For the best experience, open
https://m.punjabitribuneonline.com
on your mobile browser.
Advertisement

ਕਰ ਲਓ ਘਿਓ ਨੂੰ ਭਾਂਡਾ

09:48 AM Aug 14, 2024 IST
ਕਰ ਲਓ ਘਿਓ ਨੂੰ ਭਾਂਡਾ
Advertisement

ਸੁਰਿੰਦਰ ਸਿੰਘ ਰਾਏ

“ਲੈ ਬਈ ਸੋਹਣਿਆ, ਹੋ ਗਈ ਹਜਾਮਤ। ਕੱਢ ’ਤਾ ਨਾ ਕਬੂਤਰੀ ਅਰਗਾ ਬੱਗਾ। ਆਹ ਵੇਖ ਖਾਂ ਸ਼ੀਸ਼ਾ ਹੁਣ।” ਹਜਾਮਤ ਕਰਨ ਤੋਂ ਬਾਅਦ ਸੋਹਣੇ ਦੇ ਸਿਰ ’ਤੇ ਪੋਲਾ-ਪੋਲਾ ਹੱਥ ਫੇਰਦਿਆਂ ਰਾਮ ਲੁਭਾਏ ਨੇ ਮਜ਼ਾਕ ਵਿੱਚ ਆਖਿਆ। ਪਰ ਸੋਹਣੇ ਨੂੰ ਇਸ ਮਜ਼ਾਕ ਦੀ ਸਮਝ ਨਾ ਲੱਗੀ। ਉਹ ਊਂਘ ਖੋਲ੍ਹ ਕੇ ਸਿਰ ਝਟਕਦਾ ਹੋਇਆ ਸਹਿਜ-ਸੁਭਾਅ ਬੋਲਿਆ, “ਰਾਮੂ ਸ਼ੀਸ਼ਾ ਕਿਆ ਵੇਖਣਾ, ਯਾਰ। ਮੈਨੂੰ ਤਾਂ ਤੇਰੇ ’ਤੇ ਈ ਸ਼ੀਸ਼ੇ ਨਾਲੋਂ ਵੱਧ ਵਿਸ਼ਵਾਸ ਐ।”
“ਨਹੀਂ ਸੋਹਣਿਆ, ਫਿਰ ਵੀ ਇੱਕ ਵਾਰ ਨਿਗ੍ਹਾ ਤਾਂ ਮਾਰ ਲੈ। ਹੋਰ ਨਾ ਘਰ ਗਏ ਨੂੰ ਸ਼ਮਿੰਦਰੋ ਆਖੇ, ਬਈ ਮੇਰੇ ਘਰਵਾਲੇ ਨੂੰ ਰਾਮ ਲੁਭਾਏ ਨੇ ਕਿੱਦਾਂ ਦਾ ਘੋਟਣਾ ਜਿਹਾ ਬਣਾ ਕੇ ਭੇਜ ਦਿੱਤਾ ਐ।” ਹੁਣ ਸੋਹਣਾ, ਰਾਮ ਲੁਭਾਏ ਦੀ ਕੀਤੀ ਟਿੱਚਰ ਨੂੰ ਸਮਝ ਗਿਆ ਸੀ। ਪਹਿਲਾਂ ਤਾਂ ਕੁਝ ਸਮਾਂ ਉਹ ਚੁੱਪ ਰਿਹਾ, ਫਿਰ ਇਕਦਮ ਭੁੜਕ ਕੇ ਬੋਲਿਆ,
“ਓਏ ਰਾਮੂ, ਬੰਦਾ ਬਣ ਜਾ ਬੰਦਾ। ਪਹਿਲਾਂ ਤੈਨੂੰ ਕਿੰਨੀ ਕੁ ਵਾਰ ਉਲਾਂਭਾ ਦਿੱਤਾ ਸ਼ਮਿੰਦਰੋ ਨੇ ਉਏ?”
“ਨਾ ਬਈ ਨਾ ਸੋਹਣਿਆ, ਮੈਂ ਤਾਂ ਤੈਨੂੰ ਛੇੜਦਾ ਈ ਆਂ। ਉਸ ਵਿਚਾਰੀ ਨੇ ਮੈਨੂੰ ਕਦੇ ਬੁਲਾਇਆ ਨਾ ਚਲਾਇਆ। ਤੂੰ ਤਾਂ ਊਂਈਂ ਗੁੱਸਾ ਕਰ ਗਿਆ।” ਰਾਮੂ ਨੇ ਗੱਲ ਵਲਾਈ।
“ਰਾਮੂ, ਜੇ ਬੁਲਾ ਵੀ ਲਿਆ ਤਾਂ ਤੈਂ ਕਿਹੜੇ ਉਹਦੇ ਫੁੱਲ ਤੋੜ ਲੈਣੇ ਆ। ਤੇਰੀ ਭਰਜਾਈ ਈ ਲੱਗਦੀ ਆ।”
“ਰਾਮ... ਰਾਮ... ਰਾਮ...। ਸੋਹਣਿਆ ਜਿਨ੍ਹਾਂ ਘਰਾਂ ਦਾ ਖਾਈਦਾ ਉਨ੍ਹਾਂ ਦਾ ਬੁਰਾ ਨ੍ਹੀਂ ਤੱਕੀਦਾ। ਅਸੀਂ ਤਾਂ ਥੋਡੇ ਘਰਾਂ ਦਾ ਈ ਦਿੱਤਾ ਖਾਨੇ ਆ। ਐਨਾ ਪਾਪ ਨਾ ਚਾੜ੍ਹ ਮੇਰੇ ’ਤੇ ਸੋਹਣਿਆ।”
“ਰਾਮੂ ਸਹੁਰਿਆ, ਮੈਂ ਵੀ ਤੈਨੂੰ ਮਖੌਲ ਈ ਕਰਦਾਂ। ਕੋਈ ਤੱਕ ਕੇ ਤਾਂ ਦੱਸੇ ਮੇਰੀ ਜੱਟੀ ਵੱਲ, ਮੈਂ ਧੌਣ ਨਾ ਮਰੋੜ ਦਊਂ।”
“ਨਾ... ਨਾ... ਨਾ...। ਹਾਅ ਕੰਮ ਨ੍ਹੀਂ ਕਰਨਾ, ਮਾਲਕੋ। ਜਿਊਂਦਾ ਵਸਦਾ ਰਹੁ, ਜਿਊਂਦਾ ਵਸਦਾ। ਵਾਹ... ਗੁਰੂ...ਵਾਹ...ਗੁਰੂ...ਵਾਹ...ਗੁਰੂ...।” ਰਾਮੂ ਦੇ ਇੰਝ ਆਖਣ ’ਤੇ ਸੋਹਣਾ ਖ਼ੁਸ਼ ਹੋ ਗਿਆ। ਫਿਰ ਉਹ ਹਜਾਮਤ ਵਾਲੀ ਕੁਰਸੀ ਤੋਂ ਉੱਠਦਿਆਂ ਹੁੱਬ ਕੇ ਬੋਲਿਆ, “ਰਾਮੂ, ਅੱਜ ਸੰਝ ਵੇਲੇ ਘਰ ਵੱਲ ਨੂੰ ਆਈਂ। ਨਾਲੇ ਆਪਣਾ ਹਿਸਾਬ ਕਰ ਆਈਂ। ਤੇ ਨਾਲੇ ਆਪਣੀ ਘਰਵਾਲੀ ਦੇ ਕੰਮ ਦਾ ਲਾਗ ਲੈ ਆਈਂ। ਠੀਕ ਐ ਨਾ।”
“ਜਿੱਦਾਂ ਕਹੋ ਮਾਲਕੋ, ਉੱਦੇਂ ਈ ਕਰ ਲਊਂਗਾ। ਲਾਗ ਕਿਤੇ ਨੱਠ ਚੱਲਿਆ। ਆਪਣੇ ਘਰ ’ਚ ਈ ਪਿਆ।” ਰਾਮ ਲੁਭਾਏ ਨੇ ਵੀ ਹੱਸਦਿਆਂ ਹੁੰਗਾਰਾ ਭਰਿਆ।
“ਬਹੁਤੀਆਂ ਜੱਟਾਂ ਦੀਆਂ ਗੱਲਾਂ ’ਚ ਨ੍ਹੀਂ ਆਈਦਾ। ਸੰਝ ਤਾਈਂ ਹੁਣ ਵਾਲਾ ਜੱਟ ਨ੍ਹੀਂ ਰਹਿਣਾ। ਇਹ ਹੁਣ ਈ ਗੱਲਾਂ ਬਣਾਉਂਦਾ ਐ। ਭਰਾਵਾ ਤੂੰ ਆਪੇ ਸਵੇਰ ਨੂੰ ਦੇ ਜਾਈਂ, ਜੋ ਦੇਣਾ ਐਂ। ਇਹਤੋਂ ਨ੍ਹੀਂ ਸੰਝ ਵੇਲੇ ਆ ਹੋਣਾ।” ਬਾਹਰ ਖੜ੍ਹੀ ਰਾਮ ਲੁਭਾਏ ਦੀ ਘਰਵਾਲੀ ਸੋਹਣੇ ਦੀ ਗੱਲ ਸੁਣਦਿਆਂ ਹੀ ਉੱਚੀ ਦੇਣੀ ਬੋਲੀ।
“ਨਹੀਂ ਭਾਬੀ, ਸਾਰੇ ਜੱਟ ਇੱਕੋ ਜਿਹੇ ਨ੍ਹੀਂ ਹੁੰਦੇ। ਜੇ ਤੈਨੂੰ ਕੋਈ ਭਰਮ ਐ ਤਾਂ ਤੂੰ ਨਾਲ ਆ ਜਾਈਂ।”
“ਨਾ, ਮੈਨੂੰ ਕਾਹਦਾ ਭਰਮ ਹੋਣਾ। ਤੇਰੇ ਭਤੀਜੇ ਦੀ ਲੋਹੜੀ ਮੌਕੇ ਤੈਥੋਂ ਮੈਨੂੰ ਇੱਕ ਸੂਟ ਤਾਂ ਸਰਿਆ ਨ੍ਹੀਂ। ਹੁਣ ਊਂਈਂ ਸੱਚਾ ਬਣੀ ਜਾਨਾ।”
“ਭਾਬੀ, ਲੋਹੜੀ ਵਾਲੇ ਦਿਨ ਤਾਂ ਤੂੰ ਮੈਨੂੰ ਕਿਤੇ ਦਿਖੀ ਵੀ ਨ੍ਹੀਂ। ਪਤਾ ਨ੍ਹੀਂ ਕਿੱਥੇ ਲੁਕੀ ਰਹੀ। ਹੁਣ ਤੂੰ ਝੂਠਾ ਮੈਨੂੰ ਕਰੀਂ ਜਾਨੀ ਐਂ।”
“ਮੈਂ ਤਾਂ ਹੀ ’ਤੇ ਕਹਿਨੀਂ ਆਂ। ਬਈ ਸੰਝ ਵੇਲੇ ਜੱਟ ਹੋਰ ਦੇ ਹੋਰ ਈ ਬਣੇ ਹੁੰਦੇ ਆ। ਫਿਰ ਨ੍ਹੀਂ ਇਹ ਮਾੜੇ-ਧੀੜੇ ਨੂੰ ਸਿਆਣਦੇ। ਆਪਣੀ ਸੋਹਣੀ ਨੂੰ ਪੁੱਛੀਂ ਜਾ ਕੇ, ਸਾਰਿਆਂ ਤੋਂ ਪਹਿਲਾਂ ਉਹਨੂੰ ਮੈਂ ਈ ਵਧਾਈਆਂ ਦਿੱਤੀਆਂ।” ਰਾਮ ਲੁਭਾਏ ਦੀ ਘਰਵਾਲੀ ਨੇ ਸੋਹਣੇ ਨੂੰ ਝੱਟ ਮੂਹਰਿਓਂ ਕਰਾਰਾ ਜੁਆਬ ਮੋੜਿਆ।
“ਭਾਬੀ, ਦੱਸ ਤੈਂ ਕਿੱਦਾਂ ਦਾ ਸੂਟ ਲੈਣਾ ਐਂ। ਅੱਜ ਈ ਸੰਝ ਵੇਲੇ ਤੇਰੇ ਘਰ ਪੁੱਜਦਾ ਕਰ ਦਊਂ। ਇੱਕ ਸੂਟ ਪਿੱਛੇ ਭਰਜਾਈ ਥੋੜ੍ਹੇ ਨਰਾਜ਼ ਕਰ ਲੈਣੀ ਆ।” ਸੋਹਣਾ ਵੀ ਕਿਹੜੇ ਅੱਗੋਂ ਘੱਟ ਸੀ। ਉਹ ਵੀ ਗੱਲ ਸੁਣਦਿਆਂ ਹੀ ਮੀਸਣਾ ਜਿਹਾ ਬਣ ਕੇ ਬੋਲਿਆ।
“ਰਾਮ...ਰਾਮ...ਰਾਮ। ਸੋਹਣਿਆ, ਗੇਜੋ ਤਾਂ ਕਮਲੀ ਐ ਕਮਲੀ। ਜੋ ਮੂੰਹ ਆਂਦਾ ਬਕੀ ਜਾਂਦੀ ਐ। ਜਾਹ, ਜਾ ਕੇ ਘਰ ਦਾ ਕੰਮ ਕਰ ਤੂੰ। ਐਵੀਂ ਬੰਦਿਆਂ ਦੀਆਂ ਗੱਲਾਂ ’ਚ ਟੰਗ ਅੜਾਈ ਜਾਨੀ ਐਂ।” ਰਾਮ ਲੁਭਾਏ ਨੇ ਢੰਗ ਨਾਲ ਗੇਜੋ ਨੂੰ ਘੂਰਦਿਆਂ ਆਖਿਆ।
“ਤੂੰ ਤਾਂ ਮੇਰੇ ’ਤੇ ਊਂਈ ਗੁੱਸਾ ਝਾੜੀ ਜਾਨਾ ਐਂ। ਮੈਂ ਕਿਹੜੇ ਇਹਤੋਂ ਸੂਟ ਲੈਣ ਤੁਰੀਓਂ ਆਂ। ਮੈਂ ਤਾਂ ਇਹਨੂੰ ਸ਼ਰਮਿੰਦਾ ਈ ਕਰਦੀ ਆਂ। ਤੂੰ ਮੈਨੂੰ ਨਿਆਣੀ ਨਾ ਸਮਝ।” ਆਪਣੇ ਘਰਵਾਲੇ ਦਾ ਗੁੱਸਾ ਵੇਖ ਗੇਜੋ ਦੱਬਵੀਂ ਜਿਹੀ ਆਵਾਜ਼ ਵਿੱਚ ਬੋਲੀ, ਜਿਵੇਂ ਉਸ ਦਾ ਕੋਈ ਭਰਮ ਕੱਢਿਆ ਗਿਆ ਹੋਵੇ।
“ਚੰਗਾ ਰਾਮੂ, ਤੂੰ ਸੰਝ ਵੇਲੇ ਆ ਜਾਈਂ। ਅੱਜ ਮੈਂ ਘਰੇ ਈ ਆਂ।” ਸੋਹਣੇ ਨੇ ਵੀ ਸਕੂਟਰ ਨੂੰ ਕਿੱਕ ਮਾਰੀ ਤੇ ਜਾਂਦੇ-ਜਾਂਦੇ ਆਖਿਆ।
“ਸੋਹਣਿਆ, ਤਮੌਹੜੇ ਦੀਆਂ ਗੱਲਾਂ ਦਾ ਬੁਰਾ ਨ੍ਹੀਂ ਮਨਾਈਦਾ। ਇਨ੍ਹਾਂ ਦੀ ਤਾਂ ਮੱਤ ਈ ਇੰਨੀ ਕੁ ਹੁੰਦੀ ਆ। ਇਹ ਜਦ ਮਰਦੀਆਂ ਤਾਂ ਸੁਆਹ ਚੀਜ਼ ’ਤੇ ਮਰ ਜਾਂਦੀਆਂ ਐਂ। ਜੋ ਤ੍ਰਿਪਤੀ ਬੰਦੇ ਨੂੰ ਆਪਣੀ ਕਮਾਈ ਦੀ ਚੀਜ਼ ਨਾਲ ਮਿਲਦੀ ਆ, ਉਹ ਮੰਗ ਕੇ ਨ੍ਹੀਂ ਮਿਲਦੀ। ਰੱਬ ਨੇ ਬੰਦੇ ਨੂੰ ਹੱਥ ਕਾਹਦੇ ਲਈ ਦਿੱਤੇ ਆ।” ਰਾਮ ਲੁਭਾਇਆ ਦੂਰ ਜਾ ਚੁੱਕੇ ਸੋਹਣੇ ਨੂੰ ਸੁਣਾਉਣ ਦਾ ਢੌਂਗ ਕਰਕੇ ਗੇਜੋ ਸਾਹਮਣੇ ਜਾਣ ਬੁੱਝ ਕੇ ਉੱਚੀ ਬੋਲਿਆ, ਜਿਵੇਂ ਉਸ ’ਤੇ ਆਪਣਾ ਰੋਅਬ ਬਣਾਇਆ ਹੋਵੇ।
“ਓਏ ਰਾਮੂ, ਤੂੰ ਕਦੇ ਮੋਚੀ, ਕਦੇ ਹਜਾਮਤੀ, ਕਦੇ ਵਿਆਹਾਂ ’ਚ ਲਾਗੀ ਬਣ ਜਾਨਾ। ਤੂੰ ਐਨੇ ਪੈਸੇ ’ਕੱਠੇ ਕਰ ਕੇ ਲਿਜਾਉਣੇ ਕਿੱਥੇ ਆ। ਜਿਹੜਾ ਪੈਸਾ ਇੱਕ ਵਾਰ ਕੋਲ ਆ ਜਾਂਦਾ, ਉਹਨੂੰ ਛੱਡਦਾ ਈ ਨ੍ਹੀਂ।” ਇੰਨੇ ਨੂੰ ਬਿਹਾਰੀ ਨੇ ਖੇਤੋਂ ਆਉਂਦਿਆਂ ਰਾਮੂ ਨੂੰ ਉਸ ਦੇ ਘਰ ਦੇ ਬਾਹਰ ਖੜ੍ਹਾ ਵੇਖ ਕੇ ਟਰੈਕਟਰ ਰੋਕ ਕੇ ਮਸ਼ਕਰੀ ਕੀਤੀ। ਰਾਮ ਲੁਭਾਏ ਨੇ ਬਿਹਾਰੀ ਦੀ ਕੀਤੀ ਮਸ਼ਕਰੀ ਦਾ ਕੋਈ ਰੰਜ ਨਾ ਕੀਤਾ ਤੇ ਬੜੀ ਹਲੀਮੀ ਨਾਲ ਜੁਆਬ ਮੋੜਿਆ, “ਬਿਹਾਰੀ, ਕਰ ਲੈ ਮਸ਼ਕਰੀਆਂ ਜਿਹੜੀਆਂ ਕਰਨੀਆਂ ਤੂੰ। ਤੇਰੇ ਦਿਨ ਆ ਹੁਣ। ਸਾਡਾ ਮ੍ਹਾਤੜਾਂ ਦਾ ਕਿਹੜਾ ਕੋਈ ਖੇਤ ਬੰਨਾ ਐਂ, ਜਿੱਥੋਂ ਸਾਨੂੰ ਪੈਸੇ ਆਣੇ ਆ। ਅਸੀਂ ਤਾਂ ਦਿਹਾੜੀ-ਦੱਫਾ ਕਰਕੇ ਈ ਢਿੱਡ ਭਰਨਾ ਐਂ ਭਰਾਵਾ।”
“ਰਾਮੂ, ਤੈਂ ਜੱਟਾਂ ਦੇ ਖੇਤਾਂ-ਬੰਨਿਆਂ ਦੇ ਝਗੜਿਆਂ ’ਤੇ ਲੱਗਦੇ ਪੈਸੇ ਨ੍ਹੀਂ ਦੇਖੇ। ਤੇਰੇ ਦੋ ਕੁ ਗੇੜੇ ਕਚਹਿਰੀਆਂ ਦੇ ਲੁਆਈਏ ਨਾ, ਫਿਰ ਪਤਾ ਲੱਗੇ।”
“ਭਾਈ, ਸਾਨੂੰ ਮ੍ਹਾਤੜਾਂ ਨੂੰ ਪੁੱਛਦਾ ਵੀ ਕੌਣ ਆ ਫਿਰ। ਗਾਣਿਆਂ ’ਚ ਨਾਂ ਵੀ ਥੋਡੇ ਈ ਵੱਜਦੇ ਆ।” ਰਾਮੂ ਨੇ ਮਚਲਾ ਜਿਹਾ ਬਣ ਕੇ ਹੋਰ ਫੂਕ ਛਕਾ ਦਿੱਤੀ।
ਰਾਮੂ ਦੀ ਇਹ ਗੱਲ ਸੁਣ ਕੇ ਬਿਹਾਰੀ ਖ਼ੁਸ਼ੀ ਵਿੱਚ ਝੂਮ ਉੱਠਿਆ। ਫਿਰ ਟਰੈਕਟਰ ’ਤੇ ਲੱਗੇ ਡੈੱਕ ਦੀ ਆਵਾਜ਼ ਉੱਚੀ ਛੱਡ ਕੇ ਔਹ ਗਿਆ, ਔਹ ਗਿਆ।
“ਮੈਂ ਕਿਹਾ ਜੀ, ਕੁੜੀ ਮੁਟਿਆਰ ਹੋ ਗਈ ਆ ਹੁਣ। ਈਹਦਾ ਵੀ ਸੋਚੋ ਕੁਛ।” ਇੱਕ ਦਿਨ ਸੰਝ ਵੇਲੇ ਪ੍ਰੀਤੋ ਨੇ ਬਿਹਾਰੀ ਨਾਲ ਆਪਣੀ ਕਬੀਲਦਾਰੀ ਦੀ ਗੱਲ ਤੋਰੀ। ਘਰਵਾਲੀ ਦੀ ਇਹ ਗੱਲ ਸੁਣ ਕੇ ਬਿਹਾਰੀ ਆਂ-ਆਂ-ਆਂ... ਕਰਨ ਲੱਗਾ, ਜਿਵੇਂ ਸੋਚੀਂ ਪੈ ਗਿਆ ਹੋਵੇ।
“ਹੁਣ ਆਂ-ਆਂ-ਆਂ... ਕਿਆ ਕਰੀ ਜਾਨਾ ਐਂ। ਬੋਲ ਵੀ ਕੁਛ।” ਬਿਹਾਰੀ ਦਾ ਕੋਈ ਜੁਆਬ ਨਾ ਆਉਣ ਕਾਰਨ ਪ੍ਰੀਤੋ ਖਿਝ ਕੇ ਬੋਲੀ।
“ਪ੍ਰੀਤੋ, ਮੁੰਡਾ ਤਾਂ ਇੱਕ ਹੈਗਾ ਮੇਰੀ ਨਿਗ੍ਹਾ ’ਚ, ਪਰ ਪੈਸੇ ਦਾ ਜੁਗਾੜ ਕਿੱਥੋਂ ਕਰਨਾ ਐਂ? ਪਿਛਲੇ ਸਾਲ ਦੀ ਸਾਰੀ ਕਮਾਈ ਤਾਂ ਟਰੈਕਟਰ ਦੀ ਮੁਰੰਮਤ ’ਤੇ ਲੱਗ ਗਈ ਤੀ।” ਖਾਸਾ ਸਮਾਂ ਸੋਚ ਵਿਚਾਰ ਕੇ ਬਿਹਾਰੀ ਨੇ ਜੁਆਬ ਦਿੱਤਾ।
“ਤੂੰ ਰਾਮੂ ਨੂੰ ਪੁੱਛ ਲੈ ਤਾਂ। ਐਨਾ ਗੁੰਜਾਇਸ਼ੀ ਬੰਦਾ ਐ ਉਹ।” ਆਪਣੇ ਘਰਵਾਲੇ ਦੀ ਗੱਲ ਸੁਣਦੇ ਹੀ ਪ੍ਰੀਤੋ ਬੋਲੀ।
ਬਿਹਾਰੀ ਨੂੰ ਵੀ ਪ੍ਰੀਤੋ ਦੀ ਇਹ ਸਲਾਹ ਚੰਗੀ ਲੱਗੀ, ਪਰ ਉਹ ਚੁੱਪ ਸੀ।
“ਅਜੇ ਪਰਸੋਂ-ਚੌਥੇ ਜਏ ਤਾਂ ਮੈਂ ਉਹਨੂੰ ਮਸ਼ਕਰੀਆਂ ਕਰਦਾ ਤਾ। ਹੁਣ ਕਿਹੜੇ ਮੂੰਹ ਨਾਲ ਉਹਦੇ ਕੋਲ ਜਾਊਂਗਾ?” ਬਿਹਾਰੀ ਨੇ ਮਨੋਂ-ਮਨੀ ਸੋਚਿਆ।
“ਦੇਖਿਆ, ਆਹ ਹੁੰਦਾ ਕੰਜੂਸ ਬੰਦੇ ਦਾ ਫਾਇਦਾ। ਕਿਰਸ ਕਰਕੇ ਅਗਲਾ ਆਪਣੇ ਪੈਰੀਂ ਤਾਂ ਹੈਗਾ। ਤੇਰੇ ਵਰਗੇ ਚਾਰ ਪੈਸੇ ਆਣ ਨਾਲ ਊਂਈਂ ਟੱਪਣ ਲੱਗ ਪੈਂਦੇ ਆ।” ਆਪਣੇ ਘਰਵਾਲੇ ਨੂੰ ਚੁੱਪ-ਗੜੁੱਪ ਬੈਠਾ ਵੇਖ ਪ੍ਰੀਤੋ ਫਿਰ ਬੋਲੀ। ਬਿਹਾਰੀ ਕਈ ਦਿਨ ਸੋਚੀਂ ਪਿਆ ਰਿਹਾ। ਕਿਸੇ ਪਾਸਿਉਂ ਵੀ ਕੋਈ ਜੁਗਾੜ ਨਹੀਂ ਸੀ ਬਣ ਰਿਹਾ। ਆਖ਼ਿਰ ਇੱਕ ਦਿਨ ਉਸ ਨੇ ਜਕਦੇ-ਜਕਾਉਂਦੇ ਰਾਮੂ ਦੇ ਘਰ ਜਾ ਕੇ ਗੱਲ ਛੇੜ ਹੀ ਲਈ;
“ਰਾਮ ਲੁਭਾਇਆ, ਬਈ ਤੇਰੇ ਨਾਲ ਅੱਜ ਮੈਨੂੰ ਇੱਕ ਜ਼ਰੂਰੀ ਕੰਮ ਆ।”
‘ਪਹਿਲਾਂ ਤਾਂ ਇਹ ਮੈਨੂੰ ਰਾਮੂ-ਰਾਮੂ ਕਹਿੰਦਾ ਹੁੰਦਾ ਤਾ। ਅੱਜ ਰਾਮ ਲੁਭਾਇਆ ਈਹਨੂੰ ਕਿਧਰੋਂ ਯਾਦ ਆ ਗਿਆ।’ ਆਪਣੇ ਆਪ ਨੂੰ ਰਾਮ ਲੁਭਾਇਆ ਆਖਣ ’ਤੇ ਖ਼ੁਸ਼ ਹੋਏ ਰਾਮੂ ਨੇ ਮਨੋਂ-ਮਨੀ ਸੋਚਿਆ। ਫਿਰ ਕੁਝ ਚਿਰ ਦੀ ਚੁੱਪ ਬਾਅਦ ਮਲਕੜੇ ਦੇਣੀ ਪੁੱਛਿਆ;
“ਜੱਟਾ, ਤੈਨੂੰ ਸਵੇਰੇ-ਸਵੇਰੇ ਅੱਜ ਮੇਰੇ ਤਾਈਂ ਕਿਹੜਾ ਕੰਮ ਪੈ ਗਿਆ?”
“ਪਰ ਜੇ ਕਿਸੇ ਨਾਲ ਗੱਲ ਨ੍ਹੀਂ ਕਰੂੰਗਾ ਤਾਂ ਹੀ ਦੱਸੂੰਗਾ।” ਬਿਹਾਰੀ ਨੇ ਸ਼ਰਤ ਰੱਖੀ।
“ਜੱਟਾ, ਯਾਰੀ ਆ ਯਾਰੀ। ਛੋਲਿਆਂ ਦਾ ਵੱਢ ਨ੍ਹੀਂ ਐਂ।” ਰਾਮੂ ਉੱਚੀ ਦੇਣੀ ਹੱਸਦਿਆਂ ਬੋਲਿਆ।
“ਰਾਮ ਲੁਭਾਇਆ, ਕੰਮ ਵੀ ਕਰੂੰਗਾ ਜਾਂ ਊਂਈਂ ਗੱਲਾਂ-ਬਾਤਾਂ ਨਾਲ ਈ ਖ਼ੁਸ਼ ਕਰ ਦਊਂਗਾ।”
“ਬਿਹਾਰੀ, ਪਹਿਲਾਂ ਕੰਮ ਤਾਂ ਦੱਸ। ਮੈਂ ਤਾਂ ਹੀ ਸੋਚ ਕੇ ਦੱਸੂੰ। ਅੱਗੇ ਕਿਤੇ ਮੈਂ ਤੇਰੀ ਕੋਈ ਗੱਲ ਮੋੜੀ ਆ।”
“ਪਰ...।” ਪਰ ਆਖ ਕੇ ਬਿਹਾਰੀ ਫਿਰ ਚੁੱਪ ਕਰ ਗਿਆ, ਜਿਵੇਂ ਉਹ ਗੱਲ ਬਾਹਰ ਕੱਢਣ ਲਈ ਬਹੁਤ ਔਖ ਮਹਿਸੂਸ ਕਰ ਰਿਹਾ ਹੋਵੇ।
“ਬਿਹਾਰੀ, ਤੂੰ ਡਰਦਾ ਕਾਹਨੂੰ ਐਂ। ਮੈਨੂੰ ਤੇਰੀ ਸਹੁੰ, ਮਜ਼ਾਲ ਐ ਭਾਫ਼ ਵੀ ਬਾਹਰ ਨਿਕਲ ਜਾਏ।” ਰਾਮੂ ਨੇ ਉਸ ਨੂੰ ਤਸੱਲੀ ਦਿੱਤੀ।
“ਨਹੀਂ-ਨਹੀਂ ਰਾਮ ਲੁਭਾਇਆ, ਕਈ ਦਫ਼ਾ ਤੀਵੀਆਂ ਗੱਲ ਬਾਹਰ ਕੱਢ ਦਿੰਦੀਆਂ ਨੇ। ਗੇਜੋ ਨੂੰ ਵੀ ਦੱਸ ਦੇਈਂ, ਕਿਤੇ ਓਹੀ ਗੱਲ ਨਾ ਹੋਵੇ।” ਬਿਹਾਰੀ ਹੋਰ ਵੀ ਨਿਮਰ ਜਿਹਾ ਹੋ ਕੇ ਬੋਲਿਆ।
“ਦਾਤਿਆ, ਤੂੰ ਐਨਾ ਕਾਹਨੂੰ ਫ਼ਿਕਰ ਕਰਦਾ ਐਂ। ਤੂੰ ਇਸ ਗੱਲ ਦੀ ਭੋਰਾ ਚਿੰਤਾ ਨਾ ਕਰ। ਸਾਡਾ ਸਾਰਾ ਟੱਬਰ ਜਾਣਦਾ ਐ ਬਈ ਕਿਹੜੀ ਗੱਲ ਬਾਹਰ ਕਰਨੀ ਆ, ਕਿਹੜੀ ਨਹੀਂ।” ਰਾਮੂ ਨੇ ਬਿਹਾਰੀ ਨੂੰ ਹੋਰ ਤਸੱਲੀ ਦਿੱਤੀ।
“ਰਾਮ ਲੁਭਾਇਆ, ਤੈਨੂੰ ਪਤਾ ਈ ਆ, ਮੈਂ ਆਪਣੀ ਵੱਡੀ ਕੁੜੀ ਰਾਣੋ ਦਾ ਵਿਆਹ ਧਰਨਾ ਐ।”
“ਹਾਂ-ਹਾਂ ਪਤੈ ਮੈਨੂੰ। ਰਾਣੋ ਭਲਾ ਮੰਗੀ ਕਿੱਥੇ ਆ?” ਰਾਮੂ ਨੇ ਨਾਲ ਲੱਗਦੇ ਹੀ ਪੁੱਛਿਆ।
“ਦੂਰ ਦੀ ਰਿਸ਼ਤੇਦਾਰੀ ’ਚੋਂ ਆ। ਬੰਦੇ ਚੰਗੇ ਮਿਲ ਗਏ, ਮੈਂ ਸੋਚਿਆ ਜਿੰਨੀ ਛੇਤੀ ਸਿਰ ਦਾ ਭਾਰ ਹੌਲਾ ਹੋ ਜਾਵੇ, ਓਨਾ ਈ ਚੰਗਾ ਐ।”
“ਸਿਆਣੀ ਗੱਲ ਕੀਤੀ ਆ। ਚੰਗੇ ਬੰਦੇ ਨ੍ਹੀਂ ਮਿਲਦੇ ਥੋੜ੍ਹੇ ਕੀਤੇ। ਨਾਲੇ ਅੱਜਕੱਲ੍ਹ ਜ਼ਮਾਨਾ ਬੜਾ ਖ਼ਰਾਬ ਐ। ਸਿਰ ਤੋਂ ਭਾਰ ਲਾਹੁਣਾ ਈ ਚੰਗਾ ਹੁੰਦਾ।”
“ਗੱਲ ਇੱਦਾਂ ਐਂ ਰਾਮ ਲੁਭਾਇਆ, ਤੂੰ ਜਾਣਦਾ ਈ ਏਂ, ਵਿਆਹ ’ਤੇ ਪੈਸਿਆਂ ਦੀ ਕਿੰਨੀ ਲੋੜ ਹੁੰਦੀ ਆ। ਮੇਰੀ ਖੂਹ ’ਤੇ ਜਿਹੜੀ ਪੈਲੀ ਆ। ਉਹ ਮੈਂ ਤੈਨੂੰ ਗਹਿਣੇ ਧਰਨੀ ਆ। ਤੂੰ ਮੈਨੂੰ ਵੱਧ ਤੋਂ ਵੱਧ ਕਿੰਨੇ ਪੈਸੇ ਦੇ ਸਕਦਾਂ?” ਬਿਹਾਰੀ ਡਰਦਾ-ਡਰਦਾ ਬੋਲਿਆ। ਬਿਹਾਰੀ ਦੀ ਇਹ ਗੱਲ ਸੁਣ ਕੇ ਰਾਮ ਲੁਭਾਇਆ ਸੋਚੀਂ ਪੈ ਗਿਆ, ਜਿਵੇਂ ਘਾਟੇ-ਨਫ਼ੇ ਦਾ ਅਨੁਮਾਨ ਲਾ ਰਿਹਾ ਹੋਵੇ।
“ਰਾਮ ਲੁਭਾਇਆ ਪਰ ਨਾਲ ਮੇਰੀ ਇੱਕ ਸ਼ਰਤ ਵੀ ਆ। ਉਹ ਪੈਲੀ ਵਾਹੁਣੀ ਵੀ ਮੈਂ ਈ ਆਂ। ਤੈਨੂੰ ਗੁਪਤੀ ਅੱਧ ਦੇ ਦਿਆ ਕਰੂੰਗਾ। ਜੇ ਕੋਈ ਹੋਰ ਵਾਹੂ ਤਾਂ ਲੋਕਾਂ ਨੂੰ ਝੱਟ ਪਤਾ ਲੱਗ ਜਾਣਾ ਬਈ ਬਿਹਾਰੀ ਨੇ ਆਪਣੀ ਕੁੜੀ ਦੇ ਵਿਆਹ ’ਤੇ ਪੈਲੀ ਗਹਿਣੇ ਧਰੀ ਆ।” ਰਾਮ ਲੁਭਾਏ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਬਿਹਾਰੀ ਨੇ ਆਪਣੀ ਸ਼ਰਤ ਵੀ ਦੱਸੀ।
“ਬਈ ਬਿਹਾਰੀ, ਅਹਿ ਗੱਲ ਨ੍ਹੀਂ ਮੈਨੂੰ ਪੁੱਗਦੀ। ਮੇਰੇ ਲਈ ਤਾਂ ਇਹ ਘਾਟੇ ਵਾਲੀ ਗੱਲ ਹੋਈ ਨਾ ਫਿਰ। ਮੈਨੂੰ ਤਾਂ ਗਹਿਣੇ ਲੈ ਕੇ ਤਾਂ ਹੀ ਫਾਇਦਾ ਜੇ ਪੈਲੀ ਮੈਂ ਵਾਹਾਂ। ਨਹੀਂ ਮੇਰੇ ਪੱਲੇ ਕਿਆ ਪੈਣਾ?” ਬਿਹਾਰੀ ਦੀ ਗੱਲ ਸੁਣਦੇ ਸਾਰ ਹੀ ਰਾਮ ਲੁਭਾਏ ਨੇ ਆਪਣੇ ਮਨ ਦੀ ਭਾਵਨਾ ਦੱਸੀ।
“ਰਾਮ ਲੁਭਾਏ, ਚੱਲ ਫਿਰ ਤੂੰ ਐਂ ਕਰ, ਤੂੰ ਮੇਰੇ ਨਾਲ ਉੱਕਾ-ਮੁੱਕਾ ਠੇਕਾ ਕਰ ਲੈ। ਬਾਕੀਆਂ ਨਾਲੋਂ ਬੇਸ਼ੱਕ ਥੋੜ੍ਹਾ ਜਿਹਾ ਵੱਧ ਕਰ ਲੈ, ਪਰ ਪੈਲੀ ਮੈਂ ਆਪ ਈ ਵਾਹੁਣੀ ਆ। ਇੱਦਾਂ ਆਪਣੇ ਪਰਦੇ ਵੀ ਕੱਜੇ ਰਹੂੰਗੇ।” ਬਿਹਾਰੀ ਨੇ ਇੱਕ ਨਵੀਂ ਜੁਗਤ ਸੁਝਾਈ।
“ਬਿਹਾਰੀ, ਅਹਿ ਗੱਲ ਤਾਂ ਮੈਂ ਤੇਰੀ ਮੰਨ ਲੈਨਾਂ ਐਂ। ਫਿਰ ਇੱਦਾਂ ਕਰਦੇ ਆਂ, ਮੈਂ ਤੈਨੂੰ ਅੱਸੀ ਹਜ਼ਾਰ ਰੁਪਈਆ ਦੇ ਦਿੰਨਾਂ ਆਂ। ਤੂੰ ਮੈਨੂੰ ਚਾਲੀ ਹਜ਼ਾਰ ਸਾਲ ਦਾ ਉੱਕਾ-ਮੁੱਕਾ ਠੇਕਾ ਦੇ ਦਿਆ ਕਰ।”
“ਰਾਮ ਲੁਭਾਏ, ਤੂੰ ਮੈਨੂੰ ਲੱਖ ਪੂਰਾ ਕਰਦੇ। ਠੇਕਾ ਭਾਵੇਂ ਥੋੜ੍ਹਾ ਜਿਹਾ ਹੋਰ ਵਧਾ ਲੈ। ਨਾਲੇ ਉਹ ਥਾਂ ਵੀ ਏਕੜ ਨਾਲੋਂ ਥੋੜ੍ਹਾ ਜਿਹਾ ਵੱਧ ਆ। ਤੂੰ ਜਾਣਦਾ ਈ ਐਂ, ਸ਼ਰੀਕੇ-ਭਾਈਚਾਰੇ ’ਚ ਨੱਕ ਵੀ ਰੱਖਣਾ ਐਂ।” ਬਿਹਾਰੀ ਨੇ ਤਰਲਾ ਜਿਹਾ ਕੱਢਿਆ। ਕੁਝ ਚਿਰ ਦੀ ਨਾਂਹ-ਨੁੱਕਰ ਤੋਂ ਬਾਅਦ ਰਾਮ ਲੁਭਾਇਆ ਵੀ ਉਸ ਨਾਲ ਸਹਿਮਤ ਹੋ ਗਿਆ। ਫਿਰ ਦੋਵਾਂ ਨੇ ਦੂਸਰੇ ਦਿਨ ਹੀ ਚੁੱਪ-ਚੁਪੀਤੇ ਕਚਹਿਰੀ ਜਾਣ ਦਾ ਫ਼ੈਸਲਾ ਕਰ ਲਿਆ।
“ਸੱਚ, ਲੰਬੜਦਾਰ ਤਾਂ ਗਵਾਹੀ ਲਈ ਲਿਜਾਣਾ ਪਊ।” ਬੈਠੇ-ਬੈਠੇ ਰਾਮ ਲੁਭਾਏ ਨੂੰ ਯਾਦ ਆਇਆ।
“ਲੰਬੜ, ਕੋਈ ਅਸੀਂ ਕਚਹਿਰੀ ’ਚੋਂ ਈ ਫੜ ਲਵਾਂਗੇ। ਸਭ ਇੱਦਾਂ ਈ ਚੱਲਦਾ ਅੱਜਕੱਲ੍ਹ।” ਬਿਹਾਰੀ ਝੱਬਦੇ ਬੋਲਿਆ। ਦਿਨ, ਮਹੀਨੇ, ਸਾਲ ਗੁਜ਼ਰਦੇ ਗਏ। ਬਿਹਾਰੀ ਚੁੱਪ-ਚਾਪ ਆ ਕੇ ਰਾਮ ਲੁਭਾਏ ਨੂੰ ਹਾੜ੍ਹੀ-ਸਾਉਣੀ ਦਾ ਠੇਕਾ ਫੜਾ ਜਾਂਦਾ। ਉਹ ਇਸ ਗੱਲ ਦੀ ਕਿਸੇ ਨੂੰ ਵੀ ਭਿਣਕ ਨਾ ਪੈਣ ਦਿੰਦਾ। ਰਾਮ ਲੁਭਾਏ ਨੂੰ ਵੀ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ। ਉਸ ਦੇ ਪੈਸੇ ਤਾਂ ਦੋ-ਤਿੰਨ ਸਾਲਾਂ ਵਿੱਚ ਹੀ ਪੂਰੇ ਹੋ ਚੁੱਕੇ ਸਨ। ਉਹ ਤਾਂ ਹੁਣ ਵਾਧੂ ਦਾ ਵਿਆਜ ਹੀ ਖਾਂਦਾ ਸੀ।
ਇੱਕ ਦਿਨ ਚਾਣਚੱਕ ਹੀ ਅਣਹੋਣੀ ਵਾਪਰ ਗਈ। ਬਿਹਾਰੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਪਹਿਲੋਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਪਰਿਵਾਰ ਹੋਰ ਗਹਿਰੇ ਸੰਕਟ ਵਿੱਚ ਜਾ ਧਸਿਆ। ਇਲਾਕੇ ਵਿੱਚ ਜਿਸ ਨੂੰ ਵੀ ਇਸ ਅਣਹੋਣੀ ਦਾ ਪਤਾ ਲੱਗਦਾ, ਸੁੰਨ ਹੀ ਰਹਿ ਜਾਂਦਾ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਘਰ ਵਿੱਚ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਤਾਂਤਾ ਲੱਗ ਗਿਆ ਸੀ।
“ਅਰਜਨ, ਚਲੋ ਹੁਣ ਆਪਾਂ ਈ ਬੈਠੇ ਆਂ, ਸੋਚਣ ਵਾਲੀ ਗੱਲ ਤਾਂ ਇਹ ਆ ਕਿ ਬਿਹਾਰੀ ਨੇ ਐਨਾ ਵੱਡਾ ਸਟੈੱਪ ਚੁੱਕਿਆ ਕਿਉਂ? ਗੁਜ਼ਾਰੇ ਜੋਗੀ ਭੋਇੰ ਸੀ ਓਹਦੇ ਕੋਲ। ਬੱਚੇ ਬੜੇ ਲੈਕ ਐ ਓਹਦੇ।” ਸੰਸਕਾਰ ਤੋਂ ਕੁਝ ਦਿਨਾਂ ਬਾਅਦ ਜਥੇਦਾਰ ਨਿਹਾਲ ਸਿੰਘ ਨੇ ਵਾਪਰੇ ਭਾਣੇ ਨੂੰ ਜੜੋਂ ਫੜਨ ਦੀ ਕੋਸ਼ਿਸ਼ ਵਿੱਚ ਬਿਹਾਰੀ ਦੇ ਭਰਾ ਨੂੰ ਪੁੱਛਿਆ।
“ਜਥੇਦਾਰ ਜੀ, ਕੀ ਦੱਸੀਏ! ਜਦ ਇੱਕ ਵਾਰ ਛੋਟਾ ਜ਼ਿਮੀਂਦਾਰ ਕਰਜ਼ੇ ਦੇ ਚੱਕਰਵਿਊ ਵਿੱਚ ਫਸ ਜਾਵੇ, ਫਿਰ ਨਿਕਲਣਾ ਬੜਾ ਔਖਾ ਹੋ ਜਾਂਦਾ ਐ। ਪਹਿਲਾਂ ਵੱਡੀ ਲੜਕੀ ਦੇ ਵਿਆਹ ’ਤੇ ਰਾਮੂ ਤੋਂ ਲੱਖ-ਡੇਢ ਲੱਖ ਫੜ ਲਏ। ਫਿਰ ਭਾਣਜੇ ਦੀ ਨਾਨਕ ਸ਼ੱਕ ਅਤੇ ਟਰੈਕਟਰ ਦੀਆਂ ਕਿਸ਼ਤਾਂ। ਬਸ ਐਸਾ ਗਧੀ-ਗੇੜ ਵਿੱਚ ਫਸਿਆ, ਨਿਕਲ ਈ ਨਹੀਂ ਹੋਇਆ।” ਅਰਜਨ ਨੇ ਜਥੇਦਾਰ ਨੂੰ ਸਾਰੀ ਵਿਚਲੀ ਗੱਲ ਦੱਸੀ।
ਇਹ ਗੱਲ ਪਤਾ ਲੱਗਣ ’ਤੇ ਜਥੇਦਾਰ ਚਿੰਤਾਗ੍ਰਸਤ ਜਿਹਾ ਹੋਇਆ ਸੋਚੀਂ ਪੈ ਗਿਆ। ਫਿਰ ਕੁਝ ਚਿਰ ਬਾਅਦ ਭਾਵੁਕ ਜਿਹਾ ਹੋਇਆ ਬੋਲਿਆ, “ਭਰਾਵੋ, ਬਸ ਇੱਕੋ ਕਹਾਣੀ ਆ ਸਭ ਦੀ।” “ਹੁਣ ਤਾਂ ਰੱਬ ਈ ਵਾਲੀਵਾਰਸ ਐ ਜੀ।” ਜਥੇਦਾਰ ਦੀ ਗੱਲ ਦਾ ਹੁੰਗਾਰਾ ਭਰਦਿਆਂ ਨਾਲ ਤੋਂ ਹੀ ਇੱਕ ਅੱਧਮੋਈ ਜਿਹੀ ਆਵਾਜ਼ ਸਹਿਕੀ।
ਇਹ ਲਾਚਾਰ ਜਿਹੀ ਆਵਾਜ਼ ਸੁਣ ਕੇ ਜਥੇਦਾਰ ਜੀ ਕੁਝ ਉਤੇਜਿਤ ਹੋ ਕੇ ਬੋਲੇ, “ਯਾਰ, ਬਿਨਾਂ ਜ਼ਮੀਨ ਵਾਲੇ ਨ੍ਹੀਂ ਆਪਣਾ ਗੁਜ਼ਾਰਾ ਕਰਦੇ?” ਜਥੇਦਾਰ ਦਾ ਇਹ ਸਵਾਲ ਵਰਗਾ ਜਵਾਬ ਸੁਣ ਕੇ ਸਭ ਸੋਚੀਂ ਪੈ ਗਏ।
“ਵੇਖੋ ਨਾ, ਆਪਣੇ ਨਗਰ ਦਾ ਰਾਮ ਲੁਭਾਇਆ ਐ। ਉਹਦੇ ਕੋਲ ਜ਼ਮੀਨ ਐਂ ਕੋਈ। ਬਸ ਸੱਚੀ-ਸੁੱਚੀ ਕਿਰਤ ਕਰਦਾ ਈ ਆਪਣੇ ਪੈਰੀਂ ਐਂ। ਲੋਕ ਆਖੀ ਜਾਣ ਕੰਜੂਸ ਮੱਖੀ ਚੂਸ। ਅਗਲਾ ਪਰਵਾਹ ਕਰਦਾ। ਟੌਹਰ ਨਾਲ ਰਹਿੰਦਾ ਪਿੰਡ ਵਿੱਚ।” ਫਿਰ ਜਥੇਦਾਰ ਨੇ ਬੜੇ ਮਾਣ ਨਾਲ ਰਾਮ ਲੁਭਾਏ ਦੀ ਉਦਾਹਰਨ ਦਿੱਤੀ। ’ਕੱਠ ਦੀ ਖ਼ਾਮੋਸ਼ੀ ਹੋਰ ਗਹਿਰੀ ਹੋ ਗਈ, ਜਿਵੇਂ ਇਸ ਮਸਲੇ ’ਤੇ ਸਭ ਗੰਭੀਰ ਹੋ ਗਏ ਹੋਣ।
“ਜਥੇਦਾਰ ਜੀ, ਗੱਲ ਤੁਹਾਡੀ ਸੋਲ੍ਹਾਂ ਆਨੇ ਸਹੀ ਐ। ਵੇਖੋ ਨਾ, ਆੜ੍ਹਤੀਆਂ ਕੋਲ ਕਿਹੜੇ ਕੋਈ ਜ਼ਮੀਨ ਹੁੰਦੀ ਐ। ਬਣੇ ਪਏ ਆ। ਹੋਰ ਬਥੇਰੇ ਧੰਦੇ ਐ, ਬੰਦਾ ਕੰਮ ਕਰਨ ਵਾਲਾ ਚਾਹੀਦੈ।” ਜਥੇਦਾਰ ਨਿਹਾਲ ਸਿੰਘ ਦੀ ਆਖੀ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਭਰੇ ’ਕੱਠ ਵਿੱਚੋਂ ਇਹ ਉਤਸ਼ਾਹ ਭਰੀ ਆਵਾਜ਼ ਆਈ। ਸਭ ਨੇ ਕੰਨ ਚੁੱਕੇ ਜਿਵੇਂ ਮਨੋਂ-ਮਨੀਂ ਮਾਨਤਾ ਦੇ ਦਿੱਤੀ ਹੋਵੇ। ਫਿਰ ਖ਼ਾਸਾ ਲੰਮਾ ਸਮਾਂ ਅਫ਼ਸੋਸ ਦੀਆਂ ਗੱਲਾਂ ਚੱਲਦੀਆਂ ਰਹੀਆਂ।
ਅਫ਼ਸੋਸ ਕਰਨ ਆਏ ਸਭ ਲੋਕ ਆਪੋ-ਆਪਣੇ ਘਰਾਂ ਨੂੰ ਜਾ ਚੁੱਕੇ ਸਨ। ਅੱਜ ਦੀ ਸੱਥ ਵਿੱਚ ਰਾਮ ਲੁਭਾਏ ਦੀ ਸੱਚੀ-ਸੁੱਚੀ ਕਿਰਤ ਦੀਆਂ ਲੋਕਾਂ ਨੇ ਰੱਜ ਕੇ ਤਾਰੀਫ਼ਾਂ ਕੀਤੀਆਂ ਸਨ। ਉਸ ਦੇ ਮਹਾਂ ਕੰਜੂਸ ਹੋਣ ਵਾਲੀ ਗੱਲ ਨੂੰ ਵੀ ਲੋਕਾਂ ਨੇ ਸਰਾਹਿਆ ਹੀ ਸੀ। ਹੌਲੀ-ਹੌਲੀ ਇਹ ਸਭ ਗੱਲਾਂ ਰਾਮ ਲੁਭਾਏ ਕੋਲ ਵੀ ਪੁੱਜ ਗਈਆਂ। ਉਹ ਖ਼ੁਸ਼ੀ ਵਿੱਚ ਫੁੱਲਾ ਨਹੀਂ ਸੀ ਸਮਾ ਰਿਹਾ।
“ਗੇਜੋ, ਅੱਜ ਕਿੱਧਰ ਮਰ ਗਈ। ਦਿਖਦੀ ਨ੍ਹੀਂ ਕਿਤੇ। ਆਈਂ ਜ਼ਰਾ ਮੇਰੇ ਕੋਲ ਨੂੰ ਤੈਨੂੰ ਇੱਕ ਗੱਲ ਦੱਸਾਂ।” ਇੱਕ ਦਿਨ ਸੰਝ ਵੇਲੇ ਪਿੰਡ ਦੇ ਇੱਕ ਵਿਆਹ ਸਮਾਗਮ ਤੋਂ ਘੁੱਟ ਕੁ ਲਾ ਕੇ ਆਏ ਰਾਮ ਲੁਭਾਏ ਨੇ ਘਰ ਆਉਂਦਿਆਂ ਆਪਣੀ ਘਰਵਾਲੀ ਨੂੰ ਆਖਿਆ।
“ਆਹ ਮੈਂ ਪਹਿਲਾਂ ਮੱਝ ਨੂੰ ਤੂੜੀ ’ਚ ਵੰਡ ਤਾਂ ਰਲ਼ਾ ਲਵਾਂ। ਰਾਤ ਨੂੰ ਚਾਹ ਵੀ ਡੌਂਅ ਲੈਣੀ ਐਂ। ਮੈਨੂੰ ਪਤਾ, ਅੱਜ ਮੂੰਹ ਨੂੰ ਘੁੱਟ ਲੱਗਿਆ ਵਾ।” ਆਪਣੇ ਘਰਵਾਲੇ ਦੀ ਵਿਗੜੀ ਚਾਲ-ਢਾਲ ਵੇਖਦਿਆਂ ਗੇਜੋ ਥੋੜ੍ਹਾ ਜਿਹਾ ਖਿੱਝ ਕੇ ਪਈ।
“ਗੇਜੋ, ਅੱਜ ਕਾਹਨੂੰ ਖਿੱਝੀ ਜਾਨੀ ਐਂ। ਕਦੇ ਸਿੱਧੇ ਮੂੰਹ ਵੀ ਬੋਲ ਲਿਆ ਕਰ।” ਪੈੱਗ ਲੱਗਿਆ ਹੋਣ ਕਾਰਨ ਰਾਮ ਲੁਭਾਇਆ ਮੁਸਕੜੀਂ ਜਏ ਹੱਸਦਿਆਂ ਫਿਰ ਬੋਲਿਆ। ਉਸ ਨੇ ਗੇਜੋ ਦੇ ਗੁੱਸੇ ਦਾ ਬਿਲਕੁਲ ਵੀ ਰੰਜ ਨਾ ਮਨਾਇਆ।
“ਅੱਜ ਤਾਂ ਮੈਂ ਕਿਆ ਕਹਿੰਨੀ ਆਂ। ਤੈਨੂੰ ਐਨੀ ਖ਼ੁਸ਼ੀ ਕਾਹਦੀ ਚੜ੍ਹੀਓ ਐ।” ਆਪਣੇ ਘਰਵਾਲੇ ਨੂੰ ਬਾਹਲਾ ਈ ਖ਼ੁਸ਼ ਵੇਖ ਗੇਜੋ ਉਸ ਕੋਲ ਮੰਜੇ ’ਤੇ ਬੈਠਦਿਆਂ ਹੀ ਬੋਲੀ।
“ਮੈਂ ਅੱਜ ਪਿੰਡ ’ਚ ਸ਼ਿੰਗਾਰੇ ਦੇ ਮੁੰਡੇ ਦੇ ਵਿਆਹ ’ਤੇ ਗਿਆ ਤਾ ਨਾ। ਉੱਥੇ ਲੋਕ ਦੱਸਦੇ ਤੇ ਬਈ ਜਿੱਦਣ ਲੋਕ ਬਿਹਾਰੀ ਦੇ ਘਰ ਮਸੋਸ ’ਤੇ ਬੈਠੇ ਸਿਗੇ, ਉੱਦਣ ’ਕੱਠ ਵਿੱਚ ਲੋਕਾਂ ਨੇ ਤੇਰੀਆਂ ਸਿਫ਼ਤਾਂ ਬੜੀਆਂ ਕੀਤੀਆਂ।”
“ਨਾ! ਲੋਕਾਂ ਨੇ ਤੇਰੀਆਂ ਸਿਫ਼ਤਾਂ ਕਾਹਤੇ ਕੀਤੀਆਂ ਐਂ।”
“ਬਸ ਆਹੀ, ਬਈ ਰਾਮ ਲੁਭਾਏ ਨੇ ਕਿਰਤ-ਮਜ਼ਦੂਰੀ ਕਰਕੇ ਈ ਆਪਣੀ ਸਾਰੀ ਕਬੀਲਦਾਰੀ ਨਜਿੱਠ ਲਈ ਆ। ਸਾਰੇ ਨਿਆਣੇ ਆਪੋ-ਆਪਣੇ ਆਹਰੇ ਲੱਗਿਓ ਆ। ਐਨਾ ਖ਼ਰਚ ਕਰ ਕੇ ਵੀ ਅਗਲਾ ਪੈਰੀਂ ਆ।”
“ਨਾ, ਮੇਰੀ ਨ੍ਹੀਂ ਕਿਸੇ ਨੇ ਸਿਫ਼ਤ ਕੀਤੀ। ਬਸ ਤੂੰ ਹੀ ’ਕੱਲਾ ਮੋਹਰੀ ਹੋ ਗਿਆ ਘਰ ’ਚ।” ਗੇਜੋ ਮੂੰਹ ਵੱਟ ਕੇ ਇਓਂ ਬੋਲੀ ਜਿਵੇਂ ਆਪਣੇ ਘਰਵਾਲੇ ਨਾਲ ਸਾੜਾ ਕੀਤਾ ਹੋਵੇ।
“ਗੇਜੋ, ਤੂੰ ਵੀ ਨਾਲ ਈ ਐਂ। ਦੱਸ ਭਲਾ ਤੂੰ ਮੇਰੇ ਨਾਲੋਂ ਅੱਡ ਐਂ।” ਰਾਮ ਲੁਭਾਇਆ ਗੇਜੋ ਨੂੰ ਠੰਢਾ ਕਰਨ ਲਈ ਉਸ ਦੇ ਕੋਲ ਨੂੰ ਹੁੰਦਾ ਹੋਇਆ ਬੋਲਿਆ।
“ਥੋੜ੍ਹਾ ਜਿਹਾ ਪਰੇ ਹੋ ਕੇ ਬੈਠ। ਹੈਥੇ ਕੋਈ ਨਿਆਣਾ ਆਜੂਗਾ। ਆਖੂ ਬਈ ਅੱਜ ਬੁੜ੍ਹਿਆਂ ਨੂੰ ਈ ਮਸਤੀ ਚੜ੍ਹੀ ਪਈ ਐ।” ਗੇਜੋ ਨੇ ਆਪਣੇ ਘਰਵਾਲੇ ਨੂੰ ਘੂਰਦਿਆਂ ਆਖਿਆ। ਤੇ ਫਿਰ ਉਹ ਉੱਥੋਂ ਉੱਠ ਕੇ ਰੋਟੀ ਟੁੱਕ ਦੁਆਲੇ ਹੋ ਗਈ।
ਕੁਝ ਕੁ ਦਿਨਾਂ ਬਾਅਦ ਰਾਮ ਲੁਭਾਏ ਨੂੰ ਆਪਣੇ ਘਰ ਕੋਲ ਜਥੇਦਾਰ ਨਿਹਾਲ ਸਿੰਘ ਸ਼ਹਿਰ ਜਾਂਦਾ ਮਿਲਿਆ। ਉਹ ਉਸ ਨੂੰ ਮੱਲੋਮੱਲੀ ਖਿੱਚ ਕੇ ਘਰ ਲੈ ਗਿਆ। ਬੈਠਣ ਲਈ ਕੁਰਸੀ ਦਿੱਤੀ। ਗੇਜੋ ਨੂੰ ਦੁੱਧ ਨੂੰ ਪੱਤੀ ਲਾਉਣੀ ਆਖ ਕੇ ਆਪ ਦੁਕਾਨ ਤੋਂ ਬਿਸਕੁਟਾਂ ਦਾ ਪੈਕਟ ਫੜਨ ਚਲੇ ਗਿਆ। ਜਥੇਦਾਰ ਨੇ ਜ਼ਰੂਰੀ ਕੰਮ ਹੋਣ ਦੇ ਬਥੇਰੇ ਬਹਾਨੇ ਬਣਾਏ, ਪਰ ਰਾਮ ਲੁਭਾਏ ਨੇ ਇੱਕ ਨਾ ਸੁਣੀ। ਵਾਹੋ-ਦਾਹੀ ਗਰਮ-ਗਰਮ ਦੁੱਧ ਤੇ ਬਿਸਕੁਟਾਂ ਦੀ ਪਲੇਟ ਮੂਹਰੇ ਲਿਆ ਧਰੀ। ਰਾਮ ਲੁਭਾਇਆ ਜਥੇਦਾਰ ਦੀ ਸੇਵਾ ਕਰਕੇ ਇਵੇਂ ਖ਼ੁਸ਼ ਹੋ ਰਿਹਾ ਸੀ, ਜਿਵੇਂ ਜਥੇਦਾਰ ਨੇ ਉਸ ਨੂੰ ਲਾਈਫ ਟਾਈਮ ਅਚੀਵਮੈਂਟ ਸਰਟੀਫਿਕੇਟ ਦੇ ਦਿੱਤਾ ਹੋਵੇ।
“ਤਾਇਆ ਜੀ, ਥੋਨੂੰ ਕੋਈ ਘਰ ਮਿਲਣ ਆਇਆ। ਛੇਤੀ ਆ ਜੋ।” ਇੰਨੇ ਨੂੰ ਇੱਕ ਬੱਚੇ ਨੇ ਜਥੇਦਾਰ ਨੂੰ ਖ਼ਬਰ ਦਿੱਤੀ।
ਬੱਚੇ ਦੀ ਇਹ ਗੱਲ ਸੁਣਦੇ ਹੀ ਜਥੇਦਾਰ ਕਾਹਲੀ-ਕਾਹਲੀ ਆਪਣੇ ਘਰ ਅੱਪੜ ਗਿਆ। ਜਾ ਕੇ ਵੇਖਿਆ ਤਾਂ ਪੰਚ ਨੱਥਾ ਸਿੰਘ ਉਦਾਸ ਜਿਹੇ ਲਹਿਜੇ ਵਿੱਚ ਘਰ ਬੈਠਾ ਸੀ।
“ਪੰਚਾ, ਅੱਜ ਕਿੱਦਾਂ ਆਉਣੇ ਹੋਏ?” ਜਥੇਦਾਰ ਨੇ ਫ਼ਿਕਰ ਨਾਲ ਪੁੱਛਿਆ।
“ਜਥੇਦਾਰ ਜੀ, ਆਓ ਜ਼ਰਾ ਮੇਰੇ ਨਾਲ ਘਰ ਚੱਲਿਓ। ਥੋਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆਂ।” ਪੰਚ ਦੁਖੀ ਮਨ ਨਾਲ ਬੋਲਿਆ।
“ਪੰਚਾ, ਤੂੰ ਜਿਹੜੀ ਗੱਲ ਕਰਨੀ ਐਂ, ਇੱਥੇ ਈ ਕਰ ਲੈ। ਇੱਥੇ ਕਿਹੜੇ ਕੋਈ ਓਪਰਾ ਬੰਦਾ ਐ। ਘਰ ਦੇ ਬੰਦੇ ਈ ਆ।”
ਜਥੇਦਾਰ ਦੀ ਆਖੀ ਇਹ ਗੱਲ ਸੁਣ ਕੇ ਪੰਚ ਨੱਥਾ ਸਿੰਘ ਆਪਣੀ ਗੱਲ ਦੱਸਣ ਲਈ ਸਹਿਮਤ ਹੋ ਗਿਆ।
“ਜਥੇਦਾਰ ਜੀ, ਤੁਹਾਨੂੰ ਤਾਂ ਮੇਰੇ ਘਰ ਦੀ ਹਾਲਤ ਦਾ ਪਤਾ ਈ ਐ। ਮੈਂ ਕਿੰਨਾ ਔਖਾ ਹੋ ਕੇ ਬੜੇ ਮੁੰਡੇ ਨੂੰ ਮਕੈਨੀਕਲ ਦੀ ਡਿਗਰੀ ਕਰਾਈ ਐ। ਮੈਂ ਉਹਨੂੰ ਕਿਹਾ ਬਈ ਜੇ ਸਰਕਾਰੀ ਨੌਕਰੀ ਨ੍ਹੀਂ ਮਿਲਦੀ ਤਾਂ ਮੈਂ ਤੈਨੂੰ ਵਰਕਸ਼ਾਪ ਖੋਲ੍ਹ ਕੇ ਦੇ ਦਿੰਨਾ ਆਂ। ਆਪਣਾ ਕਾਰੋਬਾਰ ਸ਼ੁਰੂ ਕਰ ਲੈ। ਅੱਗੋਂ ਕਹਿੰਦਾ, ‘ਕਿਹੜਾ ਹੱਥ ਕਾਲੇ-ਪੀਲੇ ਕਰਦਾ ਫਿਰੇ। ਮੈਂ ਤਾਂ ਜੇ ਕਰਨੀ ਆ ਸਰਕਾਰੀ ਨੌਕਰੀ ਈ ਕਰਨੀ ਆ, ਮਿਲਣੀ ਮਿਲੇ ਨਹੀਂ ਨਾ ਮਿਲੇ।’ ਮੈਨੂੰ ਤਾਂ ਉਸ ਨੇ ਬੜਾ ਦੁਖੀ ਕੀਤਾ ਪਿਆ। ਤੁਸੀਂ ਜ਼ਰਾ ਸਮਝਾ ਕੇ ਦੇਖੋ। ਸ਼ਾਇਦ ਥੋਡਾ ਕਹਿਣਾ ਈ ਮੰਨ ਲਏ।” ਪੰਚ ਨੱਥਾ ਸਿੰਘ ਨੇ ਆਪਣੀ ਵਿਥਿਆ ਸੁਣਾ ਕੇ ਇੱਕ ਹਉਕਾ ਜਿਹਾ ਭਰਿਆ।
“ਨੱਥਾ ਸਿਆਂ, ਅੱਜਕੱਲ੍ਹ ਦੀ ਮੁੰਡੀਹਰ ਦੀ ਤਾਂ ਹਵਾ ਈ ਬਦਲੀ ਪਈ ਐ। ਭਵਿੱਖ ਦਾ ਫ਼ਿਕਰ ਈ ਕੋਈ ਨ੍ਹੀਂ। ਪਰਸੋਂ-ਚੌਥੇ ਜਏ ਲੰਬੜ ਜੀਤਾ ਵੀ ਆਹੀ ਗੱਲ ਕਰਦਾ ਸੀ, ਬਈ ਮੁੰਡੇ ਨੇ ਗਲ਼ ’ਚ ਗੂਠਾ ਦੇ ਕੇ ਨਵਾਂ ਐਨਫੀਲਡ ਕਢਾ ਲਿਆ ਐ, ਨਾ ਘਰ ਦੇ ਕੰਮ ਨੂੰ ਹੱਥ ਲਾਉਂਦਾ, ਨਾ ਪੜ੍ਹਦਾ ਐ। ਵੇਖੋ ਓਏ, ਅੱਜਕੱਲ੍ਹ ਦੀ ਪਨੀਰੀ ਹੱਥੀਂ ਕਿਰਤ ਕਰਨ ਨੂੰ ਈ ਮਾੜਾ ਸਮਝਣ ਲੱਗ ਪਈ ਐ।” ਲੰਬੜ ਜੀਤੇ ਦੀ ਇਹ ਗੱਲ ਸੁਣਾ ਕੇ ਜਥੇਦਾਰ ਬੇਵਸ ਜਿਹਾ ਹੋਇਆ ਬੋਲਿਆ, ਜਿਵੇਂ ਕੋਈ ਹੱਲ ਨਜ਼ਰ ਨਾ ਆ ਰਿਹਾ ਹੋਵੇ।
“ਪਿਆਜ਼ ਲੈ ਲੋ। ਗੋਭੀ ਲੈ ਲੋ। ਆਲੂ ਲੈ ਲੋ। ਸ਼ਲਗਮ ਲੈ ਲੋ।” ਇੰਨੇ ਨੂੰ ਇੱਕ ਸਬਜ਼ੀ ਵੇਚਣ ਵਾਲੇ ਭਈਏ ਦੀ ਇਹ ਉੱਚੀ ਆਵਾਜ਼ ਸੁਣਾਈ ਦਿੱਤੀ। ਆਂਢ-ਗੁਆਂਢ ਦੇ ਕਈ ਲੋਕ ਉਸ ਤੋਂ ਸਬਜ਼ੀ ਖ਼ਰੀਦਣ ਲੱਗ ਪਏ।
“ਡੈਡੀ ਜੀ, ਤੁਸੀਂ ਪਛਾਣੀ ਇਸ ਭਈਏ ਦੀ ਆਵਾਜ਼।”
“ਨਹੀਂ ਸੀਰਤ, ਮੈਂ ਨ੍ਹੀਂ ਪਛਾਣੀ।” ਜਥੇਦਾਰ ਨੇ ਆਪਣੀ ਲੜਕੀ ਨੂੰ ਆਖਿਆ।
“ਡੈਡੀ ਜੀ, ਇਹ ਓਹੀ ਭਈਆ ਐ, ਜਿਹੜਾ ਦਸ-ਬਾਰਾਂ ਸਾਲ ਪਹਿਲਾਂ ਸਾਡੇ ਘਰ ਦਾ ਕੰਮ ਕਰਦਾ ਹੁੰਦਾ ਸੀ। ਉਹ ਦੱਸਦਾ ਐ, ਬਈ ਮੈਂ ਪਿੰਡਾਂ ’ਚ ਘੁੰਮ-ਫਿਰ ਕੇ ਸਬਜ਼ੀ ਵੇਚਦਾ ਹਾਂ। ਮੁੰਡੇ ਦੀ ਸ਼ਹਿਰ ਵਿੱਚ ਜੂਸ ਸ਼ਾਪ ਆ ਤੇ ਕੁੜੀ ਨੇ ਬਿਊਟੀ ਪਾਰਲਰ ਦਾ ਕੰਮ ਖੋਲ੍ਹਿਆ ਹੋਇਐ। ਮੌਜਾਂ ਨੇ ਮੌਜਾਂ!”
“ਕਰ ਲਓ ਘਿਓ ਨੂੰ ਭਾਂਡਾ ਹੁਣ।” ਆਪਣੀ ਲੜਕੀ ਦੀ ਇਹ ਗੱਲ ਸੁਣ ਕੇ ਜਥੇਦਾਰ ਦੇ ਮੂੰਹੋਂ ਸਹਿਜ ਸੁਭਾਅ ਨਿਕਲਿਆ। ਫਿਰ ਉਹ ਕਿਸੇ ਡੂੰਘੀ ਸੋਚ ਵਿੱਚ ਗੁੰਮ ਗਿਆ।
ਸੰਪਰਕ: +61431696030

Advertisement

Advertisement
Author Image

joginder kumar

View all posts

Advertisement
×