ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਅੰਮ੍ਰਿਤਸਰ ਪੁੱਜੀਆਂ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 31 ਜਨਵਰੀ
ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ’ਚ ਪੰਜਾਬ ਦੀਆਂ ਝਾਕੀਆਂ ਨੂੰ ਸਥਾਨ ਨਾ ਮਿਲਣ ਕਾਰਨ ਪੰਜਾਬ ਸਰਕਾਰ ਵਲੋਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਭੇਜਣ ਦੇ ਫੈਸਲੇ ਤਹਿਤ ਅੱਜ ਝਾਕੀਆਂ ਦਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਇਨ੍ਹਾਂ ਝਾਕੀਆਂ ਵਿੱਚ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਵਲੋਂ ਪਾਏ ਗਏ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਅਤੇ ਇਤਿਹਾਸ ਨੂੰ ਦਰਸਾਇਆ ਗਿਆ ਹੈ। ਜਾਣਕਾਰੀ ਅਨੁਸਾਰ ਗੋਲਡਨ ਗੇਟ ’ਤੇ ਵਿਧਾਇਕਾ ਜੀਵਨ ਜੋਤ ਕੌਰ ਨੇ ਝਾਕੀਆਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਬਿਆਸ ਖੇਤਰ ਵਿੱਚ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਸਵਾਗਤ ਕੀਤਾ ਗਿਆ। ਜੰਡਿਆਲਾ ਗੁਰੂ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸਵਾਗਤ ਕੀਤਾ। ਇਨ੍ਹਾਂ ਝਾਕੀਆਂ ਵਿੱਚ ਜੱਲਿਆਂ ਵਾਲਾ ਬਾਗ ਦੀ ਘਟਨਾ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਸ਼ਖ਼ਸੀਅਤਾਂ ਦੇ ਚਿੱਤਰ ਸ਼ਾਮਲ ਹਨ। ਇਸੇ ਤਰ੍ਹਾਂ ਦੂਜੀ ਝਾਕੀ ਰਾਹੀਂ ਮਹਿਲਾ ਸਸ਼ਕਤੀਕਰਨ ’ਤੇ ਜ਼ੋਰ ਦਿਤਾ ਗਿਆ, ਜਿਸ ਵਿਚ ਮਾਈ ਭਾਗੋ ਦੀ ਇਕ ਵਿਸ਼ਾਲ ਪ੍ਰਤਿਮਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਜਦਕਿ ਤੀਜੀ ਝਾਕੀ ਜ਼ਰੀਏ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਕੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਪੂਰੇ ਸੂਬੇ ਤੇ ਵਿੱਚ ਨਿਕਲ ਰਹੀਆਂ ਹਨ। ਇਸ ਦੌਰਾਨ ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਕਿ ਪੰਜਾਬ ਦੇਸ਼ ਨੂੰ ਖਾਦ ਸੁਰੱਖਿਆ ਵਿੱਚ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਲੋਕਾਂ ਦੀ ਧਰਤੀ ਹੈ । ਇਸ ਦੀ ਝਾਕੀ ਨੂੰ ਪਰੇਡ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ। ਪੰਜਾਬ ਸਰਕਾਰ ਵਲੋਂ ਝਾਕੀਆਂ ਨੂੰ ਪੰਜਾਬ ਵਿਚ ਕੱਢਣ ਦੇ ਉਪਰਾਲੇ ਦੀ ਉਨ੍ਹਾਂ ਸ਼ਲਾਘਾ ਕੀਤੀ । ਇਸ ਮੌਕੇ ਅਧਿਕਾਰੀ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ, ਸਤਪਾਲ ਸੋਖੀ ਤੇ ਰਵਿੰਦਰ ਹੰਸ ਆਦਿ ਹਾਜ਼ਰ ਸਨ।