For the best experience, open
https://m.punjabitribuneonline.com
on your mobile browser.
Advertisement

ਟਕਸਾਲੀ ਅਕਾਲੀਆਂ ਨੇ ਵਧਾਈ ਡਾ. ਦਲਜੀਤ ਚੀਮਾ ਦੀ ਚਿੰਤਾ

09:24 AM May 05, 2024 IST
ਟਕਸਾਲੀ ਅਕਾਲੀਆਂ ਨੇ ਵਧਾਈ ਡਾ  ਦਲਜੀਤ ਚੀਮਾ ਦੀ ਚਿੰਤਾ
ਡਾ ਦਲਜੀਤ ਸਿੰਘ ਚੀਮਾ ਧਿਆਨਪੁਰ ’ਚ ਦੁਕਾਨਦਾਰਾਂ ਨੂੰ ਮਿਲਦੇ ਹੋਏ।-ਫੋਟੋ: ਸੱਖੋਵਾਲੀਆ
Advertisement

ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 4 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਆਪਣੀ ਹੀ ਪਾਰਟੀ ਅੰਦਰੋਂ ਆਉਣ ਵਾਲੇ ਦਿਨਾਂ ’ਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਸਬਾ ਧਾਰੀਵਾਲ ’ਚ ਇਕੱਠ ਕਰ ਕੇ 22 ਮਈ ਨੂੰ ਅਹਿਮ ਫ਼ੈਸਲਾ ਲੈਣ ਦੀ ਬੜ੍ਹਕ ਮਾਰੀ ਹੈ। ਉਥੇ ਹੀ ਪਾਰਟੀ ਦੇ ਕੱਦਵਾਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੀ ਖ਼ਾਮੋਸ਼ੀ ਵੀ ਡਾ. ਚੀਮਾ ਨੂੰ ਮਹਿੰਗੀ ਪੈ ਸਕਦੀ ਹੈ।
ਉਂਜ ਸਿਆਸੀ ਸੂਝ ਰੱਖਦੇ ਲੋਕਾਂ ਦਾ ਮੰਨਣਾ ਹੈ ਕਿ ਅਸਲ ’ਚ ਲੰਗਾਹ ਦੀ ਮੀਟਿੰਗ ਇਹ ਦਰਸਾਉਂਦੀ ਹੈ ਕਿ ਪਾਰਟੀ ਹਾਈਕਮਾਨ ਅਤੇ ਉਮੀਦਵਾਰ ਡਾ. ਚੀਮਾ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਮੈਦਾਨ ’ਚ ਉਤਾਰਨ। ਦੂਜੇ ਪਾਸੇ ਡਾ. ਚੀਮਾ ਵੋਟਰਾਂ ਨਾਲ ਸੰਪਰਕ ਤਾਂ ਬਣਾ ਰਹੇ ਪਰ ਲੰਗਾਹ ਪਰਿਵਾਰ ਤੋਂ ਦੂਰੀਆਂ ਬਣਾਈਆਂ ਹੋਈਆਂ ਹਨ। ਉਥੇ ਹੀ ਬਟਾਲਾ ਤੋਂ ਪਾਰਟੀ ਦੇ ਤਿੰਨ ਵਾਰ ਕੌਂਸਲਰ ਰਹੇ ਅਤੇ ਤਿੰਨ ਵਾਰ ਦੇ ਸ਼ਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਨੇ ਭਾਜਪਾ ’ਚੋਂ ਅਕਾਲੀ ਦਲ ’ਚ ਆਏ ਨਰੇਸ਼ ਮਹਾਜਨ ਨੂੰ ਬਟਾਲਾ ਦਾ ਹਲਕਾ ਇੰਚਾਰਜ ਲਾਉਣ ਵਿਰੁੱਧ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਛੋਟੇਪੁਰ ਨੂੰ ਭਰੋਸੇ ’ਚ ਲਏ ਬਗ਼ੈਰ ਨਰੇਸ਼ ਮਹਾਜਨ ਨੂੰ ਬਟਾਲਾ ਦਾ ਹਲਕਾ ਇੰਚਾਰਜ ਲਗਾ ਦਿੱਤਾ, ਜਿਸ ਕਾਰਨ ਜਥੇਦਾਰ ਛੋਟੇਪੁਰ ਸਣੇ ਹੋਰ ਟਕਸਾਲੀਆਂ ਨੂੰ ਪਾਰਟੀ ਪ੍ਰਧਾਨ ਦੇ ਫ਼ੈਸਲੇ ’ਤੇ ਸਖ਼ਤ ਇਤਰਾਜ਼ ਹੋਇਆ। ਹੁਣ ਜਥੇਦਾਰ ਛੋਟੇਪੁਰ ਖਾਮੌਸ਼ ਹਨ, ਜਦੋਂਕਿ ਡਾ. ਚੀਮਾ ਵੱਲੋਂ ਛੋਟੇਪੁਰ ਨੂੰ ਮਨਾਉਣ ਲਈ ਕੀਤੇ ਯਤਨ ਹਾਲੇ ਤੱਕ ਅਸਫ਼ਲ ਰਹੇ ਹਨ।

Advertisement

ਚੀਮਾ ਵੱਲੋਂ ਧਿਆਨਪੁਰ ਵਿੱਚ ਦੁਕਾਨਦਾਰਾਂ ਨਾਲ ਮੁਲਾਕਾਤ

ਡੇਰਾ ਬਾਬਾ ਨਾਨਕ (ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਕਸਬਾ ਧਿਆਨਪੁਰ ਦੇ ਬਾਜ਼ਾਰਾਂ ਵਿੱਚ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਡਾ. ਚੀਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਕਿਸਾਨੀ, ਵਪਾਰ ਤੇ ਉਦਯੋਗ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਡਾ. ਚੀਮਾ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਉਸ ਦਾ ਸਿਆਸੀ ਸਾਥ ਛੱਡਿਆ ਹੈ। ਇਸ ਮੌਕੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ, ਬਾਬਾ ਗੋਪਾਲ ਸਿੰਘ, ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਸਮੇਤ ਹੋਰ ਪਾਰਟੀ ਲੀਡਰ ਹਾਜ਼ਰ ਸਨ।

ਆਖਰੀ ਸਾਹ ਤੱਕ ਅਕਾਲੀ ਰਹਾਂਗਾ: ਲੰਗਾਹ

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਲੋਕ ਸਭਾ ਚੋਣਾਂ ਸਬੰਧੀ ਅੱਜ ਧਾਰੀਵਾਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਉਹ ਭਾਵੇਂ ਪਿਛਲੇ ਸੱਤ ਸਾਲ ਤੋਂ ਰਗੜੇ ਖਾ ਰਹੇ ਹਨ ਅਤੇ ਸਿਆਸੀ ਪਾਰਟੀਆਂ ਉਸ ’ਤੇ ਦਬਾਅ ਪਾ ਰਹੀਆਂ ਹਨ ਪਰ ਉਹ ਆਖਰੀ ਸਾਹ ਤੱਕ ਅਕਾਲੀ ਹੀ ਰਹੇਗਾ। ਉਨ੍ਹਾਂ ਕਿਹਾ ਹੁਣ ਕੁੱਝ ਅਖੌਤੀ ਅਕਾਲੀ ਲੋਕ ਸੀਨੀਅਰ ਅਕਾਲੀ ਲੀਡਰਸ਼ਿਪ ਅਤੇ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨੂੰ ਗੁੰਮਰਾਹ ਕਰ ਰਹੇ ਹਨ। ਇਸੇ ਕਾਰਨ ਅਕਾਲੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਵਲੋਂ ਅਜੇ ਤੱਕ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਅਤੇ ਬਹੁਤ ਸਾਰੇ ਟਕਸਾਲੀ ਅਕਾਲੀਆਂ ਨੂੰ ਅਣਗੌਲਿਆ ਹੈ, ਜੋ ਮੇਰੇ ਨਾਲ ਹਨ। ਉਨ੍ਹਾਂ ਦੱਸਿਆ 22 ਮਈ ਨੂੰ ਕਲਾਨੌਰ ਵਿੱਚ ਰੱਖੀ ਰੈਲੀ 10 ਹਜ਼ਾਰ ਤੋਂ ਵੱਧ ਉਨ੍ਹਾਂ ਦੇ ਸਮਰਥਕ ਸਾਮਲ ਹੋਣਗੇ ਅਤੇ ਲੋਕ ਸਭਾ ਚੋਣਾਂ ਸਬੰਧੀ ਅਹਿਮ ਫੈਸਲੇ ਲਏ ਜਾਣਗੇ।

Advertisement
Author Image

Advertisement
Advertisement
×