ਟੇਬਲ ਟੈਨਿਸ: ਚੰਗੇਰਾ ਦੇ ਹਰਕੁੰਵਰ ਨੇ ਸੋਨ ਤਗਮਾ ਜਿੱਤਿਆ
ਬਨੂੜ:
ਨੇੜਲੇ ਪਿੰਡ ਚੰਗੇਰਾ ਦੇ ਨੌਜਵਾਨ ਹਰਕੁੰਵਰ ਸਿੰਘ ਨੇ ਟੇਬਿਲ ਟੈਨਿਸ ਵਿੱਚ ਪੰਜਾਬ ਰੈਕਿੰਗ ਲਈ ਅੰਮ੍ਰਿਤਸਰ ਵਿੱਚ ਹੋਏ ਸੂਬਾਈ ਮੁਕਾਬਲਿਆਂ ’ਚ ਇਕ ਸੋਨ ਸਣੇ ਦੋ ਤਗ਼ਮੇ ਜਿੱਤੇ ਹਨ। ਹਰਕੁੰਵਰ (18) ਨੇ ਪੁਰਸ਼ ਸਿੰਗਲਜ਼ ਅੰਡਰ-19 ਵਰਗ ’ਚ ਸੋਨੇ ਦਾ ਤਗ਼ਮਾ ਅਤੇ ਆਪਣੀ ਉਮਰ ਤੋਂ ਵੱਧ ਦੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਇਸ ਜਿੱਤ ਲਈ ਟੇਬਿਲ ਟੈਨਿਸ ਐਸੋਸੀਏਸ਼ਨ ਦੀ ਪੰਜਾਬ ਦੀ ਜਨਰਲ ਸਕੱਤਰ ਨਮਿਤਾ ਸ਼ਾਰਦਾ ਸ਼ਰਮਾ ਤੇ ਅੰਮ੍ਰਿਤਸਰ ਦੀ ਜਨਰਲ ਸਕੱਤਰ ਸ਼ਰੂਤੀ ਮਹਾਜਨ ਨੇ ਹਰਕੁੰਵਰ ਨੂੰ ਮੈਡਲ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਯੂਨੀਵਰਸਿਟੀ ਲੁਧਿਆਣਾ ਵਿੱਚ ਬੀਏ ਭਾਗ ਪਹਿਲਾ ਦਾ ਵਿਦਿਆਰਥੀ ਹਰਕੁੰਵਰ ਆਲ ਇੰਡੀਆ ਰੈਕਿੰਗ ਵਿੱਚ ਪਹਿਲੇ 20 ਖ਼ਿਡਾਰੀਆਂ ’ਚ ਸ਼ੁਮਾਰ ਹੈ। ਉਹ 3 ਤੋਂ 9 ਨਵੰਬਰ ਤੱਕ ਹੰਗਰੀ ’ਚ ਹੋ ਰਹੇ ਟੇਬਿਲ ਟੈਨਿਸ ਦੇ ਕੌਮਾਂਤਰੀ ਮੁਕਾਬਲਿਆਂ ਖੇਡਣ ਜਾ ਰਹੀ ਭਾਰਤ ਦੀ 9 ਮੈਂਬਰੀ ਟੀਮ ’ਚ ਸ਼ਾਮਲ ਹੈ। ਦਾਦਾ ਸੁਖਦੇਵ ਸਿੰਘ ਚੰਗੇਰਾ ਅਤੇ ਪਿਤਾ ਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਹਰਕੁੰਵਰ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ। -ਪੱਤਰ ਪ੍ਰੇਰਕ