ਟੇਬਲ ਟੈਨਿਸ: ਭਾਰਤ ਵੱਲੋਂ ਮਹਿਲਾ ਡਬਲਜ਼ ’ਚ ਪਹਿਲਾ ਤਗ਼ਮਾ ਪੱਕਾ
ਅਸਤਾਨਾ, 12 ਅਕਤੂਬਰ
ਭਾਰਤ ਦੀ ਅਯਹਿਕਾ ਮੁਖਰਜੀ ਅਤੇ ਸੁਤੀਰਥਾ ਮੁਖਰਜੀ ਨੇ ਏਸ਼ਿਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਮਹਿਲਾ ਡਬਲਜ਼ ਵਰਗ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਪੱਕਾ ਕਰ ਲਿਆ। ਪਿਛਲੇ ਸਾਲ ਏਸ਼ਿਆਈ ਖੇਡਾਂ ’ਚ ਚੀਨ ਦੀ ਵਿਸ਼ਵ ਚੈਂਪੀਅਨ ਟੀਮ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਵਾਲੀਆਂ ਮੁਖਰਜੀ ਭੈਣਾਂ ਨੇ ਦੱਖਣੀ ਕੋਰੀਆ ਦੀ ਕਿਮ ਨਾਯੋਂਗ ਅਤੇ ਲੀ ਯੁਨਹੀ ਨੂੰ 10-12, 11-7, 11-9, 11-8 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਹੁਣ ਉਸ ਦਾ ਸਾਹਮਣਾ ਜਾਪਾਨ ਦੀ ਮੀਵਾ ਹਾਰਿਮੋਤੋ ਅਤੇ ਮਿਊ ਕਿਸ਼ਾਰਾ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ’ਚ ਮਾਨਵ ਠੱਕਰ ਅਤੇ ਮਾਨੁਸ਼ ਸ਼ਾਹ ਨੇ ਪ੍ਰੀਕੁਆਰਟਰ ਫਾਈਨਲ ਵਿੱਚ ਕਦਮ ਰੱਖ ਲਿਆ। 60ਵੀਂ ਰੈਂਕਿੰਗ ਵਾਲੇ ਮਾਨਵ ਨੇ ਦੁਨੀਆ ਦੇ 14ਵੇਂ ਨੰਬਰ ਦੇ ਦੱਖਣੀ ਕੋਰੀਆ ਦੇ ਜਾਂਗ ਵੂਜਿਨ ਨੂੰ 5-11, 11-9, 5-11, 11-9, 11-7 ਨਾਲ ਹਰਾਇਆ। ਇਸੇ ਤਰ੍ਹਾਂ ਮਾਨੁਸ਼ ਨੇ 23ਵੀਂ ਰੈਂਕਿੰਗ ਵਾਲੇ ਦੱਖਣੀ ਕੋਰੀਆ ਦੇ ਅਨ ਜੇਹੂਆਨ ਨੂੰ 11-9, 11-5, 11-6 ਨਾਲ ਹਰਾਇਆ। ਹਰਮੀਤ ਦੇਸਾਈ ਆਖ਼ਰੀ 32 ਵਿੱਚ 30ਵੀਂ ਰੈਂਕਿੰਗ ਵਾਲੇ ਲਿਮ ਜੋਂਗਹੁਨ ਤੋਂ ਹਾਰ ਗਿਆ। ਭਾਰਤੀ ਖਿਡਾਰੀ ਅਚੰਤ ਸ਼ਰਤ ਕਮਲ ਨੂੰ 506ਵੀਂ ਰੈਂਕਿੰਗ ਵਾਲੇ ਮੁਹੰਮਦ ਅਲਕਾਸਾਬ ਨੇ ਸ਼ੁੱਕਰਵਾਰ ਨੂੰ ਹਰਾ ਦਿੱਤਾ ਸੀ। -ਪੀਟੀਆਈ