ਤਾਇਵਾਨ: ਹਸਪਤਾਲ ’ਚ ਅੱਗ ਲੱਗੀ; ਨੌਂ ਹਲਾਕ
ਤਾਇਪੈ (ਤਾਇਵਾਨ), 3 ਅਕਤੂਬਰ
ਦੱਖਣੀ ਤਾਇਵਾਨ ਦੇ ਹਸਪਤਾਲ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਘੱਟੋ ਘੱਟ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੀਪ ’ਤੇ ਤੂਫਾਨ ਦਾ ਕਹਿਰ ਜਾਰੀ ਹੈ, ਜਿਸ ਕਰ ਕੇ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਬਚਾਅ ਕਾਰਜਾਂ ਵਿੱਚ ਵੀ ਦਿੱਕਤਾਂ ਆਈਆਂ। ਤਾਇਵਾਨ ਦੇ ਮੌਸਮ ਅਧਿਕਾਰੀਆਂ ਮੁਤਾਬਕ, ਕ੍ਰੈਥੋਨ ਨੇ ਮੁੱਖ ਬੰਦਰਗਾਹ ਸ਼ਹਿਰ ਕਾਊਸ਼ੁੰਗ ਵਿੱਚ ਦਸਤਕ ਦਿੱਤੀ ਅਤੇ ਇਸ ਦੌਰਾਨ ਹਵਾ ਦੀ ਰਫ਼ਤਾਰ 126 ਕਿਲੋਮੀਟਰ ਪ੍ਰਤੀ ਘੰਟਾ ਸੀ।
ਕ੍ਰੈਥੋਨ ਤੂਫਾਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਗਟੰਗ ਪ੍ਰਾਂਤ ਦੇ ਇਕ ਹਸਪਤਾਲ ਵਿੱਚ ਅੱਗ ਲੱਗ ਗਈ। ਦੱਸਿਆ ਜਾਂਦਾ ਹੈ ਕਿ ਅੱਗ ਕਰ ਕੇ ਧੂੰਆਂ ਫੈਲ ਗਿਆ ਅਤੇ ਸਾਹ ਘੁਟਣ ਕਰ ਕੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਤੋਂ ਦਰਜਨਾਂ ਹੋਰ ਮਰੀਜ਼ਾਂ ਨੂੰ ਸੁਰੱਖਿਅਤ ਕੱਢ ਕੇ ਨੇੜਲੀਆਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਮਰੀਜ਼ਾਂ ਨੂੰ ਕੱਢਣ ਅਤੇ ਅੱਗ ਬੁਝਾਉਣ ਵਿੱਚ ਬਚਾਅ ਕਰਮੀਆਂ ਤੇ ਫਾਇਰ ਵਿਭਾਗ ਦੇ ਮੁਲਾਜ਼ਮਾਂ ਦੀ ਮਦਦ ਕਰਨ ਲਈ ਫੌਜੀ ਸੈਨਿਕਾਂ ਨੂੰ ਸੱਦਣਾ ਪਿਆ। ਖ਼ਬਰ ਮੁਤਾਬਕ 176 ਮਰੀਜ਼ਾਂ ਨੂੰ ਸਾਹਮਣੇ ਵਾਲੇ ਦਾਖਲਾ ਗੇਟ ’ਤੇ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਮੋਹਲੇਧਾਰ ਮੀਂਹ ਤੋਂ ਬਚਾਉਣ ਲਈ ਐਂਬੂਲੈਂਸ ਜਾਂ ਤਿਰਪਾਲ ਰਾਹੀਂ ਨੇੜਲੀਆਂ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। -ਏਪੀ