀ ਜਾ ਰਹੀ ਹੈ। ਇਸ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਵੀ ਤਾਲਬਿਾਨ ਸਰਕਾਰ ਨਾਲ ਕਰੀਬੀ ਸਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਪਾਕਿਸਤਾਨ ਵਿਚ 8 ਫਰਵਰੀ ਨੂੰ ਆਮ ਚੋਣਾਂ ਲਈ ਵੋਟਾਂ ਪਾਈਆਂ ਜਾਣਗੀਆਂ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਵਿਚਕਾਰ ਦੁਸ਼ਮਣੀ ਜੱਗ-ਜ਼ਾਹਿਰ ਹੋ ਗਈ ਹੈ ਜਿਸ ਦੇ ਪੇਸ਼ੇਨਜ਼ਰ ਇਹ ਚੋਣਾਂ ਬਹੁਤ ਅਹਿਮ ਮੰਨੀਆਂ ਜਾ ਰਹੀਆਂ ਹਨ। ਇਮਰਾਨ ਖ਼ਾਨ ਨੇ ਆਪਣੀ ਸਰਕਾਰ ਵੇਲੇ ਜਨਰਲ ਮੁਨੀਰ ਨੂੰ ਆਈਐੱਸਆਈ ਦੇ ਡੀਜੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਜਿਸ ਕਰ ਕੇ ਹੁਣ ਗਿਣ ਮਿੱਥ ਕੇ ਇਮਰਾਨ ਖ਼ਾਨ ਨੂੰ ਸਰਕਾਰੀ ਨੇਮਾਂ ਦੀ ਉਲੰਘਣਾ ਦੇ ਕੇਸਾਂ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਨ੍ਹਾਂ ਵਿਚ ਇਕ ਕੇਸ ਵਾਸ਼ਿੰਗਟਨ ਵਿਚ ਪਾਕਿਸਤਾਨੀ ਰਾਜਦੂਤ ਅਸਦ ਮਜੀਦ ਖ਼ਾਨ ਵਲੋਂ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨਾਲ ਹੋਈ ਮੀਟਿੰਗ ਦੇ ਵੇਰਵਿਆਂ ਬਾਰੇ ਇਕ ਸੰਦੇਸ਼ ਨੂੰ ਨਸ਼ਰ ਕਰਨ ਨਾਲ ਸਬੰਧਿਤ ਸੀ। ਇਹ ਸੰਦੇਸ਼ ਪਾਕਿਸਤਾਨ ਵਿਚ ਅਮਰੀਕਾ ਦੀ ਪਸੰਦ ਜਾਂ ਨਾਪਸੰਦ ਦੀਆਂ ਨੀਤੀਆਂ ਬਾਬਤ ਸੀ ਅਤੇ ਇਮਰਾਨ ਖ਼ਾਨ ਨੂੰ ਗ਼ਲਤ ਸਲਾਹ ਮਿਲਣ ਕਰ ਕੇ ਉਨ੍ਹਾਂ ਇਸ ਨੂੰ ਬੇਪਰਦ ਕਰ ਦਿੱਤਾ ਸੀ। ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਖਿਲਾਫ਼ ਬਹੁਤ ਤੇਜ਼ੀ ਨਾਲ ਮੁਕੱਦਮਾ ਚਲਾ ਕੇ ਸਜ਼ਾ ਦੇ ਦਿੱਤੀ ਗਈ ਹੈ।
ਬਹਰਹਾਲ, ਇਮਰਾਨ ਖ਼ਾਨ ਨੇ ਕੌਮੀ ਸੁਰੱਖਿਆ ਦੇ ਕਾਨੂੰਨਾਂ ਨੂੰ ਤੋੜਨ ਦੇ ਦੋਸ਼ਾਂ ਦਾ ਖੰਡਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਫ਼ਰਜ਼ ਬਣਦਾ ਸੀ ਕਿ ਵਾਸ਼ਿੰਗਟਨ ਤੋਂ ਆਏ ਸੰਦੇਸ਼ ਨੂੰ ਪਾਕਿਸਤਾਨ ਦੇ ਲੋਕ ਜਾਣ ਸਕਣ ਕਿਉਂਕਿ ਇਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਅਮਰੀਕੀ ਸਰਕਾਰ ਨੇ ਉਨ੍ਹਾਂ ਨੂੰ ਸੱਤਾ ਤੋਂ ਲਾਹੁਣ ਦੀ ਸਾਜਿ਼ਸ਼ ਰਚੀ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਸਭ ਕੁਝ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਇਕ ਇਰਾਨੀ ਜਹਾਜ਼ ਜਿਸ ਦਾ ਸਾਰਾ ਚਾਲਕ ਦਸਤਾ ਪਾਕਿਸਤਾਨੀ ਸੀ, ਨੂੰ ਸੋਮਾਲੀਆ ਦੇ ਕੰਢੇ ਤੋਂ ਧਾੜਵੀਆਂ ਨੇ ਅਗਵਾ ਕਰ ਲਿਆ। ਭਾਰਤੀ ਜਲ ਸੈਨਾ ਦੇ ਇਕ ਜੰਗੀ ਬੇੜੇ ਦੀ ਕਾਰਵਾਈ ਸਦਕਾ ਪਾਕਿਸਤਾਨੀ ਚਾਲਕ ਦਸਤੇ ਨੂੰ ਛੁਡਵਾ ਲਿਆ ਗਿਆ। ਪਾਕਿਸਤਾਨੀ ਅਧਿਕਾਰੀਆਂ ਨੇ ਇਨ੍ਹਾਂ ਘਟਨਾਵਾਂ ਬਾਰੇ ਅਜੇ ਤੱਕ ਚੁੱਪ ਵੱਟੀ ਹੋਈ ਹੈ।
ਇਮਰਾਨ ਖ਼ਾਨ ਦੇ ਸੱਤਾ ਤੋਂ ਲਾਂਭੇ ਹੋਣ ਮਗਰੋਂ ਜਨਰਲ ਮੁਨੀਰ ਵੱਲੋਂ ਸੈਨਾ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦੇ ਹਮਾਇਤੀਆਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਮਰਾਨ ਖ਼ਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵਿਸ਼ੇਸ਼ ਅਦਾਲਤ ਨੇ ਦਸ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਮਰਾਨ ਖ਼ਾਨ ਨੂੰ ਸੈਨਾਪਤੀ ਜਨਰਲ ਆਸਿਮ ਮੁਨੀਰ ਦੇ ਗੁੱਸੇ ਦਾ ਕਹਿਰ ਝੱਲਣਾ ਪੈ ਰਿਹਾ ਹੈ।
ਪਾਕਿਸਤਾਨ ਵਿਚ ਆਮ ਪ੍ਰਭਾਵ ਬਣਿਆ ਹੋਇਆ ਹੈ ਕਿ ਜੇ ਇਮਰਾਨ ਖ਼ਾਨ ਨੂੰ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਂਦੀ ਤਾਂ ਉਨ੍ਹਾਂ ਦੀ ਪਾਰਟੀ ਨੇ ਸਾਫ਼ ਤੌਰ ’ਤੇ ਜਿੱਤ ਦਰਜ ਕਰਨੀ ਸੀ। ਬਹਰਹਾਲ, ਹੁਣ ਕਈਆਂ ਨੂੰ ਆਸ ਹੈ ਕਿ ਨਵਾਜ਼ ਸ਼ਰੀਫ਼ ਦੀ ਪਾਰਟੀ ਕੌਮੀ ਅਸੈਂਬਲੀ ਦੀਆਂ ਚੋਣਾਂ ਵਿਚ ਸਭ ਤੋਂ ਵੱਡੀ ਧਿਰ ਬਣ ਕੇ ਉਭਰੇਗੀ। ਸ਼ਰੀਫ਼ ਨੇ ਭਾਰਤ ਨਾਲ ਚੰਗੇ ਸਬੰਧ ਕਾਇਮ ਕਰਨ ਦਾ ਵਾਅਦਾ ਕੀਤਾ ਹੈ ਪਰ ਇਸ ਮੁਤੱਲਕ ਸੋਚ ਸਮਝ ਕੇ ਹੀ ਚੱਲਣ ਦੀ ਲੋੜ ਹੈ ਕਿ ਸ਼ਰੀਫ਼ ਅਤੇ ਸੈਨਾ ਮੁਖੀ ਮੁਨੀਰ ਭਾਰਤ ਨਾਲ ਸਬੰਧਾਂ ਦੇ ਸਵਾਲ ’ਤੇ ਕਿਹੋ ਜਿਹਾ ਰੁਖ਼ ਰੱਖਦੇ ਹਨ। ਹਾਲਾਂਕਿ ਪਾਕਿਸਤਾਨੀ ਫ਼ੌਜ ਦੇ ਸਾਬਕਾ ਥਲ ਸੈਨਾ ਮੁਖੀ ਜਨਰਲ ਬਾਜਵਾ ਭਾਰਤ ਨਾਲ ਚੰਗੇ ਸਬੰਧ ਕਾਇਮ ਕਰਨ ਦੇ ਹਾਮੀ ਸਨ ਪਰ ਇਸ ਮਾਮਲੇ ’ਤੇ ਉਨ੍ਹਾਂ ਦੇ ਉਤਰਾਧਿਕਾਰੀ ਜਨਰਲ ਮੁਨੀਰ ਦੀ ਸੋਚ ਉਨ੍ਹਾਂ ਨਾਲ ਨਹੀਂ ਮਿਲਦੀ। ਨਵਾਜ਼ ਸ਼ਰੀਫ਼ ਦਾ ਵੀ ਖ਼ਾਲਿਸਤਾਨੀ ਯਾਤਰੀਆਂ ਨਾਲ ਘੁਲਣ ਮਿਲਣ ਦਾ ਰਿਕਾਰਡ ਰਿਹਾ ਹੈ, ਜ਼ਾਹਿਰਾ ਤੌਰ ’ਤੇ ਜਿਸ ਦੇ ਚੰਗੇ ਕਾਰਨ ਨਹੀਂ ਰਹੇ ਹੋਣਗੇ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਉਂਝ, ਪਾਕਿਸਤਾਨੀ ਨਿਜ਼ਾਮ ਦੋਵਾਂ ਦੇਸ਼ਾਂ ਦਰਮਿਆਨ ਲੋਕਾਂ ਦੇ ਆਪਸੀ ਰਾਬਤੇ, ਵਪਾਰ ਅਤੇ ਆਰਥਿਕ ਸਹਿਯੋਗ ਤੋਂ ਭੈਅ ਖਾਂਦਾ ਹੈ। ਇਹ ਦੇਖਣਾ ਅਜੇ ਬਾਕੀ ਹੈ ਕਿ ਨਵਾਜ਼ ਸ਼ਰੀਫ ਅਤੇ ਜਨਰਲ ਮੁਨੀਰ ਇਹੋ ਜਿਹੇ ਪ੍ਰਸਤਾਵਾਂ ਬਾਰੇ ਕੀ ਮਹਿਸੂਸ ਕਰਦੇ ਹਨ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।