ਤਬਲੀਗੀ ਇਜ਼ਤਮਾ ਅਮਨ-ਸ਼ਾਂਤੀ ਦੀ ਦੁਆ ਨਾਲ ਸਮਾਪਤ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 26 ਨਵੰਬਰ
ਮਾਲੇਰਕੋਟਲਾ ਵਿੱਚ ਤਿੰਨ ਰੋਜ਼ਾ ਚੱਲੇ ਤਬਲੀਗੀ ਇਜ਼ਤਮਾ ਦੀ ਆਖ਼ਰੀ ਮਜਲਿਸ ’ਚ ਤਬਲੀਗੀ ਜਮਾਤ ਦੇ ਮਰਕਜ਼ ਨਿਜ਼ਾਮੂਦੀਨ ਤੋਂ ਆਏ ਮੌਲਾਨਾ ਮੁਹੰਮਦ ਉਮਰ ਮੜ੍ਹੀ ਨੇ ਕਿਹਾ ਕਿ ਕੋਈ ਵਿਅਕਤੀ ਓਦੋਂ ਤੱਕ ਇਸਲਾਮ ਦੇ ਰਸਤੇ ’ਤੇ ਸਹੀ ਢੰਗ ਨਾਲ ਨਹੀਂ ਚੱਲ ਸਕਦਾ ਜਦੋਂ ਤੱਕ ਉਸ ਦਾ ਇਸਲਾਮ ਪ੍ਰਤੀ ਗਿਆਨ ਮਜ਼ਬੂਤ ਨਹੀਂ ਹੋ ਜਾਂਦਾ। ਇਸੇ ਕਰਕੇ ਜਮਾਤ ਵੱਲੋਂ ਦੇਸ਼ ਪ੍ਰਦੇਸ਼ ਵਿਚ ਧਾਰਮਿਕ ਸੰਮੇਲਨ (ਤਬਲੀਗੀ ਇਜ਼ਤਮਾ) ਕਰਕੇ ਜਿਥੇ ਬੁਰਾਈਆਂ ਤੋਂ ਦੂਰ ਰਹਿਣ ਲਈ ਸੰਦੇਸ਼ ਦਿੱਤਾ ਜਾਂਦਾ ਹੈ ਉਥੇ ਹੀ ਧਾਰਮਿਕ ਗਿਆਨ ਤੋਂ ਦੂਰ ਹੋਏ ਲੋਕਾਂ ਨੂੰ ਜਮਾਤਾਂ ’ਚ ਭੇਜ ਕੇ ਧਰਮ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਂਦੀ ਹੈ। ਤਿੰਨ ਦਿਨ ਚੱਲੇ ਇਸ ਸਮਾਗਮ ਨੂੰ ਮੌਲਾਨਾ ਮੁਫ਼ਤੀ ਮਹਿਮੂਦ ਸਾਹਿਬ, ਮਾਸਟਰ ਮੁਹੰਮਦ ਹਾਰੂਨ ਆਦਿ ਨੇ ਵੀ ਸੰਬੋਧਨ ਕੀਤਾ। ਤਿੰਨ ਰੋਜ਼ਾ ਇਜ਼ਤਮਾ ਦੌਰਾਨ ਇਸਲਾਮੀ ਤਰੀਕੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਲਈ ਕਈ ਜੋੜਿਆਂ ਦੇ ਨਿਕਾਹ, ਵਿਦਿਆਰਥੀਆਂ, ਨੌਕਰੀ ਪੇਸ਼ਾ, ਵਕੀਲਾਂ, ਅਧਿਆਪਕਾਂ, ਡਾਕਟਰਾਂ ਅਤੇ ਔਰਤਾਂ ਵਿਚ ਦੀਨ ਕਿਸ ਤਰ੍ਹਾਂ ਆਵੇ ਸਬੰਧੀ ਪ੍ਰੋਗਰਾਮ ਵੀ ਹੋਏ। ਅਖੀਰ ’ਚ ਅਮਨ ਸ਼ਾਂਤੀ ਕਾਇਮ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਦੁਆ ਕੀਤੀ ਗਈ।