Tahawwur Rana: ਤਹਵੁਰ ਰਾਣਾ ਹੁਣ ਅਮਰੀਕੀ ਜੇਲ੍ਹ ਬਿਊਰੋ ਦੀ ਹਿਰਾਸਤ ਵਿੱਚ ਨਹੀਂ: ਏਜੰਸੀ
ਨਿਊਯਾਰਕ, 10 ਅਪਰੈਲ
ਅਮਰੀਕਾ ਦੇ ਜੇਲ੍ਹ ਬਿਊਰੋ (BOP) ਨੇ ਕਿਹਾ ਹੈ ਕਿ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹਵੁਰ ਹੁਸੈਨ ਰਾਣਾ, ਜਿਸਨੂੰ ਉਨ੍ਹਾਂ ਦੇ ਦੇਸ਼ ਤੋਂ ਭਾਰਤ ਹਵਾਲੇ ਕੀਤਾ ਜਾ ਰਿਹਾ ਹੈ, 8 ਅਪ੍ਰੈਲ ਤੋਂ ਹੁਣ ਉਨ੍ਹਾਂ ਦੀ ਹਿਰਾਸਤ ਵਿੱਚ ਨਹੀਂ ਹੈ। ਸੰਘੀ ਜੇਲ੍ਹ ਬਿਊਰੋ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਰਾਣਾ ਹੁਣ BOP ਦੀ ਹਿਰਾਸਤ ਵਿੱਚ ਨਹੀਂ ਹੈ। ਇੱਕ ਅਧਿਕਾਰੀ ਨੇ ਵੀ ਬੁੱਧਵਾਰ ਨੂੰ ‘ਪੀਟੀਆਈ-ਭਾਸ਼ਾ’ ਨੂੰ ਇਹ ਪੁਸ਼ਟੀ ਕੀਤੀ ਕਿ ਰਾਣਾ ਹੁਣ ਜੇਲ੍ਹ ਬਿਊਰੋ ਦੀ ਹਿਰਾਸਤ ਵਿੱਚ ਨਹੀਂ ਹੈ।
ਉਸ ਅਧਿਕਾਰੀ ਨੇ ਕਿਹਾ, “ਜੇਕਰ ਕਿਸੇ ਵਿਅਕਤੀ ਨੂੰ ‘ਰਿਹਾਅ’ ਜਾਂ ‘BOP ਦੀ ਹਿਰਾਸਤ ਵਿੱਚ ਨਹੀਂ’ ਵਜੋਂ ਦਰਸਾਇਆ ਜਾਂਦਾ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਵਿਅਕਤੀ ਹੁਣ BOP ਹਿਰਾਸਤ ਵਿੱਚ ਨਹੀਂ ਹੈ। ਹਾਲਾਂਕਿ, ਉਹ ਹੋਰ ਕਿਸੇ ਕਾਨੂੰਨੀ ਪ੍ਰਣਾਲੀ ਜਾਂ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਹਿਰਾਸਤ ਵਿੱਚ ਹੋ ਸਕਦਾ ਹੈ ਜਾਂ ਨਿਗਰਾਨੀ ਹੇਠ ਰਿਹਾਈ ’ਤੇ ਹੋ ਸਕਦਾ ਹੈ।”
ਇਹ ਵੀ ਪੜ੍ਹੋ: Tahawwur Rana ਭਾਰਤ ਲਿਆਂਦੇ ਜਾਣ ਮਗਰੋਂ ਤਹੱਵੁਰ ਰਾਣਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ’ਚ ਰੱਖਣ ਦੀ ਤਿਆਰੀ
ਤਹਵੁਰ ਰਾਣਾ, ਜੋ ਕਿ ਪਾਕਿਸਤਾਨੀ-ਕਨੇਡੀਅਨ ਮੂਲ ਦਾ 64 ਸਾਲਾ ਨਾਗਰਿਕ ਹੈ, 2008 ਦੇ ਮੁੰਬਈ ਆਤੰਕੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ 'ਚੋਂ ਇੱਕ ਡੇਵਿਡ ਕੋਲਮੈਨ ਹੈਡਲੀ ਉਰਫ ਦਾਊਦ ਗਿਲਾਨੀ ਦਾ ਨੇੜਲਾ ਸਾਥੀ ਰਿਹਾ ਹੈ। ਸਰਕਾਰੀ ਸੂਤਰਾਂ ਦੇ ਅਨੁਸਾਰ ਰਾਣਾ ਨੂੰ ਜਲਦ ਹੀ ਭਾਰਤ ਸੌਂਪਿਆ ਕੀਤਾ ਜਾ ਸਕਦਾ ਹੈ। ਭਾਰਤ ਤੋਂ ਕਈ ਏਜੰਸੀਆਂ ਦਾ ਇਕ ਦਲ ਅਮਰੀਕਾ ਪਹੁੰਚ ਚੁੱਕਾ ਹੈ ਅਤੇ ਉਨ੍ਹਾਂ ਵੱਲੋਂ ਅਮਰੀਕੀ ਅਧਿਕਾਰੀਆਂ ਨਾਲ ਮਿਲ ਕੇ ਸਾਰੀ ਕਾਗਜ਼ੀ ਕਾਰਵਾਈ ਅਤੇ ਕਾਨੂੰਨੀ ਲਾਜ਼ਮੀਆਂ ਪੂਰੀਆਂ ਕਰ ਰਹੀਆਂ ਹਨ। -ਪੀਟੀਆਈ