ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਲਮ, ਕਦਮ ਅਤੇ ਕਸਮ ਸੋਚ ਸਮਝ ਕੇ ਚੁੱਕੋ

11:33 AM Nov 26, 2023 IST

 

Advertisement

ਪ੍ਰਿੰਸੀਪਲ ਵਿਜੈ ਕੁਮਾਰ

ਵੇਖਣ ਨੂੰ ਸਾਰੇ ਮਨੁੱਖ ਇੱਕੋ ਜਿਹੇ ਹੀ ਲੱਗਦੇ ਹਨ। ਹਰ ਮਨੁੱਖ ਆਪਣੇ ਆਪ ਨੂੰ ਅਕਲਮੰਦ ਤੇ ਸਿਆਣਾ ਸਮਝਦਾ ਹੈ, ਪਰ ਬੌਧਿਕ ਤੌਰ ’ਤੇ ਸਿਆਣੇ, ਅਕਲਮੰਦ, ਦੂਰਅੰਦੇਸ਼, ਸੰਵੇਦਨਸ਼ੀਲ ਤੇ ਡੂੰਘੀ ਸੋਚ ਰੱਖਣ ਵਾਲੇ ਲੋਕ ਉਹ ਹੁੰਦੇ ਹਨ ਜਿਹੜੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਬੁੱਧੀਮਤਾ ਨਾਲ ਵਿਚਰਦੇ ਹਨ। ਸਮੇਂ ਸਮੇਂ ’ਤੇ ਫ਼ੈਸਲੇ ਲੈਣ ਲੱਗਿਆਂ ਉਹ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਰੱਖਦੇ ਹਨ। ਉਨ੍ਹਾਂ ਦੇ ਫ਼ੈਸਲਿਆਂ ’ਚ ਕਦੇ ਵੀ ਹੋਛਾਪਣ ਤੇ ਕਾਹਲ ਨਹੀਂ ਹੁੰਦੀ। ਉਹ ਕੋਈ ਵੀ ਫ਼ੈਸਲਾ ਲੈਣ ਲੱਗਿਆਂ ਉਸ ’ਤੇ ਸੌ ਵਾਰ ਸੋਚ ਵਿਚਾਰ ਕਰਦੇ ਹਨ। ਉਹ ਫ਼ੈਸਲੇ ਹੀ ਇਸ ਢੰਗ ਨਾਲ ਲੈਂਦੇ ਹਨ ਜਿਸ ਨਾਲ ਨਾ ਤਾਂ ਉਨ੍ਹਾਂ ਨੂੰ ਕਦੇ ਪਛਤਾਉਣਾ ਪਵੇ ਤੇ ਨਾ ਸਮਾਜ ਵਿੱਚ ਉਨ੍ਹਾਂ ਦਾ ਪ੍ਰਭਾਵ ਪੇਤਲਾ ਪਵੇ। ਕਈ ਵਾਰ ਮਨੁੱਖ ਆਪਣੇ ਲਏ ਫ਼ੈਸਲਿਆਂ ਨਾਲ ਮਜ਼ਾਹ ਅਤੇ ਆਲੋਚਨਾ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ।
ਕਈ ਵਾਰ ਵਿਅਕਤੀ ਨੂੰ ਜ਼ਿੰਦਗੀ ਦੇ ਵੱਖ ਵੱਖ ਖੇਤਰਾਂ ’ਚ ਅਧਿਕਾਰੀ, ਕਰਮਚਾਰੀ, ਵਪਾਰੀ, ਕਿਸਾਨ, ਸਿਆਸੀ ਆਗੂ, ਕਾਰਖਾਨੇਦਾਰ ਤੇ ਹੋਰ ਅਹੁਦੇ ਦੀ ਹੈਸੀਅਤ ਵਿੱਚ ਕਲਮ ਦੀ ਵਰਤੋਂ ਕਰਨੀ ਪੈਂਦੀ ਹੈ। ਉਹੀ ਅਧਿਕਾਰੀ ਤੇ ਕਰਮਚਾਰੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਕੇ
ਰੱਖਦੇ ਹਨ ਜਿਹੜੇ ਆਪਣੀ ਕਲਮ ਦੀ ਵਰਤੋਂ ਲੋਕਾਂ ਦੇ ਭਲੇ ਲਈ ਕਰਦੇ ਹਨ। ਉਹ ਕਰਮਚਾਰੀ ਤੇ ਅਧਿਕਾਰੀ ਸਦਾ ਹੀ ਸ਼ਲਾਘਾ ਤੇ ਸਨਮਾਨ ਦੇ ਪਾਤਰ ਬਣੇ ਰਹਿੰਦੇ ਹਨ ਜੋ ਕਲਮ ਦੀ ਵਰਤੋਂ ਕਰਨ ਲੱਗਿਆਂ ਆਪਣੇ ਅਹੁਦੇ ਦੀ ਦੁਰਵਰਤੋਂ ਨਹੀਂ ਕਰਦੇ; ਜਿਨ੍ਹਾਂ ਦੀ ਕਲਮ ਨਾਲ ਕਿਸੇ ਦਾ ਮਾੜਾ ਨਹੀਂ ਹੁੰਦਾ। ਆਪਣੀ ਕਲਮ ਦੀ ਸੁਚੱਜੇ ਢੰਗ ਨਾਲ ਤੇ ਰੱਬ ਤੋਂ ਡਰ ਕੇ ਵਰਤੋਂ ਕਰਨ ਵਾਲੇ ਲੋਕ ਨਾ ਤਾਂ ਦਿਲ ਦੇ ਮਾੜੇ ਹੁੰਦੇ ਹਨ ਤੇ ਨਾ ਹੀ ਬੇਈਮਾਨ। ਉਨ੍ਹਾਂ ਨੂੰ ਆਪਣੇ ਅਹੁਦਿਆਂ ਦਾ ਕਦੇ ਘੁਮੰਡ ਨਹੀਂ ਹੁੰਦਾ। ਨਾ ਉਨ੍ਹਾਂ ਨੂੰ ਵਿਜੀਲੈਂਸ ਦਾ ਡਰ ਹੁੰਦਾ ਹੈ ਤੇ ਨਾ ਹੀ ਪੁਲੀਸ ਜਾਂ ਸਰਕਾਰ ਦਾ। ਆਪਣੀ ਕਲਮ ਦੀ ਵਰਤੋਂ ਕਰਨ ਲੱਗਿਆਂ ਉਨ੍ਹਾਂ ਨੂੰ ਸਦਾ ਇਹ ਗੱਲ ਯਾਦ ਰਹਿੰਦੀ ਹੈ ਕਿ ਉਨ੍ਹਾਂ ਦੀ ਕਲਮ ਤੋਂ ਕਿਸੇ ਦਾ ਚੰਗਾ ਹੀ ਹੋਵੇ, ਮਾੜਾ ਨਹੀਂ। ਕਿਸੇ ਵੀ ਅਹੁਦੇ ਉੱਤੇ ਕੰਮ ਕਰਦਿਆਂ ਆਪਣੀ ਕਲਮ ਦੀ ਦੁਰਵਰਤੋਂ ਕਰਨ ਵਾਲੇ ਲੋਕ ਸਦਾ ਹੀ ਦੁਰਕਾਰੇ ਜਾਂਦੇ ਹਨ। ਉਹ ਘਿਰਣਾ, ਨਫ਼ਰਤ, ਆਲੋਚਨਾ ਤੇ ਤ੍ਰਿਸਕਾਰ ਦੇ ਪਾਤਰ ਬਣ ਜਾਂਦੇ ਹਨ। ਲਾਲਚ ਅਤੇ ਸੁਆਰਥ ਦੀ ਭਾਵਨਾ ਵਿੱਚ ਵਹਿ ਕੇ ਆਪਣੀ ਕਲਮ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨੂੰ ਰੱਬ ਯਾਦ ਨਹੀਂ ਹੁੰਦਾ। ਕਈ ਵਾਰ ਅਜਿਹੇ ਲੋਕਾਂ ਦਾ ਲਾਲਚ ਉਨ੍ਹਾਂ ਨੂੰ ਵਿਜੀਲੈਂਸ, ਪੁਲੀਸ ਤੇ ਅਦਾਲਤਾਂ ਦੇ ਚੱਕਰ ਵਿੱਚ ਫਸਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ ਤੇ ਉਹ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡਿੱਗ ਜਾਂਦੇ ਹਨ।
ਕਈ ਵਾਰ ਸਮਾਜ ਵਿੱਚ ਅਜਿਹੇ ਮੌਕੇ ਵੀ ਵੇਖੇ ਜਾਂਦੇ ਹਨ ਜਾਂ ਫੇਰ ਘਟਨਾਵਾਂ ਵਾਪਰ ਜਾਂਦੀਆਂ ਹਨ ਜਦੋਂ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਉਨ੍ਹਾਂ ਦੇ ਬਿਨਾਂ ਪੜ੍ਹੇ ਹੀ ਧੋਖੇ ਨਾਲ ਦਸਤਖ਼ਤ ਕਰਵਾ ਲਏ ਗਏ ਹਨ। ਉਨ੍ਹਾਂ ਨੂੰ ਦੱਸਿਆ ਕੁਝ ਹੋਰ ਗਿਆ ਤੇ ਦਸਤਖ਼ਤ ਕਿਸੇ ਹੋਰ ਉੱਤੇ ਕਰਵਾ ਲਏ ਗਏ। ਉਨ੍ਹਾਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਇਹ ਸਾਰਾ ਕੁਝ ਉਨ੍ਹਾਂ ਲੋਕਾਂ ਨਾਲ ਵਾਪਰਦਾ ਹੈ ਜੋ ਆਪਣੀ ਕਲਮ ਦੀ ਠੀਕ ਵਰਤੋਂ ਨਹੀਂ ਕਰਦੇ ਜਾਂ ਆਪਣੀ ਕਲਮ ਦੀ ਵਰਤੋਂ ਕਰਨ ਲੱਗਿਆਂ ਲਾਪਰਵਾਹੀ ਕਰ ਜਾਂਦੇ ਹਨ। ਬਿਨਾਂ ਪੜ੍ਹਿਆਂ, ਵੇਖਿਆਂ ਤੇ ਕਿਸੇ ਦੇ ਵਿਸ਼ਵਾਸ ਵਿੱਚ ਆ ਕੇ ਹਸਤਾਖ਼ਰ ਕਰਨ ਵਾਲਿਆਂ ਲਈ ਦੂਜਿਆਂ ਨੂੰ ਦੋਸ਼ੀ ਕਰਾਰ ਦੇਣ ਦੀ ਬਜਾਏ ਚੰਗਾ ਇਹ ਹੈ ਕਿ ਦਸਤਖ਼ਤ ਕਰਨ ਲੱਗਿਆਂ ਆਪਣੀ ਕਲਮ ਦੀ ਵਰਤੋਂ ਸਾਵਧਾਨੀ ਨਾਲ ਸੋਚ ਸਮਝ ਕੇ ਕੀਤੀ ਜਾਵੇ। ਬਿਨਾਂ ਸੋਚੇ ਸਮਝੇ ਲਾਪਰਵਾਹੀ ਨਾਲ ਕਲਮ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਅਦਾਲਤਾਂ ਦਾ ਮੂੰਹ ਵੇਖਣਾ ਪੈ ਜਾਂਦਾ ਹੈ ਤੇ ਖੱਜਲ ਖੁਆਰ ਹੋਣ ਦੀ ਨੌਬਤ ਆ ਜਾਂਦੀ ਹੈ।
ਇਸ ਸੰਸਾਰ ਵਿੱਚ ਜ਼ਿੰਦਗੀ ਜਿਉਂਦਿਆਂ ਮਨੁੱਖ ਨੂੰ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ। ਪ੍ਰੇਮ ਵਿਆਹ, ਆਤਮ ਹੱਤਿਆ, ਲੜਾਈ ਝਗੜਾ, ਕਿਸੇ ਦੀ ਜਾਨ ਲੈਣ, ਤਲਾਕ ਲੈਣ, ਕਿਸੇ ਨਾਲ ਸਬੰਧ ਵਿਗਾੜਨ ਤੇ ਕਿਸੇ ਵਿਰੁੱਧ ਅਦਾਲਤ ’ਚ ਗਵਾਹੀ ਦੇਣ ਸਮੇਂ ਮਨੁੱਖ ਅਜੀਬੋ ਗਰੀਬ ਸਥਿਤੀ ’ਚੋਂ ਗੁਜ਼ਰ ਰਿਹਾ ਹੁੰਦਾ ਹੈ। ਉਸ ਉੱਤੇ ਗੁੱਸਾ, ਬਦਲਾ ਲੈਣ ਤੇ ਦੂਜੇ ਦਾ ਕੰਮ ਵਿਗਾੜਨ ਦੀਆਂ ਭਾਵਨਾਵਾਂ ਭਾਰੂ ਹੁੰਦੀਆਂ ਹਨ। ਗੁੱਸੇ ਵਿੱਚ ਉਸ ਦਾ ਆਪਣੇ ਆਪ ਉੱਤੇ ਕਾਬੂ ਨਹੀਂ ਰਹਿੰਦਾ। ਉਸ ਵੇਲੇ ਉਸ ਨੂੰ ਕੁਝ ਵੀ ਸਮਝਾਉਣ ਦਾ ਕੋਈ ਲਾਭ ਨਹੀਂ ਹੁੰਦਾ, ਪਰ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਨੁੱਖ ਕੋਈ ਵੀ ਗ਼ਲਤ ਕਦਮ ਚੁੱਕਣ ਤੋਂ ਪਹਿਲਾਂ ਥੋੜ੍ਹਾ ਤਹੱਮਲ ਨਾਲ ਆਪਣੇ ਚੁੱਕੇ ਗ਼ਲਤ ਕਦਮ ਦਾ ਹਸ਼ਰ ਸੋਚ, ਉਸ ਵੇਲੇ ਆਪਣੇ ਗੁੱਸੇ ’ਤੇ ਕਾਬੂ ਪਾ ਲਵੇ ਅਤੇ ਕਿਸੇ ਨਾ ਕਿਸੇ ਢੰਗ ਨਾਲ ਉਸ ਸਮੇਂ ਨੂੰ ਟਾਲ ਦੇਵੇ ਤਾਂ ਉਹ ਗ਼ਲਤ ਕਦਮ ਚੁੱਕਣ ਤੋਂ ਬਚ ਜਾਂਦਾ ਹੈ। ਇੱਕ ਦਾਨਿਸ਼ਵਰ ਦਾ ਕਹਿਣਾ ਹੈ: ਗ਼ਲਤ ਕਦਮ ਚੁੱਕਣ ਤੋਂ ਪਹਿਲਾਂ ਜੇਕਰ ਮਨੁੱਖ ਇਹ ਸੋਚ ਲਵੇ ਕਿ ਲੋਕ ਉਸ ਨੂੰ ਮੂਰਖ, ਉਜੱਡ, ਕਾਇਰ, ਬੇਸਮਝ ਤੇ ਹਾਲਾਤ ਤੋਂ ਭੱਜਣ ਵਾਲਾ ਇਨਸਾਨ ਸਮਝ ਕੇ ਉਸ ਦੀ ਆਲੋਚਨਾ ਕਰਨਗੇ ਤਾਂ ਮਨੁੱਖ ਕਦੇ ਵੀ ਗ਼ਲਤ ਕਦਮ ਨਹੀਂ ਚੁੱਕੇਗਾ। ਜੇਕਰ ਖ਼ੁਦਕੁਸ਼ੀ ਕਰਨ ਬਾਰੇ ਸੋਚਣ ਵਾਲੇ ਇਹ ਸੋਚ ਲੈਣ ਕਿ ਪਿੱਛੇ ਜਿਉਂਦੇ ਰਹਿਣ ਵਾਲੇ ਉਸ ਦੇ ਸਬੰਧੀਆਂ ਨੂੰ ਇਸ ਕਦਮ ਦਾ ਕੀ ਖ਼ਾਮਿਆਜ਼ਾ ਭੁਗਤਣਾ ਪਵੇਗਾ ਤਾਂ ਉਹ ਕਦੇ ਵੀ ਖ਼ੁਦਕੁਸ਼ੀ ਨਹੀਂ ਕਰੇਗਾ। ਆਪਣੀ ਜ਼ਿੰਦਗੀ ਵਿੱਚ ਅਜਿਹੇ ਕਦਮ ਚੁੱਕੋ ਜਿਨ੍ਹਾਂ ਨਾਲ ਲੋਕ ਤੁਹਾਨੂੰ ਦਲੇਰ, ਸੂਝਵਾਨ, ਅਕਲਮੰਦ ਤੇ ਸੁਲਝਿਆ ਹੋਇਆ ਇਨਸਾਨ ਕਹਿਣ, ਨਾ ਕਿ ਡਰਪੋਕ, ਬੁਜ਼ਦਿਲ ਅਤੇ ਬੇਵਕੂਫ਼। ਕਦਮ ਅਜਿਹਾ ਚੁੱਕੋ ਜਿਸ ਨਾਲ ਲੋਕ ਤੁਹਾਡੀ ਪ੍ਰਸ਼ੰਸਾ ਕਰਨ ਨਾ ਕਿ ਆਲੋਚਨਾ।
ਸਾਨੂੰ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਵਾਰ ਅਜਿਹੇ ਮੌਕੇ ਦਿਸਦੇ ਹਨ ਜਦੋਂ ਕਈ ਵਿਅਕਤੀ ਆਪਣੇ ਉੱਤੇ ਨਿੰਦਿਆ ਚੁਗਲੀ ਕਰਨ, ਗ਼ਲਤ ਕੰਮ ਕਰਨ, ਝੂਠ ਬੋਲਣ, ਚੋਰੀ ਕਰਨ ਜਾਂ ਫੇਰ ਹੋਰ ਕੋਈ ਇਲਜ਼ਾਮ ਲਗਾਏ ਜਾਣ ’ਤੇ ਆਪਣੇ ਆਪ ਨੂੰ ਸੱਚਾ ਤੇ ਨਿਰਦੋਸ਼ ਸਿੱਧ ਕਰਨ ਲਈ ਗੁਰੂਆਂ ਪੀਰਾਂ, ਆਪਣੇ ਬੱਚਿਆਂ ਵੱਲ ਹੱਥ ਕਰ ਕੇ, ਧਾਰਮਿਕ ਸਥਾਨਾਂ ’ਤੇ ਜਾ ਕੇ ਅਤੇ ਆਪਣੇ ਕਿੱਤੇ ਦੀ ਕਸਮ ਖਾ ਕੇ ਆਪਣੀ ਸਫ਼ਾਈ ਦੇਣ ਦਾ ਯਤਨ ਕਰ ਰਹੇ ਹੁੰਦੇ ਹਨ। ਅਜਿਹੇ ਲੋਕਾਂ ਬਾਰੇ ਅਕਸਰ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ਝੂਠੀ ਕਸਮ ਖਾ ਕੇ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਨਾਲ ਉਹ ਲੋਕ ਲੋਕਾਂ ਦੀਆਂ ਨਜ਼ਰਾਂ ਵਿੱਚ ਕਦੇ ਵੀ ਸੱਚੇ ਨਹੀਂ ਹੋ ਸਕਦੇ। ਲੋਕਾਂ ਨੂੰ ਸੱਚ ਝੂਠ ਦਾ ਸਭ ਕੁਝ ਪਤਾ ਹੁੰਦਾ ਹੈ। ਉਨ੍ਹਾਂ ਲੋਕਾਂ ਦਾ ਮੂੰਹ ਤਾਂ ਝੂਠ ਬੋਲ ਸਕਦਾ ਹੈ ਪਰ ਉਨ੍ਹਾਂ ਦੀਆਂ ਅੱਖਾਂ ਸਚਾਈ ਬਿਆਨ ਕਰ ਰਹੀਆਂ ਹੁੰਦੀਆਂ ਹਨ। ਝੂਠੀ ਕਸਮ ਖਾ ਕੇ ਆਪਣੇ ਆਪ ਨੂੰ ਸੱਚਾ ਸਿੱਧ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਸ਼ਾਇਦ ਲੋਕ ਸੱਚਾਈ ਤੁਹਾਡੇ ਸਾਹਮਣੇ ਨਾ ਕਹਿਣਾ ਚਾਹੁੰਦੇ ਹੋਣ ਪਰ ਉਨ੍ਹਾਂ ਨੂੰ ਤੁਹਾਡੇ ਝੂਠੀ ਕਸਮ ਖਾਣ ਦਾ ਗਿਆਨ ਹੁੰਦਾ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਤੁਸੀਂ ਝੂਠੀ ਕਸਮ ਖਾ ਕੇ ਲੋਕਾਂ ਦੀ ਅਦਾਲਤ ’ਚ ਸੱਚੇ ਹੋ ਸਕਦੇ ਹੋ, ਪਰ ਪਰਮਾਤਮਾ ਦੀ ਅਦਾਲਤ ਵਿੱਚ ਨਹੀਂ। ਝੂਠੀ ਕਸਮ ਖਾਣ ਵਾਲੇ ਲੋਕ ਆਪਣੀਆਂ ਤੇ ਸਮਾਜ ਦੀਆਂ ਨਜ਼ਰਾਂ ’ਚ ਡਿੱਗ ਜਾਂਦੇ ਹਨ ਤੇ ਆਪਣਾ ਵਿਸ਼ਵਾਸ ਗੁਆ ਬੈਠਦੇ ਹਨ। ਕਸਮ ਝੂਠੇ ਲੋਕਾਂ ਨੂੰ ਹੀ ਖਾਣੀ ਪੈਂਦੀ ਹੈ, ਸੱਚਿਆਂ ਨੂੰ ਨਹੀਂ।
ਸੰਪਰਕ: 98726-27136

Advertisement
Advertisement
Advertisement