ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ...
ਗੁਰਦੀਪ ਢੁੱਡੀ
ਮਨੁੱਖੀ ਵਿਕਾਸ ਦੇ ਪੜਾਅ ਸਾਨੂੰ ਬਹੁਤ ਸਾਰੇ ਅਜਿਹੇ ਵਰਤਾਰਿਆਂ ਦੀ ਸੋਝੀ ਕਰਵਾਉਂਦੇ ਹਨ ਜਿਨ੍ਹਾਂ ਨੂੰ ਵਿਗਿਆਨ ਅਤੇ ਕਲਾ ਦੇ ਸੁਮੇਲ ਵਜੋਂ ਵੇਖਦੇ ਹਾਂ। ਵਿਗਿਆਨ ਮਨੁੱਖ ਦੇ ਵਿਕਾਸ ਦੀ ਬਾਤ ਪਾਉਂਦਾ ਹੈ ਅਤੇ ਕਲਾ ਉਸ ਵਿਕਾਸ ਵਿੱਚ ਸੁਹਜ ਭਰਦੀ ਹੈ। ਇਸੇ ਕਰਕੇ ਹੀ ਮਨੁੱਖ ਦਾ ਅਗਲੇਰੇ ਪਾਸੇ ਵਧਦਾ ਹਰ ਕਦਮ ਉਸ ਲਈ ਉਤਸ਼ਾਹ ਭਰਦਾ ਹੈ ਅਤੇ ਉਹ ਨਿਰੰਤਰ ਕਦਮਾਂ ਨੂੰ ਅੱਗੇ ਵਧਾਉਂਦਾ ਰਹਿੰਦਾ ਹੈ। ਵੀਹਵੀਂ ਸਦੀ ਦੇ ਅੱਧ ਤੋਂ ਪਹਿਲਾਂ ਮਨੁੱਖ ਆਪਣੇ ਵਿਕਾਸ ਨੂੰ ਵੇਖ ਕੇ ਝੂਰਦਾ ਨਹੀਂ ਸੀ ਜਦੋਂ ਕਿ ਉਸ ਤੋਂ ਬਾਅਦ ਉਸ ਦੇ ਵਿਕਾਸ ’ਤੇ ਮਨੁੱਖ ਨੇ ਉਂਗਲ ਵੀ ਉਠਾਈ ਹੈ।
ਇਸ ਸਮੇਂ ਵਿੱਚ ਵਿਗਿਆਨ ਨੇ ਤੇਜ਼ੀ ਨਾਲ ਪਸਾਰਾ ਕੀਤਾ ਹੈ। ਬਹੁਤ ਜ਼ਿਆਦਾ ਆਈ ਹੋਈ ਤੇਜ਼ੀ ਜਿੱਥੇ ਸਾਨੂੰ ਆਚੰਭਿਤ ਕਰਦੀ ਹੈ ਉੱਥੇ ਤੇਜ਼ ਗਤੀ ਦੇ ਵਿਕਾਸ ’ਤੇ ਉਂਗਲ ਉੱਠਣੀ ਵੀ ਸੁਭਾਵਿਕ ਹੀ ਹੈ। ਤੇਜ਼ ਗਤੀ ਨਾਲ ਛੇਤੀ ਕੀਤਿਆਂ ਇਕਸੁਰ ਨਾ ਹੋ ਸਕਣ ਵਾਲੇ, ਇਸ ਦੀ ਨੁਕਤਾਚੀਨੀ ਵੀ ਕਰਦੇ ਵੇਖੇ ਜਾ ਸਕਦੇ ਹਨ। ਹਾਲਾਂਕਿ ਵਰਤਮਾਨ ਯੁੱਗ ਵਿੱਚ ਪੈਦਾ ਹੋਇਆ ਅਤੇ ਵੱਡਾ ਹੋਇਆ ਮਨੁੱਖ ਇਸ ਵਿਕਾਸ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਗਿਆ। ਇਸ ਤਰ੍ਹਾਂ ਦੀ ਇੱਕ ਵਿੱਥ ਨੂੰ ਪੀੜ੍ਹੀਆਂ ਦੀ ਵਿੱਥ ਦਾ ਨਾਂ ਦਿੱਤਾ ਜਾਣ ਲੱਗਿਆ ਹੈ। ਹਕੀਕਤ ਵਿੱਚ ਇਹ ਪੀੜ੍ਹੀਆਂ ਦੀ ਵਿੱਥ ਨਹੀਂ ਹੈ ਸਗੋਂ ਮਨੁੱਖ ਨੂੰ ਹਾਸਲ ਵਿਗਿਆਨਕ ਪੱਧਤੀਆਂ ਸਦਕਾ ਵਿਕਾਸ ਵਿੱਚ ਤੇਜ਼ੀ ਆ ਸਕਣ ਵਾਲੀ ਸੁਭਾਵਿਕ ਪ੍ਰਕਿਰਿਆ ਹੈ। ਅਜੋਕੇ ਦੌਰ ਵਿੱਚ ਵਿਗਿਆਨਕ ਵਸਤੂਆਂ ਦੀਆਂ ਕਾਢਾਂ ’ਤੇ ਉਂਗਲ ਉੱਠਦੀ ਹੈ ਜਦੋਂ ਕਿ ਇਸ ਦੇ ਕਲਾਤਮਿਕ ਪੱਖ ਨੇ ਇਸ ਨੂੰ ਸੁਹਜਮਈ ਬਣਾਇਆ ਹੈ। ਇਸ ਗਤੀ ਨਾਲ ਇਕਸੁਰ ਨਾ ਹੋਣ ਵਾਲਾ ਮਨੁੱਖ ਜਦੋਂ ਇਸ ਦੀ ਤੇਜ਼ ਗਤੀ ਅਤੇ ਸੁਹਜ ਨੂੰ ਵੇਖਦਾ ਹੈ ਤਾਂ ਉਹ ਇਸ ਦੀ ਤਾਰੀਫ਼ ਕੀਤੇ ਬਿਨਾਂ ਵੀ ਰਹਿ ਨਹੀਂ ਸਕਦਾ।
ਕੁਦਰਤ ਦੀ ਬਖ਼ਸ਼ਿਸ਼ ਗਰਮੀ ਅਤੇ ਸਰਦੀ ਮਨੁੱਖ ਨੇ ਆਪਣੀ ਸੋਝੀ ਨਾਲ ਮਹਿਸੂਸਦਿਆਂ ਹੀ ਇਸ ਦੇ ਹੱਲ ਵੀ ਤਲਾਸ਼ੇ ਹੋਣਗੇ ਕਿਉਂਕਿ ਸਾਨੂੰ ਅਜਿਹੀਆਂ ਨਿਸ਼ਾਨੀਆਂ ਦੀ ਨਿਸ਼ਾਨਦੇਹੀ ਅਕਸਰ ਹੀ ਹੁੰਦੀ ਰਹਿੰਦੀ ਹੈ। ਸਰਦੀ ਤੋਂ ਬਚਣ ਵਾਸਤੇ ਉਸ ਨੇ ਅੱਗ ਬਾਲ ਕੇ ਸੇਕਣ ਤੋਂ ਅੱਗੇ ਚੱਲਦਿਆਂ ਆਪਣੇ ਸਰੀਰ ਨੂੰ ਕੱਪੜਿਆਂ ਨਾਲ ਢਕਣਾ ਸ਼ੁਰੂ ਕਰ ਦਿੱਤਾ। ਪੱਤਿਆਂ ਜਾਂ ਪਸ਼ੂਆਂ ਦੀ ਖੱਲ ਦੇ ਪਹਿਰਾਵੇ ਤੋਂ ਚੱਲਦਿਆਂ ਊਨੀ/ਸੂਤੀ ਤੱਕ ਦੇ ਕੱਪੜਿਆਂ ਦਾ ਸਫ਼ਰ ਇਸ ਦੀ ਗਵਾਹੀ ਭਰਦੇ ਹਨ। ਇਸੇ ਤਰ੍ਹਾਂ ਗਰਮੀ ਤੋਂ ਬਚਣ ਵਾਸਤੇ ਹਵਾ ਨੂੰ ਤੇਜ਼ੀ ਨਾਲ ਆਪਣੇ ਸਰੀਰ ਵਿਸ਼ੇਸ਼ ਕਰਕੇ ਚਿਹਰੇ ’ਤੇ ਲਿਆਉਣ ਦੀ ਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਸਾਡੀ ਪੀੜ੍ਹੀ ਦੇ ਲੋਕਾਂ ਨੇ ਆਪਣੇ ਬਚਪਨ ਵਿੱਚ ਹਰ ਕਿਸੇ ਨੂੰ ਇਹ ਅਕਸਰ ਵੇਖਿਆ ਸੀ ਕਿ ਗਰਮੀ ਤੋਂ ਰਾਹਤ ਲੈਣ ਵਾਸਤੇ ਮਨੁੱਖ ਆਪਣੇ ਕੱਪੜਿਆਂ ਨਾਲ ਆਪਣੇ ਚਿਹਰੇ ਨੂੰ ਹਵਾ ਦਿਆ ਕਰਦਾ ਸੀ। ਉਂਜ ਮਨੁੱਖ ਵਿਸ਼ੇਸ਼ ਕਰਕੇ ਔਰਤਾਂ ਨੂੰ ਅੱਜ ਵੀ ਬਿਜਲੀ ਨਾ ਹੋਣ ਦੀ ਸੂਰਤ ਵਿੱਚ ਕੱਪੜੇ ਨੂੰ ਪੱਖੀ ਵਜੋਂ ਵਰਤ ਕੇ ਆਪਣੇ ਚਿਹਰੇ ਨੂੰ ਹਵਾ ਦਿੰਦਿਆਂ ਅਕਸਰ ਵੇਖਿਆ ਜਾ ਸਕਦਾ ਹੈ।
ਵੇਖਿਆ ਜਾਵੇ ਤਾਂ ਮਰਦ ਖੇਤਾਂ ਜਾਂ ਹੋਰ ਕੰਮ ਵਾਲੀਆਂ ਥਾਵਾਂ ’ਤੇ ਕੰਮ ਕਰਕੇ ਕੁਝ ਜਿਣਸ ਜਾਂ ਪੈਸਾ ਘਰ ਵਾਸਤੇ ਲਿਆਉਂਦਾ ਰਿਹਾ ਹੈ ਅਤੇ ਔਰਤ ਇਸ ਦੀ ਸੁਚੱਜੀ ਵਰਤੋਂ ਨਾਲ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਰਹੀ ਹੈ। ਉਵੇਂ ਹੀ ਜਿਵੇਂ ਮਨੁੱਖ ਮਕਾਨ ਦੀ ਉਸਾਰੀ ਕਰਦਾ ਹੈ ਅਤੇ ਔਰਤ ਕਲਾਤਮਿਕ ਸੂਝ-ਬੂਝ ਨਾਲ ਇਸ ਮਕਾਨ ਨੂੰ ਘਰ ਦਾ ਦਰਜਾ ਦਿੰਦੀ ਹੈ। ਇਸੇ ਤਰ੍ਹਾਂ ਮਰਦ ਘਰ ਵਾਸਤੇ ਜੇਕਰ ਕੱਪੜਾ ਲਿਆਉਂਦਾ ਸੀ ਤਾਂ ਔਰਤ ਇਸ ਕੱਪੜੇ ਨੂੰ ਪਹਿਰਾਵਾ ਬਣਾਉਂਦੀ ਸੀ। ਪਹਿਲਾਂ ਜਿਸ ਕੱਪੜੇ ਨੂੰ ਪਹਿਰਾਵੇ ਵਜੋਂ ਵਰਤਿਆ ਜਾਂਦਾ ਸੀ, ਇਸੇ ਕੱਪੜੇ ਨੂੰ ਹਵਾ ਝੱਲਣ ਦੀ ਵਸਤੂ ਵਿੱਚ ਤਬਦੀਲ ਕੀਤਾ। ਔਰਤ ਦੀ ਕਲਾਤਮਿਕ ਸੂਝ-ਬੂਝ ਨੇ ਇਸ ਤੋਂ ਅਗਲੇ ਕਦਮ ਪੁੱਟੇ ਅਤੇ ਪੱਖੀ ਹੋਂਦ ਵਿੱਚ ਲਿਆਂਦੀ ਗਈ। ਹੌਲੀ ਹੌਲੀ ਫਿਰ ਕੱਪੜੇ ਦੇ ਰੰਗਾਂ ਦਾ ਸੁਮੇਲ ਕੀਤਾ ਅਤੇ ਇਹ ਪੱਖੀ ਹਵਾ ਦੇਣ ਦੇ ਇਲਾਵਾ ਸੁਹਜ ਭਰਪੂਰ ਵੀ ਬਣਦੀ ਗਈ। ਔਰਤ ਨੂੰ ਇਸ ਪੱਖੀ ਵਿੱਚ ਹੋਰ ਸੁਹਜ ਭਰਨ ਦੀ ਤਰਕੀਬ ਸੁੱਝੀ ਅਤੇ ਇਸ ਨੂੰ ਇੱਕ ਪਾਸੇ ਤੋਂ ਸਿੱਧੀ ਅਤੇ ਬਾਕੀ ਦੀ ਗੋਲਾਕਾਰ ਬਣਾ ਕੇ ਇਸ ਵਿੱਚ ਰੰਗ ਬਿਰੰਗੇ ਧਾਗਿਆਂ ਨਾਲ ਸੁਹਜ ਅਤੇ ਸਲੀਕਾ ਭਰ ਕੇ ਆਕਰਸ਼ਿਤ ਵੀ ਕਰ ਦਿੱਤਾ। ਗੋਲਾਕਾਰ ਪਾਸਿਆਂ ’ਤੇ ਉਸ ਨੇ ਕੱਪੜੇ ਦੀ ਝਾਲਰ ਲਾਉਣੀ ਸ਼ੁਰੂ ਕਰ ਦਿੱਤੀ। ਲੱਕੜ ਦੀ ਪੱਖੀ ਤੋਂ ਅੱਗੇ ਇਸ ਨੂੰ ਇੱਕ ਡੰਡੀ ਤੇ ਲੋਹੇ ਦੀ ਪਤਲੀ ਤਾਰ ਨਾਲ ਬਣਾਇਆ ਗਿਆ ਅਤੇ ਇਸ ਦੀ ਮੁੱਠੀ ਵਿੱਚ ਡੰਡੀ ਨੂੰ ਇਸ ਤਰ੍ਹਾਂ ਫਿੱਟ ਕੀਤਾ ਗਿਆ ਕਿ ਇਸ ਨੂੰ ਹਵਾ ਲੈਂਦੇ ਸਮੇਂ ਅੱਗੇ ਪਿੱਛੇ ਘੁੰਮਾਉਣ ਦੀ ਥਾਂ ਗੋਲਾਈ ਵਿੱਚ ਘੁੰਮਾਉਂਦਿਆਂ ਵਿਸ਼ੇਸ਼ ਤਰ੍ਹਾਂ ਘੂਕਰ ਬਣਦੀ। ਇਸ ਵਿੱਚ ਅੱਗੇ ਘੁੰਗਰੂ ਲਾ ਕੇ ਸੰਗੀਤਕ ਲੈਅ ਵੀ ਪੈਦਾ ਕਰ ਲਈ ਗਈ। ਪੱਖੀ ਮਿੱਥਾਂ ਦੀ ਬਾਤ ਨਹੀਂ ਪਾਉਂਦੀ ਸਗੋਂ ਇਹ ਤਾਂ ਚਾਵਾਂ, ਉਮੰਗਾਂ, ਰੀਝਾਂ ਨਾਲ ਭਰਪੂਰ ਹੁੰਦੀ ਹੈ। ਇਹ ਮਹਿਜ਼ ਹਵਾ ਝੱਲਣ ਦਾ ਜ਼ਰੀਆ ਹੀ ਨਹੀਂ ਹੈ ਸਗੋਂ ਇਹ ਤਾਂ ਮੁਹੱਬਤ ਦਾ ਗੀਤ ਕਹਿਣ ਦਾ ਵਸੀਲਾ ਹੁੰਦੀ ਹੈ।
ਕਿਉਂਕਿ ਉਹ ਸਮਾਂ ਹੀ ਅਜਿਹਾ ਸੀ ਕਿ ਮਰਦ ਆਮ ਤੌਰ ’ਤੇ ਘਰ ਤੋਂ ਬਾਹਰਲੇ ਕੰਮ ਕਰਿਆ ਕਰਦੇ ਸਨ ਅਤੇ ਔਰਤਾਂ ਹਾਸਲ ਆਮਦਨੀ/ਵਸਤੂਆਂ ਨੂੰ ਸੁਹਜ ਵਿੱਚ ਵਰਤ ਕੇ ਘਰ ਨੂੰ ਸ਼ਿੰਗਾਰਦੀਆਂ ਸਨ। ਮਕਾਨ ਅਤੇ ਘਰ ਦੀ ਧਾਰਨਾ ਵਿੱਚੋਂ ਹੀ ਦਾਜ ਦੀ ਕਾਢ ਵੀ ਨਿੱਕਲੀ ਹੋ ਸਕਦੀ ਹੈ। ਕਿਉਂਕਿ ਘਰ ਔਰਤ ਨਾਲ ਹੁੰਦਾ ਹੈ ਅਤੇ ਲੜਕੀ ਨੇ ਅੱਗੇ ਜਾ ਕੇ ਘਰ ਨੂੰ ਹੋਂਦ ਵਿੱਚ ਲਿਆਉਣਾ ਹੁੰਦਾ ਹੈ, ਇਸ ਲਈ ਦਾਜ ਵਰਗੀ ਗੱਲ ਸਾਹਮਣੇ ਆਉਂਦੀ ਹੈ। ਉਸ ਸਮੇਂ ਦਾਜ ਅੱਜ ਦੇ ਵਿਕਰਾਲ ਰੂਪ ਵਾਲਾ ਨਹੀਂ ਹੁੰਦਾ ਸੀ। ਵਿਆਹੀ ਜਾਣ ਵਾਲੀ ਲੜਕੀ ਕੁਝ ਸਮਾਂ ਪਹਿਲਾਂ ਹੀ ਆਪਣਾ, ਆਪਣੇ ਹੱਥੀਂ ਦਾਜ ਤਿਆਰ ਕਰਨ ਲੱਗ ਪੈਂਦੀ ਸੀ। ਇਸ ਦਾਜ ਵਿੱਚ ਕਢਾਈ ਵਾਲੀਆਂ ਚਾਦਰਾਂ ਤੇ ਸਿਰਹਾਣੇ ਹੁੰਦੇ ਸਨ। ਇਨ੍ਹਾਂ ਵਿੱਚ ਤੋਪੇ ਭਰਦਿਆਂ ਆਪਣੀਆਂ ਰੀਝਾਂ ਨੂੰ ਸੰਕੁਚਤ ਰੂਪ ਦੇਣ ਵਰਗੀ ਗੱਲ ਕੀਤੀ ਜਾਂਦੀ ਹੋਵੇਗੀ। ਇਸੇ ਤਰ੍ਹਾਂ ਪੱਖੀਆਂ ਅਤੇ ਨਾਲੇ ਬੁਣੇ ਜਾਂਦੇ ਸਨ। ਪੱਖੀਆਂ ਅਤੇ ਨਾਲਿਆਂ ਨੂੰ ਭਾਵੇਂ ਰੰਗਲੇ ਧਾਗਿਆਂ ਨਾਲ ਬੁਣਿਆ ਜਾਂਦਾ ਸੀ ਪ੍ਰੰਤੂ ਇਨ੍ਹਾਂ ਦੀ ਬੁਣਾਈ ਲੜਕੀਆਂ ਦੇ ਕੁਆਰੇ ਚਾਵਾਂ ਦੀ ਵੀ ਗੱਲ ਕਰਿਆ ਕਰਦੀਆਂ ਸਨ। ਖੇਸੀਆਂ, ਖੇਸ, ਦਰੀਆਂ ਅਤੇ ਹੋਰ ਲੋੜ ਵਾਲੀਆਂ ਚੀਜ਼ਾਂ ਕੱਚੇ ਧਾਗੇ ਅਤੇ ਤਿਆਰ ਕੀਤੇ ਗਏ ਸੂਤ ਨਾਲ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਸਾਰੀਆਂ ਵਸਤੂਆਂ ਦੀ ਕਢਾਈ ਬੁਣਾਈ ਲੜਕੀਆਂ ਦੀ ਅਗਲੇ ਘਰ ਜਾਣ ਦੀ ਤਿਆਰੀ ਵਜੋਂ ਵੇਖੀ ਜਾਂਦੀ ਸੀ ਅਤੇ ਲੜਕੀਆਂ ਇਨ੍ਹਾਂ ਵਿੱਚ ਧਾਗੇ, ਸੂਤ ਨਾਲੋਂ ਜ਼ਿਆਦਾ ਆਪਣੀਆਂ ਰੀਝਾਂ ਦੀ ਬੁਣਤੀ ਪਾਇਆ ਕਰਦੀਆਂ ਸਨ।
ਇਸ ਤਰ੍ਹਾਂ ਪੱਖੀ ਦਾ ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਸਿਰਮੌਰ ਸਥਾਨ ਹੋਇਆ ਕਰਦਾ ਸੀ। ਪੱਖੀ ਮਰਦ ਔਰਤ ਵਿੱਚ ਨੇੜਤਾ ਵਧਾਉਣ ਵਾਲੀ ਵਸਤੂ ਹੁੰਦੀ ਸੀ। ਮਰਦ ਬੈਠਾ ਰੋਟੀ ਖਾਇਆ ਕਰਦਾ ਸੀ ਤਾਂ ਔਰਤ ਕੋਲ ਬੈਠੀ ਪੱਖੀ ਝੱਲਿਆ ਕਰਦੀ ਸੀ। ‘ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰਾਂ’ ਵਾਲਾ ਲੋਕ ਗੀਤ ਵੀ ਪੰਜਾਬੀ ਵਿੱਚ ਮਸ਼ਹੂਰ ਰਿਹਾ ਹੈ। ਪੱਖੀ ਦਾ ਸਿਖਰਲਾ ਗੁਣ ਉਦੋਂ ਸਾਹਮਣੇ ਆਉਂਦਾ ਹੈ ਜਦੋਂ ‘ਕਲਕੱਤਿਓਂ ਪੱਖੀ ਲਿਆ ਦੇ ਵੇ ਝੱਲੂੰਗੀ ਸਾਰੀ ਰਾਤ’ ਵਾਲਾ ਗੀਤ ਸਾਡੇ ਸਾਹਮਣੇ ਆਉਂਦਾ ਹੈ। ਇਸੇ ਤਰ੍ਹਾਂ ਮਖਮਲ ਦੀ ਪੱਖੀ ਨੂੰ ਘੁੰਗਰੂਆਂ ਦੇ ਲਾਏ ਜਾਣ ਦੀ ਮੰਗ ਵੀ ਔਰਤ ਮਨ ਦੀਆਂ ਰੀਝਾਂ ਦੀ ਬਾਤ ਪਾਉਂਦੀ ਹੈ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਗਾਇਆ ਗੀਤ ‘ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ’ ਸੁਣਦਿਆਂ ਕੇਵਲ ਆਵਾਜ਼ ਦੇ ਸੁਰੀਲੇਪਣ ਨੂੰ ਹੀ ਸਾਹਮਣੇ ਨਹੀਂ ਲਿਆਉਂਦਾ ਸਗੋਂ ਇਸ ਨਾਲ ਔਰਤ ਦੀ ਅੰਦਰਲੀ ਹੂਕ ਵੀ ਸਾਡੇ ਸਾਹਮਣੇ ਆਉਂਦੀ ਹੈ।
ਪੱਖੀ ਦੇ ਸਫ਼ਰ ਨੂੰ ਬਿਜਲੀ ਦੀ ਆਮਦ ਨਾਲ ਬਰੇਕਾਂ ਲੱਗਣ ਵਾਲੀ ਗੱਲ ਹੁੰਦੀ ਹੈ। ਬੇਸ਼ੱਕ ਪਿੰਡਾਂ ਦੀਆਂ ਕੁੜੀਆਂ ਵਿਸ਼ੇਸ਼ ਕਰਕੇ ਹੇਠਲੇ ਮੱਧਵਰਗੀ ਪਰਿਵਾਰਾਂ ਦੀਆਂ ਲੜਕੀਆਂ ਦੇ ਦਾਜ ਵਿੱਚ ਅਜੇ ਵੀ ਦਰੀਆਂ, ਨਾਲੇ, ਸਿਰਹਾਣੇ, ਚਾਦਰਾਂ ਅਤੇ ਪੱਖੀਆਂ ਵੇਖੀਆਂ ਜਾ ਸਕਦੀਆਂ ਹਨ ਪ੍ਰੰਤੂ ਬਿਜਲੀ ਦੇ ਪੱਖਿਆਂ, ਕੂਲਰਾਂ ਅਤੇ ਏ.ਸੀ. ਨਾਲ ਜਾਪਦਾ ਹੈ ਲੜਕੀਆਂ ਦੀਆਂ ਰੀਝਾਂ, ਮੁਰਾਦਾਂ ਵਿੱਚ ਵੀ ਤਬਦੀਲੀ ਆ ਗਈ ਹੈ। ਬਦਲੇ ਹੋਏ ਹਾਲਾਤ ਦੇ ਅਜੋਕੇ ਦੌਰ ਵਿੱਚ ਸਕੂਲ, ਕਾਲਜ, ਯੂਨੀਵਰਸਿਟੀ ਦੀ ਪੜ੍ਹਾਈ ਕਰਨ ਜਾਂਦੀ ਲੜਕੀ ਕੋਲ ਏਨਾ ਸਮਾਂ ਹੀ ਕਿੱਥੇ ਹੈ ਕਿ ਉਹ ਆਪਣੀਆਂ ਰੀਝਾਂ ਦਾ ਇਹੋ ਜਿਹਾ ਦਾਜ ਤਿਆਰ ਕਰ ਸਕੇ।
ਸੰਪਰਕ: 95010-20731