For the best experience, open
https://m.punjabitribuneonline.com
on your mobile browser.
Advertisement

ਤਾਈ ਚਿੰਤੀ

11:45 AM Sep 22, 2024 IST
ਤਾਈ ਚਿੰਤੀ
Advertisement

ਅਮਰੀਕ ਹਮਰਾਜ਼

ਤੂਤ ਦੀ ਛਾਵੇਂ ਢਿਲਕੀ ਜਿਹੀ ਮੰਜੀ ’ਤੇ ਕੁੱਬਾ ਹੋਇਆ ਮਾੜਕੂ ਜਿਹਾ ਮੈਲੇ ਕੱਪੜਿਆਂ ’ਚ ਕੱਜਿਆ ਪਿੰਡਾ। ਝੁਰੜੀਆਂ ਦੇ ਅਣਗਿਣਤ ਵਲਾਂ ਵਿੱਚ ਅਲੋਪ ਹੋ ਰਹੀਆਂ ਦੋ ਜੋਤਾਂ, ਜੋ ਸਿਰਫ਼ ਨਿੱਕੀਆਂ ਤੋੜਾਂ ਦੇ ਨਿਸ਼ਾਨ ਬਣ ਕੇ ਰਹਿ ਗਈਆਂ। ਚਿੱਟੇ ਵਾਲ ਜੋ ਧਾਗੇ ਦੀ ਡੋਰੀ ਨਾਲ ਬੰਨ੍ਹਣ ਜੋਗੇ ਵੀ ਨਹੀਂ ਸਨ ਰਹੇ। ਕੰਬਦੇ ਹੱਥਾਂ ਦੀਆਂ ਵਿੰਗੀਆਂ ਹੋਈਆਂ ਉਂਗਲੀਆਂ। ਲੱਕੜੀ ਦੇ ਪਤਲੇ-ਪਤਲੇ ਸੋਟਿਆਂ ਵਰਗੀਆਂ ਲੱਤਾਂ। ਇੱਕ ਹੱਥ ਖੂੰਡੀ ਦੇ ਸਹਾਰੇ ਉੱਠਦੀ ਅਤੇ ਦੂਜੇ ਹੱਥ ਨਾਲ ਕੰਧ ਨੂੰ ਟੋਹ ਟੋਹ ਕੇ ਕਿਰਿਆ ਸੋਧਦੀ ਤਾਈ ਚਿੰਤੀ ਉਰਫ਼ ਚਿੰਤੀ ਦਾਈ ਨੂੰ ਸਿਰਫ਼ ਪਿੰਡ ਹੀ ਨਹੀਂ ਸੀ ਜਾਣਦਾ ਸਗੋਂ ਪਿੰਡਾਂ ਦੇ ਪਿੰਡ ਜਾਣਦੇ ਸਨ। ਆਪਣੇ ਪਿੰਡ ਦੇ ਬਸੀਮੇ ਨਾਲ ਲਗਦੇ ਸਾਰੇ ਪਿੰਡਾਂ ਵਿੱਚ ਉਸ ਦੀ ਸਿਆਣਪ ਦਾ ਸਿੱਕਾ ਚੱਲਿਆ ਸੀ। ਅੱਜ ਭਾਵੇਂ ਉਸ ਦੀ ਆਵਾਜ਼ ਮੱਧਮ ਪੈ ਚੁੱਕੀ ਹੈ। ਅੱਖਾਂ-ਕੰਨ ਨਕਾਰੇ ਹੋ ਚੁੱਕੇ ਹਨ। ਸਰੀਰ ਸਾਥ ਨਹੀਂ ਦੇ ਰਿਹਾ, ਪਰ ਉਸ ਦੇ ਮੂੰਹੋਂ ਝੜਦੇ ਅਖਾਣ, ਬੋਲੀਆਂ, ਟਿੱਚਰਾਂ, ਹੱਡਬੀਤੀਆਂ ਕਹਾਣੀਆਂ ’ਚੋਂ ਪੂਰੀ ਸ਼ਿੱਦਤ ਨਾਲ ਜੀਵਿਆ ਪੰਜਾਬੀ ਲੋਕ-ਰੰਗ ਦਾ ਜਲੌਅ ਬੜੀ ਹੈਂਕੜ ਨਾਲ ਝਲਕਦਾ ਹੈ। ਸਾਰੀ ਉਮਰ ਲੋਕਾਂ ਦੇ ਔਖੇ ਤੋਂ ਔਖੇ ਵੇਲੇ ਕੰਮ ਆਉਣ ਵਾਲੀ ਚਿੰਤੀ ਤਾਈ ਦੇ ਸਿਰੋਂ ਗ਼ਰੀਬੀ ਦਾ ਪਰਛਾਂਵਾਂ ਨਾ ਢਲਿਆ, ਭਾਵੇਂ ਜਵਾਨੀ ਦਾ ਸੂਰਜ ਕਦੋਂ ਦਾ ਅਸਤ ਹੋ ਚੁੱਕਾ ਹੈ। ਉਸਦੇ ਸਿਰ +ਤੇ ਲੱਦੀ ਦੁੱਖਾਂ ਦੀ ਪੰਡ ਵਿੱਚ ਕਦੇ ਲੱਪ ਕੁ ਭਰ ਸੁੱਖਾਂ ਦੀ ਖ਼ੈਰ ਨਹੀਂ ਪਈ।
ਜਦੋਂ ਚਿੰਤੀ ਵਿਆਹੀ ਆਈ ਸੀ ਤਾਂ ਘਰ ਵਿੱਚ ਪੈਰ ਰੱਖਦਿਆਂ ਹੀ ਜਿਵੇਂ ਦਲਿੱਦਰਤਾ ਨੇ ਤੇਲ ਚੋਅ ਕੇ ਦਰਵਾਜ਼ੇ ’ਚੋਂ ਲੰਘਾਇਆ। ਇੱਕ ਕੋਠਾ ਉਹੀ ਸੌਣ ਵਾਲਾ ਅਤੇ ਉਹੀ ਰਸੋਈ। ਨਾਲ ਪਸ਼ੂਆਂ ਦਾ ਇੱਕ ਅੱਧ ਢੱਠਾ ਛੱਪਰ। ਮੀਂਹ ਦੀਆਂ ਕਣੀਆਂ ਪੈਣੀਆਂ ਤਾਂ ਪਾਣੀ ਸਾਰੇ ਦਾ ਸਾਰਾ ਅੰਦਰ ਹੀ ਪੈ ਜਾਣਾ। ਉਸ ਦੇ ਘਰਵਾਲੇ ਨੇ ਸਾਰੀ ਉਮਰ ਡੋਡੇ (ਪੋਸਤ) ਪੀਣ ਤੋਂ ਸਿਵਾ ਕੁਝ ਨਹੀਂ ਸੀ ਕੀਤਾ। ਘਰ ਵਿੱਚ ਹੋਰ ਕੋਈ ਜ਼ਿੰਮੇਵਾਰ ਬੰਦਾ ਨਹੀਂ ਸੀ। ਪਿਉ ਛੋਟੇ ਹੁੰਦੇ ਦਾ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਇੱਕ ਭਰਾ ਸੀ, ਉਹ ਆਪਣੀ ਮਾਂ ਨੂੰ ਲੈ ਕੇ ਦੂਜੇ ਪਿੰਡ ਰਹਿਣ ਲੱਗ ਪਿਆ ਸੀ। ਮਾਂ ਗੁਜ਼ਰੀ ਦੀ ਖ਼ਬਰ ਆਈ, ਪਰ ਮਗਰੋਂ ਭਰਾ ਦਾ ਵੀ ਕੋਈ ਅਤਾ-ਪਤਾ ਨਹੀਂ ਲੱਗਾ। ਚਿੰਤੀ ਘਰ ਨੂੰ ਸੰਵਾਰਨ ਦੇ ਓਹੜ-ਪੋਹੜ ਵਿੱਚ ਹੀ ਮੰਜੇ ਨਾਲ ਮੰਜਾ ਹੋ ਗਈ ਸੀ। ਸਾਰੀ ਉਮਰ ਗ਼ਰੀਬੀ ਦੀ ਭੱਠੀ ਵਿੱਚ ਝੋਕ ਦਿੱਤੀ ਪਰ ਲੱਛੀ ਦੇ ਬੰਦ ਨਾ ਬਣੇ। ਆਪਣੀ ਦਾਦੀ ਤੋਂ ਸਿੱਖਿਆ ਦਾਈਪੁਣੇ ਦਾ ਕੰਮ ਹੀ ਉਸ ਦੀ ਰੋਟੀ ਦਾ ਆਧਾਰ ਬਣਿਆ ਰਿਹਾ। ਦਾਈਪੁਣੇ ਵਿੱਚ ਮਾਹਰ ਹੋਣ ਕਰਕੇ ਭਾਵੇਂ ਕਮਾਈ ਤਾਂ ਚੰਗੀ ਸੀ, ਪਰ ਸਾਰੀ ਕਮਾਈ ਪੋਸਤ ਬਣ ਕੇ ਵੈਲੀ ਘਰਵਾਲੇ ਦੀਆਂ ਆਂਦਰਾਂ ਵਿੱਚੋਂ ਲੰਘਦੀ ਰਹੀ। ਚਿੰਤੀ ’ਤੇ ਬੁਢਾਪਾ ਆਉਣ ਲੱਗਾ ਅਤੇ ਜਿਹੜਾ ਮਾੜਾ ਮੋਟਾ ਕੰਮ ਚੱਲਦਾ ਸੀ ਉਹ ਹਸਪਤਾਲਾਂ ਦੀਆਂ ਨਰਸਾਂ ਦੇ ਹੱਥੀਂ ਚੜ੍ਹਨ ਲੱਗ ਪਿਆ। ਘਰ ਦੇ ਭਾਂਡੇ ਟੀਂਡੇ ਨਸ਼ਿਆਂ ਵਿੱਚ ਖਪ-ਖੁਰ ਗਏ। ਡੋਡਿਆਂ ਦਾ ਭੰਨਿਆ ਚਿੰਤੀ ਦੇ ਸਿਰ ਦਾ ਸਾਈਂ ਨਿੱਘਰਦਾ-ਨਿੱਘਰਦਾ ਅੰਤ ਸਿਵਿਆਂ ਨੂੰ ਤੁਰ ਗਿਆ। ਭਾਵੇਂ ਪਿੰਡ ਵਾਲੇ ਗਾਹੇ-ਬਗਾਹੇ ਉਸ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਸਨ ਹਟਦੇ, ਪਰ ਉਸ ਦੇ ਚਿੱਤ ਵਿੱਚ ਬੇਔਲਾਦੀ ਦਾ ਜਿਹੜਾ ਝੋਰਾ ਸੀ ਉਸ ਨੂੰ ਕੋਈ ਵੀ ਮਦਦਗਾਰ ਦੂਰ ਨਹੀਂ ਸੀ ਕਰ ਸਕਦਾ। ਉਸ ਦੇ ਵਿੰਗੇ ਹੋਏ ਹੱਥਾਂ ਨੇ ਪਹਿਲੀ ਉਮਰੇ ਪਤਾ ਨਹੀਂ ਕਿੰਨੇ ਕੁ ਜਣੇਪੇ ਕਰਵਾਏ, ਪਰ ਉਸ ਦੀ ਆਪਣੀ ਕੁੱਖ ਕਦੇ ਸੁਲੱਖਣੀ ਨਾ ਹੋਈ। ਢਲਦੀ ਵਰੇਸ ਵਿੱਚ ਅਕਸਰ ਉਹ ਕਹਿੰਦੀ, ‘‘ਦਵਾ-ਪੁੜੀਆਂ ਨਾਲ ਪਤਾ ਨਹੀਂ ਕਿੰਨੀਆਂ ਕੁ ਬੰਜਰ ਜ਼ਮੀਨਾਂ ਵਿੱਚ ਬੂਟੇ ਲਾ ਦਿੱਤੇ ਆਪਣੀ ਨਿਕੰਮੀ ਮਿੱਟੀ ਮੇਰੇ ਕੋਲੋਂ ਉਪਜਾਊ ਨਾ ਬਣ ਸਕੀ।’’
ਜਦੋਂ ਕੋਈ ਰਾਹ ਵਾਟੇ ਤੁਰਿਆ ਸਹਿਜ ਸੁਭਾਅ ਉਸ ਕੋਲ ਬਹਿ ਜਾਂਦਾ ਤਾਂ ਉਹ ਘੰਟਾ ਘੰਟਾ ਬੰਦੇ ਨੂੰ ਕੋਲੋਂ ਹਿੱਲਣ ਨਾ ਦਿੰਦੀ। ਭਾਵੇਂ ਕੋਈ ਛੋਟਾ ਜਾਂ ਵੱਡਾ, ਬੁੱਢਾ ਜਾਂ ਜਵਾਨ ਸਾਰੇ ਹੀ ਚਿੰਤੀ ਨੂੰ “ਤਾਈ” ਕਹਿਣ ਲੱਗ ਪਏ। ਇੱਕ ਤਰ੍ਹਾਂ ਦੀ ਉਸ ਦੀ ਅੱਲ ਹੀ ‘ਤਾਈ ਚਿੰਤੀ’ ਪੈ ਗਈ।
ਮੈਂ ਕਦੇ ਵੀ ਚਿੰਤੀ ਤਾਈ ਨੂੰ ਬਿਨਾਂ ਬੁਲਾਇਆ ਕੋਲੋਂ ਨਹੀਂ ਸੀ ਲੰਘਿਆ। ਮੈਨੂੰ ਵੀ ਤਾਈ ਦੀਆਂ ਗੱਲਾਂ ਸੁਣਨ ਦਾ ਚਸਕਾ ਰਹਿੰਦਾ। ਹਰ ਗੱਲ ਨਾਲ ਅਖਾਣ, ਹਰ ਗੱਲ ਵਿੱਚ ਮਾਣ-ਮੱਤੀ ਜਵਾਨੀ ਦੀ ਕੋਈ ਹੈਰਾਨੀਜਨਕ ਘਟਨਾ ਉਹਦੇ ਬੁੱਲ੍ਹਾਂ ’ਤੇ ਰਹਿੰਦੀ। ਜਦੋਂ ਵੀ ਮੈਂ ਕੋਲੋਂ ਲੰਘਦੇ ਨੇ ਆਵਾਜ਼ ਮਾਰ ਕੇ ਪੁੱਛਣਾ, “ਤਾਈ ਕਿੱਦਾਂ ਹਾਲ?’’
“ਹਾਲ ਮੇਰੇ ਨੂੰ ਕੀ ਫੇਟ ਵੱਜੀ ਏ? ਆ ਬੜਾ ਸੋਹਣਾ ਹੀਰ ਰਾਂਝਾ ਗਾਉਂਦੀ ਹਾਂ। ਆ ਉਰੇ ਬਹਿ ਜਾਹ, ਪੌਂਦੀ ਤੋਂ ਬਚ ਕੇ ਬੈਠੀਂ, ਪੱਖੀ ਦੀ ਡੰਡੀ ਨਾ ਤੋੜ ਦੇਵੀਂ, ਮੈਨੂੰ ਫੜਾ ਦੇ।” ਤਾਈ ਨੇ ਆਪ ਇਕੱਠੀ ਜਹੀ ਹੋ ਕੇ ਇੱਕ ਖੂੰਜੇ ਨੂੰ ਹੋ ਜਾਣਾ।
ਜਿਹੜਾ ਵੀ ਲੰਘਦਾ ਤਾਈ ਆਪਣਾ ਮਨ ਪਰਚਾਉਣ ਲਈ ਹਾਕ ਮਾਰ ਕੇ ਕੋਲ ਬੈਠਾ ਹੀ ਲੈਂਦੀ। ਤਾਈ ਭਾਵੇਂ ਅਨਪੜ੍ਹ ਸੀ, ਪਰ ਆਪਣੀਆਂ ਗੱਲਾਂ ਨੂੰ ਉਹ ਇਹੋ ਜਿਹਾ ਮੁਲੰਮਾ ਚਾੜ੍ਹਦੀ ਕਿ ਪਿੱਤਲੋਂ ਸੋਨਾ ਕਰ ਦਿੰਦੀ। ਤਾਈ ਕਿਸੇ ਘਰ ਵਧਾਈ ਦੇਣੋਂ ਭਾਵੇਂ ਖੁੰਝ ਜਾਵੇ, ਪਰ ਗ਼ਮੀ ਵੇਲੇ ਪਿੱਛੇ ਨਹੀਂ ਸੀ ਰਹਿੰਦੀ। ਹੁਣ ਭਾਵੇਂ ਅੱਖਾਂ ਜਵਾਬ ਦੇ ਗਈਆਂ ਸਨ, ਫਿਰ ਵੀ ਆਪਣੇ ਨੇੜੇ ਦੇ ਘਰਾਂ ਵਿੱਚ ਕਿਸੇ ਨਾ ਕਿਸੇ ਦਾ ਸਹਾਰਾ ਲੈ ਕੇ ਜਾਂ ਕੰਧ ਟੋਂਹਦੀ ਟੋਂਹਦੀ ਜਾ ਅੱਪੜਦੀ। ਆਪਣੀਆਂ ਗੱਲਾਂ ਨਾਲ ਜਿੱਥੇ ਉਹ ਮਰਗ ਦੇ ਦੁੱਖ ਵਿੱਚ ਗ੍ਰਸੇ ਪਰਿਵਾਰਕ ਮੈਂਬਰਾਂ ਨੂੰ ਹੌਂਸਲਾ ਦਿੰਦੀ, ਉੱਥੇ ਉਹ ਉਦਾਹਰਣਾਂ ਕਹਾਣੀਆਂ ਨਾਲ ਭਾਣਾ ਮੰਨਣ ਦਾ ਸੰਕਲਪ ਵੀ ਦ੍ਰਿੜ ਕਰਵਾਉਂਦੀ ਰਹਿੰਦੀ। ਧਰਮਾਂ ਦੀ ਕੱਟੜਤਾ ਤੋਂ ਨਿਰਲੇਪ ਤਾਈ ਅਕਸਰ ਕਹਿੰਦੀ।
“ਰਾਮ ਅੱਲਾ ਭਾਈ ਵਾਖਰੂ ਕਹੋ ਰਹੋਗੇ ਸੁਰਖਰੂ।”
ਮੈਂ ਕਈ ਵਾਰ ਕੋਲ ਬਹਿ ਕੇ ਹਾਸਾ ਮਜ਼ਾਕ ਕਰਦਿਆਂ ਤਾਈ ਤੋਂ ਜਵਾਨੀ ਦੀਆਂ ਗੱਲਾਂ ਪੁੱਛਣ ਦੀ ਕੋਸ਼ਿਸ਼ ਕਰਦਾ। ਦੰਦ ਨਾ ਹੋਣ ਕਰਕੇ ਅੰਦਰ ਨੂੰ ਧਸੇ ਬੁੱਲ੍ਹਾਂ ਨਾਲ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਕਹਿੰਦੀ, “ਜਾ ਪਰ੍ਹੇ ਖਸਮਾਂ ਨੂੰ ਖਾਣਾ। ਆਪਣੀ ਦਾਦੀ ਨੂੰ ਪੁੱਛੀਂ।” ਫਿਰ ਆਪ ਹੀ ਸਾਰਾ ਬਿਰਤਾਂਤ ਸੁਣਾ ਦਿੰਦੀ। ਬਚਪਨ ਦੀਆਂ ਖੇਡਾਂ, ਟੋਭਿਆਂ ’ਤੇ ਕੱਪੜੇ ਧੋਣਾ, ਖੂਹਾਂ ਤੋਂ ਪਾਣੀ ਭਰਨਾ, ਲੋਹੜੀ ਮੰਗਣੀ, ਮੇਲੇ ਜਾਣਾ, ਮੇਲਿਆਂ ਤੋਂ ਗਾਨੀ, ਮੁੰਦੀ, ਜ਼ੰਜੀਰੀ ਜਾਂ ਰੰਗਲੀ ਦਾਤਣ ਲੈ ਆਉਣੀ ਅਤੇ ਲੁਕੋ ਲੁਕੋ ਕੇ ਰੱਖਣੀ, ਸਹੇਲੀਆਂ ਦੇ ਧੱਫ਼ੇ, ਗੱਭਰੂਆਂ ਦੀਆਂ ਟਾਂਚਾਂ, ਵਿਆਹਾਂ ਵਿੱਚ ਗਿੱਧਾ-ਖਰੂਦ ਤੇ ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ ਹੱਡ-ਬੀਤੀਆਂ ਜੱਗ-ਬੀਤੀਆਂ ਮੇਰੇ ਨਾਲ ਸਾਂਝੀਆਂ ਕਰ ਲੈਂਦੀ। ਕਈ ਵਾਰ ਮੈਨੂੰ ਲੱਗਦਾ ਕਿ ਮੈਂ ਉਸ ਦੇ ਮਨ ਦਾ ਭਾਰ ਹੌਲਾ ਕਰਦਾ ਹਾਂ। ਬੁਢਾਪੇ ਵਿੱਚ ਇਸ ਦੀ ਖ਼ਾਸ ਲੋੜ ਹੁੰਦੀ ਹੈ। ਫਿਰ ਤਾਈ ਚਿੰਤੀ ਵਰਗੀ ਇਕੱਲੀ ਜਾਨ ਲਈ ਤਾਂ ਖ਼ਾਸ ਕਰਕੇ। ਕਈ ਵਾਰ ਮੈਨੂੰ ਲੱਗਦਾ ਮੈਂ ਆਪਣੇ ਲਿਖਣ ਦੇ ਝੱਸ ਨੂੰ ਪੂਰਾ ਕਰਨ ਲਈ ਮਸਾਲਾ ਲੱਭਣ ਦਾ ਹੀਲਾ ਕਰਦਾ ਸੁਆਰਥ ਵੱਸ ਹੋ ਕੇ ਤਾਈ ਦੇ ਜੀਵਨ ਗ੍ਰੰਥ ਦੀਆਂ ਪਰਤਾਂ ਫੋਲਦਾ ਰਹਿੰਦਾ ਹਾਂ। ਕੁਝ ਵੀ ਹੋਵੇ ਤਾਈ ਚਿੰਤੀ ਲੋਕਧਾਰਾ ਦਾ ਖ਼ਜ਼ਾਨਾ ਮਹਿਸੂਸ ਹੁੰਦੀ। ਕਈ ਵਾਰ ਮੈਂ ਪੋਲੇ ਪੋਲੇ ਪੈਰੀਂ ਕੋਲੋਂ ਲੰਘ ਜਾਣਾ। ਉਹ ਆਪਮੁਹਾਰੀ ਮੰਜੀ ’ਤੇ ਗੁੱਛ-ਮੁੱਛ ਜਿਹੀ ਹੋਈ ਪਈ ਕੋਈ ਸੁਹਾਗ, ਕੋਈ ਸਿੱਠਣੀ, ਕੋਈ ਘੋੜੀ ਜਾਂ ਕੋਈ ਵੀ ਲੋਕ ਗੀਤ ਗੁਣਗੁਣਾਉਂਦੀ ਹੁੰਦੀ। ਕੰਬਦੀ ਜਿਹੀ ਮੱਧਮ-ਮੱਧਮ ਆਵਾਜ਼ ਨੂੰ ਕਈ ਵਾਰ ਸਮਝਣਾ ਔਖਾ ਹੋ ਜਾਂਦਾ ਕਿ ਉਹ ਕਿਹੜਾ ਗੀਤ ਛੋਹ ਕੇ ਬੈਠੀ ਹੈ। ਇੱਕ ਲੋਕ ਗੀਤ ਦੀ ਸਤਰ ਲੰਘਦਾ ਹੋਇਆ ਮੈਂ ਅਕਸਰ ਸੁਣਦਾ ਹੁੰਦਾ ਸੀ: “ਧੀਆਂ ਦਾ ਕੀ ਜ਼ੋਰ ਵੇ ਬਾਬਲਾ/ ਬਿਨ ਪੁੱਛਿਆਂ ਦਿੰਦੇ ਤੋਰ ਵੇ ਬਾਬਲਾ/ ਚਿੜੀ ਦਾ ਅੰਨਜਲ ਕਿਹੜੀ ਖੋੜ ਵੇ ਬਾਬਲਾ/ ਧੀਆਂ ਦਾ ਕੀ ਜੋਰ...’’

Advertisement

ਸੰਪਰਕ: 94173-41848

Advertisement

Advertisement
Author Image

sukhwinder singh

View all posts

Advertisement