ਤਾਇਕਵਾਂਡੋ: ਅਫ਼ਗਾਨਿਸਤਾਨ ਦੀ ਜ਼ਾਕੀਆ ਨੇ ਰਚਿਆ ਇਤਿਹਾਸ
ਪੈਰਿਸ, 30 ਅਗਸਤ
ਅਫ਼ਗਾਨਿਸਤਾਨ ਦੀ ਜ਼ਾਕੀਆ ਖ਼ੁਦਾਦਾਦੀ ਨੇ ਪੈਰਿਸ ਪੈਰਾਲੰਪਿਕ ਵਿੱਚ ਸ਼ਰਨਾਰਥੀ ਪੈਰਾਲੰਪਿਕ ਟੀਮ ਲਈ ਤਗ਼ਮਾ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ। ਜ਼ਾਕੀਆ ਨੇ ਅੱਜ ਇੱਥੇ ਤਾਇਕਵਾਂਡੋ ਵਿੱਚ ਮਹਿਲਾਵਾਂ ਦੇ 47 ਕਿਲੋ ਭਾਰ ਵਰਗ ਵਿੱਚ ਤੁਰਕੀ ਦੀ ਏਕਿੰਸੀ ਨੂਰਸਿਹਾਨ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਮੁਕਾਬਲਾ ਖ਼ਤਮ ਹੋਣ ਮਗਰੋਂ ਜ਼ਾਕੀਆ ਨੇ ਆਪਣਾ ਹੈਲਮੇਟ ਹਵਾ ਵਿੱਚ ਉਛਾਲ ਕੇ ਜਸ਼ਨ ਮਨਾਇਆ। ਜ਼ਾਕੀਆ ਜਿੱਤ ਮਗਰੋਂ ਗੱਲ ਕਰਦਿਆਂ ਭਾਵੁਕ ਹੋ ਗਈ। ਉਸ ਨੇ ਕਿਹਾ, ‘‘ਇਹ ਇੱਕ ਸ਼ਾਨਦਾਰ ਪਲ ਹੈ। ਇੱਥੋਂ ਤੱਕ ਪਹੁੰਚਣ ਲਈ ਮੈਨੂੰ ਬਹੁਤ ਕੁੱਝ ਕਰਨਾ ਪਿਆ। ਇਹ ਤਗ਼ਮਾ ਅਫ਼ਗਾਨਿਸਤਾਨ ਦੀਆਂ ਸਾਰੀਆਂ ਮਹਿਲਾਵਾਂ ਅਤੇ ਦੁਨੀਆ ਦੇ ਸਾਰੇ ਸ਼ਰਨਾਰਥੀਆਂ ਲਈ ਹੈ। ਮੈਨੂੰ ਉਮੀਦ ਹੈ ਕਿ ਇੱਕ ਦਿਨ ਮੇਰੇ ਦੇਸ਼ ਵਿੱਚ ਸ਼ਾਂਤੀ ਹੋਵੇਗੀ।’’ ਜ਼ਾਕੀਆ ਇੱਕ ਬਾਂਹ ਤੋਂ ਬਿਨਾਂ ਪੈਦਾ ਹੋਈ ਸੀ। ਉਸ ਨੇ 11 ਸਾਲ ਦੀ ਉਮਰ ਵਿੱਚ ਪੱਛਮੀ ਅਫ਼ਗਾਨਿਸਤਾਨ ’ਚ ਆਪਣੇ ਪਿੰਡ ਹੈਰਾਤ ਵਿੱਚ ਇੱਕ ਗਰੁੱਪ ਜਿਮ ’ਚ ਲੁਕ ਕੇ ਤਾਇਕਵਾਂਡੋ ਦਾ ਅਭਿਆਸ ਸ਼ੁਰੂ ਕੀਤਾ ਸੀ। ਦੇਸ਼ ਵਿੱਚ 2021 ’ਚ ਤਾਲਿਬਾਨ ਦੇ ਕਾਬਜ਼ ਹੋਣ ਮਗਰੋਂ ਮਹਿਲਾਵਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ। ਉਹ ਕਿਸੇ ਤਰ੍ਹਾਂ ਅਫ਼ਗਾਨਿਸਤਾਨ ਤੋਂ ਨਿਕਲਣ ’ਚ ਸਫ਼ਲ ਰਹੀ ਅਤੇ ਕੌਮਾਂਤਰੀ ਭਾਈਚਾਰੇ ਦੀ ਪਟੀਸ਼ਨ ਮਗਰੋਂ ਉਸ ਨੂੰ ਆਪਣੇ ਦੇਸ਼ ਲਈ ਟੋਕੀਓ ਓਲੰਪਿਕ ’ਚ ਮੁਕਾਬਲਾ ਕਰਨ ਦੀ ਇਜਾਜ਼ਤ ਦਿੱਤੀ ਗਈ। ਟੋਕੀਓ ਖੇਡਾਂ ਮਗਰੋਂ ਉਹ ਪੈਰਿਸ ਵਿੱਚ ਵੱਸ ਗਈ, ਜਿੱਥੇ ਉਸ ਨੂੰ ਪੈਰਿਸ 2024 ਪੈਰਾਲੰਪਿਕ ਵਿੱਚ ਸ਼ਰਨਾਰਥੀ ਟੀਮ ਨਾਲ ਮੁਕਾਬਲਾ ਕਰਨ ਦਾ ਮੌਕਾ ਮਿਲਿਆ। -ਏਪੀ