ਟੀ-20 ਦਰਜਾਬੰਦੀ: ਦੀਪਤੀ ਸ਼ਰਮਾ ਦੂਜੇ ਸਥਾਨ ’ਤੇ ਪਹੁੰਚੀ
ਦੁਬਈ: ਆਈਸੀਸੀ ਵੱਲੋਂ ਅੱਜ ਜਾਰੀ ਟੀ-20 ਮਹਿਲਾ ਗੇਂਦਬਾਜ਼ਾਂ ਦੀ ਸੂਚੀ ਵਿੱਚ ਭਾਰਤ ਦੀ ਦੀਪਤੀ ਸ਼ਰਮਾ ਇੱਕ ਸਥਾਨ ਦੇ ਫਾਇਦੇ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਜਦਕਿ ਰੇਣੂਕਾ ਸਿੰਘ ਵੀ 10ਵੇਂ ਸਥਾਨ ’ਤੇ ਪਹੁੰਚ ਗਈ ਹੈ। ਦੀਪਤੀ ਦੇ ਦੂਜੇ ਸਥਾਨ ’ਤੇ ਪਹੁੰਚਣ ਨਾਲ ਦੱਖਣੀ ਅਫਰੀਕਾ ਦੀ ਨੋਂਕੁਲੂਲੇਕੋ ਮਲਾਬਾ ਦੂਜੇ ਤੋਂ 5ਵੇਂ ਸਥਾਨ ’ਤੇ ਖਿਸਕ ਗਈ ਹੈ। ਪਾਕਿਸਤਾਨ ਦੀ ਸਾਦੀਆ ਇਕਬਾਲ ਇੱਕ ਸਥਾਨ ਅੱਗੇ ਵਧ ਕੇ ਦੀਪਤੀ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਆ ਗਈ ਹੈ। ਇੰਗਲੈਂਡ ਦੀ ਸਾਰਾ ਗਲੈੱਨ ਚੌਥੇ ਸਥਾਨ ’ਤੇ ਹੈ। ਟੀ-20 ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਇੰਗਲੈਂਡ ਦੀ ਸਪਿੰਨਰ ਸੋਫੀ ਐਕਲੇਸਟੋਨ ਪਹਿਲੇ ਸਥਾਨ ’ਤੇ ਬਰਕਰਾਰ ਹੈ। ਇਸ ਤੋਂ ਇਲਾਵਾ ਟੀ-20 ਹਰਫਨਮੌਲਾ ਖਿਡਾਰਨਾਂ ਦੀ ਸੂਚੀ ’ਚ ਕੋਈ ਫੇਰਬਦਲ ਨਹੀਂ ਹੋਇਆ ਤੇ ਦੀਪਤੀ ਚੌਥੇ ਸਥਾਨ ’ਤੇ ਕਾਇਮ ਹੈ। ਮਹਿਲਾ ਬੱਲੇਬਾਜ਼ਾਂ ਦਰਜਾਬੰਦੀ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਉੱਪ ਕਪਤਾਨ ਸਮ੍ਰਿਤੀ ਮੰਧਾਨਾ ਭਾਰਤੀ ਖਿਡਾਰਨਾਂ ਵਿੱਚੋਂ ਸਭ ਤੋਂ ਅੱਗੇ ਚੌਥੇ ਸਥਾਨ ’ਤੇ ਹੈ ਜਦਕਿ ਜੈਮੀਮਾ ਰੌਡਰਿਗਜ਼, ਸ਼ੈਫਾਲੀ ਵਰਮਾ ਤੇ ਹਰਮਨਪ੍ਰੀਤ ਕੌਰ ਕ੍ਰਮਵਾਰ 13ਵੇਂ, 16ਵੇਂ ਅਤੇ 17ਵੇਂ ਸਥਾਨ ’ਤੇ ਹਨ। ਆਸਟਰੇਲੀਆ ਦੀ ਬੈੱਥ ਮੂਨੀ ਹਮਵਤਨ ਤਾਹਲੀਆ ਮੈਕਗਰਾਥ ਨੂੰ ਪਛਾੜ ਕੇ ਪਹਿਲੇ ਸਥਾਨ ’ਤੇ ਆ ਗਈ ਹੈ। -ਪੀਟੀਆਈ