For the best experience, open
https://m.punjabitribuneonline.com
on your mobile browser.
Advertisement

ਤਾਹਿਰਾ ਦੀ ਨਿਰਦੇਸ਼ਕ ਵਜੋਂ ਪਹਿਲੀ ਪੁਲਾਂਘ

09:02 AM Jul 13, 2024 IST
ਤਾਹਿਰਾ ਦੀ ਨਿਰਦੇਸ਼ਕ ਵਜੋਂ ਪਹਿਲੀ ਪੁਲਾਂਘ
Advertisement

ਨੋਨਿਕਾ ਸਿੰਘ

Advertisement

ਅਭਿਨੇਤਰੀ ਤੇ ਲੇਖਿਕਾ ਤਾਹਿਰਾ ਕਸ਼ਿਅਪ ਖੁਰਾਨਾ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ‘ਸ਼ਰਮਾਜੀ ਕੀ ਬੇਟੀ’ ਡਿਜੀਟਲ ਪਰਦੇ ’ਤੇ ਖ਼ੂਬ ਵਾਹ-ਵਾਹ ਖੱਟ ਰਹੀ ਹੈ। ਉਸ ਦਾ ਮੰਨਣਾ ਹੈ ਕਿ ਉਸ ਦੀ ਫਿਲਮ ਵਿਚਲੇ ਨਾਰੀਵਾਦ ਦੇ ਕਈ ਪਹਿਲੂਆਂ ਦੀ ਤਰ੍ਹਾਂ, ਉਸ ਨੇ ਆਪਣੀ ਸਮਰੱਥਾ ਨੂੰ ਵੀ ਅਣਗਿਣਤ ਤਰੀਕਿਆਂ ਨਾਲ ਜ਼ਾਹਿਰ ਕੀਤਾ ਹੈ।

Advertisement
Advertisement

ਜੇਕਰ ਤਾਹਿਰਾ ਕਸ਼ਿਅਪ ਖੁਰਾਨਾ ਦੀ ਜਾਣ-ਪਛਾਣ ਹਾਲੇ ਵੀ ਸੁਪਰਸਟਾਰ ਆਯੂਸ਼ਮਾਨ ਖੁਰਾਨਾ ਦੀ ਪਤਨੀ ਵਜੋਂ ਹੀ ਕਰਾਈ ਜਾਂਦੀ ਹੈ, ਤਾਂ ਜ਼ਰਾ ਠਹਿਰੋ। ਇੱਕ ਵਾਰ ਫਿਰ ਚੰਡੀਗੜ੍ਹ ਦੀ ਇਹ ਬੇਟੀ ਆਪਣੇ ਦਮ ’ਤੇ ਹਾਸਲ ਕੀਤੀ ਸਫਲਤਾ ਨਾਲ ਪ੍ਰਸ਼ੰਸਾ ਖੱਟ ਰਹੀ ਹੈ। ਤਾਹਿਰਾ ਦੀ ਪਹਿਲੀ ਫੀਚਰ ਫਿਲਮ ‘ਸ਼ਰਮਾਜੀ ਕੀ ਬੇਟੀ’ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਈ ਹੈ ਤੇ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗੱਲਬਾਤ ਦੌਰਾਨ ਤਾਹਿਰਾ ਨੇ ਦੱਸਿਆ ਕਿ ਉਸ ਦਾ ਸਭ ਤੋਂ ਚੰਗਾ/ਗੰਭੀਰ ਆਲੋਚਕ ਵੀ ਪਰਿਵਾਰ ਹੀ ਹੈ ਤੇ ਸਭ ਤੋਂ ਜ਼ਿਆਦਾ ਹੌਸਲਾ ਵਧਾਉਣ ਵਾਲਾ ਵੀ ਪਰਿਵਾਰ ਹੀ ਰਿਹਾ ਹੈ।
ਤਾਹਿਰਾ ਮੁਤਾਬਕ ਜਦ ਸਾਰੀ ਪ੍ਰਕਿਰਿਆ ਦਾ ਹਿੱਸਾ ਰਹੇ ਤੇ ਉਸ ਦੇ ਸਾਰੇ ਡਰਾਫਟ ਪੜ੍ਹਨ ਵਾਲੇ ਆਯੂਸ਼ਮਾਨ ਨੇ ਫਿਲਮ ਦਾ ਪਹਿਲਾ ਐਡਿਟ ਦੇਖਿਆ, ਤਾਂ ਉਸ ਦੇ ਹਸਦੇ-ਮੁਸਕੁਰਾਉਂਦੇ ਤੇ ਵਿੱਚ-ਵਿਚਾਲੇ ਹੰਝੂਆਂ ਭਿੱਝੇ ਚਿਹਰੇ ਨੂੰ ਦੇਖ ਕੇ ਉਹ ਜਾਣ ਗਈ ਸੀ ਕਿ, ‘‘ਮੈਂ ਕੁਝ ਚੰਗਾ ਸਿਰਜਿਆ ਹੈ।’’ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਸਟਾਰ ਅਦਾਕਾਰ ਦੀ ਪਤਨੀ ਹੋਣ ਕਾਰਨ ਉਸ ਦਾ ਸਫ਼ਰ ਘੱਟ ਮੁਸ਼ਕਲ ਰਿਹਾ ਹੋਵੇਗਾ ਤਾਂ ਤੁਸੀਂ ਸ਼ਾਇਦ ਗ਼ਲਤ ਸੋਚਦੇ ਹੋ। ਕਿਸੇ ਨੂੰ ਲੱਗੇਗਾ ਕਿ ਉਹ ਨਹੀਂ ਜਾਣਦੀ ਕਿ ‘ਸਟਾਰ ਕਲਾਕਾਰਾਂ ਦੀਆਂ ਪਤਨੀਆਂ ਦੇ ਗਰੁੱਪ ਦਾ ਮੈਂਬਰ ਹੋਣ ਦਾ ਕੀ ਲਾਭ ਹੁੰਦਾ ਹੈ?’ ਜੇਕਰ ਉਸ ਨੇ ਆਪਣੇ ਪਤੀ ਦੀ ਪ੍ਰਸਿੱਧੀ ਦਾ ਲਾਹਾ ਲਿਆ ਹੁੰਦਾ ਜਾਂ ਸਫਲਤਾ ਲਈ ਸ਼ਾਰਟ-ਕੱਟ ਚੁਣਿਆ ਹੁੰਦਾ ਤਾਂ ਇਹ ਸੱਤ ਸਾਲ ਪਹਿਲਾਂ ਲਿਖੀ ਕਹਾਣੀ, ਕਾਫ਼ੀ ਚਿਰ ਪਹਿਲਾਂ ਹੀ ਫਿਲਮ ਬਣ ਚੁੱਕੀ ਹੁੰਦੀ।
ਪਹਿਲਾਂ ਜਦ ਉਸ ਨੇ ਆਪਣੀ ਇਸ ਫਿਲਮ ਦੀ ਕਹਾਣੀ ਨਿਰਮਾਤਾਵਾਂ ਨੂੰ ਸੁਣਾਈ ਸੀ ਤਾਂ ਉਸ ਨੂੰ ਕਈ ਸਲਾਹਾਂ ਮਿਲੀਆਂ; ਜਿਵੇਂ ਕਿ ਇਸ ’ਚ ਇੱਕ ਰੁਮਾਂਟਿਕ ਗੀਤ ਪਾਇਆ ਜਾਵੇ, ਵੱਡੇ ਸਟਾਰ ਅਦਾਕਾਰ ਲਏ ਜਾਣ, ਕਈ ਗੀਤ ਹੋਣ ਤੇ ਹੋਰ ਵੀ ਕਾਫ਼ੀ ਕੁਝ। ਪਰ ਉਹ ਆਪਣੇ ਰੁਖ਼ ’ਤੇ ਅਡੋਲ ਰਹੀ ਅਤੇ ਜਦ ‘ਅਪਲੌਜ਼ ਐਂਟਰਟੇਨਮੈਂਟ’ ਨੇ ਹਾਮੀ ਭਰੀ ਤਾਂ ਉਨ੍ਹਾਂ ਨੇ ਇਸ ਪਟਕਥਾ ’ਚ ਕੋਈ ਬਦਲਾਅ ਨਹੀਂ ਕੀਤਾ। ਸ਼ਾਇਦ ਇਸੇ ਲਈ ਫਿਲਮ ਦੇ ਕਿਰਦਾਰ ਅਸਲ ਜ਼ਿੰਦਗੀ ਨਾਲ ਕਾਫ਼ੀ ਮੇਲ ਖਾਂਦੇ ਹੋਏ ਪ੍ਰਤੀਤ ਹੁੰਦੇ ਹਨ। ਦਰਅਸਲ, ਤਾਹਿਰਾ ਦੀ ਕਹਾਣੀ ਉਸ ਦੇ ਨਿੱਜੀ ਤਜਰਬਿਆਂ ਵਿੱਚੋਂ ਨਿਕਲੀ ਹੈ। ਅਜਿਹਾ ਨਹੀਂ ਹੈ ਕਿ ਫਿਲਮ ਜੀਵਨੀ ਆਧਾਰਿਤ ਜਾਂ ਕਿਸੇ ਦੀ ਆਤਮਕਥਾ ਹੈ। ਫਿਰ ਵੀ ਇਸ ਵਿੱਚ ਕੁਝ ਨਾ ਕੁਝ ਉਸ ਦੇ ਆਪਣੇ ਬਾਰੇ ਅਤੇ ਉਸ ਦੇ ਪਰਿਵਾਰ ਬਾਰੇ ਜ਼ਰੂਰ ਹੈ।
ਜਦ ਜਯੋਤੀ (ਸਾਕਸ਼ੀ ਤੰਵਰ) ਗੱਲ ਕਰਦੀ ਹੈ ਕਿ ਕਿਵੇਂ ਔਰਤਾਂ ਨੂੰ ਆਪਣੀਆਂ ਖਾਹਿਸ਼ਾਂ ’ਤੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ, ਤਾਂ ਇਹ ਸਿਰਫ਼ ਤਾਹਿਰਾ ਨਹੀਂ ਬੋਲ ਰਹੀ ਸੀ। ਬਲਕਿ ਇਹ ਉਸ ਦਾ ਤਜਰਬਾ ਸੀ, ਖ਼ਾਸ ਤੌਰ ’ਤੇ ਜੋ ਉਸ ਨੇ ਆਪਣੇ ਪਰਿਵਾਰ ਵਿੱਚ ਦੇਖਿਆ, ਜਿੱਥੇ ਉਸ ਦੇ ਦੋਵੇਂ ਮਾਪਿਆਂ ਨੇ ਆਪਣੀਆਂ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਨੂੰ ਬਰਾਬਰ ਵੰਡਿਆ ਤੇ ਨਿਭਾਇਆ। ਦਿਵਿਆ ਦੱਤਾ ਦਾ ਕਿਰਦਾਰ ਹੀ ਵੇਖ ਲਓ, ਪਟਿਆਲੇ ਦੀ ਇੱਕ ਔਰਤ ਮੁੰਬਈ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਜੰਮਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਹਿਰਾ ਯਾਦ ਕਰਦੀ ਹੈ ਕਿ ਕਿਵੇਂ ਉਸ ਨੂੰ ਵੀ ਮੁੰਬਈ ਦੀ ਪਾਗਲਪਨ ਵਾਲੀ ਤੇਜ਼ੀ ਨੇ ਹਲੂਣ ਦਿੱਤਾ ਸੀ, ਜਿੱਥੇ ਇੱਕ ਵਰਗ ਫੁੱਟ ਜ਼ਮੀਨ ਵੀ ਖਾਲੀ ਨਹੀਂ ਹੈ। ਅੱਜ, ਉਹ ਇਸ ਸੁਪਨਿਆਂ ਦੇ ਸ਼ਹਿਰ ਨਾਲ ਪੂਰੀ ਤਰ੍ਹਾਂ ਰਚ-ਮਿਚ ਗਈ ਹੈ। ਜਿਵੇਂ ਕਿ ਫਿਲਮ ਦਾ ਇੱਕ ਸੰਵਾਦ ਵੀ ਹੈ ਕਿ; ਸੁਪਨਿਆਂ ਅਤੇ ਹਕੀਕਤ ਵਿੱਚ ਬਹੁਤ ਥੋੜ੍ਹਾ ਜਿਹਾ ਹੀ ਫ਼ਰਕ ਹੈ, ਕੀ ਇਹ ਜ਼ਿੰਦਗੀ ਪ੍ਰਤੀ ਇੱਕ ਆਸ਼ਾਵਾਦੀ ਦ੍ਰਿਸ਼ਟੀਕੋਣ ਨਹੀਂ ਹੈ? ਉਹ ਕਹਿੰਦੀ ਹੈ, ‘‘ਅਸੀਂ ਸਾਰੇ ਆਪਣੇ ਦ੍ਰਿਸ਼ਟੀਕੋਣਾਂ ’ਚੋਂ ਬਣਦੇ ਹਾਂ, ਜਿਨ੍ਹਾਂ ਨੂੰ ਸਾਡੇ ਤਜਰਬੇ ਆਕਾਰ ਦਿੰਦੇ ਹਨ। ਜ਼ਿੰਦਗੀ ਓਨੀ ਹੀ ਗੁੰਝਲਦਾਰ ਹੁੰਦੀ ਹੈ, ਜਿਵੇਂ ਤੁਸੀਂ ਇਸ ਨੂੰ ਲੈਂਦੇ/ਬਣਾਉਂਦੇ ਹੋ।’’
ਉਹ ਆਪ ਵੀ ਜ਼ਿੰੰਦਗੀ ਤੇ ਸਿਨੇਮਾ ਪ੍ਰਤੀ ਇੱਕ ਹਲਕੀ-ਫੁਲਕੀ ਪਹੁੰਚ ਰੱਖਦੀ ਹੈ। ਇਸੇ ਲਈ, ਉਸ ਨੇ ਮਾਹਵਾਰੀ ਜਿਹੇ ਗੰਭੀਰ ਵਿਸ਼ੇ ਨੂੰ ਛੂਹਣ ਲੱਗਿਆਂ ਵੀ ਸਾਰੇ ਮਾਮਲੇ ਨੂੰ ਮਖੌਲੀਆ ਅੰਦਾਜ਼ ਵਿੱਚ ਪੇਸ਼ ਕੀਤਾ। ਉਸ ਦੇ ਅੱਲੜ੍ਹ ਉਮਰ ਦੇ ਕਿਰਦਾਰਾਂ ਵਿੱਚੋਂ ਇੱਕ ਸਵਾਤੀ ਨੂੰ ਆਪਣਾ ਮਾਸਿਕ ਧਰਮ ਸ਼ੁਰੂ ਹੋਣ ਦੀ ਉਡੀਕ ਹੈ। ਸਵਾਤੀ ਦੀ ਇਸ ਦਿਲਚਸਪ ਸਨਕ ਰਾਹੀਂ, ਲੇਖਕ-ਨਿਰਦੇਸ਼ਕ ਤਾਹਿਰਾ ਨੇ ਮਾਹਵਾਰੀ ਨਾਲ ਸਬੰਧਤ ਸੀਮਤ ਮਾਨਸਿਕਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।
ਕੀ ਔਰਤ ਫਿਲਮਸਾਜ਼ਾਂ ਨੂੰ ਔਰਤਾਂ ਦੇ ਮੁੱਦਿਆਂ ਦੀ ਸਮਝ ਜ਼ਿਆਦਾ ਗਹਿਰੀ ਹੁੰਦੀ ਹੈ, ਇਸ ਬਾਬਤ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਦਿਨ ਛੇਤੀ ਆਵੇਗਾ ਜਦੋਂ ਔਰਤ ਕੇਂਦਰਤ ਫਿਲਮਾਂ ਜਿਹੇ ਵਰਗੀਕਰਨ ਬਿਲਕੁਲ ਬੰਦ ਹੋ ਜਾਣਗੇ। ‘ਟੌਫੀ ਐਂਡ ਪਿੰਨੀ’ ਜਿਹੀਆਂ ਕਈ ਖ਼ਾਸ ਲਘੂ ਫਿਲਮਾਂ ਬਣਾਉਣ ਵਾਲੀ ਤਾਹਿਰਾ ਕਿਸੇ ਕਿਸਮ ਦੀ ਖਾਨਾਬੰਦੀ ਦੀ ਪੈਰਵੀ ਨਹੀਂ ਕਰਦੀ। ਉਹ ਮਹਿਸੂਸ ਕਰਦੀ ਹੈ ਕਿ ਹਰ ਤਰਜ ਬਰਾਬਰ ਦੀ ਅਹਿਮ ਹੁੰਦੀ ਹੈ। ਉਸ ਦੀ ਸ਼ਖ਼ਸੀਅਤ ਦੇ ਕਈ ਰੰਗ ਹਨ -ਕਿਤਾਬਾਂ ਦੀ ਲੇਖਕਾਂ, ਕਹਾਣੀ ਲੇਖਕ ਤੇ ਨਿਰਦੇਸ਼ਕ, ਇੰਸਟਾਗ੍ਰਾਮਰ, ਤੁਸੀਂ ਉਸ ਨੂੰ ਕਿਸੇ ਇੱਕ ਖਾਨੇ ਵਿੱਚ ਬੰਦ ਨਹੀਂ ਕਰ ਸਕਦੇ। ਇਸੇ ਤਰ੍ਹਾਂ ਉਸ ਦੀ ਫਿਲਮ ਵਿੱਚ ਨਾਰੀਵਾਦੀ ਦੇ ਕਈ ਚਿਹਰੇ ਨਜ਼ਰ ਆਉਂਦੇ ਹਨ ਤੇ ਉਹ ਵੱਖੋ ਵੱਖਰੇ ਢੰਗਾਂ ਨਾਲ ਆਪਣੀਆਂ ਸੰਭਾਵਨਾਵਾਂ ਨੂੰ ਖੋਲ੍ਹਦੀ ਹੈ।
ਆਪਣੀ ਫਿਲਮ ਦੀ ਕਹਾਣੀ ਲਿਖਦੇ ਸਮੇਂ ਤਾਹਿਰਾ ਕਸ਼ਿਅਪ ਖੁਰਾਨਾ ਆਪਣੇ ਦਿਮਾਗ਼ ਵਿੱਚ ਆਪਣੇ ਅਦਾਕਾਰਾਂ ਨੂੰ ਨਹੀਂ ਰੱਖਦੀ ਕਿਉਂਕਿ ਉਨ੍ਹਾਂ ਦੀ ਭੌਤਿਕ ਹੋਂਦ ਨਾਲ ਉਸ ਦੇ ਕਿਰਦਾਰਾਂ ਦਾ ਸੰਕਲਪ ਸੀਮਤ ਹੁੰਦਾ ਹੈ। ਉਂਝ, ਜੇ ਕਦੇ ਉਸ ਨੂੰ ਆਪਣੇ ਪਤੀ ਆਯੂਸ਼ਮਾਨ ਨੂੰ ਨਿਰਦੇਸ਼ਨ ਦੇਣਾ ਪਿਆ ਤਾਂ ਉਹ ਪਟਕਥਾ ਨੂੰ ਅਜਿਹੀਆਂ ਛੋਹਾਂ ਜ਼ਰੂਰ ਦੇਣਾ ਚਾਹੇਗੀ ਜਿਸ ਨਾਲ ਉਸ ਦੀ ਪ੍ਰਤਿਭਾ ਖੁੱਲ੍ਹ ਕੇ ਬਾਹਰ ਆ ਸਕੇ।
ਤਾਹਿਰਾ ਚੰਡੀਗੜ੍ਹ ਦੇ ਇੱਕ ਅਗਾਂਹਵਧੂ ਪਰਿਵਾਰ ਵਿੱਚ ਜਨਮੀ ਤੇ ਪਲ ਕੇ ਵੱਡੀ ਹੋਈ ਸੀ ਪਰ ਜਦੋਂ ਉਹ ਆਪਣੇ ਆਸੇ ਪਾਸੇ ਝਾਤ ਮਾਰਦੀ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜੋ ਗੱਲ ਉਸ ਲਈ ਨਾਰਮਲ ਹੁੰਦੀ ਹੈ, ਜ਼ਰੂਰੀ ਨਹੀਂ ਉਹ ਦੂਜਿਆਂ ਨੂੰ ਵੀ ਉਵੇਂ ਜਾਪੇ। ਉਸ ਦਾ ਕਹਿਣਾ ਹੈ ‘‘ਉਦੋਂ ਹੀ ਸਵਾਲ ਪੁੱਛਣ ਦੀ ਲਤ ਲੱਗਦੀ ਹੈ ਅਤੇ ਇਸ ਜਗਿਆਸੂ ਮਨ ’ਚੋਂ ਹੀ ਮੇਰੇ ਅੰਦਰਲੀ ਕਹਾਣੀਕਾਰ ਜਨਮ ਲੈਂਦੀ ਹੈ।’’ ਉਸ ਦਾ ਕਹਿਣਾ ਹੈ ‘‘ਮੈਂ ਹਰ ਕਿਸਮ ਦੇ ਵਿਸ਼ਿਆਂ ਜਿਵੇਂ ਡਰ, ਡਰਾਮਾ, ਕਾਮੇਡੀ ਤੇ ਰੁਮਾਂਸ ਆਦਿ ਵਿੱਚ ਡੁਬਕੀ ਲਾਉਣਾ ਚਾਹੁੰਦੀ ਹਾਂ ਪਰ ਮੈਂ ਜੋ ਵੀ ਫਿਲਮਾਂ ਬਣਾਵਾਂਗੀ ਉਨ੍ਹਾਂ ਵਿੱਚ ਔਰਤ ਨੂੰ ਵਸਤ ਦੇ ਰੂਪ ਵਿੱਚ ਨਹੀਂ ਚਿੱਤਰਾਂਗੀ, ਉਨ੍ਹਾਂ ਕੋਲ ਕਹਿਣ ਜਾਂ ਦੱਸਣ ਲਈ ਕੁਝ ਨਾ ਕੁਝ ਜ਼ਰੂਰ ਹੋਵੇਗਾ। ਮੈਂ ਨਹੀਂ ਚਾਹਾਂਗੀ ਕਿ ਔਰਤ ਨੂੰ ਆਈਟਮ ਬਣਾ ਕੇ ਰੱਖ ਦਿੱਤਾ ਜਾਵੇ ਸਗੋਂ ਇਸ ਨੂੰ ਬਦਲਾਅ ਦੇ ਕਾਰਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ।’’

Advertisement
Author Image

joginder kumar

View all posts

Advertisement