Taj Mahal Bomb Threat: ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫ਼ਵਾਹ ਨਿੱਕਲੀ
ਆਗਰਾ (ਯੂਪੀ), 3 ਦਸੰਬਰ
Taj Mahal Bomb Threat: ਉੱਤਰ ਪ੍ਰਦੇਸ਼ ਟੂਰਿਜ਼ਮ ਦੇ ਖੇਤਰੀ ਦਫਤਰ ਨੂੰ ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਵਾਲੀ ਈਮੇਲ ਪ੍ਰਾਪਤ ਹੋਈ ਜੋ ਕਿ ਬਾਅਦ ਵਿੱਚ ਝੂਠੀ ਨਿੱਕਲੀ। ਇਸ ਸਬੰਧੀ ਏਸੀਪੀ ਸਈਅਦ ਅਰੀਬ ਅਹਿਮਦ ਨੇ ਪੀਟੀਆਈ ਨੂੰ ਦੱਸਿਆ ਕਿ ਬੰਬ ਨਿਰੋਧਕ ਦਸਤੇ, ਖੋਜੀ ਕੁੱਤਿਆਂ ਅਤੇ ਹੋਰ ਟੀਮਾਂ ਨੂੰ ਮੌਕੇ ’ਤੇ ਤੈਨਾਤ ਕੀਤਾ ਗਿਆ, ਪਰ ਖੋਜ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸੈਰ-ਸਪਾਟਾ ਦਫ਼ਤਰ ਨੂੰ ਇੱਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿੱਚ ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਸਾਨੂੰ ਈਮੇਲ ਦੇ ਅਨੁਸਾਰ ਕੁਝ ਵੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਈਮੇਲ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ।
ਉੱਤਰ ਪ੍ਰਦੇਸ਼ ਟੂਰਿਜ਼ਮ ਦੀ ਡਿਪਟੀ ਡਾਇਰੈਕਟਰ ਦੀਪਤੀ ਵਤਸਾ ਨੇ ਕਿਹਾ ਕਿ ਬੰਬ ਦੀ ਧਮਕੀ ਬਾਰੇ ਈਮੇਲ ਮਿਲਣ ਤੋਂ ਬਾਅਦ ਤੁਰੰਤ ਆਗਰਾ ਪੁਲੀਸ ਅਤੇ ਏਐਸਆਈ ਆਗਰਾ ਸਰਕਲ ਨੂੰ ਸੂਚਿਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀਆਈਐਸਐਫ, ਬੰਬ ਨਿਰੋਧਕ ਟੀਮ ਅਤੇ ਕੁੱਤਿਆਂ ਦੇ ਦਸਤੇ ਨੇ ਤਾਜ ਮਹਿਲ ਅਤੇ ਆਸਪਾਸ ਦੇ ਖੇਤਰ, ਮੁੱਖ ਪਲੇਟਫਾਰਮ, ਡਸਟਬਿਨ ਅਤੇ ਹੋਰ ਖੇਤਰਾਂ ਦੀ ਜਾਂਚ ਕੀਤੀ ਪਰ ਕੁੱਝ ਵੀ ਸ਼ੱਕੀ ਪ੍ਰਾਪਤ ਨਹੀਂ ਹੋਇਆ। -ਪੀਟੀਆਈ