ਆਸਟਰੇਲੀਆ ਵੱਲੋਂ ਅਫਗਾਨਿਸਤਾਨ ਖ਼ਿਲਾਫ਼ ਟੀ-20 ਲੜੀ ਮੁਲਤਵੀ
ਸਿਡਨੀ, 19 ਮਾਰਚ
ਆਸਟਰੇਲੀਆ ਨੇ ਅਫਗਾਨਿਸਤਾਨ ਵਿੱਚ ਔਰਤਾਂ ਦੀ ਮਾੜੀ ਸਥਿਤੀ ਦਾ ਹਵਾਲਾ ਦਿੰਦਿਆਂ ਇਸ ਸਾਲ ਅਗਸਤ ਵਿੱਚ ਅਫਗਾਨਿਸਤਾਨ ਪੁਰਸ਼ ਟੀਮ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਘਰੇਲੂ ਲੜੀ ਮੁਲਤਵੀ ਕਰ ਦਿੱਤੀ ਹੈ। ਤਾਲਬਿਾਨ ਨੇ ਅਫਗਾਨਿਸਤਾਨ ਵਿਚ ਲੜਕੀਆਂ ਦੇ ਸਕੂਲ ਅਤੇ ਕਾਲਜ ਜਾਣ ’ਤੇ ਪਾਬੰਦੀ ਲਾਉਣ ਸਮੇਤ ਮਹਿਲਾ ਸਹਾਇਤਾ ਕਰਮਚਾਰੀਆਂ ਦੇ ਕੰਮ ਕਰਨ ’ਤੇ ਵੀ ਰੋਕ ਲਾਈ ਹੋਈ ਹੈ। ਕ੍ਰਿਕਟ ਆਸਟਰੇਲੀਆ ਵੱਲੋਂ ਅਗਾਮੀ ਲੜੀ ਮੁਲਤਵੀ ਕੀਤੇ ਜਾਣ ਦਾ ਮਤਲਬ ਹੈ ਕਿ ਉਸ ਨੇ ਅਫਗਾਨਿਸਤਾਨ ਪ੍ਰਤੀ ਆਪਣਾ ਸਖ਼ਤ ਰੁਖ ਜਾਰੀ ਰੱਖਿਆ ਹੈ। ਆਸਟਰੇਲੀਆ ਨੇ ਇਸ ਤੋਂ ਪਹਿਲਾਂ ਨਵੰਬਰ 2021 ’ਚ ਅਫਗਾਨਿਸਤਾਨ ਖ਼ਿਲਾਫ਼ ਹੋਬਾਰਟ ’ਚ ਹੋਣ ਵਾਲਾ ਆਪਣਾ ਇੱਕੋ-ਇੱਕ ਟੈਸਟ ਮੈਚ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਯੂਏਈ ਵਿੱਚ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵੀ ਮੁਲਤਵੀ ਕਰ ਦਿੱਤੀ ਸੀ। ਕ੍ਰਿਕਟ ਆਸਟ੍ਰੇਲੀਆ ਨੇ ਕਿਹਾ, “ਕ੍ਰਿਕਟ ਆਸਟਰੇਲੀਆ ਵੱਲੋਂ ਲੰਮੇ ਸਮੇਂ ਤੋਂ ਅਫਗਾਨਿਸਤਾਨ ਦੀ ਸਥਿਤੀ ਨੂੰ ਲੈ ਕੇ ਆਸਟਰੇਲੀਆ ਸਰਕਾਰ ਨਾਲ ਵਿਚਾਰ-ਚਰਚਾ ਕੀਤੀ ਜਾ ਰਹੀ ਹੈ। ਸਰਕਾਰ ਅਨੁਸਾਰ ਅਫਗਾਨਿਸਤਾਨ ’ਚ ਔਰਤਾਂ ਦੀ ਸਥਿਤੀ ਬਹੁਤ ਖਰਾਬ ਹੈ।’’ ਬਿਆਨ ਮੁਤਾਬਕ, ‘‘ਇਸੇ ਕਰਕੇ ਅਸੀਂ ਆਪਣੀ ਪਿਛਲੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ ਅਤੇ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਲੜੀ ਮੁਲਤਵੀ ਕਰ ਦਿੱਤੀ ਹੈ।’’ -ਪੀਟੀਆਈ