ਟਾਹਲੀ ਮੇਰੇ ਬੱਚੜੇ...
ਜਗਵਿੰਦਰ ਜੋਧਾ
ਮਹਾਂਭਾਰਤ ਵਿਚ ਜਿ਼ਕਰ ਹੈ ਕਿ ਜਦੋਂ ਯੁੱਧ ਹੋਣਾ ਤੈਅ ਹੋ ਗਿਆ ਤਾਂ ਭਗਵਾਨ ਕ੍ਰਿਸ਼ਨ ਯੁੱਧ ਭੂਮੀ ਦੀ ਤਲਾਸ਼ ਕਰਨ ਲੱਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਨਿਰਦਈ ਧਰਤੀ ਦੀ ਭਾਲ ਵਿਚ ਹਨ ਜਿੱਥੇ ਰਹਿਮ ਬਿਲਕੁਲ ਨਾ ਹੋਵੇ। ਉਹ ਆਪਣੇ ਜੈਤਰ ਨਾਂ ਦੇ ਰੱਥ ‘ਤੇ ਸਵਾਰ ਹੋਏ ਤੇ ਉਨ੍ਹਾਂ ਦੇ ਸਾਰਥੀ ਦਾਰੁਕ ਨੇ ਰੱਥ ਹਸਤਿਨਾਪੁਰ ਤੋਂ ਪੂਰਬ ਵੱਲ ਹੱਕ ਦਿੱਤਾ। ਅੱਗੇ ਦੇਖਿਆ ਕਿ ਇਕ ਨੌਜਵਾਨ ਨੇ ਆਪਣੀ ਜਵਾਨ ਬੀਵੀ ਦੇ ਆਖਣ ‘ਤੇ ਬਿਰਧ ਮਾਂ ਨੂੰ ਘਰੋਂ ਕੱਢ ਦਿੱਤਾ ਸੀ। ਦਾਰੁਕ ਨੇ ਇਸ ਜਗ੍ਹਾ ਬਾਰੇ ਵਿਚਾਰ ਕਰਨ ਲਈ ਕਿਹਾ ਤਾਂ ਉਹ ਬੋਲੇ- ਇੰਨੀ ਨਿਰਦਯਤਾ ਕਾਫੀ ਨਹੀਂ। ਰੱਥ ਹੋਰ ਦਿਸ਼ਾ ਵਿਚ ਚੱਲਿਆ।
ਇਕ ਥਾਂ ਇਕ ਲੁਟੇਰੇ ਨੇ ਇਕ ਗਰਭਵਤੀ ਔਰਤ ਦੇ ਗਹਿਣੇ ਆਦਿ ਖੋਹ ਕੇ ਉਸ ਨੂੰ ਧੱਕੇ ਮਾਰੇ। ਇਹ ਧਰਤੀ ਵੀ ਕ੍ਰਿਸ਼ਨ ਜੀ ਨੂੰ ਨਿਰਦਈ ਨਹੀਂ ਲੱਗੀ। ਆਖ਼ਰ ਉੱਤਰ ਵੱਲ ਉਹ ਜਾ ਰਹੇ ਸਨ ਤਾਂ ਦੇਖਿਆ ਕਿਸਾਨ ਖੇਤ ਨੂੰ ਪਾਣੀ ਲਾ ਰਿਹਾ ਹੈ। ਕਿਆਰਾ ਭਰਨ ਤੋਂ ਬਾਅਦ ਨੱਕਾ ਮੋੜਨ ਵੇਲੇ ਪਾਣੀ ਦੇ ਤੇਜ਼ ਵਹਾਅ ਅੱਗੇ ਮਿੱਟੀ ਖੜ੍ਹ ਨਹੀਂ ਰਹੀ ਸੀ। ਉਹ ਮਿੱਟੀ ਦੀ ਕਹੀ ਪਾਉਂਦਾ, ਪਾਣੀ ਵਹਾਅ ਕੇ ਲੈ ਜਾਂਦਾ। ਉਸ ਕਿਸਾਨ ਨੇ ਕੋਲ ਖੜ੍ਹੇ ਆਪਣੇ ਅੱਠ ਕੁ ਸਾਲ ਦੇ ਮੁੰਡੇ ਨੂੰ ਵਿਚਾਲਿਓਂ ਵੱਢ ਕੇ ਨੱਕੇ ਵਿਚ ਦੱਬ ਦਿੱਤਾ ਤੇ ਨੱਕੇ ‘ਤੇ ਮਿੱਟੀ ਪਾ ਦਿੱਤੀ। ਕ੍ਰਿਸ਼ਨ ਜੀ ਨੂੰ ਉਹ ਧਰਤੀ ਇੰਨੀ ਨਿਰਦਈ ਜਾਪੀ ਕਿ ਉੱਥੇ ਹਜ਼ਾਰਾਂ ਲੋਕਾਂ ਦਾ ਖ਼ੂਨ ਵਹਿ ਸਕਦਾ ਸੀ। ਉਹ ਕੁਰੂਸ਼ੇਤਰ ਸੀ।
ਇਕ ਹੋਰ ਘਟਨਾ ਦਾ ਜਿ਼ਕਰ ਹੈ ਕਿ ਜਦੋਂ ਦੋਵੇਂ ਫ਼ੌਜਾਂ ਕੁਰੂਸ਼ੇਤਰ ਦੇ ਮੈਦਾਨ ‘ਤੇ ਆ ਖੜ੍ਹੀਆਂ ਤੇ ਸੰਖਨਾਦ ਨਾਲ ਯੁੱਧ ਸ਼ੁਰੂ ਹੋਣ ਦੀ ਉਡੀਕ ਕਰਨ ਲੱਗੀਆਂ ਤਾਂ ਕ੍ਰਿਸ਼ਨ ਜੀ ਨੇ ਦੇਖਿਆ ਕਿ ਟਟੀਹਰੀ ਕੁਰਲਾ ਰਹੀ ਹੈ। ਉਨ੍ਹਾਂ ਦੇਖਿਆ ਕਿ ਉਹਨੇ ਉੱਚੇ ਧੋੜੇ ‘ਤੇ ਆਂਡੇ ਦਿੱਤੇ ਹੋਏ ਹਨ। ਆਂਡੇ ਫਲਣ ਦੀ ਉਮੀਦ ਵੀ ਜਲਦ ਨਹੀਂ ਸੀ ਤੇ ਯੁੱਧ ਵੀ ਅਟੱਲ ਸੀ। ਆਖ਼ਰ ਮਿੱਟੀ ਦੀ ਦੌਰੀ ਆਂਡਿਆਂ ‘ਤੇ ਮੂਧੀ ਮਾਰੀ ਗਈ। ਅਠਾਰਾਂ ਦਿਨ ਯੁੱਧ ਚੱਲਿਆ ਤੇ ਉੱਨੀਵੀਂ ਦਿਨ ਦੌਰੀ ਚੁੱਕੀ ਤਾਂ ਬੱਚੇ ਨਿਕਲੇ ਹੋਏ ਸਨ।
ਕਥਾ ਦਾ ਇਕ ਕਾਂਡ ਕੁਦਰਤ ਦੀ ਸਿਆਣਪ ਨਾਲ ਜੁੜਿਆ ਹੋਇਆ ਹੈ। ਫੱਗਣ ਮਹੀਨੇ ਦੀ ਕੋਸੀ ਰੁੱਤ ਵਿਚ ਬਨਸਪਤੀ ਮੌਲਦੀ ਹੈ। ਚੇਤਰ ਵਿਚ ਗਰਮੀ ਹੋਣ ਲਗਦੀ ਹੈ। ਪੰਛੀ ਆਪਣੀ ਨਸਲ ਦੇ ਵਾਧੇ ਖਾਤਰ ਪ੍ਰਜਣਨ ਲਈ ਇਹੀ ਰੁੱਤ ਚੁਣਦੇ ਹਨ। ਇਹ ਕੁਦਰਤ ਦਾ ਵਿਧਾਨ ਹੈ। ਵਿਸਾਖ ਵਿਚ ਪੰਛੀਆਂ ਦੇ ਆਂਡਿਆਂ ‘ਚੋਂ ਬੋਟ ਨਿਕਲ ਆਉਂਦੇ ਹਨ। ਬੋਟ ਕੁਝ ਦੇਰ ਉੱਡ ਨਹੀਂ ਸਕਦੇ, ਇਸ ਲਈ ਖੁਰਾਕ ਵਾਸਤੇ ਮਾਂ-ਪੰਛੀ ‘ਤੇ ਨਿਰਭਰ ਹੁੰਦੇ ਹਨ। ਉਹ ਸਖ਼ਤ ਖੁਰਾਕ ਵੀ ਨਹੀਂ ਖਾ ਸਕਦੇ। ਰੁੱਤ ਦੀ ਗਰਮੀ ਬਨਸਪਤੀ ਉੱਪਰ ਕੀੜੇ ਤੇ ਸੁੰਡੀਆਂ ਦੇ ਪੈਦਾ ਹੋਣ ਦਾ ਸਬਬ ਵੀ ਬਣਦੀ ਹੈ; ਵਿਸ਼ੇਸ਼ ਕਰ ਕੇ ਬਰਸੀਮ ਵਿਚ ਪੈਦਾ ਹੁੰਦੀਆਂ ਹਰੀਆਂ ਕੂਲੀਆਂ ਸੁੰਡੀਆਂ ਮਾਂ-ਪੰਛੀ ਦਾ ਬੋਟਾਂ ਨੂੰ ਦਿੱਤਾ ਜਾਣ ਵਾਲਾ ਮੁੱਢਲਾ ਚੋਗ ਹੁੰਦੀਆਂ ਹਨ। ਬੋਟਾਂ ਦੇ ਸੁਰਤ ਸੰਭਾਲਣ ਤਕ ਚਾਰੇ ਪਾਸੇ ਖੇਤਾਂ ਵਿਚ ਅਨਾਜ ਬਿਖਰਿਆ ਮਿਲਦਾ ਹੈ। ਇਹ ਕੁਦਰਤ ਦਾ ਸੈਂਕੜੇ ਸਾਲਾਂ ਵਿਚ ਵਿਗਸਿਆ ਪ੍ਰਬੰਧ ਹੈ ਜੋ ਪੰਛੀਆਂ ਨਾਲ ਇਸ ਦੁਨੀਆ ਦਾ ਬੜਾ ਸੁਖਾਵਾਂ, ਪਹਿਲਾ ਰਿਸ਼ਤਾ ਬਣਾਉਂਦਾ ਹੈ।
ਪੰਛੀਆਂ ਦੀਆਂ ਬੜੀਆਂ ਪ੍ਰਜਾਤੀਆਂ ਐਸੀਆਂ ਵੀ ਹਨ ਜੋ ਰੁੱਖਾਂ ‘ਤੇ ਆਲ੍ਹਣੇ ਨਹੀਂ ਬਣਾਉਂਦੀਆਂ। ਇਹ ਮਲ੍ਹਿਆਂ, ਝਾੜੀਆਂ ਤੇ ਛੰਭਾਂ ਵਿਚ ਆਂਡੇ ਦਿੰਦੇ ਹਨ। ਤਿੱਤਰ, ਬਟੇਰ, ਮੁਰਗਾਬੀਆਂ ਤੇ ਟਟੀਹਰੀਆਂ ਬੱਚੇ ਦੇਣ ਲਈ ਕਿਸੇ ਉੱਚੀ ਸੁਰੱਖਿਅਤ ਜਗ੍ਹਾ ਦੀ ਤਲਾਸ਼ ਕਰਦੇ ਹਨ।
ਕਣਕ ਸਾਂਭ ਕੇ ਤੇ ਵੱਡੀਆਂ ਮਸ਼ੀਨਾਂ ਨਾਲ ਤੂੜੀ ਬਣਾ ਕੇ ਖੇਤਾਂ ਵਿਚ ਬਚੇ ਨਾੜ ਨੂੰ ਵਿਉਂਤਣ ਲਈ ਅੱਗ ਲਾਉਣ ਦੀ ਲੋੜ ਨਹੀਂ ਹੁੰਦੀ। ਪੰਜਾਬ ਦੀ ਮੌਜੂਦਾ ਸਮੇਂ ਭਾਰੀ ਮਸ਼ੀਨਰੀ ਇਸ ਕੰਮ ਨੂੰ ਸੌਖਿਆਂ ਹੀ ਕਰ ਸਕਦੀ ਹੈ ਪਰ ਅਸੀਂ ਨਿਰਦਈ ਧਰਤੀ ਹੋਣ ਦੀ ਕਥਾ ਨੂੰ ਸਾਕਾਰ ਕਰਨਾ ਹੀ ਹੈ। ਆਮ ਦੇਖਿਆ ਗਿਆ ਕਿ ਅੱਗ ਲਾ ਕੇ ਸੜਦੇ ਰੁੱਖਾਂ ਤੇ ਮੱਚਦੇ ਬੋਟਾਂ ਨਾਲ ਨਜ਼ਰ ਨਾ ਮਿਲਾ ਸਕਣ ਵਾਲੇ ਉਥੋਂ ਖਿਸਕ ਜਾਂਦੇ ਹਨ। ਆਖ਼ਰ ਅਸੀਂ ਕੁਝ ਦਿਨਾਂ ਬਾਅਦ ਛਬੀਲਾਂ ਲਾਉਣ ਦੀਆਂ ਸਲਾਹਾਂ ਵੀ ਤਾਂ ਕਰਨੀਆਂ ਹੁੰਦੀਆਂ!
ਸੰਪਰਕ: 94654-64502