ਟੀ-20: ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ
ਪਾਲੇਕਲ, 28 ਜੁਲਾਈ
ਇੱਥੇ ਭਾਰਤ ਤੇ ਸ੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਟੀ-20 ਲੜੀ ਦੇ ਦੂਜੇ ਮੈਚ ਵਿਚ ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿਚ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 161 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਸਭ ਤੋਂ ਵੱਧ 53 ਦੌੜਾਂ ਕੁਸਾਲ ਪਰੇਰਾ ਨੇ ਬਣਾਈਆਂ। ਭਾਰਤ ਵੱਲੋਂ ਰਵੀ ਬਿਸ਼ਨੋਈ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਤੇ ਹਾਰਦਿਕ ਪਾਂਡਿਆ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ 162 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਦੀ ਪਹਿਲੀ ਵਿਕਟ ਇਕ ਦੌੜ ’ਤੇ ਸੰਜੂ ਸੈਮਸਨ ਵਜੋਂ ਡਿੱਗੀ। ਇਸ ਤੋਂ ਬਾਅਦ ਮੀਂਹ ਤੇ ਮੈਦਾਨ ਗਿੱਲਾ ਹੋਣ ਕਾਰਨ ਮੈਚ ਰੋਕ ਦਿੱਤਾ ਗਿਆ ਤੇ ਮੈਚ ਨੂੰ ਡਕਵਰਥ ਲੁਇਸ ਅਨੁਸਾਰ ਵੀਹ ਦੀ ਥਾਂ ਅੱਠ ਓਵਰਾਂ ਦਾ ਕਰ ਦਿੱਤਾ ਗਿਆ ਤੇ ਟੀਚਾ 78 ਦੌੜਾਂ ਦਾ ਦਿੱਤਾ ਗਿਆ। ਇਸ ਤੋਂ ਬਾਅਦ ਦੂਜੀ ਵਿਕਟ ਸੂਰਿਆਕੁਮਾਰ ਯਾਦਵ ਦੇ ਰੂਪ ਵਿਚ 51 ਦੌੜਾਂ ਦੇ ਕੁੱਲ ਸਕੋਰ ’ਤੇ ਡਿੱਗੀ। ਇਸ ਤੋਂ ਬਾਅਦ ਭਾਰਤ ਦੀ ਤੀਜੀ ਵਿਕਟ 5.4 ਓਵਰਾਂ ਵਿਚ ਯਸ਼ਅੱਸਵੀ ਵਜੋਂ 65 ਦੌੜਾਂ ’ਤੇ ਡਿੱਗੀ। ਇਸ ਤੋਂ ਬਾਅਦ ਹਾਰਦਿਕ ਪਾਂਡਿਆ ਤੇ ਰਿਸ਼ਭ ਪੰਤ ਨੇ 6.3 ਓਵਰਾਂ ਵਿਚ ਭਾਰਤ ਨੂੰ ਜਿੱਤ ਦਿਵਾਈ।