ਟੀ20: ਬੜੌਦਾ ਨੇ ਸਭ ਤੋਂ ਵੱਡਾ ਸਕੋਰ ਬਣਾਇਆ
ਇੰਦੌਰ:
ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਅੱਜ ਉਦੋਂ ਨਵੇਂ ਰਿਕਾਰਡ ਬਣੇ ਜਦੋਂ ਬੜੌਦਾ ਨੇ ਟੀ20 ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਜਦਕਿ ਪੰਜਾਬ ਦੇ ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ ’ਚ ਸੈਂਕੜੇ ਦੇ ਨਾਲ ਟੀ20 ਵਿੱਚ ਕਿਸੇ ਭਾਰਤੀ ਵੱਲੋਂ ਸਭ ਤੋਂ ਤੇਜ਼ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਹ ਦੋਵੇਂ ਰਿਕਾਰਡ ਹਾਲਾਂਕਿ ਘਰੇਲੂ ਕ੍ਰਿਕਟ ਦੀ ਕਮਜ਼ੋਰ ਟੀਮ ਖ਼ਿਲਾਫ਼ ਬਣੇ।
ਬੜੌਦਾ ਨੇ ਇੰਦੌਰ ਵਿੱਚ ਸਿੱਕਮ ਖ਼ਿਲਾਫ਼ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 349 ਦੌੜਾਂ ਬਣਾਈਆਂ ਜਦਕਿ ਅਭਿਸ਼ੇਕ ਨੇ ਰਾਜਕੋਟ ਵਿੱਚ ਮੇਘਾਲਿਆ ਖ਼ਿਲਾਫ਼ ਤੂਫਾਨੀ ਪਾਰੀ ਖੇਡ ਕੇ ਕਿਸੇ ਭਾਰਤੀ ਵੱਲੋਂ ਸਭ ਤੋਂ ਤੇਜ਼ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕੀਤੀ। ਗੁਜਰਾਤ ਦੇ ਉਰਵਿਲ ਪਟੇਲ ਨੇ ਵੀ 28 ਗੇਂਦਾਂ ’ਚ ਸੈਂਕੜਾ ਬਣਾਇਆ ਸੀ। ਉਨ੍ਹਾਂ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਤ੍ਰਿਪੁਰਾ ਖ਼ਿਲਾਫ਼ ਇਹ ਕਾਰਨਾਮਾ ਕੀਤਾ ਸੀ। ਅਭਿਸ਼ੇਕ ਨੇ 29 ਗੇਂਦਾਂ ’ਚ ਨਾਬਾਦ 106 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਪੰਜਾਬ ਨੇ 143 ਦੌੜਾਂ ਦੇ ਟੀਚੇ ਨੂੰ ਸਿਰਫ਼ 9.3 ਓਵਰਾਂ ਵਿੱਚ ਹਾਸਲ ਕਰ ਲਿਆ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੀ ਪਾਰੀ ਵਿੱਚ 11 ਛੱਕੇ ਅਤੇ ਛੇ ਚੌਕੇ ਮਾਰੇ। -ਪੀਟੀਆਈ