ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦਾ ਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ
ਪ੍ਰੋ. ਨਵ ਸੰਗੀਤ ਸਿੰਘ
ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਧਿਆਤਮਕ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਮਹੱਤਤਾ ਦਾ ਧਾਰਨੀ ਹੈ। ਇਸ ਨੂੰ ‘ਗੁਰੂ ਕੀ ਕਾਸ਼ੀ’ ਵਜੋਂ ਵੀ ਜਾਣਿਆ ਜਾਂਦਾ ਹੈ। ਸਿੱਖ ਪੰਥ ਦੇ ਚੌਥੇ ਤਖ਼ਤ ਵਜੋਂ ਮਾਨਤਾ ਪ੍ਰਾਪਤ ਇਸ ਧਰਤੀ ’ਤੇ ਗੁਰੂ ਨਾਨਕ ਦੇਵ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ।
ਗੁਰੂ ਨਾਨਕ ਪਹਿਲੀ ਉਦਾਸੀ ਸਮੇਂ 1515 ਈ. ਵਿੱਚ ਸਿਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇਥੇ ਬਿਰਾਜੇ ਸਨ। 159 ਸਾਲ ਪਿੱਛੋਂ 1674 ਈ. ਵਿੱਚ ਗੁਰੂ ਤੇਗ ਬਹਾਦਰ ਨੇ ਇੱਥੇ ਗੁਰੂਸਰ ਸਰੋਵਰ ਦਾ ਟੱਕ ਲਾਇਆ ਅਤੇ ਪੰਜ ਦੁਸ਼ਾਲੇ ਮਿੱਟੀ ਦੇ ਭਰ ਕੇ ਕੱਢੇ। 31 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਨੇ 1705 ਈ. ਵਿੱਚ ਜੰਗਾਂ-ਯੁੱਧਾਂ ਪਿੱਛੋਂ ਇਸ ਸਥਾਨ ’ਤੇ ਇੱਕ ਉੱਚੀ ਥੇੜੀ ’ਤੇ ਆ ਕੇ ਦਮ ਲਿਆ ਅਤੇ ਕਮਰ ਕੱਸਾ ਖੋਲ੍ਹਿਆ। ਇਸ ਅਸਥਾਨ ਤੋਂ ਸਿੱਖ ਸੰਗਤ ਦੇ ਨਾਂ ਹੁਕਮਨਾਮੇ ਜਾਰੀ ਕੀਤੇ ਅਤੇ 1706 ਈ. ਦੀ ਵਿਸਾਖੀ ’ਤੇ ਕਰੀਬ ਸਵਾ ਲੱਖ ਵਿਅਕਤੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ।
ਇਸ ਇਲਾਕੇ ਦਾ ਚੌਧਰੀ ਉਨ੍ਹੀਂ ਦਿਨੀਂ ਭਾਈ ਡੱਲਾ ਹੁੰਦਾ ਸੀ, ਜੋ ਦਸਮੇਸ਼ ਪਿਤਾ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਪਿੱਛੋਂ ਡਲ ਸਿੰਘ ਵਜੋਂ ਜਾਣਿਆ ਗਿਆ। ਇਸ ਪਵਿੱਤਰ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਨੇ ਕਰੀਬ ਸਵਾ ਸਾਲ ਵਿਸ਼ਰਾਮ ਕੀਤਾ ਅਤੇ 1706 ਈ. ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕ ਤੇ ਸੰਪੂਰਨ ਬੀੜ ਤਿਆਰ ਕਰਵਾਈ। ਇਸ ਬੀੜ ਨੂੰ ਗੁਰੂ ਸਾਹਿਬ ਨੇ ਆਪਣੀ ਅਧਿਆਤਮਕ ਸ਼ਕਤੀ ਰਾਹੀਂ ਭਾਈ ਮਨੀ ਸਿੰਘ ਹੱਥੋਂ ਲਿਖਵਾਇਆ, ਜਿਸ ਵਿੱਚ ਗੁਰੂ ਤੇਗ ਬਹਾਦਰ ਦੀ ਬਾਣੀ ਅਤੇ ਰਾਗ ਜੈਜਾਵੰਤੀ ਸ਼ਾਮਲ ਕਰਕੇ ਇਸ ਨੂੰ ਸੰਪੂਰਨਤਾ ਪ੍ਰਦਾਨ ਕੀਤੀ। ਇਸੇ ਬੀੜ ਨੂੰ ‘ਦਮਦਮੀ ਬੀੜ’ ਵਜੋਂ ਜਾਣਿਆ ਜਾਂਦਾ ਹੈ। ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਬਾਰੇ ਇਸ ਤਰ੍ਹਾਂ ਅੰਕਿਤ ਕੀਤਾ ਹੈ:
ਅਬ ਦਰਬਾਰ ਦਮਦਮਾ ਜਹਾਂ।
ਤੰਬੂ ਲਗਵਾ ਕੈ ਗੁਰ ਤਹਾਂ।
ਮਨੀ ਸਿੰਘ ਕੋ ਲਿਖਨ ਬਠੈ ਕੈ।
ਗੁਰੂ ਨਾਨਕ ਕਾ ਧਿਆਨ ਧਰੈ ਕੈ
ਨਿਤਪ੍ਰਤਿ ਗੁਰੂ ਉਚਾਰੀ ਜੈਸੇ।
ਬਾਣੀ ਲਿਖੀ ਮਨੀ ਸਿੰਘ ਤੈਸੇ।
ਬੀੜ ਆਦਿ ਗੁਰ ਗ੍ਰੰਥੈ ਜੇਹੀ।
ਕਰੀ ਦਸਮ ਗੁਰ ਤਿਆਰ ਉਜੇਹੀ।
ਗਿਆਨੀ ਬਲਵੰਤ ਸਿੰਘ ਕੋਠਾਗੁਰੂ ਮੁਤਾਬਕ ਇਹ ਬੀੜ ਵਿਸਾਖੀ ਵਾਲੇ ਦਿਨ (1763 ਬਿਕਰਮੀ ਵਿੱਚ) ਲਿਖਣੀ ਆਰੰਭ ਕੀਤੀ ਗਈ ਅਤੇ ਭਾਦਰੋਂ ਵਦੀ ਤੀਜ ਨੂੰ ਸੰਪੂਰਨ ਹੋਈ। ਦਮਦਮੀ ਬੀੜ ਦੀ ਲਿਖਾਈ ਬਾਰੇ ਉਨ੍ਹਾਂ ਨੇ 1736 ਈ. ਵਿਚ ਲਿਖੀ ‘ਦੌਰਾ ਸਾਖੀ’ ’ਚੋਂ ਵੀ ਮਹੱਤਵਪੂਰਣ ਹਵਾਲੇ ਦਿੱਤੇ ਹਨ।
ਗੁਰੂ ਗੋਬਿੰਦ ਸਿੰਘ ਦੇ ਹੁਕਮ ਨਾਲ ਬਾਬਾ ਦੀਪ ਸਿੰਘ ਨੇ ਇਸ ਬੀੜ ਦੇ ਚਾਰ ਉਤਾਰੇ ਕੀਤੇ, ਜੋ ਕ੍ਰਮਵਾਰ ਅਕਾਲ ਤਖ਼ਤ ਅੰਮ੍ਰਿਤਸਰ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਦਮਦਮਾ ਸਾਹਿਬ ਵਿੱਚ ਰੱਖੇ ਗਏ। ਪਿੱਛੋਂ ਬਾਬਾ ਦੀਪ ਸਿੰਘ ਨੇ ਹਿੰਦੀ, ਮਰਾਠੀ, ਉਰਦੂ, ਫ਼ਾਰਸੀ ਤੇ ਅਰਬੀ ਵਿੱਚ ਵੀ ਇਸ ਦਾ ਅਨੁਵਾਦ ਕੀਤਾ।
ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਲੇਖਨ ਬਾਰੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅੰਮ੍ਰਿਤ ਵੇਲੇ ਇਸ ਦੀ ਲਿਖਾਈ ਹੁੰਦੀ ਸੀ ਅਤੇ ਸ਼ਾਮ ਨੂੰ ਲਿਖੀ ਬਾਣੀ ਦੀ ਕਥਾ ਕੀਤੀ ਜਾਂਦੀ ਸੀ। ਦਸਵੇਂ ਖੁਦ ਕਥਾ ਕਰਿਆ ਕਰਦੇ ਸਨ। ਜਿਨ੍ਹਾਂ ਗੁਰਮੁਖਾਂ ਨੇ ਆਦਿ ਤੋਂ ਅੰਤ ਤੱਕ ਕਥਾ ਸਰਵਣ ਕੀਤੀ, ਉਨ੍ਹਾਂ ਨੂੰ ਬ੍ਰਹਮ- ਗਿਆਨੀ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ।
ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਪਿੱਛੋਂ ਗੁਰੂ ਜੀ ਨੇ ਬਚੀਆਂ ਹੋਈਆਂ ਕਲਮਾਂ ਅਤੇ ਸਿਆਹੀ ਆਦਿ ਹੋਰ ਸਮੱਗਰੀ ਲਿਖਣਸਰ ਦੇ ਟੋਭੇ ਵਿੱਚ ਪ੍ਰਵਾਹਿਤ ਕਰਕੇ ਇਸ ਧਰਤੀ ਨੂੰ ‘ਗੁਰੂ ਕੀ ਕਾਸ਼ੀ’ ਹੋਣ ਦਾ ਵਰਦਾਨ ਦਿੱਤਾ ਸੀ।
ਚੌਧਰੀ ਡੱਲੇ ਦਾ ਮਾਣ ਤੋੜਨ ਲਈ ਗੁਰੂ ਜੀ ਨੇ ਲਾਹੌਰ ਵਾਸੀ ਭਾਈ ਉਦੈ ਸਿੰਘ ਵੱਲੋਂ ਭੇਟ ਕੀਤੀ ਬੰਦੂਕ ਦੀ ਪਰਖ ਕਰਨ ਲਈ ਉਸ ਨੂੰ ਆਪਣੇ ਬਰਾੜ ਯੋਧੇ ਭੇਜਣ ਲਈ ਕਿਹਾ ਪਰ ਡੱਲੇ ਦੇ ਸੈਨਿਕ ਅਣਿਆਈ ਮੌਤ ਮਰਨ ਤੋਂ ਕੋਰਾ ਜਵਾਬ ਦੇ ਗਏ। ਗੁਰੂ ਜੀ ਦਾ ਹੁਕਮ ਮੰਨ ਕੇ ਪਿਓ-ਪੁੱਤਰ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਨੇ ਖੁਦ ਨੂੰ ਗੁਰੂ ਜੀ ਦੇ ਸਨਮੁਖ ਪੇਸ਼ ਕੀਤਾ। ਇਨ੍ਹਾਂ ਮਰਜੀਵੜਿਆਂ ਦੀ ਯਾਦ ਵਿੱਚ ਇੱਥੇ ਇੱਕ ਗੁਰਦੁਆਰਾ ਸੁਸ਼ੋਭਿਤ ਹੈ।
ਗੁਰੂ ਜੀ ਦੇ ਦਰਬਾਰ ਵਿੱਚ ਇੱਥੇ ਦਿੱਲੀ ਤੋਂ ਮਾਤਾਵਾਂ (ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ) ਭਾਈ ਮਨੀ ਸਿੰਘ ਸਮੇਤ ਪਹੁੰਚੀਆਂ ਤਾਂ ਉਨ੍ਹਾਂ ਨੂੰ ਆਪਣੇ ਸਾਹਿਬਜ਼ਾਦੇ ਨਜ਼ਰ ਨਾ ਆਏ। ਗੁਰੂ ਜੀ ਤੋਂ ਪੁੱਛਣ ’ਤੇ ਦਸਮੇਸ਼ ਪਿਤਾ ਨੇ ਭਰੇ ਦਰਬਾਰ ਵੱਲ ਸੰਕੇਤ ਕਰਕੇ ਫ਼ਰਮਾਇਆ:
ਇਨ ਪੁਤਰਨ ਕੇ ਸੀਸ ਪਰ
ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ,
ਜੀਵਤ ਕਈ ਹਜ਼ਾਰ।
ਉਸ ਯਾਦਗਾਰ ਦਾ ਪ੍ਰਤੀਕ ਇੱਕ ਗੁਰਦੁਆਰਾ (ਜੋ ਮਾਤਾਵਾਂ ਦੇ ਨਾਂ ਤੇ ਹੈ) ਇੱਥੇ ਸੁਭਾਇਮਾਨ ਹੈ।
ਗੁਰਦੁਆਰਾ ਜੰਡਸਰ ਸਾਹਿਬ ਉਹ ਸਥਾਨ ਹੈ, ਜਿੱਥੇ ਗੁਰੂ ਜੀ ਨੇ ਜੰਡ ਨਾਲ ਘੋੜਾ ਬੰਨ੍ਹ ਕੇ ਆਪਣੇ ਸੈਨਿਕਾਂ ਨੂੰ ਗੁਪਤ ਖਜ਼ਾਨਾ ਕੱਢ ਕੇ ਤਨਖਾਹਾਂ ਵੰਡੀਆਂ ਸਨ। ਗੁਰਦੁਆਰਾ ਮਹੱਲਸਰ ਵਿਖੇ ਗੁਰੂ ਜੀ ਨੇ ਬੀਰ- ਰਸ ਦਾ ਪ੍ਰਤੀਕ ਮਹੱਲਾ ਖੇਡਿਆ ਸੀ।
ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਨਾਲ ਸਬੰਧਤ ਤਿੰਨ ਸਥਾਨ ਇੱਥੇ ਮੌਜੂਦ ਹਨ, ਜਿਨ੍ਹਾਂ ਵਿੱਚ ਭੋਰਾ ਸਾਹਿਬ, ਬੁਰਜ ਅਤੇ ਖੂਹ ਸ਼ਾਮਲ ਹਨ। ਤਖ਼ਤ ਸਾਹਿਬ ਵਿਖੇ ਜੋ ਇਤਿਹਾਸਕ ਨਿਸ਼ਾਨੀਆਂ ਮੌਜੂਦ ਹਨ, ਉਨ੍ਹਾਂ ਵਿੱਚ ਇਤਿਹਾਸਕ ਬੰਦੂਕ, ਅਬਰੇ ਰਹਿਮਤ ਬਾਰ ਸ਼ੀਸ਼ਾ, ਤੇਗਾ ਬਾਬਾ ਦੀਪ ਸਿੰਘ, ਮੋਹਰ ਤਖ਼ਤ ਸਾਹਿਬ ਅਤੇ ਕਿਰਪਾਨ ਗੁਰੂ ਸਾਹਿਬ ਸ਼ਾਮਲ ਹਨ। ਇਸ ਤੋਂ ਬਿਨਾਂ ਭਾਈ ਡੱਲੇ ਦੇ ਖਾਨਦਾਨ ਕੋਲ ਵੀ ਕੁਝ ਦੁਰਲੱਭ ਤੇ ਪਵਿੱਤਰ ਵਸਤਾਂ ਪਈਆਂ ਹਨ, ਜਿਨ੍ਹਾਂ ਵਿੱਚ ਤੇਗਾ, ਸ੍ਰੀ ਸਾਹਿਬ, ਵੱਡੀ ਦਸਤਾਰ, ਛੋਟੀ ਦਸਤਾਰ, ਵੱਡਾ ਚੋਲਾ, ਛੋਟਾ ਚੋਲਾ, ਬਾਜ਼ ਦੀ ਡੋਰ, ਮਾਤਾ ਸਾਹਿਬ ਕੌਰ ਦੇ ਕੱਪੜੇ ਅਤੇ ਛੋਟੇ ਆਕਾਰ ਦੀ ਬੀੜ ਸ਼ਾਮਲ ਹੈ। ਇਨ੍ਹਾਂ ਚੀਜ਼ਾਂ ਦੇ ਦਰਸ਼ਨ ਭਾਈ ਡੱਲ ਸਿੰਘ ਦੇ ਗ੍ਰਹਿ ਵਿਖੇ ਸਵੇਰ ਤੋਂ ਸ਼ਾਮ ਤੱਕ ਸੰਗਤ ਨੂੰ ਕਰਵਾਏ ਜਾਂਦੇ ਹਨ। ਕਿਸੇ ਸਮੇਂ ਹਰ ਚਾਨਣੀ ਦਸਮੀ ਨੂੰ ਹੀ ਇਹ ਵਸਤਾਂ ਦਿਖਾਈਆਂ ਜਾਂਦੀਆਂ ਸਨ।
ਵੀਹ-ਪੱਚੀ ਸਾਲ ਪਹਿਲਾਂ ਤੱਕ ਤਖ਼ਤ ਸਾਹਿਬ ਵਿਖੇ ਸੰਗਤ ਦੀ ਆਮਦ ਬਹੁਤ ਘੱਟ ਸੀ ਪਰ ਹੁਣ ਵਿਸਾਖੀ ਤੋਂ ਇਲਾਵਾ ਆਮ ਦਿਨਾਂ ਵਿੱਚ ਵੀ ਸੰਗਤ ਦਾ ਇਕੱਠ ਬਹੁਤ ਹੁੰਦਾ ਹੈ। ਮੱਸਿਆ ਅਤੇ ਐਤਵਾਰ ਦੇ ਦਿਨਾਂ ਵਿੱਚ ਵਿਸ਼ੇਸ਼ ਦੀਵਾਨ ਲੱਗਦੇ ਹਨ ਜਿਸ ਵਿੱਚ ਢਾਡੀ ਤੇ ਕਵੀਸ਼ਰ ਗੁਰੂ-ਜੱਸ ਦਾ ਗਾਇਨ ਕਰ ਕੇ ਸੰਗਤ ਨੂੰ ਨਿਹਾਲ ਕਰਦੇ ਹਨ। ਇਨ੍ਹਾਂ ਦਿਨਾਂ ਵਿੱਚ ਇੱਥੇ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ।
ਅੱਜ ਤੋਂ ਕਰੀਬ ਤਿੰਨ ਸੌ ਸਾਲ ਪਹਿਲਾਂ ਦਸਮੇਸ਼ ਪਿਤਾ ਨੇ ਜੋ ਵਰਦਾਨ ਇਸ ਬੰਜਰ ਭੂਮੀ ਅਤੇ ਪਛੜੇ ਇਲਾਕੇ ਨੂੰ ਦਿੱਤੇ ਸਨ, ਉਹ ਸਾਰੇ ਹੀ ਸਹਿਜਤਾ ਅਤੇ ਨਿਰੰਤਰਤਾ ਨਾਲ ਫਲੀਭੂਤ ਹੁੰਦੇ ਨਜ਼ਰ ਆ ਰਹੇ ਹਨ। ਉੱਚ-ਵਿੱਦਿਆ ਦੀ ਸਭ ਤੋਂ ਪਹਿਲੀ ਸੰਸਥਾ ਗੁਰੂ ਕਾਸ਼ੀ ਕਾਲਜ (ਜੋ ਹੁਣ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਇੱਥੇ 1964 ਨੂੰ ਸਥਾਪਤ ਹੋਇਆ, 1988 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਆਪਣਾ ਕੈਂਪਸ ਸਥਾਪਤ ਕੀਤਾ, 1977 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਸਥਾਪਨਾ ਕੀਤੀ ਗਈ, ਦੋ ਯੂਨੀਵਰਸਿਟੀਆਂ- ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਅਕਾਲ ਯੂਨੀਵਰਸਿਟੀ (ਕ੍ਰਮਵਾਰ 2011 ਅਤੇ 2015) ਤੋਂ ਇਲਾਵਾ ਇੱਥੇ ਸਕੂਲੀ ਪੜ੍ਹਾਈ ਲਈ ਕਈ ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ‘ਗੁਰੂ ਕੀ ਕਾਸ਼ੀ’ ਦੇ ਸੰਕਲਪ ਨੂੰ ਮੂਰਤੀਮਾਨ ਕਰ ਰਹੇ ਹਨ।
ਸੰਪਰਕ: 94176-92015