‘ਗੰਧਾਰੀ’ ਵਿੱਚ ਸਟੰਟ ਕਰਦੀ ਦਿਖਾਈ ਦੇਵੇਗੀ ਤਾਪਸੀ
ਮੁੰਬਈ:
ਅਦਾਕਾਰਾ ਤਾਪਸੀ ਪੰਨੂ ਆਪਣੀ ਆਉਣ ਵਾਲੀ ਫਿਲਮ ‘ਗੰਧਾਰੀ’ ਵਿੱਚ ਸਟੰਟ ਕਰਦੀ ਨਜ਼ਰ ਆਵੇਗੀ। ਫਿਲਮ ਦੀ ਲੇਖਿਕਾ ਤੇ ਨਿਰਮਾਤਾ ਕਨਿਕਾ ਢਿੱਲੋਂ ਨੇ ਸੈੱਟ ਤੋਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਕਨਿਕਾ ਨੇ ਸਟੰਟ ਕਰਨ ਲਈ ਤਾਪਸੀ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ, ‘‘ਉਹ ਤਣਾਅਪੂਰਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ’ਚ ਕੰਧ ’ਤੇ ਚੜ੍ਹਨਾ ਸੀ ਅਤੇ ਇਹ ਤਾਪਸੀ ਨੂੰ ਕਰਨਾ ਪਿਆ।’’ ਉਸ ਨੇ ਕਿਹਾ, ‘‘ਬਿਨਾਂ ਕਿਸੇ ਰਿਹਰਸਲ ਤੋਂ ਤਾਪਸੀ ਪਹਿਲੀ ਵਾਰ ’ਚ ਕੰਧ ’ਤੇ ਚੀਤੇ ਵਾਂਗ ਚੜ੍ਹ ਗਈ। ਮੈਂ ਉਸ ਦਿਨ ਸੈੱਟ ’ਤੇ ਸੀ। ਜਿਵੇਂ ਹੀ ਸ਼ਾਟ ਕੱਟਿਆ ਗਿਆ ਤਾਂ ਪੂਰਾ ਸੈੱਟ ਤਾੜੀਆਂ ਨਾਲ ਗੂੰਜ ਉੱਠਿਆ।’’ ਉਸ ਨੇ ਅੱਗੇ ਕਿਹਾ, ‘‘ਇਹ ਦੇਖਣਾ ਪ੍ਰਭਾਵਸ਼ਾਲੀ ਸੀ। ਤਾਪਸੀ ’ਚ ਖਾਸ ਫੁਰਤੀਲਾਪਣ ਹੈ, ਜੋ ਗੰਧਾਰੀ ਲਈ ਉਸ ਦੀ ਚੋਣ ਨੂੰ ਸਹੀ ਦਰਸਾਉਂਦਾ ਹੈ। ਉਹ ਆਪਣੇ ਕਿਰਦਾਰ ਨਾਲ ਹਰ ਇਕ ਨੂੰ ਹੈਰਾਨ ਕਰਨ ਵਾਲੀ ਹੈ, ਹਾਲਾਂਕਿ ਉਸ ਨੇ ਅਜਿਹੀ ਭੂਮਿਕਾ ਪਹਿਲਾਂ ਕਦੇ ਨਹੀਂ ਨਿਭਾਈ।’’ ਕਨਿਕਾ ਨੇ ਕਿਹਾ, ‘‘ਗੰਧਾਰੀ’ ਦਿਲਚਸਪ ਕਹਾਣੀ ਹੈ।’’ ਜ਼ਿਕਰਯੋਗ ਹੈ ਕਿ ‘ਮਨਮਰਜ਼ੀਆਂ’, ‘ਹਸੀਨ ਦਿਲਰੁਬਾ’ ਤੇ ‘ਫਿਰ ਆਈ ਹਸੀਨ ਦਿਲਰੁਬਾ’ ਜਿਹੀਆਂ ਹੋਰ ਸਫ਼ਲ ਫਿਲਮਾਂ ਤੋਂ ਬਾਅਦ ‘ਗੰਧਾਰੀ’ ਇਸ਼ਵਾਕ ਸਿੰਘ, ਕਨਿਕਾ ਢਿੱਲੋਂ ਤੇ ਤਾਪਸੀ ਪੰਨੂ ਦਾ ਛੇਵਾਂ ਪ੍ਰਾਜੈਕਟ ਹੈ। -ਆਈਏਐੱਨਐੱਸ