For the best experience, open
https://m.punjabitribuneonline.com
on your mobile browser.
Advertisement

ਲੈ ਜਾ ਛੱਲੀਆਂ, ਭੁੰਨਾ ਲਈ ਦਾਣੇ...

10:24 AM Jun 01, 2024 IST
ਲੈ ਜਾ ਛੱਲੀਆਂ  ਭੁੰਨਾ ਲਈ ਦਾਣੇ
Advertisement

ਬਹਾਦਰ ਸਿੰਘ ਗੋਸਲ

Advertisement

ਪੰਜਾਬ ਖੇਤੀ ਪ੍ਰਧਾਨ ਪ੍ਰਾਂਤ ਹੈੇ। ਇਹੀ ਕਾਰਨ ਹੈ ਕਿ ਪਿੰਡਾਂ ਵਿੱਚ ਅੰਨ, ਸਬਜ਼ੀਆਂ, ਖਾਣ ਪੀਣ ਦੀਆਂ ਦੂਜੀਆਂ ਵਸਤਾਂ ਦੀ ਕਦੇ ਤੋਟ ਨਹੀਂ ਰਹੀ। ਪੰਜਾਬੀਆਂ ਦੇ ਖੁੱਲ੍ਹੇ-ਪੀਣ ਕਰਕੇ ਇਹ ਸਰੀਰਕ ਪੱਖੋ ਵੀ ਨਰੋਏ ਅਤੇ ਜੁੱਸੇ ਵਾਲੇ ਬਣੇ ਰਹੇ। ਇਨ੍ਹਾਂ ਸਰੀਰਕ ਤਾਕਤਾਂ ਸਦਕਾ ਹੀ ਪੰਜਾਬ ਦੇਸ਼ ਦਾ ਰਖਵਾਲਾ ਬਣਿਆ ਰਿਹਾ ਹੈ। ਇਹ ਕੁਦਰਤੀ ਹੀ ਸੀ ਕਿ ਜਿੰਨੇ ਵੀ ਵਿਦੇਸ਼ੀ ਧਾੜਵੀ ਹਿੰਦੁਸਤਾਨ ’ਤੇ ਚੜ੍ਹ ਕੇ ਆਏ ਉਹ ਪੰਜਾਬ ਵੱਲੋਂ ਹੀ ਆਏ ਤਾਂ ਪੰਜਾਬੀ ਵੀ ਮੁਕਾਬਲੇ ਕਰਦੇ-ਕਰਦੇ ਸੂਰਬੀਰ, ਯੋਧੇ ਅਤੇ ਸ਼ਹੀਦਾਂ ਦੀ ਕੌਮ ਦੇ ਵਾਰਸ ਬਣ ਗਏ।
ਜਦੋਂ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਹੋਵੇ ਤਾਂ ਵਿਅਕਤੀਆਂ ਦਾ ਰਿਸ਼ਟ-ਪੁਸ਼ਟ, ਨਿਰੋਗ ਅਤੇ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੁੰਦਾ ਹੈ। ਇਸ ਲਈ ਉਹ ‘ਦੱਬ ਕੇ ਵਾਹ ਅਤੇ ਰੱਜ ਕੇ ਖਾ’ ਦੀ ਨੀਤੀ ਅਪਣਾਉਂਦੇ ਸਨ। ਸੁਵਖਤੇ ਉੱਠਣਾ, ਖੇਤਾਂ ਵਿੱਚ ਕੰਮ ਕਰਨਾ ਅਤੇ ਖਾਣ-ਪੀਣ ਵਿੱਚ ਦੁੱਧ-ਦਹੀਂ ਤੇ ਲੱਸੀ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਪੰਜਾਬੀਆਂ ਦੀ ਸਿਹਤ ਦਾ ਰਾਜ ਸੀ। ਪੰਜਾਬੀਆਂ ਦਾ ਦੇਸੀ ਖਾਣਾ, ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਮੱਖਣ ਵਾਲਾ ਖਾਣਾ ਉਨ੍ਹਾਂ ਦੀ ਰੂਹ ਦੀ ਖੁਰਾਕ ਸੀ। ਬਚਪਨ ਤੋਂ ਹੀ ਸਾਦੇ ਅਤੇ ਸੁਆਦਲੇ ਖਾਣੇ ਹਰ ਪੰਜਾਬੀ ਦੀ ਆਦਤ ਬਣ ਜਾਂਦੀ ਹੈ।
ਜੇ ਅਸੀਂ 50-60 ਸਾਲ ਪਹਿਲਾਂ ਦੀ ਗੱਲ ਕਰ ਲਈਏ ਤਾਂ ਪੰਜਾਬੀ ਪੇਂਡੂ ਲੋਕ ਆਪਣੀ ਮਿਹਨਤ ਲਈ ਜਾਣੇ ਜਾਂਦੇ ਸਨ। ਪ੍ਰਮੁੱਖ ਫ਼ਸਲਾਂ ਵਿੱਚ ਕਣਕ, ਮੱਕੀ, ਜਵਾਰ-ਬਾਜਰਾ, ਮੂੰਗਫਲੀ ਅਤੇ ਗੰਨਾ ਹੁੰਦੇ ਸਨ। ਮੱਕੀ ਤਾਂ ਹਰ ਕਿਸਾਨ ਵੱਲੋਂ ਬੀਜੀ ਜਾਂਦੀ ਸੀ ਅਤੇ ਪਿੰਡਾਂ ਵਿੱਚ ਮੱਕੀ ਦੇ ਹਰੇ ਭਰੇ ਖੇਤ ਝੂਲਦੇ ਹੋਏ ਮਨਮੋਹਕ ਨਜ਼ਾਰਾ ਪੇਸ਼ ਕਰਦੇ ਸਨ। ਪੰਜਾਬੀ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਰਾਖੀ ਕਰਨ ਲਈ ਵੀ ਬਹੁਤ ਚਿੰਤਤ ਹੋਣਾ ਪੈਂਦਾ ਸੀ। ਪਸ਼ੂ-ਪੰਛੀਆਂ ਅਤੇ ਜੰਗਲੀ ਜੀਵਾਂ ਤੋਂ ਫ਼ਸਲਾਂ ਦੀ ਰਾਖੀ ਕਰਨ ਲਈ ਕਿਸਾਨਾਂ-ਮਜ਼ਦੂਰਾਂ ਨੂੰ ਅੰਤਾਂ ਦੀ ਮਿਹਨਤ ਕਰਨੀ ਪੈਂਦੀ ਸੀ। ਫ਼ਸਲਾਂ ਬੀਜਣਾ, ਪਾਲਣਾ ਤੇ ਪੱਕਣ ਸਮੇਂ ਉਸ ਦੀ ਰਖਵਾਲੀ ਕਰਨਾ ਕਿਸਾਨ ਪਰਿਵਾਰਾਂ ਲਈ ਮੁਸ਼ਕਿਲਾਂ ਭਰਿਆ ਕੰਮ ਹੁੰਦਾ ਸੀ। ਇਹ ਪੰਜਾਬੀ ਹੀ ਸਨ ਜਿਹੜੇ ਇਸ ਮੁਸ਼ਕਿਲ ਕੰਮ ਨੂੰ ਵੀ ਸੌਖਾ ਹੀ ਨਹੀਂ ਸਨ ਕਰਦੇ ਸਗੋਂ ਇਸ ਨੂੰ ਸੱਭਿਆਚਾਰਕ ਰੰਗ ਦੇ ਕੇ ਇਸ ਨੂੰ ਜੀਵਨ ਦੇ ਵਧੀਆ ਪਲ ਬਣਾ ਲੈਂਦੇ ਸਨ। ਜਿਵੇਂ ਜਦੋਂ ਕਣਕ ਦੀ ਰਾਖੀ ਕਰਨੀ ਹੁੰਦੀ ਤਾਂ ਮੁਟਿਆਰਾਂ ਵੀ ਪਿੱਛੇ ਨਾ ਹਟਦੀਆਂ ਅਤੇ ਆਪ ਖੇਤਾਂ ਵਿੱਚ ਜਾ ਕੇ ਰਾਖੀ ਕਰਦੀਆਂ ਹੋਈਆਂ ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਲਾ ਦਿੰਦੀਆਂ ਸਨ ਅਤੇ ਕਈ ਵਾਰ ਤਾਂ ਉਹ ਆਪਣੇ ਗੱਭਰੂਆਂ ਨਾਲ ਰੋਸਾ ਵੀ ਕਰਦੀਆਂ ਅਤੇ ਕਹਿੰਦੀਆਂ:
ਤੇਰੀ ਕਣਕ ਦੀ ਰਾਖੀ ਮੁੰਡਿਆ
ਹੁਣ ਮੈਂ ਨਹੀਂਓ ਬਹਿੰਦੀ
ਵੇ ਕਦੇ ਉਡਾਵਾਂ ਤਿੱਤਰ ਬਟੇਰੇ
ਕਦੇ ਉਡਾਵਾਂ ਕਾਂ
ਜਿੰਦ ਮਾਲੂਕ ਜਿਹੀ ਏ ਮੇਰੀ
ਵੇ, ਮੈਂ ਕਿੱਧਰ ਕਿੱਧਰ ਜਾਅ।
ਇਸੇ ਤਰ੍ਹਾਂ ਮੱਕੀ ਦੀ ਰਾਖੀ ਵੀ ਫ਼ਸਲ ਨੂੰ ਬਚਾਉਣ ਲਈ ਬੜੀ ਮਹੱਤਵਪੂਰਨ ਹੁੰਦੀ ਸੀ। ਜਦੋਂ ਮੱਕੀ ਨੂੰ ਛੱਲੀਆਂ ਲੱਗਦੀਆਂ ਤਾਂ ਅੰਤਾਂ ਦੀਆਂ ਚਿੜੀਆਂ, ਤੋਤੇ ਮੱਕੀ ਦੇ ਨਰਮ-ਨਰਮ ਦਾਣਿਆਂ ਨੂੰ ਖਾਣ ਲਈ ਮੱਕੀ ਦੇ ਖੇਤਾਂ ਵਿੱਚ ਆਣ ਵੜਦੇ ਤਾਂ ਕਿਸਾਨ ਪਰਿਵਾਰ ਉਨ੍ਹਾਂ ਨੂੰ ਉਡਾਉਣ ਲਈ ਮੱਕੀ ਦੇ ਖੇਤਾਂ ਵਿੱਚ ਮਨਾ ਬਣਾ ਲੈਂਦੇ ਅਤੇ ਉਸ ਉੱਪਰ ਬੈਠ ਕੇ ਜਾਨਵਰਾਂ ਨੂੰ ਜਾਂ ਪੰਛੀਆਂ ਨੂੰ ਭਜਾਉਂਦੇ ਰਹਿੰਦੇ। ਪਿੰਡਾਂ ਦੇ ਨਿਆਣੇ ਤਾਂ ਮਨਿਆਂ ’ਤੇ ਬੈਠ ਕੇ ਜਿੱਥੇ ਪੰਛੀ ਉਡਾਉਂਦੇ ਉੱਥੇ ਹੀ ਆਪਣੇ ਸਕੂਲ ਦਾ ਕੰਮ ਵੀ ਕਰਦੇ ਰਹਿੰਦੇ। ਜੰਗਲੀ ਜਾਨਵਰਾਂ ਜਾਂ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਕਿਸਾਨ ਕੰਡੇਦਾਰ ਵਾੜ ਲਗਾਉਣ ਵਿੱਚ ਲੱਗੇ ਰਹਿੰਦੇ। ਜਦੋਂ ਕਿਸੇ ਨਾ ਕਿਸੇ ਤਰ੍ਹਾਂ ਇਹ ਕਿਸਾਨ ਪਰਿਵਾਰ ਮੱਕੀ ਦੀ ਫ਼ਸਲ ਨੂੰ ਬਚਾਉਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਛੱਲੀਆਂ ਵੀ ਪੱਕ ਕੇ ਤਿਆਰ ਹੋ ਜਾਂਦੀਆਂ। ਇਹ ਉਹ ਸਮਾਂ ਸੀ ਜਦੋਂ ਅਜੇ ਪੰਜਾਬ ਵਿੱਚ ਮਸ਼ੀਨੀ ਯੁੱਗ ਨਹੀਂ ਸੀ ਆਇਆ। ਸਭ ਕੁਝ ਮਨੁੱਖ ਨੂੰ ਹੱਥਾਂ ਨਾਲ ਹੀ ਕਰਨਾ ਪੈਂਦਾ ਸੀ।
ਮੱਕੀ ਦੀ ਪੱਕੀ ਫ਼ਸਲ ਨੂੰ ਕੱਟਣਾ ਅਤੇ ਫਿਰ ਛੱਲੀਆਂ ਕੱਢਣਾ ਵੀ ਪੰਜਾਬੀ ਲੋਕਾਂ ਲਈ ਬੜਾ ਰੌਚਕ ਕਾਰਜ ਹੁੰਦਾ ਸੀ। ਇਸ ਕੰਮ ਵਿੱਚ ਪੰਜਾਬੀ ਔਰਤਾਂ ਦਾ ਵੀ ਚੰਗਾ ਯੋਗਦਾਨ ਹੁੰਦਾ ਸੀ। ਛੱਲੀਆਂ ਕੱਢਣ ਤੋਂ ਬਾਅਦ ਛੱਲੀਆਂ ਤੋਂ ਦਾਣੇ ਵੱਖ ਕਰਨੇ ਕੋਈ ਸੌਖਾ ਕੰਮ ਨਹੀਂ ਸੀ ਹੁੰਦਾ। ਇਸ ਲਈ ਮਨੁੱਖੀ ਹੱਥਾਂ ਅਤੇ ਮਿਹਨਤ ਦੀ ਬਹੁਤ ਲੋੜ ਹੁੰਦੀ ਸੀ ਪਰ ਕਿਸਾਨਾਂ ਨੇ ਇਸ ਮੁਸ਼ਕਿਲ ਕੰਮ ਨੂੰ ਵੀ ਦਿਲਚਸਪ ਅਤੇ ਮਨੋਰੰਜਨ ਭਰਿਆ ਬਣਾ ਲਿਆ ਸੀ। ਛੱਲੀਆਂ ਕੱਢ ਕੇ ਵਿਹੜਿਆਂ ਵਿੱਚ ਇਨ੍ਹਾਂ ਦੇ ਢੇਰ ਲਗਾ ਲਏ ਜਾਂਦੇ ਸਨ ਅਤੇ ਦਾਣੇ ਕੱਢਣ ਲਈ ਉਨ੍ਹਾਂ ਨੂੰ ਲਾਠੀਆਂ ਨਾਲ ਕੁੱਟਿਆ ਜਾਂਦਾ ਅਤੇ ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਜਦੋਂ ਤੱਕ ਦਾਣੇ ਅਲੱਗ ਅਤੇ ਮੱਕੀ ਦੇ ਗੁੱਲੇ ਅਲੱਗ-ਅਲੱਗ ਨਾ ਹੋ ਜਾਂਦੇ।
ਇਹ ਕੰਮ ਬੜਾ ਦਿਲਚਸਪ ਹੁੰਦਾ ਸੀ। ਉਹ ਡਾਗਾਂ ਫੜ ਛੱਲੀਆਂ ਨੂੰ ਲਗਾਤਾਰ ਕੁੱਟਦੇ ਰਹਿੰਦੇ ਅਤੇ ਛੱਲੀਆਂ ਵੀ ਡਾਗਾਂ ਤੋਂ ਡਰਦੀਆਂ ਤਿੜਕ-ਤਿੜਕ ਕੇ ਦੂਰ ਭੱਜਦੀਆਂ ਪਰ ਕੋਲ ਹੀ ਖੜ੍ਹੇ ਹੁੰਦੇ ਸਨ ਘਰ ਦੇ ਨਿਆਣੇ ਜੋ ਦੂਰ ਜਾਂਦੀਆਂ ਛੱਲੀਆਂ ਨੂੰ ਚੁੱਕ-ਚੁੱਕ ਕੇ ਫਿਰ ਡਾਗਾਂ ਦੀ ਮਾਰ ਵਿੱਚ ਸੁੱਟ ਦਿੰਦੇ। ਬੱਚਿਆਂ ਨੂੰ ਖੇਡ ਦੀ ਖੇਡ ਅਤੇ ਨਿਵੇਕਲਾ ਕੰਮ ਮਿਲ ਜਾਂਦਾ ਸੀ। ਇਹ ਕਾਰਜ ਇੰਨਾ ਜ਼ਰੂਰੀ, ਦਿਲਚਸਪ ਅਤੇ ਪਿਆਰ ਭਰਿਆ ਹੁੰਦਾ ਸੀ ਕਿ ਕਿਸਾਨ ਪਰਿਵਾਰ ਅਤੇ ਉਨ੍ਹਾਂ ਦੇ ਬੱਚੇ ਇਸ ਸਮੇਂ ਦੀ ਹਰ ਸਾਲ ਉਡੀਕ ਕਰਦੇ ਸਨ। ਉਹ ਹਰ ਸਾਲ ਛੱਲੀਆਂ ਦੀ ਕੁੱਟ ਦੇਖਣ ਨੂੰ ਉਤਾਵਲੇ ਰਹਿੰਦੇ। ਇਸ ਦਿਲਚਸਪੀ ਨੇ ਹੀ ਪੰਜਾਬੀ ਸੱਭਿਆਚਾਰ ਨੂੰ ਉਹ ਰੰਗਤ ਦਿੱਤੀ ਕਿ ਹਰ ਪੰਜਾਬੀ ਦੀ ਜ਼ੁਬਾਨ ’ਤੇ ਛੱਲੀਆਂ ਨੂੰ ਦੇਖਦੇ ਹੀ ਇਹ ਸ਼ਬਦ ਆ ਜਾਂਦੇ ਸਨ:
ਲੈ ਜਾ ਛੱਲੀਆਂ, ਭੁੰਨਾ ਲਈ ਦਾਣੇ
ਵੇ, ਮਿੱਤਰਾਂ ਦੂਰ ਦਿਆ।
ਇਸੇ ਨਜ਼ਾਰੇ ਦਾ ਆਨੰਦ ਲੈਂਦੇ ਹੋਏ ਬੱਚੇ ਜਦੋਂ ਮੱਕੀ ਦੇ ਦਾਣਿਆਂ ਦਾ ਵਿਹੜਾ ਭਰਿਆ ਦੇਖਦੇ ਤਾਂ ਬੋਹੀਏ, ਗੋਹਲੇ ਚੁੱਕ ਦਾਣਿਆਂ ਨਾਲ ਭਰ ਕੇ ਪਿੰਡ ਦੀ ਦਾਣੇ ਭੁੰਨਣ ਵਾਲੀ ਭੱਠੀ ’ਤੇ ਜਾ ਬੈਠਦੇ। ਉਹ ਲੰਬਾ-ਲੰਬਾ ਸਮਾਂ ਮੱਕੀ ਦੇ ਦਾਣੇ ਭੁੰਨਣ ਵਾਲੀ ਭੱਠਿਆਰਨ ਦੇ ਕਾਰਜ ਨੂੰ ਦੇਖਦੇ ਅਤੇ ਭੁੰਨੇ ਜਾਂਦੇ ਦਾਣਿਆਂ ਨੂੰ ਸੇਕ ਦੇ ਮਾਰੇ ਛਾਲਾਂ ਮਾਰਦੇ ਦੇਖ ਕੇ ਖ਼ੁਸ਼ ਹੁੰਦੇ। ਇਹ ਨਜ਼ਾਰਾ ਵੀ ਅਜਿਹਾ ਦਿਲ ਟੁੰਬਣ ਵਾਲਾ ਹੁੰਦਾ ਸੀ ਜਿਸ ਨੇ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਸੀ:
ਪੀੜਾਂ ਦਾ ਪਰਾਗਾ ਭੁੰਨ ਦੇ, ਨੀਂ ਭੱਠੀ ਵਾਲੀਏ।
ਪਰ ਸਮੇਂ ਨੇ ਅਜਿਹਾ ਪਲਟਾ ਖਾਧਾ ਕਿ ਇੱਕ ਪਾਸੇ ਤਾਂ ਪੰਜਾਬ ਵਿੱਚ ਮੱਕੀ ਦੀ ਫ਼ਸਲ ਨੇ ਜ਼ਿਆਦਾਤਰ ਝੋਨੇ ਕੋਲੋਂ ਮਾਰ ਖਾ ਲਈ ਅਤੇ ਦੂਜੇ ਪਾਸੇ ਮਸ਼ੀਨੀ ਯੁੱਗ ਨੇ ਪਿੰਡਾਂ ਵਿੱਚ ਅਜਿਹੀਆਂ ਮਸ਼ੀਨਾਂ ਭੇਜ ਦਿੱਤੀਆਂ ਕਿ ਮੱਕੀਆਂ ਤੋਂ ਦਾਣੇ ਕੱਢਣ ਲਈ ਡਾਗਾਂ ਦਾ ਸਿਸਟਮ ਹੀ ਖ਼ਤਮ ਕਰ ਦਿੱਤਾ। ਮਿੰਟਾਂ ਵਿੱਚ ਨਵੀਆਂ-ਨਵੀਆਂ ਮਸ਼ੀਨਾਂ ਗੁੱਲਿਆਂ ਅਤੇ ਮੱਕੀ ਦੇ ਦਾਣਿਆਂ ਨੂੰ ਵੱਖ ਕਰ ਦਿੰਦੀਆਂ ਹਨ ਅਤੇ ਕਿਸਾਨਾਂ ਨੂੰ ਡਾਗਾਂ ਚੁੱਕਣ ਦੀ ਲੋੜ ਹੀ ਨਹੀਂ ਰਹਿੰਦੀ। ਭਾਵੇਂ ਮਸ਼ੀਨਾਂ ਦੇ ਆਪਣੇ ਸੁੱਖ ਹਨ, ਕੰਮ ਜਲਦੀ ਅਤੇ ਸੌਖਾ ਹੋ ਜਾਂਦਾ ਹੈ ਪਰ ਇਸ ਨਾਲ ਸਾਡਾ ਪੁਰਾਣਾ ਸੱਭਿਆਚਾਰ ਅਤੇ ਵਿਰਸਾ ਤਾਂ ਲਗਾਤਾਰ ਗੁਆਚ ਰਿਹਾ ਹੈ। ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਇਹ ਪੇਂਡੂ ਸੱਭਿਆਚਾਰਕ ਨਜ਼ਾਰੇ ਕਦੇ ਦੇਖਣ ਨੂੰ ਹੀ ਨਹੀਂ ਮਿਲਣੇ।
ਸੰਪਰਕ: 98764-52223

Advertisement

Advertisement
Author Image

joginder kumar

View all posts

Advertisement