T20 Series: ਅਭਿਸ਼ੇਕ ਸ਼ਰਮਾ ਦਾ ਰਿਕਾਰਡ ਸੈਂਕੜਾ; ਭਾਰਤ ਨੇ 4-1 ਨਾਲ ਲੜੀ ਜਿੱਤੀ
09:17 PM Feb 02, 2025 IST
Advertisement
ਮੁੰਬਈ, 2 ਫਰਵਰੀ
ਭਾਰਤ ਨੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (Abhishek Sharma) ਦੇ ਰਿਕਾਰਡ ਸੈਂਕੜੇ (135 ਦੌੜਾਂ) ਮਗਰੋਂ ਮੁਹੰਮਦ ਸ਼ੰਮੀ ਦੀ ਅਗਵਾਈ ਹੇਠ ਗੇਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਵਾਨਖੇੜੇ ਸਟੇਡੀਅਮ ’ਚ ਟੀ20 ਲੜੀ ਦੇ ਪੰਜਵੇਂ ਤੇ ਆਖਰੀ ਮੈਚ ’ਚ ਇੰਗਲੈਂਡ ਨੂੰ 150 ਨਾਲ ਹਰਾ ਦਿੱਤਾ। ਇਸ ਜਿੱਤ ਸਦਕਾ ਭਾਰਤ ਨੇ ਪੰਜ ਟੀ20 ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਂ ਕੀਤੀ।
ਭਾਰਤ ਵੱਲੋਂ ਦਿੱਤੇ 248 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਟੀਮ 10.3 ਓਵਰਾਂ ’ਚ 97 ਦੌੜਾਂ ’ਤੇ ਹੀ ਆਊਟ ਹੋ ਗਈ। ਮਹਿਮਾਨ ਟੀਮ ਵੱਲੋਂ ਸਲਾਮੀ ਬੱਲੇਬਾਜ਼ ਫਿਲਿਪ ਸਾਲਟ ਨੇ ਸਭ ਤੋਂ ਵੱਧ 55 ਦੌੜਾਂ ਤੇ ਜੈਕਬ ਬੈੱਥਲ ਨੇ 10 ਦੌੜਾਂ ਬਣਾਈਆਂ ਜਦਕਿ ਬਾਕੀ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਨਾ ਛੂਹ ਸਕਿਆ। ਭਾਰਤੀ ਗੇਂਦਬਾਜ਼ਾਂ ਵਿੱਚੋਂ ਮੁਹੰਮਦ ਸ਼ੰਮੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਜਦਕਿ ਵਰੁਣ ਚਕਰਵਰਤੀ, ਸ਼ਿਵਮ ਦੂਬੇ ਤੇ ਅਭਿਸ਼ੇਕ ਸ਼ਰਮਾ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਰਵੀ ਬਿਸ਼ਨੋਈ ਨੂੰ ਇੱਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਭਾਰਤ ਨੇ 20 ਓਵਰਾਂ ’ਚ 9 ਵਿਕਟਾਂ ਗੁਆ 247 ਦੌੜਾਂ ਬਣਾਈਆਂ। ਮੈਚ ਦੌਰਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 54 ਗੇਂਦਾਂ ’ਤੇ 135 ਦੌੜਾਂ ਪਾਰੀ ਖੇਡੀ, ਜਿਸ ਵਿੱਚ ਉਸ ਨੇ ਸੱਤ ਚੌਕੇ ਤੇ 13 ਛੱਕੇ ਜੜ੍ਹੇ। ਉਸ ਨੇ ਆਪਣਾ ਸੈਂਕੜਾ 37 ਗੇਂਦਾਂ ’ਤੇ ਪੂਰਾ ਕੀਤਾ ਜੋ ਕਿ ਕ੍ਰਿਕਟ ਦੇ ਇਸ ਫਾਰਮੈਟ ’ਚ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਦੂਜਾ ਸਭ ਤੋਂ ਤੇਜ਼ ਸੈਂਕੜਾ (second fastest century) ਹੈ। ਟੀ20 ’ਚ ਭਾਰਤ ਵੱਲੋਂ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਹੈ, ਜਿਸ ਨੇ ਸ੍ਰੀਲੰਕਾ ਖਿਲਾਫ਼ ਮੈਚ ’ਚ 35 ਗੇਂਦਾਂ ’ਤੇ ਸੈਂਕੜਾ ਜੜਿਆ ਸੀ। ਅਭਿਸ਼ੇਕ ਤੋਂ ਇਲਾਵਾ ਤਿਲਕ ਵਰਮਾ ਨੇ 24 ਦੌੜਾਂ, ਸ਼ਿਵਮ ਦੂਬੇ ਨੇ 30, ਸੰਜੂ ਸੈਮਸਨ ਨੇ 16 ਅਤੇ ਅਕਸ਼ਰ ਪਟੇਲ ਨੇ 15 ਦੌੜਾਂ ਦਾ ਯੋਗਦਾਨ ਦਿੱਤਾ।
ਇੰਗਲੈਂਡ ਵੱਲੋਂ ਗੇਂਦਬਾਜ਼ ਬ੍ਰਾਈਡਨ ਕਾਰਸ ਨੇ ਤਿੰਨ ਤੇ ਮਾਰਕ ਵੁੱਡ ਨੇ ਦੋ ਵਿਕਟਾਂ ਲਈਆਂ। -ਪੀਟੀਆਈ

Advertisement
Advertisement