ਟੀ20 ਵਿਸ਼ਵ ਕੱਪ: ਭਾਰਤ ਨੇ ਪਹਿਲੇ ਮੈਚ ਵਿੱਚ ਆਇਰਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ
ਨਿਊਯਾਰਕ, 5 ਜੂਨ
ਕਪਤਾਨ ਰੋਹਿਤ ਸ਼ਰਮਾ ਦੀ ਬਾਂਹ ਵਿੱਚ ਲੱਗੀ ਸੱਟ ਨੇ ਭਾਰਤੀ ਟੀਮ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਹਾਲਾਂਕਿ, ਸਾਰੇ ਪਾਸਿਓਂ ਕੀਤੇ ਤੇਜ਼ ਹਮਲਿਆਂ ਸਦਕਾ ਭਾਰਤ ਨੇ ਟੀ20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਅੱਜ ਆਇਰਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ ਹੁਣ 9 ਜੂਨ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਖੇਡਣਾ ਹੈ ਪਰ ਰੋਹਿਤ ਦੀ ਸੱਟ ਚਿੰਤਾ ਦਾ ਸਬੱਬ ਬਣ ਗਈ ਹੈ। ਰੋਹਿਤ ਨੇ 37 ਗੇਂਦਾਂ ਵਿੱਚ 52 ਦੌੜਾਂ ਬਣਾਈਆਂ ਪਰ ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਜੋਸ਼ ਲਿਟਲ ਦੀ ਸ਼ਾਰਟਪਿੱਚ ਗੇਂਦ ’ਤੇ ਪੂਲ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਉਹ ਖੁੰਝ ਗਿਆ ਅਤੇ ਗੇਂਦ ਉਸ ਦੀ ਸੱਜੀ ਬਾਂਹ ਦੇ ਉੱਪਰੀ ਹਿੱਸੇ ਵਿੱਚ ਜਾ ਵੱਜੀ। ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਿਆ ਨੇ ਵਧੀਆ ਗੇਂਦਬਾਜ਼ੀ ਕਰ ਕੇ ਆਇਰਲੈਂਡ ਨੂੰ 16 ਓਵਰਾਂ ਵਿੱਚ 96 ਦੌੜਾਂ ’ਤੇ ਆਊਟ ਕਰ ਦਿੱਤਾ। ਅਰਸ਼ਦੀਪ ਸਿੰਘ ਨੇ ਚਾਰ ਓਵਰਾਂ ਵਿੱਚ 35 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਪੰਡਿਆ ਨੇ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ ਤਿੰਨ ਓਵਰਾਂ ’ਚ ਛੇ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਮੁਹੰਮਦ ਸਿਰਾਜ ਨੇ ਤਿੰਨ ਓਵਰਾਂ ’ਚ 13 ਦੌੜਾਂ ਦੇ ਕੇ ਇਕ ਵਿਕਟ ਲਈ। -ਪੀਟੀਆਈ