ਟੀ-20 ਦਰਜਾਬੰਦੀ: ਅਰਸ਼ਦੀਪ ਸਿਖ਼ਰਲੇ 10 ਗੇਂਦਬਾਜ਼ਾਂ ਦੀ ਸੂਚੀ ’ਚ
ਦੁਬਈ, 9 ਅਕਤੂਬਰ
ਭਾਰਤ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆਪਣੇ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਅੱਜ ਜਾਰੀ ਆਈਸੀਸੀ ਦੀ ਤਾਜ਼ਾ ਟੀ-20 ਦਰਬਾਬੰਦੀ ’ਚ ਸਿਖਰਲੇ 10 ਗੇਂਦਬਾਜ਼ਾਂ ਦੀ ਸੂਚੀ ’ਚ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਧਰ ਭਾਰਤ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਬੱਲੇਬਾਜ਼ਾਂ ਦੀ ਸੂਚੀ ਵਿੱਚ ਇੱਕ ਸਥਾਨ ਹੇਠਾਂ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਖੱਬੂ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਗਵਾਲੀਅਰ ਵਿੱਚ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੀ-20 ਮੈਚ ਵਿੱਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਹ 642 ਰੇਟਿੰਗ ਅੰਕਾਂ ਨਾਲ ਅੱਠ ਸਥਾਨ ਉਪਰ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਹ ਸਿਖਰਲੇ 10 ’ਚ ਇਕਲੌਤਾ ਭਾਰਤੀ ਗੇਂਦਬਾਜ਼ ਹੈ। ਇੰਗਲੈਂਡ ਦਾ ਆਦਿਲ ਰਾਸ਼ਿਦ ਕ੍ਰਿਕਟ ਦੀ ਸਭ ਤੋਂ ਛੋਟੀ ਵੰਨਗੀ ’ਚ ਸਿਖਰਲੇ ਸਥਾਨ ’ਤੇ ਕਾਇਮ ਹੈ। ਇਸੇ ਤਰ੍ਹਾਂ ਵੈਸਟਇੰਡੀਜ਼ ਦਾ ਅਕੀਲ ਹੁਸੈਨ ਦੂਜੇ ਅਤੇ ਅਫਗਾਨਿਸਤਾਨ ਦਾ ਰਾਸ਼ਿਦ ਖਾਨ ਤੀਜੇ ਸਥਾਨ ’ਤੇ ਹੈ। ਬੰਗਲਾਦੇਸ਼ ਖ਼ਿਲਾਫ਼ 16 ਗੇਂਦਾਂ ਵਿੱਚ ਨਾਬਾਦ 39 ਦੌੜਾਂ ਦੀ ਪਾਰੀ ਖੇਡਣ ਵਾਲਾ ਹਾਰਦਿਕ ਪੰਡਿਆ ਬੱਲੇਬਾਜ਼ਾਂ ਦੀ ਸੂਚੀ ਵਿੱਚ ਸੱਤ ਸਥਾਨ ਉਪਰ 60ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤੀ ਹਰਫਨਮੌਲਾ ਨੇ 26 ਦੌੜਾਂ ਦੇ ਕੇ ਇੱਕ ਵਿਕਟ ਵੀ ਲਈ, ਜਿਸ ਬਦੌਲਤ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਉਹ ਚਾਰ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ