ਰਾਹੁਲ ਤੋਂ ਸੇਧ ਲੈ ਕੇ ਮੋਦੀ ਵੀ ਮਨੀਪੁਰ ਦਾ ਦੌਰਾ ਕਰਨ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਤੋਂ ਸੇਧ ਲੈਂਦਿਆਂ ਹਿੰਸਾਗ੍ਰਸਤ ਮਨੀਪੁਰ ਦਾ ਦੌਰਾ ਕਰਕੇ ਉਥੋਂ ਦੇ ਲੋਕਾਂ ਦੇ ਦੁੱਖ-ਦਰਦ ਨੂੰ ਸਮਝਣ। ਪਾਰਟੀ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਮਨੀਪੁਰ ਦੇ ਹਾਲਾਤ ਬਾਰੇ ਸੰਸਦ ਦੇ ਮੌਨਸੂਨ ਇਜਲਾਸ ’ਚ ਢੁੱਕਵਾਂ ਜਵਾਬ ਦੇਣ ’ਚ ਸੌਖ ਹੋਵੇਗੀ। ਵਿਰੋਧੀ ਧਿਰ ਨੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਖੁਦ ਸਰਬ ਪਾਰਟੀ ਮੀਟਿੰਗ ਦੀ ਅਗਵਾਈ ਕਰਨ ਕਿਉਂਕਿ ਪਹਿਲੀ ਮੀਟਿੰਗ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਸੀ। ਆਪਣੇ ਦੌਰੇ ਦੀ ਇਕ ਵੀਡੀਓ ਟਵਿੱਟਰ ’ਤੇ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮਨੀਪੁਰ ’ਚ ਸ਼ਾਂਤੀ ਦੀ ਲੋੜ ਹੈ ਅਤੇ ਸਾਰਿਆਂ ਨੂੰ ਇਸ ਦੀ ਬਹਾਲੀ ਲਈ ਕੰਮ ਕਰਨਾ ਚਾਹੀਦਾ ਹੈ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ’ਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਭਾਰਤੀ ਫੁੱਟਬਾਲ ਟੀਮ ਨੂੰ ਵਧਾਈ ਦੇਣ ਦਾ ਸਮਾਂ ਮਿਲ ਗਿਆ ਜਿਸ ਦੀ ਸ਼ਾਨਦਾਰ ਜਿੱਤ ’ਤੇ ਸਾਰਿਆਂ ਨੂੰ ਮਾਣ ਹੈ ਪਰ ਉਹ ਮਨੀਪੁਰ ਬਾਰੇ ਅਜੇ ਵੀ ਚੁੱਪ ਹਨ। ਉਨ੍ਹਾਂ ਕਿਹਾ ਕਿ ਤਿੰਨ ਫੁਟਬਾਲਰ ਮਨੀਪੁਰ ਤੋਂ ਹਨ ਜਿਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ’ਤੇ ਮਾਣ ਹੈ ਪਰ ਮੋਦੀ ਦੀ ਖਾਮੋਸ਼ੀ ਉਨ੍ਹਾਂ ਨੂੰ ਵੀ ਠੇਸ ਪਹੁੰਚਾ ਰਹੀ ਹੈ। ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਸੰਸਦ ਮੈਂਬਰ ਗੌਰਵ ਗੋਗੋਈ ਨੇ ਕਿਹਾ ਕਿ ਕਿਸੇ ਵੀ ਸੂਬਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਆਪਣੇ ਨਾਗਰਿਕਾਂ ਦੇ ਜੀਵਨ ਦੀ ਰਾਖੀ ਕਰਨਾ ਅਤੇ ਅਮਨ-ਕਾਨੂੰਨ ਕਾਇਮ ਰੱਖਣਾ ਹੁੰਦਾ ਹੈ ਪਰ ਸੂਬਾ ਅਤੇ ਕੇਂਦਰ ਸਰਕਾਰ ਇਸ ’ਚ ਨਾਕਾਮ ਰਹੀਆਂ ਹਨ।
ਇਕ ਹੋਰ ਕਾਂਗਰਸ ਆਗੂ ਅਜੋਇ ਕੁਮਾਰ ਨੇ ਕਿਹਾ ਕਿ ਜੇਕਰ ਮੋਦੀ ਮਨੀਪੁਰ ਦੌਰੇ ’ਤੇ ਨਹੀਂ ਜਾ ਸਕਦੇ ਹਨ ਤਾਂ ੳੁਹ ਦੇਸ਼ ਦੇ ਪ੍ਰਧਾਨ ਮੰਤਰੀ ਕਿਵੇਂ ਬਣੇ ਰਹਿ ਸਕਦੇ ਹਨ। ਗੋਗੋਈ ਨੇ ਕਿਹਾ ਕਿ ਸਰਕਾਰ ਉੱਤਰ-ਪੂਬਰ ਨੂੰ ਏਟੀਐੱਮ ਵਜੋਂ ਵਰਤ ਰਹੀ ਹੈ ਤੇ ਉਹ ਕਮਾਈ ਵਜੋਂ ਆਗੂਆਂ ਦੀਆਂ ਪਤਨੀਆਂ, ਭਰਾਵਾਂ ਅਤੇ ਪੁੱਤਰਾਂ ਦੀਆਂ ਕੰਪਨੀਆਂ ਨੂੰ ਠੇਕੇ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਅਾ ਕਿ ਈਸਟ ਇੰਡੀਆ ਕੰਪਨੀ ਵਾਂਗ ਭਾਜਪਾ ਵੀ ਉੱਤਰ-ਪੂਰਬ ਦੀ ਦੌਲਤ ਲੁੱਟ ਰਹੀ ਹੈ। -ਪੀਟੀਆਈ