ਜਲਵਾਯੂ ਤਬਦੀਲੀ ਦੇ ਦੌਰ ’ਚ ਭਦਾਵਰੀ ਮੱਝ ’ਤੇ ਟੇਕ
ਬੀਪੀ ਕੁਸ਼ਵਾਹਾ/ਬਿਸ਼ਵ ਭਾਸਕਰ ਚੌਧਰੀ
ਭਾਰਤ ਦੀਆਂ ਜਲਵਾਯੂ ਪ੍ਰਸਥਿਤੀਆਂ ਅਤੇ ਖੇਤੀਬਾੜੀ ਦੀਆਂ ਵਿਧੀਆਂ ਬਹੁਤ ਬਹੁਭਾਂਤੀਆਂ ਹਨ ਅਤੇ ਬਹੁਤ ਲੰਮੇ ਅਰਸੇ ਤੋਂ ਦੇਸ਼ ਆਪਣੀ ਹੰਢਣਸਾਰਤਾ ਅਤੇ ਆਰਥਿਕ ਸਥਿਰਤਾ ਲਈ ਪਸ਼ੂਧਨ ’ਤੇ ਟੇਕ ਰੱਖਦਾ ਆ ਰਿਹਾ ਹੈ। ਉਂਝ, ਪਸ਼ੂ ਪਾਲਣ ਦੇ 70 ਫ਼ੀਸਦ ਤੋਂ ਵੱਧ ਪਸ਼ੂ ਸੀਮਾਂਤ ਅਤੇ ਛੋਟੇ ਕਿਸਾਨਾਂ ਵੱਲੋਂ ਰੱਖੇ ਜਾਂਦੇ ਹਨ। ਮੱਝਾਂ ਪਸ਼ੂ ਪਾਲਣ ਦਾ ਅਹਿਮ ਹਿੱਸਾ ਹਨ ਅਤੇ ਦੇਸ਼ ਦੇ ਪਸ਼ੂਧਨ ਵਿਚ ਮੱਝਾਂ ਦੀ ਹਿੱਸੇਦਾਰੀ ਕਰੀਬ 21 ਫ਼ੀਸਦ ਹੈ ਅਤੇ ਦੁੱਧ ਦੀ ਕੁੱਲ ਪੈਦਾਵਾਰ ਵਿਚ ਇਨ੍ਹਾਂ ਦਾ ਕਰੀਬ 45 ਫ਼ੀਸਦ ਯੋਗਦਾਨ ਹੈ। ਭਾਰਤ ਦੀਆਂ ਕੁੱਲ ਮੱਝਾਂ ’ਚੋਂ 42 ਫ਼ੀਸਦ ਮੁਰ੍ਹਾ ਨਸਲ ਦੇ ਹਿੱਸੇ ਆਉਂਦਾ ਹੈ। ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਦੁੱਧ ਦੀ ਪੈਦਾਵਾਰ ਵਧਾਉਣ ਦੇ ਚੱਕਰ ਵਿਚ ਹੋਰਨਾਂ ਨਸਲਾਂ ਦੀਆਂ ਮੱਝਾਂ ਦੀ ਮੁਰ੍ਹਾ ਨਸਲ ਨਾਲ ਕਰਾਸਬ੍ਰੀਡਿੰਗ ਕਰਾਉਣ ਦੇ ਅੰਨ੍ਹੇਵਾਹ ਰੁਝਾਨ ਕਰ ਕੇ ਹੋਰਨਾਂ ਨਸਲਾਂ ਖ਼ਾਸਕਰ ਭਦਾਵਰੀ ਨਸਲ ਦੀ ਸੰਖਿਆ ’ਤੇ ਕਾਫ਼ੀ ਬੁਰਾ ਅਸਰ ਪਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ 1977 ਵਿਚ ਭਦਾਵਰੀ ਮੱਝਾਂ ਦੀ ਸੰਖਿਆ ਕਰੀਬ 1.3 ਲੱਖ ਸੀ ਜੋ 1997 ਵਿਚ ਘਟ ਕੇ 50 ਹਜ਼ਾਰ ਰਹਿ ਗਈ ਸੀ।
ਭਦਾਵਰੀ ਨਸਲ ਖ਼ਾਸ ਤੌਰ ’ਤੇ ਖੁਸ਼ਕ ਅਤੇ ਨੀਮ ਖੁਸ਼ਕ ਇਲਾਕਿਆਂ ਵਿਚ ਗਰਮੀ ਅਤੇ ਜਲਵਾਯੂ ਦਾ ਤਣਾਓ ਬਰਦਾਸ਼ਤ ਕਰਨ ਲਈ ਜਾਣੀ ਜਾਂਦੀ ਹੈ। ਇਸ ਨਸਲ ਨੇ ਗਰਮੀ ਦੇ ਅਸਰ ਤੋਂ ਬਚਣ ਦੇ ਕੁਸ਼ਲ ਸਾਂਚੇ ਵਿਕਸਤ ਕੀਤੇ ਹਨ ਜਿਸ ਸਦਕਾ ਤਿੱਖੀ ਗਰਮੀ ਪੈਣ ਦੇ ਬਾਵਜੂਦ ਇਸ ਦੀ ਉਤਪਾਦਕਤਾ ਦੇ ਪੱਧਰ ’ਤੇ ਕੋਈ ਖਾਸ ਫ਼ਰਕ ਨਹੀਂ ਪੈਂਦਾ। ਇਸ ਤੋਂ ਇਲਾਵਾ ਇਸ ਦਾ ਜੀਨ ਬਣਤਰ ਇਸ ਨੂੰ ਪਾਣੀ ਦੀ ਕਿੱਲਤ ਨਾਲ ਸਿੱਝਣ ਦੇ ਯੋਗ ਬਣਾਉਂਦੀ ਹੈ। ਆਮ ਤੌਰ ’ਤੇ ਮੱਝਾਂ ਗਰਮੀਆਂ ਵਿਚ ਚਿੱਕੜ ਵਿਚ ਪਲਸੇਟੇ ਮਾਰ ਕੇ ਇਹ ਆਪਣੇ ਆਪ ਨੂੰ ਠੰਢਾ ਰੱਖਦੀਆਂ ਹਨ ਪਰ ਭਦਾਵਰੀ ਮੱਝ ਇਸ ਤੋਂ ਬਿਨਾਂ ਵੀ ਗਰਮੀ ਸਹਿ ਲੈਂਦੀ ਹੈ। ਪਸ਼ੂ ਆਪਣੇ ਸਰੀਰ ਦਾ ਵਜ਼ਨ ਦੇ ਹਿਸਾਬ ਨਾਲ ਪਾਣੀ ਪੀਂਦਾ ਹੈ। ਭਦਾਵਰੀ ਮੱਝ ਦਾ ਸਰੀਰਕ ਵਜ਼ਨ ਮੁਰ੍ਹਾ ਨਸਲ ਨਾਲੋਂ ਘੱਟ ਹੁੰਦਾ ਹੈ ਜਿਸ ਕਰ ਕੇ ਇਸ ਦੀ ਪਾਣੀ ਦੀ ਲੋੜ ਘੱਟ ਹੁੰਦੀ ਹੈ। ਜਿਵੇਂ ਜਿਵੇਂ ਜਲਵਾਯੂ ਤਬਦੀਲੀ ਦਾ ਅਸਰ ਵਧ ਰਿਹਾ ਹੈ ਤਾਂ ਪਸ਼ੂ ਪਾਲਣ ਦੇ ਕਿੱਤੇ ਅਤੇ ਦੁੱਧ ਦੀ ਪੈਦਾਵਾਰ ਬਰਕਰਾਰ ਰੱਖਣ ਲਈ ਭਦਾਵਰੀ ਨਸਲ ਦੀ ਅਹਿਮੀਅਤ ਵਧਣ ਦੇ ਆਸਾਰ ਹਨ।
ਭਦਾਵਰੀ ਨਸਲ ਦੀਆਂ ਮੱਝਾਂ ਉੱਤਮ ਗੁਣਵੱਤਾ ਵਾਲਾ ਦੁੱਧ ਦਿੰਦੀਆਂ ਹਨ ਤੇ ਪਸ਼ੂਪਾਲਕ ਕਿਸਾਨਾਂ ਦੀ ਆਮਦਨ ਨੂੰ ਟਿਕਾਊ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਪਸ਼ੂਆਂ ਦਾ ਦੁੱਧ ਵਸਾ (ਫੈਟ) ਦੀ ਵੱਧ ਮਾਤਰਾ ਲਈ ਜਾਣਿਆ ਜਾਂਦਾ ਹੈ ਜੋ ਕਿ ਸੱਤ ਪ੍ਰਤੀਸ਼ਤ ਤੋਂ 14 ਪ੍ਰਤੀਸ਼ਤ ਤੱਕ ਹੁੰਦੀ ਹੈ, ਇਸ ਲਈ ਇਹ ਡੇਅਰੀ ਉਤਪਾਦਾਂ ਲਈ ਬਿਲਕੁਲ ਢੁੱਕਵਾਂ ਹੁੰਦਾ ਹੈ। ਇਸ ਤੋਂ ਇਲਾਵਾ ਭਦਾਵਰੀ ਮੱਝਾਂ ਦੇ ਦੁੱਧ ’ਚ ਪਾਇਆ ਜਾਂਦਾ ਵਸਾਯੁਕਤ ਅਮਲ (ਫੈਟੀ ਐਸਿਡ) ਮੱਝਾਂ ਦੀਆਂ ਹੋਰਨਾਂ ਕਿਸਮਾਂ ਦਾ ਪੂਰਾ ਮੁਕਾਬਲਾ ਕਰਦਾ ਹੈ। ਇਨ੍ਹਾਂ ਦੇ ਦੁੱਧ ਦੀ ਸੰਪੂਰਨ ਰਚਨਾ ਨਾ ਸਿਰਫ਼ ਖ਼ਪਤਕਾਰਾਂ ਦੀਆਂ ਮੰਗਾਂ ਉਤੇ ਖ਼ਰੀ ਉਤਰਦੀ ਹੈ ਬਲਕਿ ਕਿਸਾਨਾਂ ਨੂੰ ਆਰਥਿਕ ਲਾਭ ਵੀ ਦਿੰਦੀ ਹੈ।
ਭਦਾਵਰੀ ਕਿਸਾਨਾਂ ਲਈ ਇਕ ਕਿਫ਼ਾਇਤੀ ਬਦਲ ਹੈ। ਇਸ ਨਸਲ ਦੇ ਘੱਟ ਭਾਰ ਕਾਰਨ ਫਾਰਮ ’ਤੇ ਇਸ ਦੀ ਖ਼ੁਰਾਕ ਦੀ ਲੋੜ ਵੀ ਘੱਟ ਹੈ। ਵੰਨ-ਸਵੰਨੇ ਚਾਰੇ ਤੇ ਦਰਮਿਆਨੀ ਗੁਣਵੱਤਾ ਵਾਲੀਆਂ ਹਾਲਤਾਂ ’ਚ ਵੀ ਗੁਜ਼ਾਰਾ ਕਰਨ ਦੀ ਸਮਰੱਥਾ ਭਦਾਵਰੀ ਮੱਝਾਂ ਨੂੰ ਘੱਟ-ਵੱਧ ਚਾਰੇ ਦੀ ਸਥਿਤੀ ’ਚ ਵੀ ਗੁਜ਼ਾਰਾ ਕਰਨ ਦੇ ਕਾਬਿਲ ਬਣਾਉਂਦੀ ਹੈ। ਅਜਿਹੇ ਕਿਸਾਨ ਭਾਰਤ ਦੇ ਡੇਅਰੀ ਖੇਤਰ ’ਚ ਬਹੁਗਿਣਤੀ ’ਚ ਹਨ। ਕਈ ਤਰ੍ਹਾਂ ਦੀਆਂ ਸਥਿਤੀਆਂ ’ਚ ਲਾਭਕਾਰੀ ਰਹਿਣ ਦੀ ਭਦਾਵਰੀ ਮੱਝਾਂ ਦੀ ਯੋਗਤਾ ਡੇਅਰੀ ਖੇਤਰ ਦੀ ਉਤਪਾਦਕਤਾ ਵਿਚ ਯੋਗਦਾਨ ਪਾਉਂਦੀ ਹੈ, ਉਦੋਂ ਵੀ ਜਦ ਚਾਰਾ ਨਾਕਾਫ਼ੀ ਹੋਵੇ। ਇਸ ਨਸਲ ਦੀ ਰੋਗ ਨਾਲ ਲੜਨ ਦੀ ਤਾਕਤ ਵੀ ਜ਼ਿਕਰਯੋਗ ਹੈ, ਜੋ ਕਿ ਜਮਾਂਦਰੂ ਹੈ। ਭਾਰਤੀ ਪਸ਼ੂਆਂ ਵਿਚ ਹਾਲ ਹੀ ’ਚ ਫੈਲੀ ਲੰਪੀ ਵਾਇਰਸ ਦੀ ਬੀਮਾਰੀ ਦੇ ਮੱਦੇਨਜ਼ਰ ਇਹ ਇਕ ਮਹੱਤਵਪੂਰਨ ਪੱਖ ਹੈ। ਇਸ ਨਾਲ ਵਾਰ-ਵਾਰ ਵੈਟਰਨਰੀ ਦਖ਼ਲ ਦੀ ਲੋੜ ਘਟਦੀ ਹੈ, ਪਸ਼ੂਆਂ ਦੀ ਤੰਦਰੁਸਤੀ ਬਣੀ ਰਹਿੰਦੀ ਹੈ ਤੇ ਰੋਗਾਂ ਨਾਲ ਸਬੰਧਤ ਮੌਤ ਦਰ ਤੇ ਵਿੱਤੀ ਨੁਕਸਾਨਾਂ ਤੋਂ ਬਚਾਅ ਹੁੰਦਾ ਹੈ। ਨਸਲ ਦੀ ਨਰੋਈ ਸਿਹਤ ਸੀਮਤ ਵਿੱਤੀ ਸਰੋਤਾਂ ਵਾਲੇ ਛੋਟੇ ਡੇਅਰੀ ਕਿਸਾਨਾਂ ਦਾ ਜੋਖ਼ਮ ਵੀ ਘਟਾਉਂਦੀ ਹੈ। ਅਧਿਐਨਾਂ ’ਚ ਸਾਹਮਣੇ ਆਇਆ ਹੈ ਕਿ ਮੁਰ੍ਹਾ ਦੇ ਮੁਕਾਬਲੇ ਭਦਾਵਰੀ ’ਚ ਕੱਟਰੂ ਦੀ ਮੌਤ ਦਰ ਘੱਟ ਹੈ। ਇਹ ਛੋਟੇ ਪਸ਼ੂ ਪਾਲਕਾਂ ਲਈ ਮਹੱਤਵਪੂਰਨ ਹੈ ਕਿਉਂਕਿ ਜ਼ਿਆਦਾ ਮੌਤ ਦਰ ਉਨ੍ਹਾਂ ਲਈ ਘਾਟੇ ਦਾ ਸੌਦਾ ਬਣ ਸਕਦੀ ਹੈ। ਸਿਹਤਮੰਦ ਕੱਟਰੂਆਂ ਨੂੰ ਪਾਲਣ ’ਚ ਭਦਾਵਰੀ ਦੀ ਯੋਗਤਾ ਭਵਿੱਖ ’ਚ ਵੀ ਪਸ਼ੂਆਂ ਦੀ ਸਥਿਰ ਸਪਲਾਈ ਯਕੀਨੀ ਬਣਾਉਂਦੀ ਹੈ ਜਿਸ ਨਾਲ ਸਮੁੱਚੇ ਉਤਪਾਦਨ ਤੇ ਲਾਭ ਵਿਚ ਵਾਧਾ ਹੁੰਦਾ ਹੈ। ਇਹ ਗੁਣ ਛੋਟੇ ਕਿਸਾਨਾਂ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹੈ ਜੋ ਦੁੱਧ ਉਤਪਾਦਨ ਦੇ ਨਾਲ-ਨਾਲ ਬ੍ਰੀਡਿੰਗ ਵੀ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਕੋਲ ਲੰਮੇ ਸਮੇਂ ਤੱਕ ਪਸ਼ੂਆਂ ਦੀ ਘਾਟ ਨਹੀਂ ਹੋਵੇਗੀ।
ਭਦਾਵਰੀ ਮੱਝ ਦੀ ਅਹਿਮੀਅਤ ਨੂੰ ਸਮਝਦਿਆਂ, ਹਿਸਾਰ ਅਧਾਰਿਤ ਆਈਸੀਏਆਰ- ਮੱਝਾਂ ’ਤੇ ਖੋਜ ਲਈ ਕੇਂਦਰੀ ਸੰਸਥਾ (ਸੀਆਈਆਰਬੀ) ਨੇ ਇਸ ਦੀ ਸੰਭਾਲ ਲਈ ਯਤਨ ਸ਼ੁਰੂ ਕੀਤੇ ਹਨ। ਸੰਨ 2001 ਵਿਚ ਝਾਂਸੀ ਦੀ ਚਰਾਗਾਹ ਤੇ ਚਾਰਾ ਖੋਜ ਸੰਸਥਾ ਵੱਲੋਂ ਭਦਾਵਰੀ ਮੱਝਾਂ ’ਤੇ ਇਕ ਨੈੱਟਵਰਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਸਾਂਭ-ਸੰਭਾਲ ਦੇ ਵੱਖ-ਵੱਖ ਪਹਿਲੂਆਂ ’ਤੇ ਅਧਾਰਿਤ ਸੀ ਜਿਸ ਵਿਚ ਭਦਾਵਰੀ ਕਿਸਮ ਦੀ ਗਿਣਤੀ ਨੂੰ ਵਧਾਉਣਾ, ਨਸਲ ਦੀ ਜੈਨੇਟਿਕ ਸ਼ੁੱਧਤਾ ਨੂੰ ਬਰਕਰਾਰ ਰੱਖਣਾ ਤੇ ਟਿਕਾਊ ਪ੍ਰਜਨਣ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ। ਪਿਛਲੇ ਕਈ ਸਾਲਾਂ ’ਚ ਇਨ੍ਹਾਂ ਉੱਦਮਾਂ ਦੇ ਠੋਸ ਸਿੱਟੇ ਨਿਕਲੇ ਹਨ, ਜਿਸ ਨਾਲ ਭਦਾਵਰੀ ਦੀ ਆਬਾਦੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਹਾਲਾਂਕਿ ਸਾਂਭ-ਸੰਭਾਲ ਦੇ ਯਤਨਾਂ ਨੂੰ ਮਹਿਜ਼ ਗਿਣਤੀ ਤੋਂ ਅੱਗੇ ਲਿਜਾਣ ਦੀ ਲੋੜ ਹੈ, ਜਿਸ ’ਚ ਪ੍ਰਜਨਣ ਪ੍ਰਣਾਲੀ ਨੂੰ ਬਚਾਉਣ ਜਿਹੇ ਅਹਿਮ ਪੱਖ ਸ਼ਾਮਲ ਹਨ। ਹੋਰਨਾਂ ਨਸਲਾਂ, ਵਿਸ਼ੇਸ਼ ਤੌਰ ’ਤੇ ਮੁਰ੍ਹਾ ਨਾਲ ਅੰਨ੍ਹੇਵਾਹ ‘ਕਰਾਸਬ੍ਰੀਡਿੰਗ’ (ਪ੍ਰਜਨਣ) ਰੋਕਣ ਲਈ ਸਖ਼ਤ ਨੀਤੀਆਂ ਬਣਨੀਆਂ ਚਾਹੀਦੀਆਂ ਹਨ ਤਾਂ ਕਿ ਭਦਾਵਰੀ ਦੀਆਂ ਵਿਲੱਖਣ ਜੈਨੇਟਿਕ ਵਿਸ਼ੇਸ਼ਤਾਵਾਂ ਨੂੰ ਕਾਇਮ ਰੱਖਿਆ ਜਾ ਸਕੇ। ਪ੍ਰਜਨਣ ਖੇਤਰ, ਜੋ ਕਿ ਜੈਨੇਟਿਕ ਸ਼ੁੱਧਤਾ ਦਾ ਕੇਂਦਰ ਹੁੰਦਾ ਹੈ, ਧਿਆਨ ਮੰਗਦਾ ਹੈ। ਢੁੱਕਵੀਆਂ ਵਿਸ਼ੇਸ਼ਤਾਵਾਂ ’ਚ ਮਿਲਾਵਟ ਰੋਕਣ ਲਈ ਯਤਨਾਂ ਦੀ ਲੋੜ ਹੈ। ਸਾਂਭ-ਸੰਭਾਲ ਦੀ ਯੋਜਨਾ ’ਚ ਨਾਲੋ-ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਵੀ ਬਹੁਤ ਮਹੱਤਤਾ ਹੈ। ਬਹੁਤੇ ਕਿਸਾਨ ਸ਼ਾਇਦ ਭਦਾਵਰੀ ਦੀਆਂ ਵਿਸ਼ੇਸ਼ ਖੂਬੀਆਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ, ਜਿਸ ’ਚ ਚਾਰੇ ਦੀ ਘੱਟ ਜ਼ਰੂਰਤ ਅਤੇ ਜਲਵਾਯੂ ਤਬਦੀਲੀ ਦੇ ਦੌਰ ’ਚ ਵੀ ਇਸ ਦਾ ਲਾਭਕਾਰੀ ਹੋਣਾ ਸ਼ਾਮਲ ਹੈ। ਇਸ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ- ਸਿਖਲਾਈ ਪ੍ਰੋਗਰਾਮਾਂ, ਵਰਕਸ਼ਾਪਾਂ ਤੇ ਪਹੁੰਚ ਦਾ ਘੇਰਾ ਵਧਾਉਣ ਦੀ ਲੋੜ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਜਾਣਕਾਰੀ ਦਾ ਖੱਪਾ ਪੂਰਿਆ ਜਾ ਸਕਦਾ ਹੈ, ਕਿਸਾਨਾਂ ਨੂੰ ਉਸ ਗਿਆਨ ਨਾਲ ਲੈਸ ਕੀਤਾ ਜਾ ਸਕਦਾ ਹੈ ਜੋ ਇਸ ਨਸਲ ਦੇ ਫਾਇਦਿਆਂ ਤੇ ਸੰਭਾਲ ਦੀ ਲੋੜ ਉਤੇ ਜ਼ੋਰ ਦਿੰਦਾ ਹੈ। ਇਸ ਨਸਲ ਦੇ ਵਿੱਤੀ ਲਾਭਾਂ ਅਤੇ ਹਰ ਤਰ੍ਹਾਂ ਦੇ ਵਾਤਾਵਰਨ ’ਚ ਲਾਭ ਦੇਣ ਜਿਹੀਆਂ ਖੂਬੀਆਂ ਦੇ ਹਵਾਲੇ ਨਾਲ ਕਿਸਾਨਾਂ ਨੂੰ ਇਸ ਦੀ ਸਰਗਰਮੀ ਨਾਲ ਸੰਭਾਲ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਜਿਸ ਲਈ ਡੂੰਘੀ ਸਮਝ ਵਿਕਸਤ ਕਰਨ ਦੀ ਲੋੜ ਪਏਗੀ। ਇਸ ਤੋਂ ਇਲਾਵਾ ਪ੍ਰਾਈਵੇਟ ਡੇਅਰੀ ਫਰਮਾਂ ਜੋ ਕਿ ਡੇਅਰੀ ਉਦਯੋਗ ਵਿਚ ਵੱਡੀ ਭੂਮਿਕਾ ਰੱਖਦੀਆਂ ਹਨ, ਨੂੰ ਵੀ ਭਦਾਵਰੀ ਦੀ ਸੰਭਾਲ ਦੇ ਯਤਨਾਂ ਵਿਚ ਸ਼ਾਮਲ ਕਰਨ ਦੀ ਲੋੜ ਹੈ। ਪ੍ਰਾਈਵੇਟ ਡੇਅਰੀ ਫਰਮਾਂ ’ਚ ਭਦਾਵਰੀ ਮੱਝਾਂ ਦੀ ਸ਼ਮੂਲੀਅਤ ਲਈ ਨੀਤੀਆਂ ਬਣਨੀਆਂ ਚਾਹੀਦੀਆਂ ਹਨ, ਜਿਸ ਤਹਿਤ ਆਰਥਿਕ ਸਹਾਇਤਾ ਵਗੈਰਾ ਦਿੱਤੀ ਜਾ ਸਕਦੀ ਹੈ। ਨਸਲ ਨਾਲ ਜੁੜੇ ਆਰਥਿਕ ਲਾਭਾਂ ਨੂੰ ਉਭਾਰ ਕੇ ਅਜਿਹਾ ਕੀਤਾ ਜਾ ਸਕਦਾ ਹੈ, ਵਿਸ਼ੇਸ਼ ਤੌਰ ’ਤੇ ਵੱਖ-ਵੱਖ ਡੇਅਰੀ ਉਤਪਾਦਾਂ ਲਈ ਇਸ ਮੱਝ ਦੇ ਢੁੱਕਵੇਂ ਦੁੱਧ ਦਾ ਹਵਾਲਾ ਦਿੱਤਾ ਜਾ ਸਕਦਾ ਹੈ।
*ਲੇਖਕ ਆਈਸੀਏਆਰ-ਕੇਂਦਰੀ ਮੱਝ ਖੋਜ ਕੇਂਦਰ, ਹਿਸਾਰ ’ਚ ਮੁੱਖ ਵਿਗਿਆਨੀ ਅਤੇ ਵਿਗਿਆਨੀ ਹਨ।