ਤਾਏ ਬਚਨੇ ਦਾ ਦੋ ਹਰਫ਼ੀ ਦਰਸ਼ਨ
ਗੁਰਦੀਪ ਢੁੱਡੀ
ਗੱਲ 1970 ਦੇ ਨੇੜੇ ਤੇੜੇ ਦੀ ਯਾਦ ਆ ਗਈ। ਨਾ ਉਹ ਸਾਡੇ ਸ਼ਰੀਕੇ ਕਬੀਲੇ ’ਚੋਂ ਸੀ ਅਤੇ ਨਾ ਹੀ ਉਸ ਦਾ ਸਾਡੇ ਪਰਿਵਾਰ ਨਾਲ ਖ਼ੂਨ ਦਾ ਜਾਂ ਸਮਾਜਿਕ ਰਿਸ਼ਤਾ ਸੀ। ਮੈਂ ਤਾਂ ਸਾਰੇ ਲੋਕਾਂ ਨੂੰ ਉਸਨੂੰ ਤਾਇਆ ਬਚਨਾ ਜਾਂ ਫਿਰ ਬਚਨਾ ਆਖਦਿਆਂ ਸੁਣਿਆ ਸੀ। ਕੁਝ ਮਸਖ਼ਰੇ ਉਸ ਨੂੰ ਬਚਨਾ ਛੜਾ ਕਹਿ ਕੇ ਵੀ ਬੁਲਾਉਂਦੇ ਸਨ। ਗ਼ਰਮੀਆਂ ਵਿੱਚ ਉਹ ਗੋਡਿਆਂ ਤੱਕ ਲੰਮਾ ਕੁੜਤਾ ਪਾਇਆ ਕਰਦਾ ਸੀ ਅਤੇ ਪਿੰਡ ਵਿਚਦੀ ਲੰਘਣ ਲੱਗਿਆਂ ਤੇੜ ਚਾਦਰ ਵੀ ਬੰਨ੍ਹ ਲਿਆ ਕਰਦਾ ਸੀ। ਸਿਰ ’ਤੇ ਉਸ ਨੇ ਜੂੜਾ ਨਹੀਂ ਰੱਖਿਆ ਸੀ, ਫਿਰ ਵੀ ਵਲ਼ਾਂ ਵਾਲੇ ਸਾਫ਼ੇ ਨਾਲ ਸਿਰ ਢਕੀ ਰੱਖਦਾ ਸੀ। ਕੱਟਣ ਖੁਣੋਂ ਉਸ ਦੀ ਦਾੜ੍ਹੀ ਕਈ ਵਾਰੀ ਲੰਮੀ ਵੀ ਹੋ ਜਾਂਦੀ ਪਰ ਪਿੰਡ ਦੇ ਰਾਜੇ ਤੋਂ ਉਹ ਗਾਹੇ-ਬਗਾਹੇ ਦਾੜ੍ਹੀ ਕਟਵਾ ਲਿਆ ਕਰਦਾ ਸੀ। ਮੇਰੇ ਵੇਂਹਦੇ ਵੇਂਹਦੇ ਉਸ ਦੀ ਦਾੜ੍ਹੀ ਕਾਲ਼ੀ ਤੋਂ ਸਫ਼ੈਦ ਹੋ ਗਈ ਸੀ। ਉਸ ਦੇ ਨਾਮ ’ਤੇ ਮੈਨੂੰ ਹੈਰਾਨੀ ਕੋਈ ਨਹੀਂ ਹੋਈ ਸੀ ਕਿਉਂਕਿ ਪਿੰਡ ਵਿੱਚ ਬੰਦਿਆਂ ਦੇ ਮੰਗਲ਼ ਸਿੰਘ ਉਰਫ਼ ਮੰਗਲੂ, ਬੁੱਧ ਸਿੰਘ ਉਰਫ਼ ਬੁੱਧੂ, ਵੀਰ ਸਿੰਘ ਉਰਫ਼ ਵੀਰੂ, ਬੋਹੜ ਸਿੰਘ ਉਰਫ਼ ਬੋਹੜੂ, ਪਿੱਪਲ ਸਿੰਘ, ਕਿੱਕਰ ਸਿੰਘ ਤਾਂ ਬੜੇ ਚੰਗੇ ਨਾਮ ਗਿਣੇ ਜਾਂਦੇ ਸਨ ਜਦੋਂਕਿ ਬਹੁਤ ਨੀਵਾਂ ਵਿਖਾਉਣ ਵਾਸਤੇ ਗਿੱਡਲ਼, ਕਾਲ਼ੂ, ਸੀਂਢਲ, ਘਸੀਟਾ ਵਰਗੇ ਨਾਵਾਂ ਨਾਲ ਵੀ ਕਈਆਂ ਨੂੰ ਬੁਲਾਇਆ ਜਾਂਦਾ ਸੀ। ਫਿਰ ਵੀ ਤਾਏ ਬਚਨੇ, ਬਚਨੇ ਛੜੇ ਦੇ ਨਾਂ ਬਾਰੇ ਬਹੁਤ ਸਾਰੇ ਸੁਆਲ ਮੇਰੇ ਮਨ ਵਿੱਚ ਹੜ੍ਹ ਆਏ ਪਾਣੀ ਵਾਂਗ ਉਥਲ-ਪੁਥਲ ਜ਼ਰੂਰ ਕਰਦੇ ਪਰ ਮੈਂ ਆਪਣੇ ਮਨ ਦੀ ਗੱਲ ਕਿਸੇ ਨਾਲ ਸਾਂਝੀ ਨਾ ਕਰਦਾ। ਅਗਲੇ ਥੋੜ੍ਹੇ ਜਿਹੇ ਸਾਲਾਂ ਵਿੱਚ ਤਾਇਆ ਬਚਨਾ ਉਰਫ਼ ਬਚਨਾ ਛੜਾ, ਬਚਨੇ ਬੁੜ੍ਹੇ ਵਿੱਚ ਪਰਿਵਰਤਤ ਹੋ ਗਿਆ। ਉਸ ਸਮੇਂ ਦੀ ਸਮਾਜਿਕ ਬਣਤਰ ਅਨੁਸਾਰ ਤਾਇਆ ਬਚਨਾ ਕੁਆਰਾ ਰਹਿ ਗਿਆ ਹੋਵੇਗਾ ਜਾਂ ਫਿਰ ਉਸ ਨੇ ਵਿਆਹ ਨਹੀਂ ਕਰਵਾਇਆ ਹੋਵੇਗਾ। ਉਸ ਸਮੇਂ ਹਾਲਾਤ ਅਜਿਹੇ ਸਨ ਕਿ ਸਾਧਾਰਨ ਅਤੇ ਮਾੜੇ ਜੱਟ ਪਰਿਵਾਰਾਂ ਵਿੱਚ ਚਹੁੰ ਪੰਜਾਂ ਭਰਾਵਾਂ ਵਿੱਚੋਂ ਮੁਸ਼ਕਲ ਨਾਲ ਦੋ ਕੁ ਭਰਾਵਾਂ ਦੇ ਹੀ ਵਿਆਹ ਹੋਇਆ ਕਰਦੇ ਸਨ। ਇਸੇ ਕਰਕੇ ਖੇਤਾਂ ਵਿੱਚ ਔਂਤ ਗਿਆਂ ਦੀਆਂ ਚਿੱਟੀਆਂ ਮੜ੍ਹੀਆਂ ਆਮ ਹੀ ਬਣੀਆਂ ਹੁੰਦੀਆਂ ਸਨ। ਤਾਏ ਬਚਨੇ ਦੇ ਭਰਾ, ਭਤੀਜੇ, ਭਤੀਜੀਆਂ ਤਾਂ ਸਨ ਪ੍ਰੰਤੂ ਉਸ ਦਾ ਆਪਣਾ ਪਰਿਵਾਰ ਨਹੀਂ ਸੀ। ਜਵਾਨੀ ਦੇ ਦਿਨਾਂ ਵਿੱਚ ਉਹ ਧੌਲ਼ੇ ਬਲ਼ਦ ਵਾਂਗ ਕਮਾਈ ਕਰਦਾ ਸੀ। ਖੇਤ ਦਾ ਸਾਰਾ ਕੰਮ, ਪਸ਼ੂਆਂ ਦੀ ਸਾਂਭ-ਸੰਭਾਲ਼ ਤਾਏ ਦੇ ਜ਼ਿੰਮੇ ਹੀ ਸੀ। ਉਹ ਅੱਖਾਂ ਉੱਚੀਆਂ ਕਰਕੇ ਘੱਟ ਹੀ ਵੇਖਦਾ ਸੀ ਅਤੇ ਕਿਸੇ ਦੀ ਗੱਲ ਦਾ ਜਵਾਬ ਵੀ ਉਹ ਦੋ-ਹਰਫ਼ਾ ਦੇ ਕੇ ਸਾਰ ਦਿੰਦਾ ਸੀ। ਮੇਰੀ ਉਸ ਬਾਰੇ ਜਾਣਨ ਦੀ ਇੱਛਾ ਤਿਹਾਏ ਕਾਂ ਵਰਗੀ ਸੀ।
ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਮੈਂ ਗਿਆਨੀ ਦੀ ਪੜ੍ਹਾਈ ਸ਼ੁਰੂ ਕਰ ਲਈ। ਇਹ ਪੜ੍ਹਾਈ ਪੂਰੀ ਤਰ੍ਹਾਂ ਸਾਹਿਤਕ ਪਰਛਾਵਿਆਂ ਵਾਲੀ ਸੀ। ਪ੍ਰੋ. ਗੁਰਦਿਆਲ ਸਿੰਘ ਦਾ ਨਾਵਲ ‘ਮੜ੍ਹੀ ਦਾ ਦੀਵਾ’ ਅਤੇ ਡਾ. ਦਲੀਪ ਕੌਰ ਟਿਵਾਣਾ ਦਾ ਨਾਵਲ ‘ਏਹੁ ਹਮਾਰਾ ਜੀਵਣਾ’ ਮੈਂ ਇਸੇ ਸਮੇਂ ਪੜ੍ਹੇ ਹੋਣ ਕਰਕੇ ਜਗਸੀਰ, ਭੰਤਾ, ਰੌਣਕੀ, ਭਾਨੀ, ਨਿੱਕੇ, ਭਾਨੋ ਅਤੇ ਅਮਲੀ ਵਰਗੇ ਪਾਤਰਾਂ ਨੂੰ ਪਿੰਡ ਵਿੱਚੋਂ ਵੇਖਣ ਲੱਗ ਪਿਆ ਸਾਂ। ਇਸੇ ਤਹਿਤ ਹੀ ਤਾਏ ਬਚਨੇ ਨੂੰ ਜਾਣਨ ਦੀ ਤਾਂਘ ਮੇਰੇ ਮਨ ਵਿੱਚ ਪ੍ਰਬਲ ਹੋ ਗਈ ਸੀ। ਹੁਣ ਮੇਰੇ ਮਨ ਦੀ ਝਿਜਕ ਵੀ ਪਹਿਲਾਂ ਵਾਲੀ ਨਹੀਂ ਰਹੀ ਸੀ। ਇਸ ਕਰਕੇ ਮੈਂ ਤਾਏ ਬਚਨੇ ਨੂੰ ਮਿਲਣ ਦੀ ਇੱਛਾ ਆਪਣੇ ਬਾਪ ਕੋਲ ਜ਼ਾਹਿਰ ਕੀਤੀ। ‘‘ਲੈ ਉਹਨੂੰ ਮਿਲਣ ਦਾ ਕੀ ਆ। ਆਪਾਂ ਉਨ੍ਹਾਂ ਦੇ ਖੇਤ ਨੂੰ ਚੱਲਦੇ ਰਹਾਂਗੇ। ਵਿਚਾਰਾ ਬਹੁਤਾ ਸਮਾਂ ਖੇਤ ’ਚ ਈ ਗੁਜ਼ਾਰਦਾ ਹੈ।’’ ਮੇਰੇ ਬਾਪ ਨੇ ਭਾਵੇਂ ਇਹ ਗੱਲਾਂ ਸਹਿਜ-ਸੁਭਾਅ ਹੀ ਆਖੀਆਂ ਸਨ ਪਰ ਵਾਕ ਦੇ ਅਖੀਰ ਤੇ ਪਹਾੜ ਜਿੱਡਾ ਹਉਕਾ ਲੈ ਕੇ ਆਖਣਾ ਮੈਨੂੰ ਬਹੁਤ ਕੁਝ ਦੱਸ ਗਿਆ ਸੀ। ਬਾਪ ਮੇਰਾ ਭਾਵੇਂ ਅੱਖਰ ਗਿਆਨ ਤੋਂ ਕੋਰਾ ਸੀ ਪਰ ਉਸ ਦੀਆਂ ਆਖੀਆਂ ਗੱਲਾਂ ਸਾਹਮਣੇ ਮੇਰੀਆਂ ਐੱਮਫ਼ਿਲ. ਤੱਕ ਦੀਆਂ ਹਾਸਲ ਕੀਤੀਆਂ ਹੋਈਆਂ ਡਿਗਰੀਆਂ ਮੈਨੂੰ ਫਿੱਕੀਆਂ ਪੈਂਦੀਆਂ ਅਕਸਰ ਹੀ ਦਿਸ ਜਾਂਦੀਆਂ ਹਨ। ਅਸਲ ਵਿੱਚ ਉਸ ਨੇ ਵੀ ਜ਼ਿੰਦਗੀ ਵਿੱਚ ਬੜੇ ਤਲਖ਼ ਤਜਰਬੇ ਹਾਸਲ ਕੀਤੇ ਹੋਏ ਹੋਣ ਕਰਕੇ ਉਸ ਨੂੰ ਸਾਡੇ ਸਮਾਜ ਵਿਹਾਰ ਦੀ ਵਾਹਵਾ ਸਮਝ ਸੀ।
ਖ਼ੈਰ, ਇੱਕ ਦਿਨ ਅਸੀਂ ਸਮਾਂ ਬਣਾ ਕੇ ਤਾਏ ਬਚਨੇ ਦੇ ਖ਼ੇਤ ਉਸ ਕੋਲ ਚਲੇ ਗਏ। ਉਹ ਚਰ੍ਹੀ ਵੱਢ ਕੇ ਹਟਿਆ ਸੀ ਅਤੇ ਟਾਹਲੀ ਦੀ ਛਾਵੇਂ ਆਰਾਮ ਕਰਨ ਦੀ ਮੁਦਰਾ ਵਿੱਚ ਸੀ। ‘‘ਅਸੀਂ ਸਰਪੰਚ ਦੇ ਖੇਤ ਗਏ ਸੀ, ਮੁੰਡੇ ਨੇ ਕਿਸੇ ਕਾਗਤ ’ਤੇ ਸਰਪੰਚ ਦਾ ਗੂਠਾ ਲੁਆਉਣਾ ਸੀ। ਤੈਨੂੰ ਏਧਰ ਨੂੰ ਵੇਖ ਕੇ ਬਚਨ ਸਿੰਹਾਂ, ਅਸੀਂ ਏਧਰ ਨੂੰ ਮੁੜ ਆਏ।’’ ਬਾਪ ਨੇ ਗੱਲ ਨੂੰ ਮੋੜ-ਤਰੋੜ ਕੇ ਇਸ ਤਰ੍ਹਾਂ ਆਖਿਆ ਕਿ ਬਚਨੇ ਨੂੰ ਸਾਡਾ ਆਉਣਾ ਐਵੇਂ ਕਿਵੇਂ ਨਾ ਲੱਗੇ। ‘‘ਤਾਇਆ ਜੀ, ਕੁਝ ਆਪਣੇ ਜੀਵਨ ਬਾਰੇ ਦੱਸੋ। ਤੁਹਾਡਾ ਬਹੁਤਾ ਚੁੱਪ-ਚਾਪ ਰਹਿਣਾ ਮੇਰੇ ਸਾਹਮਣੇ ਕੁਝ ਸੁਆਲ ਪੈਦਾ ਕਰਦਾ ਹੁੰਦਾ ਹੈ।’’ ਮੈਨੂੰ ਬਹੁਤ ਗੱਲ ਨਾ ਅਹੁੜੀ, ਮੈਂ ਸਿੱਧਾ ਸੁਆਲ ’ਤੇ ਆ ਗਿਆ। ‘‘ਪੁੱਤਰਾ, ਮੈਂ ਕੋਈ ਲਿਖਿਆ ਪੜ੍ਹਿਆ ਤਾਂ ਨਹੀਂ। ਪਰ ਤੈਨੂੰ ਦੋ ਹਰਫ਼ੀ ਗੱਲ ਦੱਸਦਾ ਹਾਂ। ਜਵਾਨੀ ਵਿੱਚ ਬੰਦੇ ਨੂੰ ਰੱਬ ਵੀ ਯਾਦ ਨੀਂ ਹੁੰਦਾ। ਇਹ ਜਵਾਨੀ ਮੇਰੇ ’ਤੇ ਵੀ ਆਈ ਹੋਣੀ ਆ। ਕੁਝ ਗਲਤ ਠੀਕ ਫ਼ੈਸਲੇ ਲੈ ਲਏ ਜਾਂਦੇ ਹਨ। ਬੜੇ ਵਾਰੀ ਫਿਰ ਪਛਤਾਵਾ ਪੱਲੇ ਪੈ ਜਾਂਦਾ ਹੈ। ਬੱਸ ਮੈਂ ਵੀ ਇਸੇ ਪਛਤਾਵੇ ਦੀ ਭੱਠੀ ਵਿੱਚ ਤਪਦਾ ਰਹਿੰਦਾ ਹਾਂ। ਇੱਕੋ ਗੱਲ ਯਾਦ ਰੱਖੀਂ, ਆਪਣਾ ਫ਼ੈਸਲਾ ਸਿਰੇ ਲਾਉਣ ਤੋਂ ਪਹਿਲਾਂ, ਸੌ ਵਾਰੀ ਸੋੋਚੀਂ, ਸਿਆਣੇ ਆਖਦੇ ਹੁੰਦੇ ਆ, ਜੇ ਨਾ ਪਤਾ ਲੱਗੇ ਤਾਂ ਕੰਧਾਂ ਨੂੰ ਪੁੱਛ ਲਈਦਾ, ਉਹ ਵੀ ਬੜਾ ਕੁਝ ਕਹਿੰਦੀਆਂ ਹੁੰਦੀਆਂ, ਮੇਰੇ ਵਾਂਙੂੰ।’’ ਆਖਦਿਆਂ ਤਾਏ ਬਚਨੇ ਨੇ ਆਪਣਾ ਮੂੰਹ ਅਸਮਾਨ ਵੱਲ ਕਰ ਲਿਆ ਤੇ ਸਾਡੇ ਕੋਲੋਂ ਉੱਠ ਕੇ ਖ਼ੇਤ ਵੱਲ ਤੁਰ ਪਿਆ।
ਸੰਪਰਕ: 95010-20731