ਅਦਾਕਾਰੀ ਤੇ ਆਵਾਜ਼ ਦਾ ਜਾਦੂਗਰ ਤਲਤ ਹੁਸੈਨ
ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ
ਪਾਕਿਸਤਾਨੀ ਅਤੇ ਭਾਰਤੀ ਲੋਕਾਂ ਦੇ ਦਿਲਾਂ ਦੀ ਧੜਕਣ, ਸਿਨੇਮਾ, ਰੰਗਮੰਚ, ਰੇਡੀਓ, ਟੈਲੀਵਿਜ਼ਨ ਡਰਾਮਿਆਂ ਦਾ ਪ੍ਰਸਿੱਧ ਕਲਾਕਾਰ ਤਲਤ ਹੁਸੈਨ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ।
ਸਿਨੇਮਾ ਦੇ ਸੁਹਜ, ਇਸ ਦੇ ਅਨੁਭਵ ਤੇ ਜੀਵਨ ਦੀ ਹਕੀਕਤ ਦੇ ਚਿਤਰਣ ਅਤੇ ਇਨ੍ਹਾਂ ਦੇ ਸੁਮੇਲ ਬਾਰੇ ਜਾਣਨ ਲਈ ਤਲਤ ਹੁਸੈਨ ਦੀ ਅਦਾਕਾਰੀ ਨੂੰ ਪਰਦੇ ’ਤੇ ਦੇਖਣਾ ਲਾਜ਼ਮੀ ਹੈ। ਉਸ ਦੀ ਅਦਾਕਾਰੀ ਅਦਭੁੱਤ ਤੇ ਅਸਾਧਾਰਨ ਸੀ। ਉਹ ਭਾਰਤੀ ਅਤੇ ਪਾਕਿਸਤਾਨੀ ਸਿਨੇਮਾ ਦਾ ਅਜਿਹਾ ਅਦਾਕਾਰ ਸੀ ਜਿਸ ਨੇ ਆਪਣੀ ਅਦਾਕਾਰੀ ਅਤੇ ਆਵਾਜ਼ ਦੇ ਜਾਦੂ ਨਾਲ ਪੂਰੇ ਉਪ ਮਹਾਦੀਪ ਵਿੱਚ ਸਿਨੇਮਾ ਦਾ ਇੱਕ ਨਵਾਂ ਰੂਪ ਉਭਾਰਿਆ।
ਭਾਰਤੀ ਸਿਨੇਮਾ ਜਗਤ ਦੀਆਂ ਹਿੰਦੀ ਫਿਲਮਾਂ ‘ਸੌਤਨ ਕੀ ਬੇਟੀ ਅਤੇ ‘ਜਿਨਾਹ’ ਵਿੱਚ ਤਲਤ ਹੁਸੈਨ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਪਾਕਿਸਤਾਨੀ ਸਿਨੇਮਾ ਪਰਦੇ ’ਤੇ ਉਸ ਦਾ ਪੇਸ਼ੇਵਰ ਜੀਵਨ ਲੰਮਾ ਰਿਹਾ। ਅਦਾਕਾਰੀ ਦੇ ਨਾਲ-ਨਾਲ ਉਸ ਨੇ ਆਪਣੀ ਆਵਾਜ਼ ਦਾ ਅਜਿਹਾ ਜਾਦੂ ਦਿਖਾਇਆ ਕਿ ਉਹ ਬਿਹਤਰੀਨ ਆਵਾਜ਼ ਵਾਲੇ ਸਿਤਾਰਿਆਂ ’ਚੋਂ ਇੱਕ ਬਣ ਗਿਆ। ਉਸ ਨੇ ਬਹੁਤ ਸਾਰੀਆਂ ਵਿਦੇਸ਼ੀ ਫਿਲਮਾਂ ਅਤੇ ਟੈਲੀਵਿਜ਼ਨ ਡਰਾਮਾ, ਲੌਂਗ ਪਲੇਅ ਵਿੱਚ ਕੰਮ ਕੀਤਾ। 2006 ਵਿੱਚ ਬੀਬੀਸੀ ਚੈਨਲ ਫੋਰ ਦੇ ਪ੍ਰਸਿੱਧ ਲੜੀਵਾਰ ‘ਟਰੈਫਿਕ’ ਅਤੇ ‘ਫੈਮਿਲੀ ਪ੍ਰਾਈਡ’ ਵਿੱਚ ਉਸ ਦੀ ਕਾਰਗੁਜ਼ਾਰੀ ਨੇ ਪੂਰੀ ਦੁਨੀਆ ’ਚ ਵਸਦੇ ਹਿੰਦੋਸਤਾਨੀ, ਹਿੰਦੀ ਅਤੇ ਉਰਦੂ ਭਾਸ਼ਾਈ ਲੋਕਾਂ ’ਚ ਪ੍ਰਸਿੱਧੀ ਹਾਸਲ ਕੀਤੀ।
ਉਸ ਨੇ ਆਪਣੀ ਜੀਵਨੀ ’ਤੇ ਆਧਾਰਿਤ ਹਾਮਿਦ ਮੀਰ ਦੀ ਕਿਤਾਬ ‘ਇਹ ਤਲਤ ਹੁਸੈਨ’ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤੀ ਤਾਂ ਲੋਕ ਹੈਰਾਨ ਰਹਿ ਗਏ। ਉਸ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਹ ਭਾਰਤ-ਪਾਕਿਸਤਾਨ ਦੀ ਦੋਸਤੀ ਦਾ ਪੁਲ ਸੀ। ਉਸ ਦਾ ਮੰਨਣਾ ਸੀ ਕਿ ਸਮੁੱਚੇ ਅਦਾਕਾਰ ਵਰਗ ਨੂੰ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਅਤੇ ਵਿਰਾਸਤ ਨੂੰ ਕਾਇਮ ਰੱਖਣਾ ਹੋਵੇਗਾ। ਉਹ ਸਿਆਸੀ ਮਾਮਲਿਆਂ ਨੂੰ ਪਰ੍ਹੇ ਰੱਖ ਦੋਵਾਂ ਗੁਆਂਢੀ ਮੁਲਕਾਂ ਨੂੰ ਮੁਹੱਬਤ, ਸਿਨੇਮਾ, ਸੱਭਿਆਚਾਰ ਅਤੇ ਸਾਂਝੀ ਵਿਰਾਸਤ ਸਦਕਾ ਇੱਕ-ਦੂਜੇ ਨਾਲ ਜੋੜਨਾ ਚਾਹੁੰਦਾ ਸੀ।
ਮੈਨੂੰ ਇੰਗਲੈਂਡ ਦੇ ਬਰਮਿੰਘਮ ’ਚ ਉਸ ਨਾਲ ਹੋਈ ਮੁਲਾਕਾਤ ਹਾਲੇ ਤੱਕ ਯਾਦ ਹੈ। ਇਹ 1981 ਦੀ ਗੱਲ ਹੈ। ਬਰਮਿੰਘਮ ਵਿੱਚ ਫਾਈਵ ਸਟਾਰ ਸਟੂਡੀਓ ਦੇ ਰੌਸ਼ਨੀ ਭਰੇ ਕਮਰੇ ਵਿੱਚ ਤਲਤ ਹੁਸੈਨ ਨਾਲ ਮੇਰੀ ਪਹਿਲੀ ਮੁਲਾਕਾਤ ਸੀ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਹ ਇੱਕ ਸਾਧਾਰਨ ਵਿਅਕਤੀ ਸੀ ਪਰ ਮਗਰੋਂ ਉਹ ਭਾਰਤ ਅਤੇ ਪਾਕਿਸਤਾਨ ਦੇ ਇੱਕ ਅਜਿਹੇ ਕਲਾਕਾਰ ਵਜੋਂ ਉਭਰਿਆ ਜਿਸ ਨੂੰ ਸਾਂਝੀ ਵਿਰਾਸਤ ਦਾ ਸਾਂਝਾ ਕਲਾਕਾਰ ਕਿਹਾ ਜਾ ਸਕਦਾ ਹੈ।
ਤਲਤ ਹੁਸੈਨ ਬਹੁਤ ਹੀ ਸੂਝਵਾਨ ਸੀ। ਉਸ ਦਾ ਪੂਰਾ ਨਾਮ ਤਲਤ ਹੁਸੈਨ ਵਾਰਸੀ ਸੀ। ਉਹ 18 ਸਤੰਬਰ 1940 ਨੂੰ ਬਰਤਾਨਵੀ ਹਕੂਮਤ ਵਾਲੇ ਹਿੰਦੋਸਤਾਨ ’ਚ ਦਿੱਲੀ ਵਿੱਚ ਜਨਮਿਆ। ਦੇਸ਼ ਵੰਡ ਮਗਰੋਂ ਉਸ ਨੇ ਸਾਰੀ ਉਮਰ ਕਰਾਚੀ, ਲਾਹੌਰ ਵਿੱਚ ਗੁਜ਼ਾਰੀ ਅਤੇ ਲੰਡਨ ਵਿੱਚ ਕੰਮ ਕੀਤਾ ਪਰ ਆਪਣੀ ਜਨਮ ਭੋਇੰ ਦਿੱਲੀ ਲਈ ਉਸ ਦੇ ਦਿਲ ਵਿੱਚ ਪਿਆਰ ਹਮੇਸ਼ਾ ਜਿਊਂਦਾ ਰਿਹਾ।
ਉਹ ਲੰਡਨ ਅਕੈਡਮੀ ਆਫ ਮਿਊਜ਼ਿਕ ਐਂਡ ਡਰਾਮੈਟਿਕ ਆਰਟ ’ਚ ਪੜ੍ਹਿਆ। 1964 ਤੋਂ ਆਪਣੇ ਆਖ਼ਰੀ ਦਿਨਾਂ ਤੱਕ ਉਸ ਨੇ ਦੁਨੀਆ ਨੂੰ ਆਪਣੀ ਅਦਭੁੱਤ ਅਦਾਕਾਰੀ ਤੇ ਕਲਾਤਮਕਤਾ ਦਿਖਾਈ ਅਤੇ 26 ਮਈ ਨੂੰ ਸਦੀਵੀ ਵਿਛੋੜਾ ਦੇ ਗਿਆ।
ਮੁਲਾਕਾਤਾਂ ਦੌਰਾਨ ਉਹ ਸਦਾ ਪੜ੍ਹੇ-ਲਿਖੇ, ਨਿਮਰ ਅਤੇ ਸਾਧਾਰਨ ਵਿਅਕਤੀ ਵਜੋਂ ਪੇਸ਼ ਆਉਂਦਾ ਜਿਸ ਦੇ ਪਿਆਰ ਅਤੇ ਦੋਸਤੀ ’ਤੇ ਮਾਣ ਕੀਤਾ ਜਾ ਸਕਦਾ ਸੀ। ਮੈਨੂੰ ਲੰਡਨ, ਗਲਾਸਗੋ ਅਤੇ ਬਰਮਿੰਘਮ ਵਿੱਚ ਉਸ ਨਾਲ ਹੋਈਆਂ ਮੁਲਾਕਾਤਾਂ ਭੁੱਲਣੀਆਂ ਨਹੀਂ। ਅੱਜ ਉਹ ਮੈਨੂੰ ਇੱਕ ਅਜਿਹੇ ਵਿਅਕਤੀ ਵਜੋਂ ਯਾਦ ਆਉਂਦਾ ਹੈ ਜੋ ਵੱਖ-ਵੱਖ ਮਾਧਿਅਮਾਂ ਦਾ ਪ੍ਰਬੀਨ ਕਲਾਕਾਰ ਹੋਣ ਦੇ ਨਾਲ-ਨਾਲ ਚੰਗਾ ਦੋਸਤ ਅਤੇ ਇਨਸਾਨੀ ਜਜ਼ਬੇ ਨਾਲ ਭਰਪੂਰ ਸੀ। ਉਸ ਨੇ ਰਕਸ਼ੰਦਾ ਬੇਗਮ ਨਾਲ ਨਿਕਾਹ ਕੀਤਾ ਅਤੇ ਉਨ੍ਹਾਂ ਦੇ ਇੱਕ ਪੁੱਤਰ ਅਤੇ ਦੋ ਧੀਆਂ ਹਨ।
ਤਲਤ ਹੁਸੈਨ ਇੱਕ ਬਹੁਮੁਖੀ ਪ੍ਰਤਿਭਾ ਸੀ। ਉਸ ਨੇ 2012 ਵਿੱਚ ਨੈਸ਼ਨਲ ਅਕੈਡਮੀ ਆਫ਼ ਪਰਫਾਰਮਿੰਗ ਆਰਟਸ (ਐੱਨਏਪੀਏ) ਕਰਾਚੀ ਵਿੱਚ ਐਕਟਿੰਗ ਵੀ ਸਿਖਾਈ। ਪਾਕਿਸਤਾਨ ਸਰਕਾਰ ਨੇ ਉਸ ਨੂੰ ਅਦਾਕਾਰੀ ਲਈ 2021 ਵਿੱਚ ਦੇਸ਼ ਦੇ ਸਰਬਉੱਚ ਪੁਰਸਕਾਰ ਸਿਤਾਰਾ-ਏ-ਇਮਤਿਆਜ਼ ਅਤੇ 1982 ਵਿੱਚ ਪ੍ਰਾਈਡ ਆਫ਼ ਪਰਫਾਰਮੈਂਸ ਐਵਾਰਡ ਨਾਲ ਸਨਮਾਨਿਤ ਕੀਤਾ। ਉਸ ਨੂੰ ਭਾਰਤੀ ਫਿਲਮ ਜਗਤ ਤੋਂ ਵੀ ਕਈ ਪੁਰਸਕਾਰ ਵੀ ਮਿਲੇ।
1985 ਵਿੱਚ ਪ੍ਰਸਾਰਿਤ ਹੋਏ ਟੈਲੀਵਿਜ਼ਨ ਡਰਾਮੇ ‘ਕਾਰਵਾਂ’ ਨੇ ਉਸ ਨੂੰ ਪ੍ਰਸਿੱਧੀ ਦਿਵਾਈ ਪਰ 1997 ਵਿੱਚ ਆਇਆ ਲੜੀਵਾਰ ‘ਹਵਾਏਂ’ ਪਾਕਿਸਤਾਨ ਟੈਲੀਵਿਜ਼ਨ ਦੇ ਉਨ੍ਹਾਂ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਟੈਲੀਵਿਜ਼ਨ ਨੂੰ ਭਾਰਤੀ ਫਿਲਮਾਂ ਨਾਲੋਂ ਜ਼ਿਆਦਾ ਦੇਖਿਆ ਜਾਂਦਾ ਸੀ। 1993 ਦਾ ਕਸ਼ਮੀਰ ਅੱਜ ਵੀ ਮੇਰੀਆਂ ਯਾਦਾਂ ਵਿੱਚ ਤਾਜ਼ਾ ਹੈ। ਉਦੋਂ ਭਾਰਤ ਖ਼ਾਸਕਰ ਉੱਤਰੀ ਭਾਰਤ ਦੇ ਲੋਕ ਤਲਤ ਹੁਸੈਨ ਦੀ ਅਦਾਕਾਰੀ ਦੇਖਣ ਅਤੇ ਆਵਾਜ਼ ਸੁਣਨ ਲਈ ਪਾਕਿਸਤਾਨ ਟੈਲੀਵਿਜ਼ਨ ਦੇਖਦੇ ਸਨ। ਉਸ ਦੇ ਲੜੀਵਾਰ ‘ਥੋੜੀ ਖੁਸ਼ੀ ਥੋੜਾ ਗ਼ਮ’, ‘ਏਕ ਉਮੀਦ’, ‘ਨਾਈਟ ਕਾਂਸਟੇਬਲ’, ‘ਆਂਸੂ’ ਤੇ ‘ਡੌਲੀ ਆਂਟੀ ਕਾ ਡਰੀਮ ਵਿਲਾ’ ਆਦਿ ਆਪਣੀ ਮਿਸਾਲ ਆਪ ਸਨ।
ਤਲਤ ਹੁਸੈਨ ਪਾਕਿਸਤਾਨ ਅਤੇ ਭਾਰਤ ਵਿੱਚ ਤਾਂ ਪ੍ਰਸਿੱਧ ਸੀ ਹੀ, ਦੁਬਈ ਵਿੱਚ ਵੀ ਪਾਕਿਸਤਾਨੀ ਅਤੇ ਭਾਰਤੀ ਕਲਾਕਾਰਾਂ ਨਾਲ ਉਸ ਦੇ ਕਈ ਸ਼ੋਅ ਹੋਏ ਸਨ। ਉਸ ਦੀਆਂ ਪ੍ਰਸਿੱਧ ਫਿਲਮਾਂ ਵਿੱਚ ‘ਇਸ਼ਾਰਾ’, ‘ਚਿਰਾਗ,’ ‘ਗੁਮਨਾਮ’, ‘ਏਕ ਸੇ ਬੜਕਰ ਏਕ’ ਅਤੇ ‘ਲਾਜ’ ਸ਼ਾਮਲ ਹਨ ਜਦੋਂਕਿ ‘ਕੁਰਬਾਨੀ’, ‘ਪ੍ਰੋਜੈਕਟ ਗਾਜ਼ੀ’ ਆਦਿ ਫਿਲਮਾਂ ਨੇ ਉਸ ਨੂੰ ਲੋਕਾਂ ਨਾਲ ਜੋੜਿਆ। ਉਹ ਆਵਾਜ਼ ਦਾ ਜਾਦੂਗਰ ਸੀ। ਰੇਡੀਓ ਸ਼ੋਅਜ਼ ਅਤੇ ਰੇਡੀਓ ਸੀਰੀਅਲਜ਼ ‘ਸਫ਼ੇਦ ਖ਼ੂਨ’, ‘ਜੋ ਚਾਹਤੇ ਤੋ’, ‘ਜਾਨ ਸੇ ਗੁਜ਼ਰ ਗਏ’ ਆਦਿ ਰਾਹੀਂ ਉਸ ਦੀ ਆਵਾਜ਼ ਨੇ ਜਾਦੂ ਬਿਖੇਰਿਆ। ਉਸ ਨੇ ਭਾਰਤੀ ਅਦਾਕਾਰਾਂ ਰੇਖਾ, ਜਤਿੰਦਰ ਅਤੇ ਹੋਰਨਾਂ ਨਾਲ ਕੰਮ ਕੀਤਾ ਅਤੇ ਉਸ ਦੀ ਮੌਤ ਨਾਲ ਦੋਸਤੀ ਦਾ ਇਹ ਸਦਾਬਹਾਰ ਪੁਲ ਖ਼ਤਮ ਹੋ ਗਿਆ ਹੈ। ਦਰਅਸਲ, ਉਹ ਲੰਬੇ ਸਮੇਂ ਤੋਂ ਬਿਮਾਰ ਹੋਣ ਕਰਕੇ ਕਰਾਚੀ ਦੇ ਇੱਕ ਨਿੱਜੀ ਹਸਪਤਾਲ ’ਚ ਜ਼ੇਰੇ-ਇਲਾਜ ਸੀ। ਪਾਕਿਸਤਾਨੀ ਟੈਲੀਵਿਜ਼ਨ, ਰੰਗਮੰਚ, ਫਿਲਮਾਂ ਅਤੇ ਰੇਡੀਓ ਲਈ ਉਸ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਅਲਵਿਦਾ ਤਲਤ ਹੁਸੈਨ ਵਾਰਸੀ!
* ਲੇਖਕ ਪ੍ਰਸਿੱਧ ਪ੍ਰਸਾਰਕ ਅਤੇ ਦੂਰਦਰਸ਼ਨ ਦਾ ਡਿਪਟੀ ਡਾਇਰੈਕਟਰ ਜਨਰਲ ਰਹਿ ਚੁੱਕਾ ਹੈ।
ਸੰਪਰਕ: 94787-30156
ਈਮੇਲ: kkrattu@gmail.com