ਟੀ-20: ਭਾਰਤੀ ਕ੍ਰਿਕਟ ਟੀਮ ਨੇ ਈਡਨ ਗਾਰਡਨ ’ਚ ਕੀਤਾ ਅਭਿਆਸ
ਕੋਲਕਾਤਾ, 20 ਜਨਵਰੀ
ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਖ਼ਿਲਾਫ਼ ਟੀ-20 ਲੜੀ ਦੇ ਮੱਦੇਨਜ਼ਰ ਅੱਜ ਇੱਥੇ ਈਡਨ ਗਾਰਡਨ ਸਟੇਡੀਅਮ ’ਚ ਅਭਿਆਸ ਕੀਤਾ, ਜਿਸ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਵੀ ਹਿੱਸਾ ਲਿਆ। ਲੜੀ ਦਾ ਪਹਿਲਾ ਮੈਚ ਬੁੱਧਵਾਰ ਨੂੰ ਈਡਨ ਗਾਰਡਨ ’ਚ ਖੇਡਿਆ ਜਾਵੇਗਾ। ਜਸਪ੍ਰੀਤ ਬੁਮਰਾਹ ਦੇ ਬਾਹਰ ਹੋਣ ਕਾਰਨ ਅਗਾਮੀ ਪੰਜ ਮੈਚਾਂ ਦੀ ਦੁਵੱਲੀ ਟੀ-20 ਲੜੀ ’ਚ ਸ਼ੰਮੀ ਭਾਰਤੀ ਗੇਂਦਬਾਜ਼ੀ ਦੀ ਅਗਵਾਈ ਕਰ ਸਕਦਾ ਹੈ। ਲੜੀ ’ਚ ਭਾਰਤੀ ਟੀਮ ਦਾ ਕਪਤਾਨ ਸੂਰਿਆਕੁਮਾਰ ਯਾਦਵ ਜਦਕਿ ਉਪ ਕਪਤਾਨ ਅਕਸ਼ਰ ਪਟੇਲ ਹੋਵੇਗਾ। ਅਭਿਆਸ ’ਚ ਬੱਲੇਬਾਜ਼ ਰਿੰਕੂ ਸਿੰਘ, ਹਾਰਦਿਕ ਪਾਂਡਿਆ ਤੇ ਗੇਂਦਬਾਜ਼ ਹਰਸ਼ਿਤ ਰਾਣਾ ਵੀ ਸ਼ਾਮਲ ਹੋਏ। ਇਸੇ ਦੌਰਾਨ ਇੱਥੇ ਇੰਗਲੈਂਡ ਦੇ ਕ੍ਰਿਕਟ ਖਿਡਾਰੀਆਂ ਨੇ ਵੀ ਅਭਿਆਸ ਕੀਤਾ। ਲੜੀ ਦਾ ਪਹਿਲਾ ਮੈਚ ਕੋਲਕਾਤਾ ’ਚ 22 ਜਨਵਰੀ ਨੂੰ ਖੇਡਿਆ ਜਾਵੇਗਾ। ਜਦਕਿ ਦੂਜਾ ਤੇ ਤੀਜਾ ਮੈਚ 25 ਤੇ 28 ਜਨਵਰੀ ਨੂੰ ਕ੍ਰਮਵਾਰ ਚੇਨੱਈ ਤੇ ਰਾਜਕੋਟ ਵਿੱਚ ਹੋਵੇਗਾ। ਚੌਥਾ ਮੁਕਾਬਲਾ 31 ਜਨਵਰੀ ਨੂੰ ਪੁਣੇ ’ਚ ਅਤੇ ਆਖਰੀ ਮੈਚ 2 ਫਰਵਰੀ ਨੂੰ ਮੁੰਬਈ ’ਚ ਖੇਡਿਆ ਜਾਵੇਗਾ। -ਏਐੱਨਆਈ