ਟੀ-20: ਅਭਿਸ਼ੇਕ ਦੀ ਤੂਫ਼ਾਨੀ ਪਾਰੀ ਮਗਰੋਂ ਇੰਗਲੈਂਡ ਢੇਰ
ਮੁੰਬਈ, 2 ਫਰਵਰੀ
ਭਾਰਤ ਨੇ ਪਹਿਲੀ ਪਾਰੀ ’ਚ ਅਭਿਸ਼ੇਕ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਅਤੇ ਬਾਅਦ ਵਿੱਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਅੱਜ ਇੱਥੇ ਪੰਜਵੇਂ ਤੇ ਆਖਰੀ ਟੀ-20 ਮੈਚ ’ਚ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾ ਕੇ ਲੜੀ 4-1 ਨਾਲ ਜਿੱਤ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 247 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਦੀ ਪਾਰੀ 10.3 ਓਵਰਾਂ ਵਿੱਚ 97 ਦੌੜਾਂ ’ਤੇ ਹੀ ਸਮੇਟ ਦਿੱਤੀ। ਇੰਗਲੈਂਡ ਵੱਲੋਂ ਫਿਲ ਸਾਲਟ ਨੇ 23 ਗੇਂਦਾਂ ’ਚ 55 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਦਾ ਕੋਈ ਹੋਰ ਬੱਲੇਬਾਜ਼ ਵੱਡਾ ਯੋਗਦਾਨ ਪਾਉਣ ’ਚ ਨਾਕਾਮ ਰਿਹਾ। ਭਾਰਤ ਲਈ ਮੁਹੰਮਦ ਸ਼ਮੀ ਨੇ ਤਿੰਨ ਜਦਕਿ ਵਰੁਣ ਚਕਰਵਰਤੀ, ਸ਼ਿਵ ਦੂਬੇ ਅਤੇ ਅਭਿਸ਼ੇਕ ਸ਼ਰਮਾ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਪਾਰੀ ’ਚ ਹਮਲਾਵਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ 54 ਗੇਂਦਾਂ ’ਚ 135 ਦੌੜਾਂ ਦੀ ਪਾਰਟੀ ਦੇ ਦਮ ’ਤੇ ਭਾਰਤ ਨੇ ਇੰਗਲੈਂਡ ਖ਼ਿਲਾਫ਼ ਨੌਂ ਵਿਕਟਾਂ ’ਤੇ 247 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਭਾਰਤ ਵੱਲੋਂ ਸੰਜੂ ਸੈਮਸਨ (16) ਤੇ ਸੂਰਿਆ ਕੁਮਾਰ ਯਾਦਵ (2) ਵੱਡੀ ਪਾਰੀ ਖੇਡਣ ’ਚ ਨਾਕਾਮ ਰਹੇ। ਤਿਲਕ ਵਰਮਾ (24) ਤੇ ਸ਼ਿਵਮ ਦੂਬੇ (30) ਨੇ ਅਭਿਸ਼ੇਕ ਨਾਲ ਮਜ਼ਬੂਤ ਭਾਈਵਾਲੀ ਕੀਤੀ। -ਪੀਟੀਆਈ
ਰੋਹਿਤ ਦਾ ਰਿਕਾਰਡ ਤੋੜਨ ਤੋਂ ਖੁੰਝਿਆ ਅਭਿਸ਼ੇਕ
ਅਭਿਸ਼ੇਕ ਸ਼ਰਮਾ ਨੇ ਅੱਜ 37 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਟੀ-20 ’ਚ ਕਿਸੇ ਭਾਰਤੀ ਬੱਲੇਬਾਜ਼ ਦਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਇਸ ਦੇ ਨਾਲ ਹੀ ਉਹ ਭਾਰਤ ਲਈ ਇਸ ਵੰਨਗੀ ’ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਇਹ 24 ਸਾਲਾ ਖਿਡਾਰੀ ਕਿਸੇ ਭਾਰਤੀ ਬੱਲੇਬਾਜ਼ ਵਜੋਂ ਸਭ ਤੋਂ ਤੇਜ਼ ਟੀ-20 ਕੌਮਾਂਤਰੀ ਸੈਂਕੜਾ (35 ਗੇਂਦਾਂ) ਦੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਨ ਤੋਂ ਸਿਰਫ਼ ਦੋ ਗੇਂਦਾਂ ਤੋਂ ਖੁੰਝ ਗਿਆ। ਇਸ ਤੋਂ ਪਹਿਲਾਂ ਅਭਿਸ਼ੇਕ ਨੇ 17 ਗੇਂਦਾਂ ’ਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਅਭਿਸ਼ੇਕ (13 ਛੱਕੇ ਤੇ 7 ਚੌਕੇ) ਨੇ ਟੀ-20 ’ਚ ਕਿਸੇ ਭਾਰਤੀ ਵੱਲੋਂ ਸਭ ਤੋਂ ਵੱਧ ਛੱਕੇ ਜੜਨ ਦਾ ਰਿਕਾਰਡ ਬਣਾਇਆ ਹੈ।