ਟੀ-20: ਭਾਰਤ ਨੇ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾਇਆ
ਹੈਦਰਾਬਾਦ, 12 ਅਕਤੂਬਰ
ਇੱਥੇ ਖੇਡੇ ਜਾ ਰਹੇ ਟੀ-20 ਲੜੀ ਦੇ ਤੀਜੇ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਦੀ ਟੀਮ ਵੀਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 164 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ ਰਿਕਾਰਡ 297 ਦੌੜਾਂ ਬਣਾਈਆਂ ਸਨ। ਇਨ੍ਹਾਂ ਦੌੜਾਂ ਵਿਚ ਭਾਰਤੀ ਖਿਡਾਰੀ ਸੰਜੂ ਸੈਮਸਨ ਦਾ ਖਾਸ ਯੋਗਦਾਨ ਰਿਹਾ, ਉਸ ਨੇ 47 ਗੇਂਦਾਂ ’ਤੇ 111 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਨ੍ਹਾਂ ਦੌੜਾਂ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੇ ਖਿਡਾਰੀ ਟਿਕ ਨਾ ਸਕੇ ਤੇ ਮਹਿਮਾਨ ਟੀਮ ਦੀਆਂ ਵਿਕਟਾਂ ਲਗਾਤਾਰ ਵਕਫੇ ’ਤੇ ਡਿੱਗਦੀਆਂ ਗਈਆਂ। ਭਾਰਤੀ ਖਿਡਾਰੀ ਮੈਚ ਸ਼ੁਰੂ ਹੋਣ ਤੋਂ ਲੈ ਕੇ ਅੰਤ ਤਕ ਬੰਗਲਾਦੇਸ਼ ’ਤੇ ਹਾਵੀ ਰਹੇ।
ਬੰਗਲਾਦੇਸ਼ ਦੀ ਪਹਿਲੀ ਵਿਕਟ ਪਰਵੇਜ਼ ਹੋਸੇਨ ਦੇ ਰੂਪ ਵਿਚ ਡਿੱਗੀ, ਉਸ ਵੇਲੇ ਬੰਗਲਾਦੇਸ਼ ਨੇ ਕੋਈ ਵੀ ਦੌੜ ਨਹੀਂ ਬਣਾਈ ਸੀ। ਇਸ ਤੋਂ ਬਾਅਦ ਤਾਨਜ਼ਿਦ ਹਸਨ ਤੀਜੇ ਓਵਰ ਵਿਚ ਆਊਟ ਹੋ ਗਿਆ ਉਸ ਵੇਲੇ ਟੀਮ ਦਾ ਸਕੋਰ 35 ਦੌੜਾਂ ਸੀ। ਜਦੋਂ ਬੰਗਲਾਦੇਸ਼ ਨੇ ਪੰਜਵੇਂ ਓਵਰ ਵਿਚ 59 ਦੌੜਾਂ ਬਣਾਈਆਂ ਸਨ ਤਾਂ ਨਜਮੁਲ ਹੁਸੇਨ ਸ਼ਾਂਟੋ ਆਊਟ ਹੋ ਗਿਆ। ਇਸ ਤੋਂ ਬਾਅਦ ਗਿਆਰਵੇਂ ਓਵਰ ਵਿਚ 112 ਦੌੜਾਂ ਦੇ ਸਕੋਰ ’ਤੇ ਲਿਟਨ ਦਾਸ ਆਊਟ ਹੋ ਗਏ। ਉਸ ਨੇ 25 ਗੇਂਦਾਂ ਵਿਚ 42 ਦੌੜਾਂ ਬਣਾਈਆਂ। ਲਿਟਨ ਦਾਸ ਤੋਂ ਇਲਾਵਾ ਤੌਹੀਦ ਹਿਰਦੋਏ ਹੀ ਸਨਮਾਨਜਨਕ ਸਕੋਰ ਬਣਾ ਸਕਿਆ। ਉਸ ਨੇ 42 ਗੇਂਦਾਂ ਵਿਚ 63 ਦੌੜਾਂ ਬਣਾਈਆਂ। ਭਾਰਤ ਵਲੋਂ ਰਵੀ ਬਿਸ਼ਨੋਈ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਮਯੰਕ ਯਾਦਵ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਤੇ ਨਿਤਿਸ਼ ਰੈਡੀ ਨੇ ਇਕ ਇਕ ਵਿਕਟ ਹਾਸਲ ਕੀਤੀ।
ਭਾਰਤ ਦੇ ਸੰਜੂ ਸੈਮਸਨ ਨੇ 47 ਗੇਂਦਾਂ ’ਤੇ 111 ਦੌੜਾਂ ਬਣਾਈਆਂ। ਭਾਰਤ ਵੱਲੋਂ ਹਾਰਦਿਕ ਪਾਂਡਿਆ ਤੇ ਪਰਾਗ ਨੇ ਆਖਰੀ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾਈਆਂ। ਭਾਰਤ ਵੱਲੋਂ ਸੂਰਿਆ ਕੁਮਾਰ ਯਾਦਵ ਨੇ 35 ਗੇਂਦਾਂ ਵਿਚ 75 ਦੌੜਾਂ ਬਣਾਈਆਂ। ਰਿਆਨ ਪਰਾਗ ਨੇ 13 ਗੇਂਦਾਂ ਵਿਚ 34 ਤੇ ਪਾਂਡਿਆਂ ਨੇ 18 ਗੇਂਦਾਂ ਵਿਚ 47 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਇਆ ਨਿਤਿਸ਼ ਰੈਡੀ ਆਪਣਾ ਖਾਤਾ ਵੀ ਖੋਲ੍ਹ ਨਾ ਸਕਿਆ।