ਟੀ-20 ਦਰਜਾਬੰਦੀ: ਤਿਲਕ ਵਰਮਾ ਦੂਜੇ ਸਥਾਨ ’ਤੇ
ਦੁਬਈ, 29 ਜਨਵਰੀ
ਭਾਰਤੀ ਬੱਲੇਬਾਜ਼ ਤਿਲਕ ਵਰਮਾ ਅੱਜ ਇੱਥੇ ਜਾਰੀ ਤਾਜ਼ਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੀ-20 ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਦੂਜੇ, ਜਦਕਿ ਸਪਿੰਨਰ ਵਰੁਣ ਚੱਕਰਵਰਤੀ 25 ਸਥਾਨਾਂ ਦੀ ਵੱਡੀ ਛਾਲ ਮਾਰ ਕੇ ਸਿਖਰਲੇ ਪੰਜ ਗੇਂਦਬਾਜ਼ਾਂ ਵਿੱਚ ਪਹੁੰਚ ਗਿਆ ਹੈ। ਵਰਮਾ ਹੁਣ ਬੱਲੇਬਾਜ਼ਾਂ ਵਿੱਚ ਸਿਰਫ ਆਸਟਰੇਲੀਆ ਦੇ ਟਰੈਵਿਸ ਹੈੱਡ ਤੋਂ ਪਿੱਛੇ ਹੈ, ਜਿਸ ਨੇ 23 ਅੰਕਾਂ ਦੀ ਲੀਡ ਲਈ ਹੋਈ ਹੈ। ਭਾਰਤੀ ਖੱਬੇ ਹੱਥ ਦਾ ਬੱਲੇਬਾਜ਼ ਸ਼ਾਨਦਾਰ ਲੈਅ ਵਿੱਚ ਚੱਲ ਰਿਹਾ ਹੈ। ਉਸ ਨੇ ਇੰਗਲੈਂਡ ਖ਼ਿਲਾਫ਼ ਚੱਲ ਰਹੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਨਾਬਾਦ 19, ਦੂਜੇ ਵਿੱਚ ਨਾਬਾਦ 72 ਨਾਬਾਦ ਅਤੇ ਤੀਜੇ ਵਿੱਚ 18 ਦੌੜਾਂ ਬਣਾਈਆਂ। ਲੜੀ ਵਿੱਚ ਹਾਲੇ ਦੋ ਹੋਰ ਮੈਚ ਬਾਕੀ ਹਨ ਅਤੇ ਉਹ ਹੈੱਡ ਨੂੰ ਪਛਾੜ ਕੇ ਰੈਂਕਿੰਗ ਵਿੱਚ ਸਿਖ਼ਰ ’ਤੇ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਸਕਦਾ ਹੈ। ਇਹ ਰਿਕਾਰਡ ਇਸ ਵੇਲੇ ਪਾਕਿਸਤਾਨ ਦੇ ਬਾਬਰ ਆਜ਼ਮ ਦੇ ਨਾਮ ਹੈ, ਜੋ 23 ਸਾਲ ਅਤੇ 105 ਦਿਨ ਦੀ ਉਮਰ ਵਿੱਚ ਪਹਿਲੇ ਸਥਾਨ ’ਤੇ ਪਹੁੰਚਿਆ ਸੀ। ਇਸੇ ਤਰ੍ਹਾਂ ਭਾਰਤ ਦਾ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ 59 ਸਥਾਨਾਂ ਦੀ ਛਾਲ ਮਾਰ ਕੇ 40ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਖ਼ਿਲਾਫ਼ ਤੀਜੇ ਮੈਚ ਵਿੱਚ 24 ਦੌੜਾਂ ਦੇ ਕੇ ਪੰਜ ਵਿਕਟਾਂ ਲੈਣ ਵਾਲਾ ਚੱਕਰਵਰਤੀ ਸਿਖਰਲੇ ਪੰਜ ਗੇਂਦਬਾਜ਼ਾਂ ਵਿੱਚ ਪਹੁੰਚ ਗਿਆ ਹੈ। ਉਸ ਦਾ ਸਾਥੀ ਸਪਿੰਨਰ ਅਕਸਰ ਪਟੇਲ ਵੀ ਪੰਜ ਸਥਾਨ ਉੱਪਰ 11ਵੇਂ ਸਥਾਨ ’ਤੇ ਆ ਗਿਆ ਹੈ। ਇੰਗਲੈਂਡ ਦਾ ਸਪਿੰਨਰ ਆਦਿਲ ਰਾਸ਼ਿਦ ਭਾਰਤ ਖ਼ਿਲਾਫ਼ ਚੰਗੇ ਪ੍ਰਦਰਸ਼ਨ ਦੀ ਬਦੌਲਤ ਟੀ-20 ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਮੁੜ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ
ਟੈਸਟ ਵਿੱਚ ਬੁਮਰਾਹ ਸਿਖ਼ਰ ’ਤੇ ਬਰਕਰਾਰ
ਬਾਰਡਰ-ਗਾਵਸਕਰ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਵੈਸਟਇੰਡੀਜ਼ ਦਾ ਜੋਮੇਲ ਵਾਰਿਕਨ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ 24ਵੇਂ ਸਥਾਨ ’ਤੇ ਆ ਗਿਆ ਹੈ। ਇਸੇ ਤਰ੍ਹਾਂ ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਦੋ ਸਥਾਨ ਉੱਪਰ 15ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇੰਗਲੈਂਡ ਦਾ ਜੋਅ ਰੂਟ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰ ’ਤੇ ਬਰਕਰਾਰ ਹੈ।