ਟੇਬਲ ਟੈਨਿਸ ਇਨਡੋਰ ਹਾਲ ਦੀ ਹੋਵੇਗੀ ਕਾਇਆ-ਕਲਪ: ਡੀਸੀ
ਪੱਤਰ ਪ੍ਰੇਰਕ
ਜਲੰਧਰ, 29 ਨਵੰਬਰ
ਸ਼ਹਿਰ ਵਿੱਚ ਟੇਬਲ ਟੈਨਿਸ ਇਨਡੋਰ ਹਾਲ ਦੇ ਨਵੀਨੀਕਰਨ ਲਈ ਡੀਸੀ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਸਥਿਤ ਸਟੇਡੀਅਮ ਦਾ ਦੌਰਾ ਕਰਦਿਆਂ ਉੱਥੇ ਕਰਵਾਏ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ। ਖੇਡ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਜਲੰਧਰ ਦੇ ਅਹੁਦੇਦਾਰਾਂ ਦੇ ਨਾਲ ਟੇਬਲ ਟੈਨਿਸ ਹਾਲ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਤੋਂ ਸਟੇਡੀਅਮ ਵਿੱਚ ਲੋੜੀਂਦੇ ਮੁਰੰਮਤ ਅਤੇ ਨਵੀਨੀਕਰਨ ਦੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸਟੇਡੀਅਮ ਦੀ ਛੱਤ ਤੇ ਫਰਸ਼ ਦੀ ਮੁਰੰਮਤ, ਲਾਈਟਾਂ, ਕੰਧਾਂ ’ਤੇ ਪਲੱਸਤਰ ਸਮੇਤ ਹੋਰ ਲੋੜੀਂਦੇ ਕਾਰਜਾਂ ਲਈ ਜਲਦ ਤੋਂ ਜਲਦ ਐਸਟੀਮੇਟ ਭੇਜਣ ਲਈ ਕਿਹਾ ਤਾਂ ਜੋ ਸਰਕਾਰ ਤੋਂ ਫੰਡਾਂ ਦੀ ਪ੍ਰਾਪਤੀ ਲਈ ਕਾਰਵਾਈ ਕੀਤੀ ਜਾ ਸਕੇ। ਸ੍ਰੀ ਸਾਰੰਗਲ ਨੇ ਇਸ ਮੌਕੇ ਟੇਬਲ ਟੈਨਿਸ ਦੇ ਅਭਿਆਸ ਲਈ ਆਉਣ ਵਾਲੇ ਖਿਡਾਰੀਆਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ 100 ਤੋਂ ਵੱਧ ਖਿਡਾਰੀਆਂ ਵੱਲੋਂ ਇੱਥੇ ਟੇਬਲ ਟੈਨਸ ਦੀ ਕੋਚਿੰਗ ਪ੍ਰਾਪਤ ਕੀਤੀ ਜਾ ਰਹੀ ਹੈ। ਡੀਸੀ ਵੱਲੋਂ ਬਾਸਕਟਬਾਲ ਗਰਾਊਂਡ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਯੁਧਵਿੰਦਰ ਸਿੰਘ ਤੇ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਵਿਨੇ ਗੁਪਤਾ ਮੌਜੂਦ ਸਨ।